7ਜਲੰਧਰ : ਪੰਜਾਬ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਬੋਹਰ ‘ਚ ਦਲਿਤ ਪਰਿਵਾਰ ਦੇ ਲੋਕਾਂ ਦੇ ਹੱਥ-ਪੈਰ ਕੱਟਣ ਦੀ ਘਟਨਾ ਦੇ ਮਾਮਲੇ ਵਿਚ ਕਾਂਗਰਸ ਵੱਲੋਂ ਰਾਜਪਾਲ ਨੂੰ ਮਿਲਣ ਦਾ ਫੈਸਲਾ ਅੱਜ ਚੰਡੀਗੜ੍ਹ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਵੱਲੋਂ ਬੁਲਾਈ ਗਈ ਮੀਟਿੰਗ ‘ਚ ਲਿਆ ਜਾਵੇਗਾ।
ਜਾਖੜ ਨੇ ਕਿਹਾ ਕਿ ਭਾਵੇਂ ਅੱਜ ਕੈ. ਅਮਰਿੰਦਰ ਸਿੰਘ ਨੇ ਮਾਘੀ ਮੇਲੇ ਨੂੰ ਲੈ ਕੇ ਪਾਰਟੀ ਦਫਤਰ ਵਿਚ ਮੀਟਿੰਗ ਬੁਲਾਈ ਹੋਈ ਹੈ ਪਰ ਇਸ ਵਿਚ ਉਹ ਦਲਿਤ ਹੱਤਿਆਕਾਂਡ ਦਾ ਮਾਮਲਾ ਉਨ੍ਹਾਂ ਦੇ ਸਾਹਮਣੇ ਉਠਾਉਣ ਜਾ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਪਾਰਟੀ ਨੂੰ ਇਸ ਮਾਮਲੇ ਸੰਬੰਧੀ ਰਾਜਪਾਲ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਦਬਾਅ ਵਿਚ ਸ਼ਿਵ ਲਾਲ ਡੋਡਾ ਉਰਫ ਸ਼ੈਲੀ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਡੋਡਾ ਖੁੱਲ੍ਹੇਆਮ ਘੁੰਮ ਰਿਹਾ ਹੈ, ਉਹ ਪੀੜਤ ਪਰਿਵਾਰ ਦੇ ਘਰ ਵੀ ਜਾ ਕੇ ਆਇਆ ਹੈ ਤਾਂ ਕਿ ਉਸ ‘ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੁਲਸ ਨੇ ਜੋ ਲੁਕਆਊਟ ਨੋਟਿਸ ਜਾਰੀ ਕੀਤਾ ਹੈ, ਉਸ ਵਿਚ ਡੋਡਾ ਦੀ ਤਸਵੀਰ ਸ਼ਾਮਲ ਨਹੀਂ ਕੀਤੀ ਗਈ। ਜਾਖੜ ਨੇ ਕਿਹਾ ਕਿ ਹੁਣ ਸਰਕਾਰੀ ਪੱਧਰ ‘ਤੇ ਧੱਕੇ ਨਾਲ ਡੋਡਾ ਦੀ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਪੁਲਸ ‘ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਜੇਕਰ ਪੁਲਸ ‘ਤੇ ਦਬਾਅ ਨਾ ਹੁੰਦਾ ਤਾਂ ਹੁਣ ਤੱਕ ਡੋਡਾ ਦੀ ਗ੍ਰਿਫਤਾਰੀ ਹੋ ਜਾਣੀ ਸੀ।
ਗ੍ਰਿਫਤਾਰੀ ‘ਤੇ ਰੋਕ ਲਗਾ ਕੇ ਬਾਅਦ ਵਿਚ ਡੋਡਾ ਨੂੰ ਜ਼ਮਾਨਤ ਦਿਵਾਉਣ ਦੀ ਗੱਲ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਤਾਂ ਅਨਿਸ਼ਚਿਤ ਸਮੇਂ ਦੀ ਭੁੱਖ ਹੜਤਾਲ ‘ਤੇ ਬੈਠਣ ਜਾ ਰਹੀ ਹੈ ਪਰ ਕਾਂਗਰਸ ਹੋਰਨਾਂ ਪਾਰਟੀਆਂ ਨੂੰ ਨਾਲ ਲੈ ਕੇ ਆਪਣਾ ਪ੍ਰੋਗਰਾਮ ਚਲਾਏਗੀ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਵੀ ਸ਼ਰਾਬ ਕਾਰੋਬਾਰੀ ਡੋਡਾ ਦੇ ਅਦਾਰੇ ਵਿਚ ਅਕਾਲੀ ਦਲ ਦਾ ਪ੍ਰੋਗਰਾਮ ਚੱਲ ਰਿਹਾ ਹੈ। ਸ਼ਰਾਬ ਦੇ ਹੋਲਸੇਲ ਡਿਪੂ ਦੀ ਬਿਲਡਿੰਗ ਵਿਚ ਹੀ ਸਥਾਨਕ ਸਰਕਲ ਅਕਾਲੀ ਦਲ ਦਾ ਦਫਤਰ ਕੰਮ ਕਰ ਰਿਹਾ ਹੈ, ਇਸ ਲਈ ਅਕਾਲੀ ਸਰਕਾਰ ਵੱਲੋਂ ਡੋਡਾ ਪਰਿਵਾਰ ਨਾਲ ਸੰਬੰਧ ਨਾ ਹੋਣ ਦੇ ਦਾਅਵੇ ਗਲਤ ਹਨ।

LEAVE A REPLY