ਵਿਜੇਂਦਰ ਸਿੰਘ ਵਲੋਂ ਜਿੱਤ ਦੀ ਹੈਟ੍ਰਿਕ

1ਭਾਰਤ ਦੇ ਵਿਜੇਂਦਰ ਸਿੰਘ ਨੇ ਪ੍ਰੋ ਮੁੱਕੇਬਾਜ਼ੀ ‘ਚ ਆਪਣਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਯੂਸੀਨੋਵ ਨੂੰ ਦੂਜੇ ਰਾਉਂਡ ‘ਚ 35 ਸਕਿੰਟ ‘ਚ ਹੀ ਧੂੜ ਚਟਾਉਂਦੇ ਹੋਏ ਆਪਣੇ ਪ੍ਰੋ ਕੈਰੀਅਰ ਦੀ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਵਿਜੇਂਦਰ ਅਤੇ ਯੂਸੀਨੋਵ ਦੇ ਵਿੱਚਾਲੇ ਇਹ 6 ਰਾਉਂਡ ਦਾ ਮੁਕਾਬਲਾ ਸੀ ਪਰ ਰੈਫ਼ਰੀ ਨੂੰ ਦੂਜੇ ਰਾਉਂਡ ਦੇ 35ਵੇਂ ਸਕਿੰਟ ‘ਚ ਹੀ ਇਸ ਨੂੰ ਰੋਕਣ ਦੇ ਲਈ ਮਜਬੂਰ ਹੋਣਾ ਪਿਆ। ਇਨ੍ਹਾਂ 35 ਸਕਿੰਟਾਂ ‘ਚ ਵਿਜੇਂਦਰ ਨੇ ਯੂਸੀਨੋਵ ਦੇ ਪ੍ਰਤੀ ਅਜਿਹਾ ਹਮਲਾਵਰ ਰੁਖ ਅਪਣਾਇਆ ਕਿ ਉਹ ਰਿੰਗ ਦੀ ਇਕ ਨੁੱਕਰ ‘ਚ ਖੁਦ ਨੂੰ ਬਚਾਉਂਦਾ ਹੀ ਰਹਿ ਗਿਆ। ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਨੇ ਆਪਣੇ ਪਹਿਲੇ ਮੁਕਾਬਲੇ ‘ਚ ਸੋਨੀ ਵਿਟਿੰਗ ਨੂੰ ਹਰਾਇਆ ਸੀ ਜਦੋਂਕਿ ਦੂਜੇ ਮੁਕਾਬਲੇ ‘ਚ ਡੀਨ ਗਿਲੇਨ ਨੂੰ ਪਹਿਲੇ ਹੀ ਰਾਉਂਡ ‘ਚ ਜ਼ਮੀਨ ਸੁੰਘਾ ਦਿੱਤੀ ਸੀ। 30 ਸਾਲਾ ਵਿਜੇਂਦਰ ਦਾ ਤੀਜਾ ਮੁਕਾਬਲਾ ਯੂਸੀਨੋਵ ਦੇ ਨਾਲ ਸੀ, ਜੋ ਆਪਣੇ 14 ਮੁਕਾਬਲਿਆਂ ‘ਚੋਂ 7 ਜਿੱਤ ਚੁੱਕੇ ਸਨ ਪਰ ਭਾਰਤੀ ਮੁੱਕੇਬਾਜ਼ ਦੇ ਸਾਹਮਣੇ ਯੂਸੀਨੋਟ ਮੇਮਨੇ ਜਿਹੀ ਹਾਲਤ ‘ਚ ਹੀ ਦਿਖਾਈ ਦਿੱਤਾ। ਪਹਿਲੇ ਰਾਉਂਡ ‘ਚ ਵਿਜੇਂਦਰ ਨੇ 29 ਸਾਲਾ ਯੂਸੀਨੋਵ ਨੂੰ ਸੱਜੇ ਹੱਥ ਦੇ ਜ਼ੋਰਦਾਰ ਹਮਲਿਆਂ ਨਾਲ ਬੈਕਫ਼ੁਟ ‘ਤੇ ਲਿਆ ਦਿੱਤਾ ਸੀ। ਦੂਜਾ ਰਾਉਂਡ ਸ਼ੁਰੂ ਹੁੰਦੀ ਹੀ ਵਿਜੇਂਦਰ ਜਿਵੇਂ ਭੁੱਖੇ ਸ਼ੇਰ ਦੀ ਤਰ੍ਹਾਂ ਯੂਸੀਨੋਵ ‘ਤੇ ਟੁੱਟ ਗਏ ਅਤੇ ਜ਼ਬਰਦਸਤ ਪੰਚਾਂ ਦੇ ਜ਼ੋਰਦਾਰ ਹਮਲਿਆਂ ਨਾਲ ਉਨ੍ਹਾਂ ਨੇ ਯੂਸੀਨੋਵ ਨੂੰ ਨੁਕਰ ‘ਚ ਦਬਾ ਦਿੱਤਾ। ਯੂਸੀਨੋਵ ਆਪਣੇ ਦਸਤਾਨਿਆਂ ਨਾਲ ਚਿਹਰਾ ਢੱਕ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਸਨ ਅਤੇ ਰੈਫ਼ਰੀ ਨੇ ਮੁਕਾਬਲਾ ਰੋਕ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਹਮਲਿਆਂ ਤੋਂ ਬਚਾ ਲਿਆ। ਮੁਕਾਬਲਾ ਇੱਥੇ ਹੀ ਖ਼ਤਮ ਹੋ ਗਿਆ ਅਤੇ ਵਿਜੇਂਦਰ ਜੇਤੂ ਐਲਾਨਿਆ ਗਿਆ।

LEAVE A REPLY