ਪੰਜਗਰਾਂਈ ਕਲਾਂ/ਫਰੀਦਕੋਟ/ਚੰਡੀਗੜ੍ਹ : ਉੱਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਅਤੇ ਆਮ ਜਨਤਾ ਦੀ ਪਾਰਟੀ ਹੈ। ਉਨ੍ਹ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੋਂ ਜ਼ਿਆਦਾ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਤੇ ਪੰਜਾਬ ਦਾ ਵਿਕਾਸ ਕਰਨ ਵਾਲਾ ਨਾ ਹੀ ਕੋਈ ਲੀਡਰ ਅਤੇ ਨਾ ਹੀ ਕੋਈ ਹੋਰ ਪਾਰਟੀ ਹੈ। ਸ. ਬਾਦਲ ਅੱਜ ਇਥੇ ਜ਼ਿਲ੍ਹੇ ਦੇ ਕਸਬਾ ਪੰਜ ਗਰਾਂਈ ਕਲਾਂ ਦੇ ਖੇਡ ਸਟੇਡੀਅਮ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਗਈ।
ਉੱਪ ਮੁੱਖ ਮੰਤਰੀ ਸ. ਬਾਦਲ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰਨ ਵਾਲੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕਦੇ ਵੀ ਸੂਬੇ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਕਦੇ ਇਸ ਪਾਰਟੀ ਤੋਂ ਪੰਜਾਬ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਗੈਰ-ਜ਼ਿੰਮੇਵਾਰ ਨੇਤਾ ਹਨ ਜਿੰਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਲੈਣ ਦੇਣਾ ਨਹੀਂ ਹੈ ਉਹ ਸਿਰਫ਼ ਆਪਣੇ ਸਾਰੇ ਹਥਕੰਡੇ ਵਰਤ ਕੇ ਕੁਰਸੀ ਹਥਿਆਉਣਾ ਚਾਹੁੰਦਾ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰ ਤੋਂ ਪੰਜਾਬ ਦੇ ਭਲੇ ਦੀ ਕਦੇ ਵੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਪੰਜਾਬ ਦੇ ਕੀਤੇ ਵਿਕਾਸ ਦੇ ਮੁੱਦੇ ‘ਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਅਤੇ ਭਾਰੀ ਬਹੁਮੱਤ ਪ੍ਰਾਪਤ ਕਰਕੇ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਈ ਜਾਵੇਗੀ। ਇਸ ਉਪਰੰਤ ਸ. ਬਾਦਲ ਨੇ ਸਵਰਗਵਾਸੀ ਸ. ਨਛੱਤਰ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਪੋਤਰੀ ਦੇ ਵਿਆਹ ਦੇ ਸ਼ਗਨ ਮੌਕੇ ਅਸ਼ੀਰਵਾਦ ਵੀ ਦਿੱਤਾ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਮਨਤਾਰ ਸਿੰਘ ਬਰਾੜ, ਹਲਕਾ ਇੰਚਾਰਜ ਜੈਤੋ ਸ. ਪ੍ਰਕਾਸ਼ ਸਿੰਘ ਭੱਟੀ, ਡਾਇਰੈਕਟਰ ਮਾਰਕਫੈਡ ਪੰਜਾਬ ਸ. ਗੁਰਚੇਤ ਸਿੰਘ ਢਿੱਲੋਂ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ, ਸੀਨੀਅਰ ਪੁਲਿਸ ਕਪਤਾਨ ਸ. ਸੁਖਮਿੰਦਰ ਸਿੰਘ ਮਾਨ, ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਜਸਪਾਲ ਸਿੰਘ ਮੌੜ, ਐਸ ਡੀ ਐਮ ਕੋਟਕਪੂਰਾ ਸ. ਹਰਜੀਤ ਸਿੰਘ ਅਤੇ ਮੈਂਬਰ ਜ਼ਿਲ੍ਹਾ ਪਰੀਸ਼ਦ ਸ. ਨਿਰਮਲ ਸਿੰਘ ਡੋਡ ਆਦਿ ਹਾਜ਼ਰ ਸਨ।