ਮਾਸੂਮਾਂ ਨੂੰ ਮਾਰ ਰਹੇ ਰੂਸੀ ਹਵਾਈ ਹਮਲੇ ਨੇ ਉਂਝ ਬੇਕਾਰ!

Editorialਜਦੋਂ 2011 ਵਿੱਚ ਸੀਰੀਆ ਵਿੱਚ ਸ਼ਾਂਤਮਈ ਮੁਜ਼ਾਹਰੇ ਆਰੰਭ ਹੋਏ ਤਾਂ ਸ਼ੀਆ/ਐਲਾਵੀਟ ਰਾਸ਼ਟਰਪਤੀ ਬਸ਼ਰ ਅਲ-ਅਸਾਦ ਨੇ ਮਾਸੂਮ ਸੁੰਨੀ ਸ਼ਹਿਰੀਆਂ ‘ਤੇ ਵਿਨਾਸ਼ਕਾਰੀ ਹਵਾਈ ਹਮਲੇ ਕਰ ਕੇ ਉਨ੍ਹਾਂ ਦਾ ਜਵਾਬ ਦਿੱਤਾ ਜਿਨ੍ਹਾਂ ਵਿੱਚ ਉਸ ਨੇ ਰੂਸ ਵਲੋਂ ਸਪਲਾਈ ਕੀਤੇ ਗਏ ਭਾਰੇ ਮਾਰੂ ਹਥਿਆਰ ਖ਼ੂਬ ਖੁਲ੍ਹ ਕੇ ਵਰਤੇ। ਨਤੀਜੇ ਵਜੋਂ, ਦੁਨੀਆਂ ਦੇ ਲਗਭਗ 100 ਤੋਂ ਵੱਧ ਮੁਲਕਾਂ ਤੋਂ ਨੌਜਵਾਨ ਸੁੰਨੀ ਜਹਾਦੀ ਅਲ-ਅਸਾਦ ਨਾਲ ਲੜਾਈ ਕਰਨ ਖ਼ਾਤਿਰ ਵਹੀਰਾਂ ਘੱਤ ਕੇ ਸੀਰੀਆ ਪਹੁੰਚਣੇ ਸ਼ੁਰੂ ਹੋ ਗਏ। ਇਸ ਦਾ ਨਤੀਜਾ ਨਿਕਲਿਆ ਤਥਾਕਥਿਤ ਇਸਲਾਮਿਕ ਸਟੇਟ ਦੀ ਉਤਪਤੀ ਵਿੱਚ ਜੋ ਕਿ ਅਲ-ਅਸਾਦ ਦੀ ਗ਼ਲਤ ਸੋਚ, ਜਿਸ ਲਈ ਹੁਣ ਸ਼ਾਇਦ ਉਹ ਪਛਤਾ ਵੀ ਰਿਹਾ ਹੋਵੇ, ਦਾ ਲਾਹਾ ਜਿਹਾਦੀ ਵੌਲੰਟੀਅਰਜ਼ ਜਾਂ ਸਵੈ-ਸੇਵਕ ਸੈਨਿਕਾਂ ਦੀ ਲਗਾਤਾਰ ਅਤੇ ਅਰੁੱਕ ਭਰਤੀ ਦੇ ਰੂਪ ਵਿੱਚ ਹੁਣ ਤਕ ਖੱਟ ਰਹੀ ਹੈ। ਹੁਣ ਰੂਸ ਵੀ ਉਸ ਜੰਗ ਵਿੱਚ ਸਿੱਧੇ ਤੌਰ ‘ਤੇ ਸ਼ਾਮਿਲ ਹੋ ਗਿਆ ਹੈ, ਅਤੇ ਉਸ ਨੇ ਵੀ ਮਾਸੂਮ ਸੁੰਨੀ ਸ਼ਹਿਰੀਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਹੈ। ਰੂਸ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੀ ਜੰਗ ਵਿੱਚ ਘੱਟੋ ਘੱਟ 600 ਸੀਰੀਆਈ ਸ਼ਹਿਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ, ਜਿਨ੍ਹਾਂ ਵਿੱਚ ਬੀਤੇ ਐਤਵਾਰ ਨੂੰ ਇਦਲਿਬ ਸ਼ਹਿਰ ਵਿੱਚ ਮਾਰੇ ਗਏ 70 ਮਾਸੂਮ ਸੁੰਨੀ ਵੀ ਸ਼ਾਮਿਲ ਸਨ, ਉਸ ਜੰਗ ਵਿੱਚ ਤਬਾਹੀ ਦੀਆਂ ਨਵੀਂਆਂ ਪਰਤਾਂ ਜੋੜ ਦਿੱਤੀਆਂ ਹਨ। ਸੀਰੀਆ ਦੇ ਉੱਤਰ ਅਤੇ ਵਿਰੋਧੀਆਂ ਦੇ ਕਬਜ਼ੇ ਅਧੀਨ ਸ਼ਹਿਰਾਂ ਹਾਮਾ ਤੇ ਡਮਾਸਕਸ ਵਿੱਚ ਜਨਤਕ ਸੇਵਾਵਾਂ, ਬੁਨਿਆਦੀ ਢਾਂਚੇ ਅਤੇ ਆਬਾਦੀ ਦੇ ਕੇਂਦਰਾਂ ‘ਤੇ ਰੂਸ ਵਲੋਂ ਅਜਿਹੀ ਤਬਾਹੀ ਬਰਪਾ ਕੀਤੀ ਗਈ ਜਿਸ ਦੀ ਮਿਸਾਲ ਇਸ ਸੀਰੀਆਈ ਜੰਗ ਦੌਰਾਨ ਬਹੁਤ ਘੱਟ ਹੀ ਦੇਖਣ ਨੂੰ ਮਿਲੀ ਹੋਵੇਗੀ … ਸ਼ਾਇਦ ਪਹਿਲੀ ਵਾਰ ਹੀ ਕਿਉਂਕਿ ਹੁਣ ਇਸ ਜੰਗ ਵਿੱਚ ਅਲ-ਅਸਦ ਤੇ ‘ਅਲ-ਪੂਤਿਨ’ ਇਕੱਠੇ ਹੋ ਗਏ ਹਨ।
ਹਿਊਮਨ ਰਾਈਟਸ ਵੌਚ ਨਾਮਕ ਮਨੁੱਖੀ ਅਧਿਕਾਰ ਸੰਸਥਾ ਦੀਆਂ ਰਿਪੋਰਟਾਂ ਅਨੁਸਾਰ ਰੂਸ ਨੇ ਆਪਣੀ ਸਰਬਨਾਸ਼ੀ ਬੰਬਾਰੀ ਦੀ ਮੁਹਿੰਮ ਵਿੱਚ ਬਹੁਤ ਵੱਡੇ ਪੱਧਰ ‘ਤੇ ਕਲੱਸਟਰ ਬੰਬਾਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਦਾ ਪ੍ਰਯੋਗ ਇੱਕ ਜੰਗੀ ਅਪਰਾਧ ਹੈ। ਇੱਕ ਕਲੱਸਟਰ ਬੰਬ ਵਿੱਚ ਕਈ ਕਈ ਦਰਜਨ ਜਾਂ ਸੈਂਕੜੇ ਛੋਟੇ ਛੋਟੇ ਬੰਬ ਹੁੰਦੇ ਹਨ ਅਤੇ ਇਨ੍ਹਾਂ ਨੂੰ ਰੌਕੇਟਾਂ ਵਿੱਚ ਪਾ ਕੇ ਜਾਂ ਫ਼ਿਰ ਸਿੱਧਾ ਹਵਾ ਵਿੱਚੋਂ ਹੇਠਾਂ ਸੁੱਟਿਆ ਜਾਂਦਾ ਹੈ। ਇਹ ਬੰਬ ਇੰਨੇ ਕੁ ਮਾਰੂ ਹੁੰਦੇ ਹਨ ਕਿ ਸੁੱਟੇ ਜਾਣ ਤੋਂ ਕਿੰਨਾ ਕਿੰਨਾ ਚਿਰ ਬਾਅਦ ਤਕ ਵੀ ਇਹ ਫ਼ਟਦੇ ਰਹਿੰਦੇ ਹਨ, ਖ਼ਾਸਕਰ ਉਹ ਛੋਟੇ ਬੰਬ ਜਿਹੜੇ ਕਿਸੇ ਵਜ੍ਹਾ ਤੋਂ ਸਹੀ ਜ਼ਰਬ ਨਾ ਲੱਗਣ ਕਾਰਨ ਫ਼ਟਣੋਂ ਖੁੰਝ ਗਏ ਹੋਣ। ਇਹ ਕਲੱਸਟਰ ਬੰਬ ਫ਼ੌਜੀ ਲੜਾਈਆਂ ਲਈ ਤਾਂ ਬਹੁਤੇ ਕਾਰਾਮਦ ਸਾਬਿਤ ਨਹੀਂ ਹੁੰਦੇ, ਪਰ ਇਹ ਵੱਡੇ ਪੱਧਰ ‘ਤੇ ਜਨਤਕ ਤਬਾਹੀ ਫ਼ੈਲਾਉਂਦੇ ਹਨ, ਖ਼ਾਸਕਰ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਵਿੱਚ। ਪਰ, ਜਿਵੇਂ ਕਿ ਅਮਰੀਕਾ ਨੇ ਇਰਾਕ ਤੇ ਸੀਰੀਆ ਦੇ ਮਾਮਲੇ ਵਿੱਚ ਸਿੱਖਿਆ ਅਤੇ ਜਿਵੇਂ ਸਾਊਦੀ ਅਰਬ ਯਮਨ ਦੇ ਕੇਸ ਵਿੱਚ ਸਿੱਖ ਰਿਹੈ, ਜ਼ਮੀਨੀ ਫ਼ੌਜੀਆਂ ਨੂੰ ਹੇਠਾਂ ਉਤਾਰੇ ਬਿਨਾਂ, ਇਕੱਲੇ ਹਵਾਈ ਹਮਲਿਆਂ ਨਾਲ ਕੋਈ ਵੀ ਜੰਗ ਜਿੱਤਣੀ ਮੁਮਕਿਨ ਨਹੀਂ। ਅੱਜ ਰੂਸ ਵੀ ਉਹੋ ਪੁਰਾਣਾ ਸਬਕ ਸਿੱਖ ਰਿਹੈ ਕਿਉਂਕਿ ਸੀਰੀਆ ਤੋਂ ਮਿਲਣ ਵਾਲੀਆਂ ਰਿਪੋਰਟਾਂ ਅਨੁਸਾਰ, ਰੂਸ ਦੇ ਵਿਨਾਸ਼ਕਾਰੀ ਹਵਾਈ ਹਮਲੇ ਮਾਸੂਮ ਸ਼ਹਿਰੀਆਂ ਨੂੰ ਥੋਕ ਵਿੱਚ ਮਾਰਣ ਤੋਂ ਵੱਧ ਹੋਰ ਕੁਝ ਵੀ ਹਾਸਿਲ ਨਹੀਂ ਕਰ ਰਹੇ।
ਜਦੋਂ ਰੂਸ ਨੇ ਅੱਜ ਤੋਂ 12 ਹਫ਼ਤੇ ਪਹਿਲਾਂ ਆਪਣੇ ਹਵਾਈ ਹਮਲਿਆਂ ਦੀ ਸ਼ੁਰੂਆਤ ਕੀਤੀ ਸੀ ਤਾਂ ਸੀਰੀਅਨ ਫ਼ੌਜ ਨੇ ਆਪਣੇ ਜ਼ਮੀਨੀ ਫ਼ੌਜੀ ਮੁਹੱਈਆ ਕਰਾ ਕੇ ਜਾਂ ਪ੍ਰਦਾਨ ਕਰ ਕੇ ਰੂਸੀ ਹਵਾਈ ਹਮਲਿਆਂ ਨੂੰ ਪ੍ਰਭਾਵਸ਼ਾਲੀ ਬਣਾਉਣਾ ਸੀ। ਪਰ ਜਿਵੇਂ ਕਿ ਅਸੀਂ ਇਸ ਸਾਲ ਦੇ ਸ਼ੁਰੂ ਦੇ ਆਪਣੇ ਇਨ੍ਹਾਂ ਕਾਲਮਾਂ ਵਿੱਚ ਵੀ ਜ਼ਿਕਰ ਕੀਤਾ ਸੀ, ਸੀਰੀਆਈ ਫ਼ੌਜ ਦਾ ਬੇੜਾ ਲਗਭਗ ਗਰਕ ਹੋਣ ਦੇ ਕੰਢੇ ਸੀ ਜੋ ਕਿ ਰੂਸ ਦੇ ਸੀਰੀਆ ਵਿੱਚ ਦਖ਼ਲ ਦੇਣ ਦਾ ਇੱਕ ਪ੍ਰਮੁੱਖ ਕਾਰਨ ਵੀ ਸੀ। ਜਿਉਂ ਜਿਉਂ ਅਲ-ਅਸਾਦ ਦੇ ਫ਼ੌਜੀ ਵੱਡੇ ਪੱਧਰ ‘ਤੇ ਭਗੌੜੇ ਹੋ ਰਹੇ ਸਨ, ਸੀਰੀਆ ਆਇਸਿਸ ਜਾਂ ਆਇਸਿਲ (ISIS ਜਾਂ ISIL) ਖ਼ਿਲਾਫ਼ ਜੰਗ ਵਿੱਚ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਸ਼ਹਿਰ ਗੁਆ ਰਿਹਾ ਸੀ। ਅਲ-ਅਸਾਦ ਸਰਕਾਰ ਨੇ ਇਸ ਵਕਤ ਨਵੀਂ ਫ਼ੌਜੀ ਭਰਤੀ ਲਈ ਜ਼ਬਰਦਸਤੀ ਰੰਗਰੂਟ ਬਣਾਉਣ ਦੇ ਬਹੁਤ ਹੀ ਮਾਯੂਸਕੁੰਨ ਹਰਬੇ ਵਰਤਣੇ ਸ਼ੁਰੂ ਕੀਤੇ ਹੋਏ ਹਨ। ਡਮਾਸਕਸ ਤੋਂ ਆਏ ਇੱਕ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਚਾਰ ਦੋਸਤਾਂ ਨੂੰ, ਇਸ ਹਫ਼ਤੇ ਦੇ ਸ਼ੁਰੂ ਵਿੱਚ, ਉਨ੍ਹਾਂ ਦੇ ਘਰਾਂ ‘ਚੋਂ ਉਧਾਲ ਕੇ ਸ਼ਹਿਰ ਦੀ ਇੱਕ ਫ਼ੌਜੀ ਛਾਉਣੀ ਵਿੱਚ ਜਬਰਨ ਪਹੁੰਚਾਇਆ ਗਿਆ। ”ਸ਼ਹਿਰ ਵਿੱਚ ਲਾਊਡ ਸਪੀਕਰਾਂ ਨਾਲ ਲੈਸ ਟਰੱਕ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਦੇ ਹੁਕਮ ਚਾੜ੍ਹਦੇ ਦੌੜੇ ਭੱਜੇ ਫ਼ਿਰਦੇ ਹਨ,” ਉਸ ਨੇ ਅੱਗੇ ਦੱਸਿਆ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸੀਰੀਆ ਵਿੱਚ ਇਸ ਵਕਤ ਮੁਕੰਮਲ ਅਰਾਜਕਤਾ ਅਤੇ ਹਨ੍ਹੇਰਗ਼ਰਦੀ ਫ਼ੈਲੀ ਹੋਈ ਏ। ਅਮਰੀਕਾ ਦੀ ਅਗਵਾਈ ਵਾਲੀਆਂ ਇਤਿਹਾਦੀ ਫ਼ੌਜਾਂ ਨੇ ਰੂਸ ਦੀ ਉੱਥੇ ਮੁਦਾਖ਼ਲਤ ਤੋਂ ਬਾਅਦ ਤੋਂ ਹੀ ਸੀਰੀਆ ਲਗਭਗ ਖ਼ਾਲੀ ਕੀਤਾ ਹੋਇਐ, ਪਰ ਹਾਲੇ ਵੀ ਉੱਥੇ ਬਹੁਤ ਸਾਰੇ ਅਜਿਹੇ ਗਰੁੱਪ ਹਨ ਜਿਹੜੇ ਜੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ – ਰੂਸ, ਕੁਰਦੀ ਵਾਈ.ਪੀ.ਜੀ. ਜੰਗਜੂ, ਬਹੁਤੇ ਬਾਗ਼ੀ ਗੁੱਟ, ਜਿਨ੍ਹਾਂ ਵਿੱਚ ਅਲ-ਕਾਇਦਾ ਨਾਲ ਜੁੜੀਆਂ ਹੋਈਆਂ ਕੱਟੜ ਸੁੰਨੀ ਜਥੇਬੰਦੀਆਂ ਜਿਵੇਂ ਕਿ ਨੁਸਰਾ ਫ਼ਰੰਟ ਤੇ ਅਹਰਾਮ ਅਲ-ਸ਼ਾਮ ਸ਼ਾਮਿਲ ਹਨ, ਇਸਲਾਮਿਕ ਸਟੇਟ ਜਾਂ ਦਾਇਸ਼, ਇਰਾਨ ਤੇ ਸ਼ੀਆ ਹੇਜ਼ਬੋਲਾਹ, ਆਦਿ, ਸ਼ਾਮਿਲ ਹਨ।
ਯੌਰਪੀਅਨ ਯੂਨੀਅਨ ਨੇ ਰੂਸ ਖ਼ਿਲਾਫ਼ ਪਾਬੰਦੀਆਂ ਦੀ ਮਿਆਦ ਵਧਾਈ
ਬਾਵਜੂਦ ਆਪਣੀਆਂ ਅੰਦਰੂਨੀ ਵੰਡਾਂ ਦੇ, 28 ਮੈਂਬਰੀ ਯੌਰਪੀਅਨ ਕਾਊਂਸਲ ਦੇ ਸਾਰੇ ਰਾਜਾਂ ਨੇ ਰੂਸ ਖ਼ਿਲਾਫ਼ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਮਿਆਦ, ਜੋ ਕਿ ਦਿਸੰਬਰ ਦੇ ਅੰਤ ਤਕ ਮੁੱਕ ਜਾਣੀ ਸੀ, ਵਿੱਚ ਸਰਬ ਸੰਮਤੀ ਨਾਲ ਛੇ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ ਰੂਸ ‘ਤੇ ਪਿੱਛਲੇ ਸਾਲ ਉਸ ਵੇਲੇ ਲਗਾਈਆਂ ਗਈਆਂ ਸਨ ਜਦੋਂ ਉਸ ਦੀਆਂ ਫ਼ੌਜਾਂ ਨੇ ਪੂਰਬੀ ਯੂਕਰੇਨ ‘ਤੇ ਚੜ੍ਹਾਈ ਕਰ ਕੇ ਉੱਥੇ ਕਬਜ਼ਾ ਕਰ ਲਿਆ ਸੀ, ਯੂਕਰੇਨ ਦੇ ਕਰਾਇਮੀਆ ਪੈਨਿਨਸੁਲਾ ਨੂੰ ਰੂਸ ਵਿੱਚ ਰਲ਼ਾ ਲਿਆ ਸੀ ਅਤੇ ਬਾਅਦ ਵਿੱਚ ਮਲੇਸ਼ੀਆ ਏਅਰਲਾਈਨਜ਼ ਦੀ ਫ਼ਲਾਈਟ ਨੰਬਰ 17 ਨੂੰ ਮਿਸਾਇਲ ਨਾਲ ਉਡਾ ਦਿੱਤਾ ਸੀ। ਕਈ ਯੌਰਪੀਅਨ ਰਾਸ਼ਟਰ ਰੂਸ ਦੇ ਇਨ੍ਹਾਂ ਧੱਕੜ ਐਕਸ਼ਨਾਂ ਤੋਂ ਖ਼ੌਫ਼ਜ਼ਦਾ ਹੋ ਗਏ ਸਨ, ਅਤੇ ਅੱਜ ਵੀ ਹਨ, ਕਿਉਂਕਿ ਉਨ੍ਹਾਂ ਨੂੰ ਯੌਰਪੀਅਨ ਮੈਂਬਰਾਂ ਵਲੋਂ ਹਿਟਲਰ ਤੇ ਨਾਜ਼ੀਆਂ ਦੀ ਚਾਪਲੂਸੀ ਦਾ ਉਹ ਯੌਰਪੀਅਨ ਇਤਿਹਾਸ ਚੇਤੇ ਆ ਗਿਆ ਸੀ ਜਦੋਂ ਮਾਰਚ 12, 1938 ਨੂੰ ਅਡੌਲਫ਼ ਹਿਟਲਰ ਦੀ ਨਾਜ਼ੀ ਫ਼ੌਜ ਨੇ ਆਸਟ੍ਰੀਆ ਨੂੰ ਨਾਜ਼ੀ ਜਰਮਨੀ ਵਿੱਚ ਰਲ਼ਾਉਣ ਮਗਰੋਂ ਵੀ ਉਹ ਉਨ੍ਹਾਂ ਨਾਲ ਮਿਊਨਿਖ਼ ਦੇ ਸਮਝੌਤੇ (‘ਸਾਡੇ ਵੇਲਿਆਂ ‘ਚ ਸ਼ਾਂਤੀ’) ਕਰਦੇ ਫ਼ਿਰਦੇ ਸਨ।
ਮਿਊਨਿਖ਼ ਸਮਝੌਤਾ ਨਾਜ਼ੀ ਜਰਮਨੀ ਨਾਲ ਉਸ ਦੀ ਉਸ ਪੁਰਾਣੀ ਵਧੀਕੀ ਦਾ ਰਾਜ਼ੀਨਾਮਾ ਸੀ ਜਿਸ ਤਹਿਤ ਉਸ ਨੇ ਚੈਕੋਸਲਵਾਕੀਆ ਦੇ ਉਹ ਹਿੱਸੇ ਆਪਣੇ ਕਬਜ਼ੇ ਹੇਠ ਲੈ ਲਏ ਸਨ ਜਿੱਥੇ ਜਰਮਨ ਬੋਲਣ ਵਾਲੇ ਲੋਕ ਜਾ ਕੇ ਵਸਣ ਲੱਗ ਪਏ ਸਨ ਅਤੇ ਉਸ ਨਵੇਂ ਘੜੇ ਇਲਾਕੇ ਦਾ ਨਾਮ ‘ਸੁਡੇਟਨਲੈਂਡ’ (Sudetenland) ਧਰਿਆ ਗਿਆ ਸੀ। ਇਹ ਸਮਝੌਤਾ ਜਰਮਨੀ ਦੇ ਮਿਊਨਿਖ਼ ਸ਼ਹਿਰ ਵਿੱਚ ਹੋਈ ਇੱਕ ਕੌਨਫ਼ਰੈਂਸ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਰੂਸ ਤੇ ਚੈਕੋਸਲੋਵਾਕੀਆ ਨੂੰ ਛੱਡ ਕੇ ਯੌਰਪ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਅੱਜ ਇਸ ਨੂੰ ਪ੍ਰਮੁੱਖ ਤੌਰ ‘ਤੇ ਉਸ ਵੇਲੇ ਦੇ ਉਗਰ ਹੋਏ ਜਰਮਨੀ ਨੂੰ ਸ਼ਾਂਤ ਕਰਨ ਦਾ ਇੱਕ ਅਸਫ਼ਲ ਨਾਟਕ ਸੱਦਿਆ ਜਾਂਦਾ ਹੈ। ਇਸ ਸਮਝੌਤੇ ‘ਤੇ ਦਸਤਖ਼ਤ 30 ਸਤੰਬਰ 1938 ਨੂੰ ਮੂੰਹ ਹਨ੍ਹੇਰੇ ਕੀਤੇ ਗਏ, ਪਰ ਇਸ ‘ਤੇ ਮਿਤੀ 29 ਸਿਤੰਬਰ ਦਰਜ ਕੀਤੀ ਗਈ। ਮਿਊਨਿਖ਼ ਕੌਨਫ਼ਰੈਂਸ ਦਾ ਮੰਤਵ ਅਡੌਲਫ਼ ਹਿਟਲਰ ਵਲੋਂ ਚੈਕੋਸਲੋਵਾਕੀਆ ਤੋਂ ਕੀਤੀਆਂ ਗਈਆਂ ਨਸਲੀ ਮੰਗਾਂ ਦੇ ਮੱਦੇਨਜ਼ਰ ਸੁਡੇਟਨਲੈਂਡ ਦੇ ਭਵਿੱਖ ਬਾਰੇ ਵਿਚਾਰਾਂ ਕਰਨਾ ਸੀ। ਇਸ ਸਮਝੌਤੇ ‘ਤੇ ਜਰਮਨੀ, ਫ਼ਰਾਂਸ, ਯੁਨਾਇਟਿਡ ਕਿੰਗਡਮ ਅਤੇ ਇਟਲੀ ਵਲੋਂ ਹਸਤਾਖ਼ਰ ਕੀਤੇ ਗਏ। ਸੁਡੇਟਨਲੈਂਡ ਦਾ ਚੈਕੋਸਲੋਵਾਕੀਆ ਲਈ ਬਹੁਤ ਹੀ ਜ਼ਿਆਦਾ ਰਣਨੀਤਕ ਮਹੱਤਵ ਸੀ ਕਿਉਂਕਿ ਉਸ ਦੇ ਬਹੁਤੇ ਬੌਰਡਰੀ (ਸੀਮਾਈ) ਮੋਰਚੇ ਉੱਥੇ ਹੀ ਸਥਿਤ ਸਨ, ਅਤੇ ਉਸ ਦੇ ਸਾਰੇ ਵੱਡੇ ਬੈਂਕ ਤੇ ਵੱਡੀਆਂ ਸਨਅਤਾਂ ਦੇ ਵਪਾਰ ਵੀ ਉੱਥੇ ਹੀ ਸਨ। ਇਸੇ ਕਾਰਨ ਚੈਕੋਸਲੋਵਾਕੀਆ ਨੂੰ ਉਸ ਕੌਨਫ਼ਰੈਂਸ ਲਈ ਨਹੀਂ ਸੱਦਿਆ ਗਿਆ ਅਤੇ ਉਸ ਨੇ ਇਸ ਨੂੰ ਯੂ.ਕੇ. ਅਤੇ ਫ਼ਰਾਂਸ ਵਲੋਂ ਉਸ ਨਾਲ ਧੋਖਾ ਕਰਾਰ ਦਿੱਤਾ ਸੀ।
ਅੱਜ ਜਦੋਂ ਰੂਸ ਨੇ ਵੀ ਲਗਭਗ ਉਹੋ ਕੁਝ ਯੂਕਰੇਨ ਨਾਲ ਕੀਤਾ ਹੈ ਤਾਂ ਪਹਿਲਾਂ ਤਾਂ ਈ.ਯੂ. ਮੈਂਬਰਾਂ ਵਲੋਂ ਰੂਸ ਖ਼ਿਲਾਫ਼ ਪਾਬੰਦੀਆਂ ਨੂੰ ਨਵਿਆਉਣ ਦੇ ਮਾਮਲੇ ਨੂੰ ਲੈ ਕੇ ਫ਼ੁੱਟ ਪਈ ਹੋਈ ਸੀ। ਇਟਲੀ, ਜੋ ਕਿ ਅੱਜਕੱਲ੍ਹ ਰੂਸ ਦਾ ਰਸਮਨ ਨੇੜਲਾ ਸਾਥੀ ਬਣਿਆ ਹੋਇਐ, ਨੇ ਜਰਮਨੀ ਨੂੰ ਭੰਡਦਿਆਂ ਕਿਹਾ ਕਿ ‘ਉਹ ਖ਼ੁਦ ਤਾਂ ਰੂਸ ਨਾਲ ਊਰਜਾ ਦੀਆਂ ਡੀਲਾਂ ਕਰਦਾ ਰਿਹੈ ਤੇ ਹੁਣ ਜਦੋਂ ਬਾਕੀ ਦੇ ਯੌਰਪੀ ਰਾਸ਼ਟਰਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਆਪਣੇ ਰਾਸ਼ਟਰੀ ਹਿਤਾਂ ਨੂੰ ਅਣਦੇਖਿਆ ਕਰਨ ਨੂੰ ਕਿਹਾ ਜਾ ਰਿਹੈ’। ਫ਼ਰਾਂਸ ਤੇ ਬੁਲਗਾਰੀਆ ਵਲੋਂ ਵੀ ਕੁਝ ਇਹੋ ਜਿਹੇ ਹੀ ਇਤਰਾਜ਼ ਉਠਾਏ ਗਏ ਸਨ। ਯੌਰਪੀਅਨ ਯੂਨੀਅਨ ਵਲੋਂ ਅੰਤਰਰਾਸ਼ਟਰੀ ਪਿੜ੍ਹ ਵਿੱਚ ਆਪਣੇ ਡੌਲੇ ਫ਼ਰਕਾਉਣ ਦੀ ਇਸ ਅਹਿਮ ਕਾਰਵਾਈ ਨੂੰ ਤਕਰੀਬਨ ਇੱਕ ਸਾਲ ਦਾ ਵਕਤ ਲੱਗ ਗਿਆ ਜਿਸ ਦੌਰਾਨ ਪੂਰੀ ਯੌਰਪੀਅਨ ਯੂਨੀਅਨ ਨੂੰ ਆਪਣੀ ਖ਼ੁਦ ਦੀ ਹੋਂਦ ਦੇ ਹੀ ਲਾਲੇ ਪਏ ਰਹੇ ਜਦੋਂ ਉਸ ਨੂੰ ਇੱਕ ਤੋਂ ਬਾਅਦ ਦੂਸਰੀ ਮੁਸੀਬਤ ਨੇ ਘੇਰੀ ਰੱਖਿਆ, ਜਿਨ੍ਹਾਂ ਵਿੱਚ ਗਰੀਸ ਦਾ ਆਰਥਿਕ ਸੰਕਟ ਅਤੇ ਯੌਰਪ ਦਾ ਵਿਸ਼ਾਲ ਰੈਫ਼ਿਊਜੀ ਸੰਕਟ ਸ਼ਾਮਿਲ ਸਨ।

LEAVE A REPLY