ਡੀ. ਡੀ. ਸੀ. ਏ. ਵਿਵਾਦ : ਆਜ਼ਾਦ ਨੇ ਦਿੱਤਾ ਕਾਰਨ ਦੱਸੋ ਨੋਟਿਸ ਦਾ ਜਵਾਬ

2ਨਵੀਂ ਦਿੱਲੀ : ਭਾਜਪਾ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ‘ਚ ਭ੍ਰਿਸ਼ਟਾਚਾਰ ਦੇ ਮੁੱਦੇ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਨੇਤਾ ਦਾ ਨਾਂ ਨਹੀਂ ਲਿਆ। ਸੂਤਰਾਂ ਮੁਤਾਬਕ ਆਜ਼ਾਦ ਨੇ ਭਾਜਪਾ ਦੇ ਜਨਰਲ ਸਕੱਤਰ ਅਤੇ ਦਫਤਰ ਮੁਖੀ ਅਰੁਣ ਸਿੰਘ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਆਜ਼ਾਦ ਪਿਛਲੇ ਕਈ ਸਾਲਾਂ ਤੋਂ ਡੀ. ਡੀ. ਸੀ. ਏ. ਵਿਚ ਵਿੱਤੀ ਘਪਲੇ ਦਾ ਮੁੱਦਾ ਉਠਾਉਂਦੇ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਸਕੱਤਰ ਦੇ ਦਫਤਰ ‘ਤੇ ਸੀ. ਬੀ. ਆਈ. ਛਾਪੇ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜਿਆ ਸੀ।
ਕੇਜਰੀਵਾਲ ਦਾ ਦੋਸ਼ ਹੈ ਕਿ ਸੀ. ਬੀ. ਆਈ. ਨੇ ਡੀ. ਡੀ. ਸੀ. ਏ. ਦੀ ਫਾਈਲ ਹਾਸਲ ਕਰਨ ਲਈ ਛਾਪਾ ਮਾਰਿਆ ਸੀ ਕਿਉਂਕਿ ਉਸ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੀ ਫਸੇ ਸਨ। ਜੇਤਲੀ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਡੀ. ਡੀ. ਸੀ. ਏ. ਦੇ ਪ੍ਰਧਾਨ ਰਹੇ ਸਨ। ਦਰਭੰਗਾ ਤੋਂ ਸੰਸਦ ਮੈਂਬਰ ਆਜ਼ਾਦ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਸੰਗਠਨ ਮੰਤਰੀ ਰਾਮਲਾਲ ਦੀ ਮਨਾਹੀ ਦੇ ਬਾਵਜੂਦ ਇਕ ਪ੍ਰੈੱਸ ਕਾਨਫਰੰਸ ਕਰ ਕੇ ਜੇਤਲੀ ਤੋਂ ਕਈ ਸਵਾਲ ਪੁੱਛੇ ਸਨ ਅਤੇ ਸੰਸਦ ਵਿਚ ਵੀ ਇਸ ਮਾਮਲੇ ਨੂੰ ਚੁੱਕਿਆ ਸੀ। ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਆਜ਼ਾਦ ਨੂੰ ਮੁਅੱਤਲ ਕੀਤਾ ਸੀ ਅਤੇ ਫਿਰ ਉਨ੍ਹਾਂ ਨੂੰ ਕਾਰਨ ਦੱੱਸੋ ਨੋਟਿਸ ਜਾਰੀ ਕਰ ਕੇ 10 ਦਿਨ ਅੰਦਰ ਜਵਾਬ ਦੇਣ ਨੂੰ ਕਿਹਾ ਸੀ।

LEAVE A REPLY