ਬ੍ਰਸੇਲਸ- ਬੈਲਜੀਅਮ ਦੇ ਇਸਤਗਾਸਾ ਪੱੱਖ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਪੈਰਿਸ ‘ਚ ਹੋਏ ਹਮਲਿਆਂ ਨੂੰ ਲੈ ਕੇ 10ਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਅੱਤਵਾਦ ਸਬੰਧੀ ਦੋਸ਼ਾਂ ਦਾ ਮਾਮਲਾ ਦਰਜ ਕੀਤਾ ਗਿਆ। ਸੰਘੀ ਇਸਤਗਾਸਾ ਦਫਤਰ ਦੇ ਇਕ ਬਿਆਨ ਮੁਤਾਬਕ ਅਯੂਬ ਬੀ ਨਾਮ ਦੇ ਬੈਲਜੀਅਮ ਦੇ ਇਸ ਨਾਗਰਿਕ ਨੂੰ ਬੁੱਧਵਾਰ ਨੂੰ ਸ਼ਹਿਰ ਦੇ ਅਸ਼ਾਂਤ ਮਾਲੇਨਬੀਕ ਇਲਾਕੇ ‘ਚ ਇਕ ਘਰ ‘ਚ ਛਾਪੇਮਾਰੀ ਦੌਰਾਨ ਹਿਰਾਸਤ ‘ਚ ਲਿਆ ਗਿਆ। ਦਫਤਰ ਨੇ ਕਿਹਾ ਕਿ ਉਸ ‘ਤੇ ਅੱਤਵਾਦੀ ਹਮਲਾ ਅਤੇ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਸ਼ੱਕੀ ਪੰਜ ਦਿਨ ਦੇ ਅੰਦਰ ਹਿਰਾਸਤ ‘ਚ ਸੁਣਵਾਈ ਲਈ ਦੁਬਾਰਾ ਅਦਾਲਤ ‘ਚ ਪੇਸ਼ ਹੋਵੇਗਾ। ਪੈਰਿਸ ਹਮਲਿਆਂ ਦਾ ਭਗੌੜਾ ਸਲਾਹ ਅਸਦੇਸਲਾਮ ਮੋਲੇਨਬੀਕ ‘ਚ ਹੀ ਰਹਿੰਦਾ ਸੀ ਅਤੇ ਇਹ ਇਲਾਕਾ ਇਸਲਾਮੀ ਵੱਖਵਾਦੀ ਦਾ ਯੂਰਪੀ ਗੜ੍ਹ ਬਣ ਕੇ ਉਭਰਿਆ ਹੈ। ਬੈਲਜੀਅਮ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਬ੍ਰਸੇਲਸ ਦੇ ਮੱਧ ਇਲਾਕੇ ‘ਚ ਹੋਣ ਵਾਲੇ ਨਵੇਂ ਸਾਲ ਨਾਲ ਸਬੰਧਿਤ ਸਾਲਾਨਾ ਸਮਾਰੋਹ ਨੂੰ ਰੱਦ ਕਰ ਦਿੱਤਾ ਸੀ। ਨਵੇਂ ਸਾਲ ਦੇ ਜਸ਼ਨ ਦੌਰਾਨ ਰਾਜਧਾਨੀ ‘ਤੇ ਇਕ ਕਥਿਤ ਜੇਹਾਦੀ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਅਜਿਹਾ ਕੀਤਾ ਗਿਆ।