ਪਟਿਆਲਾ ਦੇ ਬੁੱਢਾ ਦਲ ਕੰਪਲੈਕਸ ਵਿਚ ਆਸਟ੍ਰੇਲੀਆ ਤੋਂ ਚੱਲ ਰਹੇ ਨੈਟ ਰੇਡੀਓ ਹਰਮਨ ਦਾ ਸਟੂਡੀਓ ਹੈ। ਰੇਡੀਓ ਹੋਸਟ ਅਤੇ ਪ੍ਰੋਡਿਊਸਰ ਹਰਪ੍ਰੀਤ ਕਾਹਲੋਂ ਇਸੇ ਸਟੂਡੀਓ ਵਿਚ ਬੈਠਦਾ ਹੈ। ਦੋ ਕੁ ਮਹੀਨੇ ਪਹਿਲਾਂ ਹਰਪ੍ਰੀਤ ਨੇ ਮੇਰੀ ਕਿਤਾਬ ‘ਜਿੱਤ ਦਾ ਮੰਤਰ’ ਦਾ ਆਡੀਓ ਵਰਜ਼ਨ ਤਿਆਰ ਕਰਵਾ ਕੇ ਲੜੀਵਾਰ ਬ੍ਰਾਡਕਾਸਟ ਕਰਨਾ ਸ਼ੁਰੂ ਕੀਤਾ ਸੀ। ਮੈਂ ਉਸਨੂੰ ਆਡੀਓ ਬੁੱਕ ਦੇ ਰੂਪ ਵਿਚ ਨੈਟ ‘ਤੇ ਪਾਉਣਾ ਚਾਹੁੰਦਾ ਸੀ। ਇਸੇ ਕਾਰਨ ਮੈਂ ਹਰਪ੍ਰੀਤ ਕਾਹਲੋਂ ਨੂੰ ਮਿਲਣ ਉਥੇ ਗਿਆ ਸਾਂ। ਹਰਪ੍ਰੀਤ ਦੇ ਕੰਮ ਤੋਂ ਮੈਂ ਕਾਫ਼ੀ ਪ੍ਰਭਾਵਿਤ ਸਾਂ। ਰੇਡੀਓ ਹਰਮਨ ਵਿਚ ਆਉਣ ਤੋਂ ਪਹਿਲਾਂ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਕਮਿਊਨਿਟੀ ਰੇਡੀਓ ਦੀ ਸਥਾਪਤੀ ਵਿਚ ਅਹਿਮ ਭੂਮਿਕਾ ਨਿਭਾਅ ਚੁੱਕਾ ਸੀ। ਕੌਫ਼ੀ ਦੇ ਕੱਪ ‘ਤੇ ਉਸ ਦਿਨ ਰੇਡੀਓ ਅਤੇ ਪੱਤਰਕਾਰੀ ਦੇ ਮਸਲਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਜਦੋਂ ਮੈਂ ਉਸ ਕੋਲੋਂ ਵਿਦਾ ਲੈ ਕੇ ਆਉਣ ਲੱਗਾ ਤਾਂ ਉਸਨੇ ਮੇਰੇ ਹੱਥ ਇਕ ਕਿਤਾਬ ਫ਼ੜਾਉਂਦੇ ਹੋਏ ਕਿਹਾ ਕਿ ਇਸਨੂੰ ਜ਼ਰੂਰ ਪੜ੍ਹਨਾ।
ਪੇਪਰ ਬੈਕ ਵਿਚ ਕਾਲੇ ਰੰਗ ਦੇ ਟਾਈਟਲ ਵਾਲੀ ਇਹ ਕਿਤਾਬ ਅਸਲ ਵਿਚ ‘ਹਿੰਦ-ਪਾਕਿ ਬਾਰਡਰਨਾਮਾ’ ਨਾਮ ਦਾ ਨਾਵਲ ਸੀ। ਨਾਵਲਕਾਰ ਦਾ ਨਾਮ ਨਿਰਮਲ ਨਿੰਮਾ ਲੰਗਾਹ ਛਪਿਆ ਹੋਇਆ ਸੀ। ਇਹ ਨਾਮ ਮੈਂ ਪਹਿਲੀ ਵਾਰ ਪੜ੍ਹਿਆ ਸੀ। ਮੇਰੇ ਯਾਦ ਨਹੀਂ ਕਿ ਪਹਿਲਾਂ ਕਦੇ ਇਹ ਨਾਮ ਮੈਂ ਕਿਸੇ ਸਾਹਿਤਕਾਰ ਦੇ ਮੂੰਹੋਂ ਸੁਣਿਆ ਹੋਵੇ। ਖੈਰ, ਟਾਈਟਲ ਦੇ ਪਿਛਲੇ ਬੀਬਾ ਬਲਵੰਤ, ਡਾ. ਬਲਜਿੰਦਰ ਨਸਰਾਲੀ ਅਤੇ ਵਰਿੰਦਰ ਸ਼ੈਲੀ ਵੱਲੋਂ ਕੀਤੀਆਂ ਟਿੱਪਣੀਆਂ ਪੜ੍ਹੀਆਂ। ਬੀਬਾ ਬਲਵੰਤ ਦਾ ਕਹਿਣਾ ਸੀ ”ਨਿਰਮਲ ਨਿੰਮਾ ਲੰਗਾਹ ਦੀ ਭਾਸ਼ਾ ਅਤੇ ਵਾਕ ਬਣਤਰ ਵਿਲੱਖਣ ਹੈ। ਸਾਰੇ ਨਾਵਲ ‘ਚ ਘਟਨਾਵਾਂ ਹਕੀਕਤ ਨਾਲ ਖਹਿ ਕੇ ਲੰਘਦੀਆਂ ਹਨ। ਕਈ ਵਾਰ ਤਾਂ ਯਕੀਨ ਜਿਹਾ ਹੀ ਨਹੀਂ ਹੁੰਦਾ ਕਿ ਲੇਖਕ ਨੇ ਇਸ ਸਭ ਕੁਝ ਨੂੰ ਆਪਣੇ ਹੱਡਾਂ ‘ਤੇ ਕਿਵੇਂ ਹੰਢਾਇਆ ਹੋਵੇਗਾ। ਇੰਨਾ ਹੌਸਲਾ ਤੇ ਸਿਰੜ ਤੌਬਾ-ਤੌਬਾ।” ਵਰਿੰਦਰ ਸ਼ੈਲੀ ਦਾ ਕਹਿਣਾ ਸੀ ”ਹਿੰਦ-ਪਾਕਿ ਬਾਰਡਰਨਾਮਾ ਦਾ ਜੋੜਨਾਮਾ ਕਰਦਿਆਂ ਨਿਰਮਲ ਨਿੰਮਾ ਦੀ ਜ਼ਿੰਦਗੀ ਦੇ ਬੜੇ ਦਿਲ ਹਿਲਾ ਦੇਣ ਵਾਲੇ ਪੱਖ ਸਾਹਮਣੇ ਆਏ। ਉਸਨੇ ਆਪਣੀ ਪਾਕਿਸਤਾਨੀ ਮਾਸ਼ੂਕਾ ਨਸੀਮਾ ਬੇਗਮ (ਸੀਮਾ) ਨੂੰ ਪੰਜਾਬੀਆਂ ਦੇ ਸਿਰ ਧੱਕੇ ਨਾਲ ਮੜ੍ਹਿਆ ਬਾਰਡਰ, ਧੱਕੇ ਨਾਲ ਕਰਾਸ ਕਰਵਾ ਕੇ ਦਿੱਲੀ, ਅੰਮ੍ਰਿਤਸਰ ਆਦਿ ਸ਼ਹਿਰਾਂ ਦੀ ਸੈਰ ਕਰਵਾਈ। ਬਲੈਕਰਾਂ (ਤਸਕਰਾਂ) ਦੇ ਬਾਰਡਰ ‘ਤੇ ਹੁੰਦੇ ਖੌਫ਼ਨਾਕ ਮੁਕਾਬਲਿਆਂ ‘ਚੋਂ ਵੀ ਗੁਜ਼ਰਿਆ। ਪਾਕਿ ‘ਚ ਫ਼ੜੇ ਜਾਣ ‘ਤੇ ਪੁਲਿਸ ਤੇ ਖੁਫ਼ੀਆ ਏਜੰਸੀ ਆਈ. ਐਸ. ਆਈ. ਦਾ ਦਿਲ ਹਿਲਾ ਦੇਣ ਵਾਲਾ ਤਸ਼ੱਦਦ ਝੱਲਿਆ। ਸੀਮਾ ਨੇ ਆਪਣੇ ਨਿੰਮੇ ਨੂੰ, ਕਾਲ ਕੋਠੜੀ ‘ਚੋਂ ਆਜ਼ਾਦ ਕਰਵਾਉਣ ਲਈ, ਲੱਖਾਂ ਰੁਪਏ ਦੀ ਬੱਤੀ ਬਾਲ ਕੇ, ਮੁਹੱਬਤ ਦੀਆਂ ਹਨੇਰੀਆਂ ਗਲੀਆਂ ‘ਚ ਸੱਧਰਾਂ ਦਾ ਚੰਨ ਚਾੜ੍ਹ ਦਿੱਤਾ। ਮੈਨੂੰ ਪੂਰਾ ਯਕੀਨ ਹੈ ਕਿ ਇਹ ਰਚਨਾ ਪਾਠਕਾਂ ਨੂੰ ਰੂਹ ਤੱਕ ਝੰਜੋੜ ਦੇਵੇਗੀ।” ਵਰਿੰਦਰ ਸ਼ੈਲੀ ਦੀ ਅਜਿਹੀ ਟਿੱਪਣੀ ਨੇ ਮੈਨੂੰ ਸੱਚਮੁਚ ਇਸ ਨਾਵਲ ਨੂੰ ਪੜ੍ਹਨ ਲਈ ਝੰਜੋੜ ਦਿੱਤਾ।
ਸਿਆਲਕੋਟ ਦੀ ਸੀਮਾ ਦੇ ਨਾਂ ਕੀਤੇ ਹੋਏ ਇਸ ਨਾਵਲ ਦੇ ਪਹਿਲੇ ਪੰਨੇ ‘ਤੇ ਲਿਖਿਆ ਹੈ ਕਿ ਇਹ ਨਾਵਲ ਸਵੈਜੀਵਨੀ ਮੂਲਕ ਨਾਵਲ ਹੈ। ਲੇਖਕ ਨਿਰਮਲ ਨਿੰਮਾ ਲੰਗਾਹ ਦੇ ਨਾਮ ਥੱਲੇ ਸੰਪਾਦਕ ਵਜੋਂ ਵਰਿੰਦਰ ਸ਼ੈਲੀ ਦਾ ਨਾਮ ਛਪਿਆ ਹੈ।
ਚੱਕ ਸਤਾਰਾਂ ਪ੍ਰਕਾਸ਼ਨ, ਦੇਵੀ ਰੋਡ, ਪੁਰਾਣਾ ਰਾਜਪੁਰਾ ਵੱਲੋਂ ਪ੍ਰਕਾਸ਼ਿਤ ਇਸ ਨਾਵਲ ਦੀ ਕੀਮਤ 300 ਰੁਪਏ ਹੈ। ਨਾਵਲ ਦੇ ਆਰੰਭ ਵਿਚ ਨਾਵਲਕਰ ਨੇ ‘ਬਾਰਡਰਨਾਮਾ’ ਬਾਰੇ ਕੁਝ ਤੱਥ ਸਿਰਲੇਖ ਹੇਠ ਕੁਝ ਤੱਥ ਬਿਆਨ ਕੀਤੇ ਹਨ। ਲੇਖਕ ਲਿਖਦਾ ਹੈ ”ਬਾਰਡਰਨਾਮਾ ਲਿਖਿਆ ਏ ਮੈਂ। ਲੈ ਕੇ ਤੀਹ ਪੈਂਤੀ ਸਾਲ ਪਹਿਲਾਂ ਦੀ ਬਲੈਕਰਾਂ (ਤਸਕਰਾਂ) ਦੀ ਜ਼ਿੰਦਗੀ ਨੂੰ। ਹੁਣ ਗੱਲਾਂ ਹੋਰ ਨੇ, ਉਦੋਂ ਹੋਰ ਸਨ। ਮੈਂ ਕਿਸੇ ਵੀ ਪਾਤਰ, ਪਿੰਡ, ਚੌਂਕੀ ਆਦਿ ਦਾ ਬਦਲਿਆ ਨਹੀਂ ਨਾਂ। ਵੱਡੀ ਮਜਬੂਰੀ ਕਾਰਨ ਕੇਵਲ ਬਦਲੇ ਨੇ ਕੁਝ ਨਾਂ ਤੇ ਥਾਂ ਕਾਂੜ ਚਾਰ ਤੇ ਵੀਹ ਦੇ।” ਇਉਂ ਨਿਰਮਲ ਨਿੰਮਾ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀ ਪਾਕਿ ਨਾਲ ਲੱਗਦੀ ਸਰਹੱਦ ‘ਤੇ ਹੁੰਦੀਆਂ ਤਸਕਰੀ ਦੀਆਂ ਘਟਨਾਵਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਉਸਦਾ ਵੱਡਾ ਕਾਰਨ ਇਹ ਰਿਹਾ ਕਿ ਲੇਖਕ ਖੁਦ ਬਲੈਕਰਾਂ ਨਾਲ ਅਨੇਕਾਂ ਵਾਰ ਪਾਕਿਸਤਾਨ ਗਿਆ। ਉਹ ਲਿਖਦਾ ਹੈ ”ਵੱਡੀ ਖੁਸ਼ਕਿਸਮਤੀ ਏ ਮੇਰੀ। ਕਰਕੇ ਕਈ ਸਾਲ ਕਰਾਸ। ਗੁਜ਼ਰ ਕੇ ਕਈ ਮੁਕਾਬਲਿਆਂ ‘ਚੋਂ। ਰਿਹਾ ਮੈਂ ਫ਼ੇਰ ਵੀ ਜ਼ਿੰਦਾ।ਕੁਝ ਸਾਥ ਦਿੱਤਾ ਕੁਦਰਤ ਨੇ। ਵੱਡੀ ਹਿੰਮਤ ਤੇ ਦਲੇਰੀ ਸੀਮਾ ਦੀ। ਜਿਸ ਨੇ ਕਰਕੇ ਲੱਖਾਂ ਰੁਪਏ ਖਰਚਾ। ਛੁਡਾ ਲਿਆ ਮੈਨੂੰ। ਪਾਕਿ ਦੀ ਬਦਨਾਮ ਖੁਫ਼ੀਆ ਏਜੰਸੀ ਆਈ. ਐਸ. ਆਈ. ਦੀ ਜਕੜ ‘ਚੋਂ ਵੀ ਛੁਟ ਆਇਆ। ਮੈਨੂੰ ਵੱਡਾ ਮਾਣ ਐ। ਆਪਣੀ ਖੌਫ਼ਨਾਕ ਮੁਹੱਬਤ ‘ਤੇ।
ਨਾਵਲਕਾਰ ਨਿਰਮਲ ਨਿੰਮਾ ਆਪਣੇ ਬਾਰੇ ਦੱਸਦਾ ਹੈ ”ਮੈਂ ਕਿਸੇ ਮਨੋਵਿਗਿਆਨਕ ਅਸਲ ਅਧੀਨ। ਹਮੇਸ਼ਾ ਖਤਰਨਾਕ ਕੰਮਾਂ ਵੱਲ ਰੁਚਿਤ ਰਿਹਾ। ਪਾਬੰਦੀ-ਸ਼ੁਦਾ ਨਕਸਲੀ ਪਾਰਟੀ ‘ਚ ਕਾਰਜਸ਼ੀਲ ਰਿਹਾ ਕਈ ਦਹਾਕੇ। ਰਿਹਾ ਮੌਤ ਦੇ ਬਹੁਤ ਨੇੜੇ ਤੇੜੇ। ਮਾੜੇ ਧੰਦੇ ਕਰਨ ਵਾਲਿਆਂ ਦੇ ਕੋਲ ਕੋਲ। ਵੱਡੀ ਖਿੱਚ ਪਾਉਂਦੇ ਨੇ ਇਹ ਲੋਕ। ਮੇਰੇ ਦਿਲ ਨੂੰ, ਰੂਹ ਨੁੰ, ਪੁਲਿਸ ਤੇ ਲੋਕਾਂ ਦੀਆਂ ਨਜ਼ਰਾਂ ਵਿਚ ਭਾਵੇਂ ਉਹ ਭਿਆਨਕਤਾ ਦੀ ਹੱਦ ਤੱਕ ਹੁੰਦੇ ਨੇ ਖਤਰਨਾਕ। ਲੁਟੇਰੇ ਜਾਂ ਧਾੜਵੀ। ਮੇਰੇ ਲਈ ਉਹ ਪਾਤਰ ਨੇ। ਬੜੇ ਮਾਸੂਮ, ਨਿਤਾਣੇ ਤੇ ਨਿਮਾਣੇ ਜਏ। ਉਹਨਾਂ ਨੂੰ ਵੀ ਘੜਿਆ ਏ ਸਾਡੇ ਸਮਾਜ ਨੇ ਈ। ਉਹਨਾਂ ਦੇ ਕਿਰਦਾਰਾਂ ਦੀ ਪੇਸ਼ਕਾਰੀ ਕਰਨੀ ਇਮਾਨਦਾਰੀ ਨਾਲ। ਮੇਰਾ ਇਖਲਾਕੀ ਫ਼ਰਜ਼ ਏ, ਵੱਡੀ ਜ਼ਿੰਮੇਵਾਰੀ ਵੀ। ਇਸ ਨਾਵਲ ਵਿਚ ਸ਼ਾਮਲ ਨੇ, ਕੇਵਲ ਬਾਰਡਰ ‘ਤੇ ਹੋਏ ਮੁਕਾਬਲੇ ਤੇ ਮੇਰੇ ਪਿਆਰ ਨਾਲ ਸਬੰਧਤ ਘਟਨਾਵਾਂ।”
ਨਾਵਲਕਾਰ ਵੱਲੋਂ ਸਵੈ ਜੀਵਨੀ ਮੂਲਕ ਨਾਵਲ ਵਾਲੇ ਬਿਆਨ ਅਤੇ ਬਾਰਡਰ ‘ਤੇ ਹੋ ਰਹੀ ਤਸਕਰੀ ਦੇ ਵਿਸ਼ੇ ਨੇ ਮੈਨੂੰ ਇਹ ਨਾਵਲ ਇਕੋ ਸਾਹੇ ਪੜ੍ਹਨ ਲਈ ਪ੍ਰੇਰਿਆ ਅਤੇ ਮੈਂ ਪੜ੍ਹਿਆ ਵੀ। ਲੇਖਕ ਦਾ ਪਿੰਡ ਬਾਰਡਰ ਤੋਂ ਅੱਠ ਦਸ ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ 1971 ਦੀ ਭਾਰਤ-ਪਾਕਿ ਲੜਾਈ ਸਮੇਂ ਉਹ ਪੰਜਵੀਂ ਵਿਚ ਪੜ੍ਹਦਾ ਸੀ। ਇਸ ਲੜਾਈ ਵਿਚ ਭਾਰਤ ਨੇ ਪਾਕਿਸਤਾਨ ਦੇ ਸੈਂਕੜੇ ਪਿੰਡਾਂ ਤੇ ਕਬਜਾ ਕਰ ਲਿਆ ਸੀ। 15-20 ਦਿਨਾਂ ਦੀ ਲੜਾਈ ਤੋਂ ਬਾਅਦ ਨਿੰਮਾ ਵੀ ਪਾਕਿਸਤਾਨੀ ਪਿੰਡ ਵੇਖਣ ਗਿਆ ਸੀ ਅਤੇ ਉਸ ਨੇ ਲੜਾਈ ਵਿਚ ਲੁੱਟੇ ਪਿੰਡਾਂ ਨੂੰ ਲੜਾਈ ਬਾਅਦ ਭਾਰਤੀ ਪੰਜਾਬੀਆਂ ਵੱਲੋਂ ਲੁੱਟਣ ਦਾ ਜ਼ਿਕਰ ਬੜੇ ਵਿਅੰਗਮਈ ਅਤੇ ਜਜ਼ਬਾਤੀ ਢੰਗ ਨਾਲ ਕੀਤਾ ਹੈ। ਇਸ ਅਧਿਆਏ ਦਾ ਨਾਮ ਲੇਖਕ ਨੇ ‘ਘਰ ਜਾਣ ਦੇ ਬੀਜ ਮੇਰੀ ਰੂਹ ਵਿਚ’ ਰੱਖਿਆ ਹੈ। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਲੇਖਕ ਦਾ ਪਾਕਿਸਤਾਨ ਵਿਚ ਜਾਣ ਲਈ ਮਨ ਬਚਪਨ ਤੋਂ ਹੀ ਸੀ। ਇਸ ਤੋਂ ਅਗਲੇ ਚੈਪਟਰ ਜੋ ਕਿ ਨਾਵਲ ਦਾ ਪਹਿਲਾ ਚੈਪਟਰ ਹੈ, ਵਿਚ ਲੇਖਕ ਨੇ ਦੱਸਿਆ ਹੈ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਹੋਸਟਲ ਵਿਚ ਰਹਿ ਰਿਹਾ ਹੈ। ਉਹ ਪੜ੍ਹਾਈ ਦੌਰਾਨ ਨਕਸਲਾਇਟ ਲਹਿਰ ਵੱਲ ਖਿੱਚਿਆ ਜਾਂਦਾ ਹੈ। ਨਾਵਲਕਾਰ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਇਸਦੇ ਨਾਲ ਹੀ ਉਸਨੂੰ ‘ਘਰ’ ਜਾਣ ਦਾ ਸ਼ੌਂਕ ਵੀ ਅੱਤ ਦਰਜੇ ਦਾ ਹੈ। ਜਦੋਂ ਉਹ ਪਹਿਲੀ ਵਾਰ ਘਰ ਜਾਂਦਾ ਹੈ ਤਾਂ ਲੇਖਕ ਪੂਰੇ ਵਿਸਥਾਰ ਵਿਚ ਬਾਰਡਰ ਕਰਾਸ ਕਰਨ ਦਾ ਦ੍ਰਿਸ਼ ਪੇਸ਼ ਕਰਨ ਵਿਚ ਸਫ਼ਲ ਹੁੰਦਾ ਹੈ। ਨਾਲ ਦੀ ਨਾਲ ਉਹ ਬਲੈਕਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ”ਬਲੈਕਰਾਂ ਦਾ ਵੀ ਇਕ ਨਿੱਕਾ ਜਿਹਾ ਨੈਟਵਰਕ ਹੁੰਦਾ ਹੈ। ਆਪਣੇ ਵੱਖਰੇ ਕਾਇਦੇ ਕਾਨੂੰਨ ਤੇ ਸਿਧਾਂਤ। ਲੱਖਾਂ ਦੇ ਮਾਲ ਦਾ ਲੈਣ ਦੇਣ ਹੁੰਦਾ ਏ। ਕੋਈ ਲਿਖਤ ਪੜ੍ਹਨ ਨਹੀਂ, ਸਭ ਜ਼ੁਬਾਨੀ। ਇਸ ਧੰਦੇ ਵਿਚ ਜ਼ਬਾਨੋਂ ਫ਼ਿਰਿਆ, ਥਾਂ ਮਰਿਆ ਸਦਾ ਲਈ ਖਤਮ। ਕੋਈ ਕਦਰ ਕੀਮਤ ਨਹੀਂ ਰਹਿੰਦੀ।”
ਬਲੈਕਰਾਂ ਦਾ ਮਾਲ ਢੋਣ ਵਾਲੇ ਨੂੰ ਪਾਂਡੀ ਆਖਦੇ ਹਨ। ਇਹਨਾਂ ਦਾ ਕੰਮ ਹੁੰਦਾ ਹੈ ਸਰਹੱਦ ਤੋਂ ਮਾਲ ਚੁੱਕ ਕੇ ਲਿਆਉਣਾ। ਆਪਣਾ ਉਥੇ ਛੱਡ ਕੇ ਆਉਣਾ। ਬੀ. ਐਸ. ਐਫ਼. ਤੇ ਪੁਲਿਸ ਨੂੰ ਖੁਸ਼ ਕਰਨ ਲਈ। ਫ਼ਾਈਲਾਂ ਦੇ ਢਿੱਡ ਭਰਨ ਲਈ। ਵੱਡੇ ਬਲੈਕੀਏ ਕਈ ਵਾਰ ਫ਼ੜਾ ਦਿੰਦੇ ਆਪ ਈ ਪਾਂਡੀਆਂ ਨੂੰ। ਥੋੜ੍ਹੇ ਬਹੁਤੇ ਮਾਲ ਸਮੇਤ। ਫ਼ੜੇ ਜਾਣ ‘ਤੇ ਵੱਡੀ ਰਕਮ ਮਿਲਦੀ ਪਾਂਡੀਆਂ ਨੂੰ। ਉਹਨਾਂ ਦੇ ਘਰ ਦਾ ਖਰਚਾ ਵੀ ਬਲੈਕਰ ਈ ਦਿੰਦੇ। ਇੱਥੇ ਨਾਵਲਕਾਰ ਨੇ ਦੋਹਾਂ ਦੇਸ਼ਾਂ ਦੇ ਅਫ਼ਸਰਾਂ ਦੇ ਕਿਰਦਾਰ ਨੂੰ ਵੀ ਨੰਗਾ ਕੀਤਾ ਹੈ। ”ਮਿੱਥੀ ਰਾਤ ਨੂੰ ਸਭ ਨਾਕੇ ਗਾਇਬ ਹੁੰਦੇ। ਦੋਹਾਂ ਪਾਰਟੀਆਂ ਦੇ ਆਦਮੀ ਅਫ਼ਸਰਾਂ ਨੂੰ ਹਜ਼ਾਰਾਂ ਦਾ ਦੱਸ ਕੇ ਲੱਖਾਂ ਕਰੋੜਾਂ ਦਾ ਮਾਲ ਆਰ ਪਾਰ ਕਰ ਕਰਾ ਲੈਂਦੇ। ਛੇਵੇਂ ਸੱਤਵੇਂ ਦਹਾਕੇ ਵਿਚ ਤਾਂ ਟਰੱਕਾਂ ਨਾਲ ਬਲੈਕ ਹੁੰਦੀ ਰਹੀ। ਦਰਜਨਾਂ ਪਾਂਡੀ ਮਾਲ ਦੀ ਕਰਾਸਿੰਗ ਕਰਦੇ। ਬਿਜਲੀ ਦੀ ਤੇਜ਼ੀ ਨਾਲ, ਕਹਿਰ ਦੀ ਠੰਡ ਤੇ ਸੰਘਣੀ ਮਾੜੀ ਧੁੰਦ ਵਿਚ ਘਾਲਾ ਮਾਲਾ ਹੋ ਜਾਂਦਾ। ਕਿਸੇ ਨੂੰ ਬਿੜਕ ਨਾ ਆਉਂਦੀ। ਸ਼ੱਕ ਨਾ ਹੁੰਦਾ। ਜ਼ਿੰਮੇਵਾਰੀ ਅਫ਼ਸਰਾਂ ਦੀ ਹੁੰਦੀ। ਨਾ ਚੋਰ ਲੱਗੇ, ਨਾ ਕੁੱਤੀ ਭੌਂਕੇ। ਇੱਧਰੋਂ ਚਾਂਦੀ, ਪਾਨ ਪੱਤਾ, ਵਿਸਕੀ, ਮਲਮਲ ਉਧਰ ਜਾਂਦੇ। ਪਾਕਿਸਤਾਨ ਤੋਂ ਸੋਨਾ, ਅਫ਼ੀਮ, ਸਮੈਕ, ਹੈਰੋਇਨ, ਲੌਂਗ, ਸੁੱਚਾ ਵਿੱਲਾ ਅਤੇ ਅਸਲਾ ਆਉਂਦੇ।
ਨਾਵਲਕਾਰ ਨਿਰਮਲ ਨਿੰਮਾ ਅਨੁਸਾਰ ਉਹ ਤਸਕਰੀ ਕਰਨ ਨਹੀਂ ਸਗੋਂ ਪਾਕਿਸਤਾਨ ਘੁੰਮਣ ਦੀ ਲਾਲਸਾ ਨਾਲ ਬਾਰਡਰ ਕਰਸ ਕਰਦਾ ਸੀ। ਨਿੰਮਾ ਦਾ ਦੋਸਤ ਗਫ਼ੂਰ ਨਾਰਵਾਲ ਵਿਖੇ ਆਪਣੇ ਸਮਗਲਰ ਸਾਥੀ ਨੂੰ ਮਿਲਣ ਗਿਆ ਅਤੇ ਨਿੰਮੇ ਨੂੰ ਨਾਲ ਲੈ ਗਿਆ। ਉਥੇ ਨਿੰਮੇ ਨੂੰ ਗਫ਼ੂਰ ਦੇ ਦੋਸਤ ਖਾਨ ਦੀ ਕਾਲਜ ਪੜ੍ਹਦੀ ਭੈਣ ਸੀਮਾ ਮਿਲੀ। ਦੁੋਹਾਂ ਦੀ ਮਿਲਣੀ ਅੰਨ੍ਹੀ ਮੁਹੱਬਤ ਵਿਚ ਤਬਦੀਲ ਹੋ ਗਈ। ਨਿੰਮਾ ਹੁਣ ਵਾਰ ਵਾਰ ਉਸਨੂੰ ਮਿਲਣ ਸਰਹੱਦੋਂ ਪਾਰ ਜਾਣ ਲੱਗਾ। ਇਕ ਵਾਰ ਸੀਮਾ ਵੀ ਬਾਰਡਰ ਪਾਰ ਕਰਕੇ ਭਾਰਤ ਘੁੰਮ ਗਈ ਸੀ। ਇਕ ਵਾਰ ਜਦੋਂ ਨਿਰਮਲ ਸੀਮਾ ਨੂੰ ਮਿਲ ਕੇ ਵਾਪਸ ਬਾਰਡਰ ਕਰਾਸ ਕਰਨ ਦੀ ਇੰਤਜ਼ਾਰ ਕਰ ਰਿਹਾ ਸੀ ਤਾਂ ਪਾਕਿਸਤਾਨੀ ਪੁਲਿਸ ਦੇ ਹੱਥੇ ਚੜ੍ਹ ਗਿਆ। ਜੇਬ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਈ. ਕਾਰਡ ਮਿਲਣ ਕਾਰਨ ਨਿੰਮੇ ਨੂੰ ਹਿੰਦੁਸਤਾਨੀ ਜਾਸੂਸ ਸਮਝ ਕੇ ਤਸ਼ੱਦਦ ਕੀਤਾ ਗਿਆ। ਨਾਵਲ ਦੇ ਕਾਂਡ 12 ਅਤੇ 13 ਪੁਲਿਸ ਅਤੇ ਫ਼ੌਜ ਦੇ ਤਸ਼ੱਦਦ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਪਾਠਕ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇੱਥੇ ਸੀਮਾ ਲੱਖਾਂ ਰੁਪਏ ਖਰਚ ਕੇ ਨਿੰਮੇ ਨੂੰ ਬਚਾ ਕੇ ਭਾਰਤ ਵਾਪਸ ਭੇਜਦੀ ਹੈ। ਪਾਕਿਸਤਾਨ ਤੋਂ ਬਚ ਕੇ ਆ ਕੇ ਨਿੰਮਾ ਜ਼ਿੰਦਗੀ ਵਿਚ ਕਈ ਕਿਸਮ ਦੇ ਪਾਪੜ ਵੇਲਦਾ ਹੈ। ਨਾਵਲ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੋਸਤਾਂ ਦੇ ਬਦਲੇ ਵਿਵਹਾਰ ਨਾਲ ਉਹ ਜਜ਼ਬਾਤੀ ਤੌਰ ‘ਤੇ ਜ਼ਖਮੀ ਹੋ ਜਾਂਦਾ ਹੈ। ਟਰੱਕ ਕਲੀਨਰ ਦੀ ਨੌਕਰੀ ਕਰਨ ਸਮੇਂ ਉਹ ਡਰਾਈਵਰਾਂ ਦੀ ਜ਼ਿੰਦਗੀ ਦੀ ਤਸਵੀਰ ਵੀ ਪਾਠਕਾਂ ਸਾਹਮਣੇ ਬਾਖੂਬੀ ਪੇਸ਼ ਕਰਨ ਵਿਚ ਸਫ਼ਲ ਰਹਿੰਦਾ ਹੈ।
ਹਿੰਦ-ਪਾਕਿ ਬਾਰਡਰਨਾਮਾ ਅਜਿਹਾ ਨਾਵਲ ਹੈ ਜੋ 1984 ਤੋਂ ਪਹਿਲਾਂ ਬਾਰਡਰ ‘ਤੇ ਹੁੰਦੀ ਸਮਗਲਿੰਗ ਦਾ ਅੱਖੀਂ ਡਿੱਠਾ ਹਾਲ ਹੈ। ਨਾਵਲ ਨੂੰ ਪੜ੍ਹ ਕੇ ਪਾਠਕ ਦੀ ਸੋਚ ਦੇ ਕਈ ਅਜਿਹੇ ਨਵੇਂ ਚੈਪਟਰ ਖੁੱਲ੍ਹਦੇ ਹਨ, ਜਿਹਨਾਂ ਬਾਰੇ ਪਹਿਲਾਂ ਉਹ ਬਿਲਕੁਲ ਪੇਤਲੀ ਜਿਹੀ ਜਾਣਕਾਰੀ ਰੱਖਦਾ ਹੈ। ਨਾਵਲਕਰ ਦੀ ਭਾਸ਼ਾ ਭਾਵੇਂ ਜ਼ਰਾ ਹੱਟ ਕੇ ਹੈ ਪਰ ਹੈ ਬਹੁਤ ਦਿਲਚਸਪ। ਨਿੰਮੇ ਦੀ ਬੇਬਾਕੀ ਦੀ ਦਾਦ ਦੇਣੀ ਬਣਦੀ ਹੈ। ਉਹ ਬਿਨਾਂ ਕਿਸੇ ਲਾਗ ਲਪੇਟ ਦੇ ਸੱਚ ਬੋਲਣ ਦੀ ਦਲੇਰੀ ਰੱਖਦਾ ਹੈ। ਜਦੋਂ ਉਹ ਆਪਣੀ ਜ਼ਿੰਦਗੀ ਦੇ ਕਮਜ਼ੋਰ ਪਲਾਂ ਨੂੰ ਬਿਆਨ ਕਰਦਾ ਹੈ ਤਾਂ ਨਾਵਲਕਰ ਦੇ ਤੌਰ ‘ਤੇ ਦੂਰ ਖੜ੍ਹ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਦੋਂ ਉਹ ਇਕ ਸਿੱਖ ਖਾੜਕੂ ਵੱਲੋਂ ਕੀਤੇ ਰੇਪ ਨੂੰ ਬਿਆਨਦਾ ਹੈ। ਨਾਵਲ ਵਿਚ ਥਾਂ-ਥਾਂ ਉਤੇ ਨਾਵਲਕਾਰ ਨੇ ਜ਼ਿੰਦਗੀ ਬਾਰੇ ਆਪਣੇ ਨਜ਼ਰੀਏ ਨੂੰ ਵੀ ਬਿਆਨ ਕੀਤਾ ਹੈ, ਜਿਵੇਂ ਪਿਆਰ ਤੇ ਸੈਕਸ ਇਕ ਦੂਜੇ ਦੇ ਪੂਰਕ ਹਨ। ਵਿਰੋਧੀ ਲਿੰਗ ਵੱਲ ਖਿੱਚੇ ਜਾਣ ਦੀ ਸੈਕਸ ਮੁੱਢਲੀ ਕਿਰਿਆ ਹੈ। ਨਾਵਲ ਨੇ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਦੀ ਮੁਹੱਬਤ ਨੂੰ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਿਆਸਤ ਤੋਂ ਕਿਤੇ ਉਚਾ ਦਿਖਾਇਆ ਹੈ। ਸਮੁੱਚੇ ਤੌਰ ‘ਤੇ ਮੈਂ ਇਹ ਕਹਿ ਸਕਦਾ ਹਾਂ ਕਿ 2015 ਵਿਚ ਮੇਰੇ ਵੱਲੋਂ ਪੜ੍ਹੇ ਨਾਵਲਾਂ ਵਿਚੋਂ ਇਹ ਨਾਵਲ ਮੈਨੂੰ ਕਾਫ਼ੀ ਚੰਗਾ ਲੱਗਆ।