ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਸਿਰੇ ਤੋਂ ਅਲੋਚਨਾ ਕਰਦਿਆਂ ਕਿਹਾ ਹੈ ਕਿ ਖਹਿਰਾ ਦੇ ਪਾਰਟੀ ‘ਚੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਉਨ੍ਹਾਂ ਤੋਂ ਛੁਟਕਾਰਾ ਮਿੱਲਿਆ ਹੈ। ਪਾਰਟੀ ਨੇ ਹੈਰਾਨੀ ਪ੍ਰਗਟਾਈ ਹੈ ਕਿ ਕਿਵੇਂ ਇਕੋਦਮ ਖਹਿਰਾ ਨੂੰ ਕਾਂਗਰਸ ਤੇ ਉਸਦੀ ਅਗਵਾਈ ‘ਚ ਸਾਰੀਆਂ ਕਮੀਆਂ ਨਜ਼ਰ ਆਉਣ ਲੱਗੀਆਂ ਹਨ, ਕਿਉਂਕਿ 1 ਦਸੰਬਰ ਨੂੰ ਖਹਿਰਾ ਨੇ ਬਿਆਨ ਜਾਰੀ ਕਰਕੇ ਕੈਪਟਨ ਅਮਰਿੰਦਰ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕੀਤਾ ਸੀ ਤੇ ਇਸ ਨੂੰ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ ਦੱਸਿਆ ਸੀ।
ਇਥੇ ਜਾਰੀ ਇਕ ਬਿਆਨ ‘ਚ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਕਿਹਾ ਕਿ ਖਹਿਰਾ ਵਰਗੇ ਲੋਕ ਕਦੇ ਵੀ ਕਿਸੇ ਸਿਆਸੀ ਪਾਰਟੀ ਤੋਂ ਖੁਸ਼ੀ ਤੇ ਸਹਿਜਤਾ ਨਹੀਂ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਖਹਿਰਾ ਦੀ ਤੀਜ਼ੀ ਪਾਰਟੀ ਹੈ, ਜਿਨ੍ਹਾਂ ਨੇ ਅਕਾਲੀ ਦਲ ਤੋਂ ਸਿਆਸਤ ਦੀ ਸ਼ੁਰੂਆਤ ਕਰ ਤੋਂ ਬਾਅਦ ਕਾਂਗਰਸ ਦਾ ਹੱਥ ਫੜਿਆ ਸੀ ਅਤੇ ਹੁਣ ਆਪ ‘ਚ ਸ਼ਾਮਿਲ ਹੋ ਗਏ ਹਨ। ਇਸ ਤੋਂ ਇਲਾਵਾ, ਉਹ ਨਿਰਾਧਾਰ ਦੋਸ਼ ਲਗਾਉਣ ਲਈ ਖਹਿਰਾ ‘ਤੇ ਮਾਨਹਾਣੀ ਦਾ ਕੇਸ ਕਰਨ ਵਾਲੇ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਸੁਪਰੀਮ ਕੋਰਟ ਦੋਸ਼ ਮੁਕਤ ਕਰਾਰ ਦੇ ਚੁੱਕਾ ਹੈ। ਲਾਲ ਸਿੰਘ ਨੇ ਕਿਹਾ ਕਿ ਖਹਿਰਾ ਇਕ ਪੂਰੀ ਤਰ੍ਹਾਂ ਮੌਕਾਪ੍ਰਸਤ ਆਗੂ ਹਨ, ਜਿਨ੍ਹਾਂ ਦੀਆਂ ਉਮੀਦਾਂ ਉਨ੍ਹਾਂ ਦੀ ਕਾਬਲਿਅਤ ਤੋਂ ਕਿਥੇ ਵੱਧ ਹਨ। ਜਿਨ੍ਹਾਂ ਨੂੰ ਸਿਰਫ ਬਿਆਨ ਜ਼ਾਰੀ ਕਰਨ ‘ਚ ਪ੍ਰਸਿੱਧੀ ਹਾਸਿਲ ਹੈ ਤੇ ਉਹ ਵੀ ਕਿਸੇ ਦੀ ਭਲਾਈ ਤੋਂ ਵੱਧ ਆਪਣੀ ਮਸ਼ਹੂਰੀ ਵਾਸਤੇ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਖਹਿਰਾ ਦਾ ਕੋਈ ਸਹੀ ਅਧਾਰ ਹੁੰਦਾ, ਤਾਂ ਉਹ ਤੀਜ਼ੀ ਵਾਰ ਹਾਰ ਦਾ ਸਾਹਮਣਾ ਨਾ ਕਰਦੇ। ਆਖਿਰਕਾਰ ਇਕ ਆਗੂ ਦਾ ਅਧਾਰ ਵੋਟਾਂ ਵੇਲੇ ਤੈਅ ਕੀਤਾ ਜਾਂਦਾ ਹੈ ਅਤੇ ਖਹਿਰਾ ਨੂੰ ਲੋਕਾਂ ਦੀ ਕਚਿਹਰੀ ਵੱਲੋਂ ਨਕਾਰਨ ‘ਚ ਹੈÎਟ੍ਰਿਕ ਹਾਸਿਲ ਹੈ ਤੇ 2017 ‘ਚ ਉਨ੍ਹਾਂ ਦੀ ਚੌਥੀ ਹਾਰ ਵੀ ਜੁੜ ਜਾਵੇਗੀ।
ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ 1 ਦਸੰਬਰ ਨੂੰ ਉਨ੍ਹਾਂ ਨੇ ਬਿਆਨ ਜ਼ਾਰੀ ਕਰਕੇ ਕੈਪਟਨ ਅਮਰਿੰਦਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਸੀ। ਜਿਨ੍ਹਾਂ ਨੇ ਸਿਰਫ ਤਿੰਨ ਹਫਤਿਆਂ ਪਹਿਲਾਂ ਖਹਿਰਾ ਵੱਲੋਂ ਜ਼ਾਰੀ ਬਿਆਨ ਦਾ ਜ਼ਿਕਰ ਕੀਤਾ ਕਿ ਉਨ੍ਹਾਂ (ਕੈਪਟਨ ਅਮਰਿੰਦਰ) ਦੀ ਨਿਯੁਕਤੀ ਨੇ ਸੂਬੇ ਦੀ ਵਰਤਮਾਨ ਸੱਤਾਧਾਰੀ ਪਾਰਟੀ ਨੂੰ ਕਰਾਰਾ ਝਟਕਾ ਦਿੱਤਾ ਹੈ। ਇਕ ਸਾਫ ਤੇ ਸਪੱਸ਼ਟ ਆਗੂ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਤੋਂ ਲੋਕ ਪੰਜਾਬ ਨੂੰ ਆਪਣੇ ਸ਼ਾਨਦਾਰ ਦੌਰ ‘ਚ ਮੁੜ ਲਿਆਉਣ ਦੀ ਉਮੀਦ ਕਰਦੇ ਹਨ, ਜਿਸਨੂੰ ਬਾਦਲ ਪਰਿਵਾਰ ਨੇ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਬਿਆਨ ‘ਚ ਖਹਿਰਾ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਦੀ ਨਿਯੁਕਤੀ ਨੇ ਬਾਦਲ ਦੇ ਕੁੰਬੇ ਦੇ ਅੰਨਿਆਂ, ਸੱਤਾਵਾਦੀ ਤੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਪੱਕਾ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਤੇ ਉਨ੍ਹਾਂ ਦੀ ਟੀਮ ਪੰਜਾਬ ਨੂੰ ਇਸ ਭ੍ਰਿਸ਼ਟ, ਨਿਰੰਕੁਸ਼ ਤੇ ਬੇਹਰਹਿਮ ਬਾਦਲ ਸਰਕਾਰ ਤੋਂ ਮੁਕਤ ਕਰਵਾਏਗੀ। ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਕੈਪਟਨ ਅਮਰਿੰਦਰ ਦੀ ਨਿਯੁਕਤੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹਨ।
ਲਾਲ ਸਿੰਘ ਨੇ ਖਹਿਰਾ ‘ਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਕਾਰਨ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਉਹ ਓਹੀ ਵਿਅਕਤੀ ਹਨ, ਜਿਨ੍ਹਾਂ ਨੇ ਕਪੂਰਥਲਾ ‘ਚ ਖਾਲਿਸਤਾਨ ਦਾ ਝੰਡਾ ਚੁੱਕਿਆ ਸੀ। ਇਸੇ ਤਰ੍ਹਾਂ, ਵੱਡਾ ਨੈਤਿਕ ਅਧਾਰ ਪੇਸ਼ ਕਰਨ ਵਾਲੇ ਖਹਿਰਾ ਦਾ ਮਖੌਲ ਉਡਾਉਂਦਿਆਂ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਇਕ ਜ਼ਮੀਨਾਂ ਕਬਜਾਉਣ ਵਾਲੇ ਵਿਅਕਤੀ ਦਾ ਹੈ। ਇਥੋਂ ਤੱਕ ਕਿ ਜਿਸ ਘਰ ‘ਚ ਉਹ ਚੰਡੀਗੜ੍ਹ ‘ਚ ਰਹਿੰਦੇ ਹਨ, ਉਹ ਇਕ ਨਾਮੀ ਫਿਲਮ ਅਦਾਕਾਰਾ ਦੇ ਪਿਤਾ ਦਾ ਹੈ, ਜਿਸ ‘ਤੇ ਉਨ੍ਹਾਂ ਨੇ ਜਬਰਦਸਤੀ ਕਬਜ਼ਾ ਕੀਤਾ ਸੀ।
ਲਾਲ ਸਿੰਘ ਨੇ ਖਹਿਰਾ ਦੇ ਉਨ੍ਹਾਂ ਦਾਅਵਿਆਂ ‘ਤੇ ਚੁਟਕੀ ਵੀ ਲਈ ਕਿ ਉਨ੍ਹਾਂ ਨੂੰ ਏ.ਆਈ.ਸੀ.ਸੀ. ਦੇ ਕੌਮੀ ਬੁਲਾਰੇ ਦੀ ਆਫਰ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਖਹਿਰਾ ਸਪੱਸ਼ਟ ਤੌਰ ‘ਤੇ ਆਪ ‘ਚ ਕੋਈ ਪੁਜੀਸ਼ਨ ਲੈਣ ਲਈ ਅਜਿਹੇ ਦਾਅਵੇ ਕਰ ਰਹੇ ਹਨ, ਕਿਉਂਕਿ ਅਜਿਹਾ ਕੋਈ ਪ੍ਰਸਤਾਅ ਨਹੀਂ ਦਿੱਤਾ ਗਿਆ ਸੀ।