5ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜ਼ਲ ਦੇ ਰੇਟ ਘਟਾਉਣ ਦੀ ਮੰਗ ਕਰਦਿਆਂ ਲੋਕਾਂ ਸਾਹਮਣੇ ਸੱਚਾਈ ਲਿਆਉਣ ਲਈ ਤੇਲ ਕੰਪਨੀਆਂ ਵੱਲੋਂ ਲਾਭ ਕਮਾਏ ਜਾਣ ਤੇ ਐਨ.ਡੀ.ਏ ਸਰਕਾਰ ਰਾਹੀਂ ਪ੍ਰਾਈਵੇਟ ਬਿਜਨੇਸਮੈਨਾਂ ਵੱਲੋਂ ਲੋਕ ਵਿਰੋਧੀ ਨੀਤੀਆਂ ‘ਤੇ ਕੰਮ ਕਰਨ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਡੀਜ਼ਲ ਦੇ ਰੇਟ ‘ਚ ਕਮੀ ਨਾ ਕਰਕੇ ਕਿਸਾਨਾਂ ਤੇ ਆਮ ਲੋਕਾਂ ‘ਤੇ ਬੋਝ ਪਾਉਂਦਿਆਂ ਪ੍ਰਾਈਵੇਟ ਬਿਜਨੇਸਮੈਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ।
ਇਥੇ ਜਾਰੀ ਇਕ ਬਿਆਨ ਰਾਹੀਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ ਮੁੱਦੇ ‘ਤੇ ਸ੍ਰੋਮਣੀ ਅਕਾਲੀ ਦਲ ਦੇ ਚੁੱਪੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਵੱਲੋਂ ਪਟਰੋਲ ਤੇ ਡੀਜ਼ਲ ਦੇ ਰੇਟਾਂ ਨੂੰ ਬਜ਼ਾਰ ਨਾਲ ਜੋੜਿਆ ਗਿਆ ਸੀ। ਇਸ ਲੜੀ ਹੇਠ ਕੱਚੇ ਤੇਲ ਦੀ ਕੀਮਤ ਘੱਟ ਕੇ 40 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ, ਪਰ ਐਨ.ਡੀ.ਏ ਸਰਕਾਰ ਨੇ ਇਸਦਾ ਫਾਇਦਾ ਖਪਤਕਾਰਾਂ ਨੂੰ ਨਹੀਂ ਦਿੱਤਾ ਹੈ। ਇਸ ਤਰ੍ਹਾਂ ਰੇਟਾਂ ‘ਚ ਵਾਧਾ ਰੱਖ ਕੇ ਐਨ.ਡੀ.ਏ ਸਰਕਾਰ ਸਿੱਧੇ ਤੌਰ ‘ਤੇ ਦੇਸ਼ ਦੇ ਵੱਡੇ ਬਿਜਨੇਸਮੈਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਲੈ ਕੇ ਜਾਵੇਗੀ, ਜਿਨ੍ਹਾਂ ਨੇ ਉਸ ਵੇਲੇ ਯੂ.ਪੀ.ਏ ਸਰਕਾਰ ‘ਤੇ ਤੇਲ ਕੀਮਤਾਂ ਨੂੰ ਬਜ਼ਾਰ ਨਾਲ ਜੋੜਨ ਦਾ ਦੋਸ਼ ਲਗਾਇਆ ਸੀ। ਜਦਕਿ ਹੁਣ ਬੀਤੇ ਇਕ ਸਾਲ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਕਰੀਬ 65 ਪ੍ਰਤੀਸ਼ਤ ਡਿੱਗ ਚੁੱਕੀਆਂ ਹਨ, ਪਰ ਡੀਜ਼ਲ ਤੇ ਪਟਰੋਲ ਦੇ ਰੇਟ ਉਸ ਮੁਤਾਬਿਕ ਨਹੀਂ ਘੱਟੇ। ਰੰਧਾਵਾ ਨੇ ਕਿਹਾ ਕਿ ਖਪਤਕਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਡੀਜ਼ਲ ਦੇ ਰੇਟ ‘ਚ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਤੋਂ ਪੈਟਰੋ ਉਤਪਾਦਾਂ ‘ਤੇ ਦੇਸ਼ ‘ਚ ਸੱਭ ਤੋਂ ਵੱਟ ਵੈਟ ਵਸੂਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਆਉਂਦੇ ਸਾਲ ‘ਚ ਕਾਂਗਰਸ ਇਸ ਮੁੱਦੇ ਨੂੰ ਲੋਕਾਂ ਦੀ ਅਦਾਲਤ ‘ਚ ਲੈ ਕੇ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਆਮ ਲੋਕਾਂ ਤੋਂ ਇਲਾਵਾ ਸੂਬੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਜਿਹੜੇ ਪਹਿਲਾਂ ਤੋਂ ਸਬਸਿਡੀਆਂ ਨੂੰ ਘਟਾਉਣ ਸਬੰਧੀ ਪੱਖਪਾਤੀ ਨੀਤੀਆਂ ਦਾ ਸਾਹਮਣਾ ਕਰ ਰਹੇ ਹਨ, ਨੂੰ ਅੰਤਰਰਾਸ਼ਟਰੀ ਰੇਟਾਂ ‘ਚ ਵਾਧੇ ਨਾਲ ਡੀਜ਼ਲ ਦੇ ਮੁੱਲ ‘ਚ ਵਾਧੇ ਕਾਰਨ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਫਸਲਾਂ ‘ਤੇ ਐਮ.ਐਸ.ਪੀ ਲਾਗੂ ਕਰਨ ਦੇ ਮਾਮਲੇ ‘ਚ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਨਾਲ ਪੱਖਪਾਤ ਕੀਤਾ ਹੈ, ਜਿਸਨੇ ਸਵਾਮੀਨਾਥਨ ਫਾਰਮੂਲਾ ਲਾਗੂ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਕਿਸਾਨ ਹਿਤੈਸ਼ੀ ਹੋਣ ਦੀ ਸੱਚਾਈ ਨੂੰ ਸਾਬਤ ਕਰਨ ਲਈ ਤੇਲ ਕੀਮਤਾਂ ‘ਚ ਵਾਧੇ ਖਿਲਾਫ ਧਰਨਾ ਲਗਾਉਣ ਦੀ ਸਲਾਹ ਦਿੱਤੀ ਹੈ, ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਵੀ ਬਿਜਨੇਸਮੈਨਾਂ ਦੇ ਹਿਤੈਸ਼ੀ ਹਨ। ਅਕਾਲੀ ਦਲ ਨੂੰ ਐਨ.ਡੀ.ਏ ਸਰਕਾਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਮੁਤਾਬਿਕ ਪੈਟਰੋ ਰੇਟਾਂ ‘ਚ ਘਾਟਾ ਕਰਨ ਲਈ ਦਬਾਅ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਪੈਟਰੋ ਰੇਟ ਨੂੰ ਘਟਾਉਣਾ ਚਾਹੀਦਾ ਹੈ ਤੇ ਤੇਲ ਕੀਮਤਾਂ ਅਤੇ ਤੇਲ ਕੰਪਨੀਆਂ ਦੇ ਲਾਭ ‘ਤੇ ਵ੍ਹਾਈਟ ਪੇਪਰ ਲਿਆਉਣਾ ਚਾਹੀਦਾ ਹੈ।

LEAVE A REPLY