ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ‘ਚ ਸ਼ਾਮਿਲ

1ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਾਰਟੀ ਦਾ ‘ਹੱਥ’ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ‘ਝਾੜੂ’ ਫੜ ਲਿਆ। ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਵਿਚ ਸ਼ਾਮਿਲ ਹੋਣ ਦਾ ਇਹ ਐਲਾਨ ਅੱਜ ਇਥੇ ਸੱਦੇ ਇਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਸੁੱਚਾ ਸਿੰਘ ਛੋਟੇਪੁਰ ਹਿੰਮਤ ਸਿੰਘ ਸ਼ੇਰਗਿੱਲ ਅਤੇ ਹੋਰ ਆਪ ਆਗੂਆਂ ਦੀ ਹਾਜ਼ਰੀ ਵਿਚ ਕੀਤਾ।
ਇਸ ਮੌਕੇ ਸੰਜੇ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦਾ ਪਾਰਟੀ ਵਿਚ ਆਉਣ ‘ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਵਰਗਾ ਇਤਿਹਾਸ ਦੁਹਰਾਏਗੀ ਅਤੇ ਪਾਰਟੀ 100 ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਪਾਰਟੀ ਵਿਚ ਬਿਨਾਂ ਸ਼ਰਤ ਸ਼ਾਮਿਲ ਹੋਏ ਹਨ।
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਵਿੱਚ ਚੱਲ ਰਹੇ ਮੌਜੂਦਾ ਸਿਆਸੀ ਘਟਨਾਕ੍ਰਮ ਕਾਰਨ ਮੇਰਾ ਦਮ ਘੁਟ ਰਿਹਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਕਈ ਸ਼ਬਦੀ ਵਾਰ ਵੀ ਕੀਤੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਾ ਸਿਰਫ ਕਾਂਗਰਸ ਬਲਕਿ ਪੂਰੇ ਰਾਸ਼ਟਰ ਵਿੱਚ ਨੌਜਵਾਨਾਂ ਨੂੰ ਅੱਗੇ ਲਿਆਉਣ ਦੇ ਮੱਦੇਨਜ਼ਰ ਪਾਰਟੀ ਵਿੱਚ ਨਵੀਂ ਪੀੜੀ ਨੂੰ ਮੁਹਰੇ ਲਿਆਉਣ ਦੀ ਗੱਲ ਆਖੀ ਸੀ। ਬਦਕਿਸਮਤੀ ਨਾਲ ਇੰਝ ਲਗਦਾ ਹੈ ਕਿ ਨਵੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦਾ ਗਠਨ ਕਰਨ ਸਮੇਂ ਉਨ੍ਹਾਂ ਆਪਣੇ ਆਦਰਸ਼ਾਂ ਅਤੇ ਵਿਚਾਰਧਾਰਾ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਨਿਯੁਕਤ ਕੀਤੇ ਗਏ ਤਿੰਨੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ, ਸ਼੍ਰੀਮਤੀ ਅੰਬਿਕਾ ਸੋਨੀ ਅਤੇ ਸ਼੍ਰੀ ਲਾਲ ਸਿੰਘ 2017 ਵਿਧਾਨ ਸਭਾ ਚੋਣਾਂ ਦੌਰਾਨ 75 ਸਾਲ ਦੇ ਹੋਣਗੇ, ਇਹਨਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਲਾਲ ਸਿੰਘ ਦਾਗੀ ਅਤੇ ਭ੍ਰਿਸ਼ਟ ਵੀ ਹਨ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਸਿਟੀ ਸੈਂਟਰ ਸਕੈਮ ਅਤੇ ਅੰਮ੍ਰਿਤਸਰ ਇੰਮਪੁਰੂਵਮੈਂਟ ਟਰੱਸਟ ਸਬੰਧੀ ਭ੍ਰਿਸ਼ਟਾਚਾਰ ਦੇ ਦੋ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੀ ਪਤਨੀ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਪੁੱਤਰ ਸ਼੍ਰੀ ਰਣਇੰਦਰ ਸਿੰਘ ਦੇ ਸਵਿਸ ਖਾਤਿਆਂ ਵਿੱਚ ਕਾਲਾ ਧਨ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਗਈਆਂ ਹਨ। ਜਦਕਿ ਹੋਰ ਸੀਨੀਅਰ ਆਗੂ ਲਾਲ ਸਿੰਘ ਨੂੰ ਲੋਕਪਾਲ ਨੇ ਗੰਭੀਰ ਭ੍ਰਿਸ਼ਟਾਚਾਰ ਦੇ ਮਾਲਿਆਂ ਵਿੱਚ ਦੋਸ਼ੀ ਪਾਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਬਿਨਾਂ ਸ਼ਰਤ ਆਮ ਆਦਮੀ ਪਾਰਟੀ ਵਿਚ ਆਇਆ ਹਾਂ ਅਤੇ ਇਕ ਵਲੰਟੀਅਰ ਦੇ ਤੌਰ ‘ਤੇ ਕਾਰਜ ਕਰਾਂਗਾ। ਉਨ੍ਹਾਂ ਨੇ ‘ਆਪ’ ਨੂੰ ਇਕ ਇਮਾਨਦਾਰ ਪਾਰਟੀ ਦੱਸਦਿਆਂ ਕਿਹਾ ਕਿ ਮੈਂ ਦੁਨੀਆ ਭਰ ਦੇ ਪੰਜਾਬੀਆਂ ਦੇ ਕਹਿਣ ‘ਤੇ ਇਸ ਪਾਰਟੀ ਵਿਚ ਆਇਆ ਹਾਂ।

LEAVE A REPLY