3ਜਲੰਧਰ :   ਸੁਖਪਾਲ ਸਿੰਘ ਖਹਿਰਾ ਵਲੋਂ ਕਾਂਗਰਸ ‘ਚੋਂ ਅਸਤੀਫ਼ਾ ਦੇਣ ਅਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਪੰਜਾਬ ਕਾਂਗਰਸ ਦਾ ਕਹਿਣਾ ਹੈ ਇਹ ਰਾਜ ਲਈ ਚੰਗਾ ਹੈ। ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਲਾਲ ਸਿੰਘ ਨੇ ਕਿਹਾ ਹੈ ਕਿ 1 ਦਸੰਬਰ ਨੂੰ ਹੀ ਖਹਿਰਾ ਨੇ ਆਪਣੇ ਪ੍ਰੈੱਸ ਨੋਟ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਰੂਪ ‘ਚ ਨਿਯੁਕਤ ਕਰਨ ਦਾ ਸਵਾਗਤ ਕੀਤਾ ਸੀ ਅਤੇ ਕਿਹਾ ਸੀ ਰਾਜ ‘ਚ ਹੁਣ ਅਕਾਲੀਆਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖਹਿਰਾ ਵਰਗੇ ਲੋਕ ਕਿਸੇ ਵੀ ਰਾਜਨੀਤਿਕ ਦਲ ‘ਚ ਖ਼ੁਸ਼ ਅਤੇ ਸੰਤੁਸ਼ਟ ਨਹੀਂ ਹੋ ਸਕਦੇ। ਖਹਿਰਾ ਵਲੋਂ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਹੁਣ ‘ਆਪ’ ‘ਚ ਸ਼ਾਮਲ ਹੋਣ ਨਾਲ ਤੀਸਰੀ ਵਾਰ ਦਲ ਬਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਹਿਰਾ ਵਲੋਂ ਲਗਾਏ ਗਏ ਗ਼ਲਤ ਦੋਸ਼ਾਂ ਵਿਰੁੱਧ ਉਹ ਕਾਨੂੰਨੀ ਕਾਰਵਾਈ ਕਰਨਗੇ, ਕਿਉਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਖਹਿਰਾ ਕੇਵਲ ਨਿੱਜੀ ਪਬਲਿਸਿਟੀ ਲਈ ਸਟੰਟ ਕਰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ‘ਚ ਕੋਈ ਸਮਰੱਥਾ ਹੁੰਦੀ ਤਾਂ ਉਹ 3 ਵਾਰ ਹਾਰੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਜਿਸ ਘਰ ‘ਚ ਖਹਿਰਾ ਰਹਿ ਰਹੇ ਹਨ, ਉਹ ਅਸਲ ‘ਚ ਇੱਕ ਫਿਲਮ ਅਦਾਕਾਰਾ ਦਾ ਹੈ। ਇਸ ਘਰ ‘ਚ ਉਹ ਜ਼ਬਰਦਸਤੀ ਰਹਿ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਨੂੰ ਏ. ਆਈ. ਸੀ. ਸੀ. ਵਲੋਂ ਕਦੇ ਵੀ ਬੁਲਾਰੇ ਪਦ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਅਸਲ ‘ਚ ਉਹ ਆਮ ਆਦਮੀ ਪਾਰਟੀ ‘ਚ ਉੱਚਾ ਅਹੁਦਾ ਪ੍ਰਾਪਤ ਕਰਨ ਲਈ ਗ਼ਲਤ ਗੱਲਾਂ ਕਰ ਰਹੇ ਹਨ। ਖਹਿਰਾ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਜੀ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਬਰਖ਼ਾਸਤ ਕੀਤਾ ਗਿਆ ਸੀ। ਉਨ੍ਹਾਂ ਨੇ ਕਪੂਰਥਲਾ ‘ਚ ਖ਼ਾਲਿਤਸਤਾਨ ਦਾ ਝੰਡਾ ਵੀ ਲਹਿਰਾਇਆ ਸੀ।

LEAVE A REPLY