7ਸ਼੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ   : ਸਾਰੀਆਂ ਹੀ ਸਰਕਾਰਾਂ ਉਤਪਾਦਕ ਅਤੇ ਵਿਕਾਸਮੁੱਖੀ ਕਾਰਜਾਂ ਲਈ ਕਰਜ ਲੈਂਦੀਆਂ ਹਨ, ਇਹ ਗੱਲ ਆਖਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਲਿਹਾਜ਼ ਨਾਲ ਪੰਜਾਬ ਦੇਸ਼ ਦੇ ਸਭ ਤੋਂ ਘੱਟ ਕਰਜ ਵਾਲੇ ਰਾਜਾਂ ਵਿਚੋਂ ਇਕ ਹੈ।
ਇੱਥੇ ਲੰਬੀ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹੋਰ ਬਹੁਤ ਸਾਰੇ ਸੂਬਿਆਂ ਦੇ ਮੁਕਾਬਲੇ ਵਿਚ ਪੰਜਾਬ ਸਿਰ ਕਰਜ ਬਹੁਤ ਘੱਟ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਿਰ ਜੋ ਕਰਜ ਹੈ ਉਹ ਉਤਪਾਦਕ ਕਾਰਜਾਂ ਲਈ ਲਿਆ ਗਿਆ ਹੈ ਜਿਸ ਦੀ ਵਰਤੋਂ ਰਾਜ ਦੇ ਸਰਵਪੱਖੀ ਵਿਕਾਸ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਤਪਾਦਕ ਕਾਰਜਾਂ ਲਈ ਕਰਜ ਲੈਣ ਦਾ ਵਰਤਾਰਾ ਵਿਸ਼ਵ ਦੇ ਵਿਕਸਤ ਦੇਸ਼ਾਂ ਅਤੇ ਵੱਡੀਆਂ ਕੰਪਨੀਆਂ ਵਿਚ ਵੀ ਪ੍ਰਚਲਿਤ ਹੈ।
ਕਾਂਗਰਸ ਵੱਲੋਂ ਬਿਨ੍ਹਾਂ ਕਿਸੇ ਹੋਂਦ ਦੇ ਮੁੱਦੇ ਸਿਰਜੇ ਜਾਣ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਬਿਨ੍ਹਾਂ ਕਿਸੇ ਕਾਰਨ ਦੇ ਸੁਰੱਖੀਆ ਬਟੋਰਨ ਲਈ ਵਿਵਾਦਾਂ ਨੂੰ ਜਨਮ ਦਿੰਦੀ ਰਹਿੰਦੀ ਹੈ। ਦੇਸ਼ ਦੀਆਂ ਜਿਆਦਾਤਰ ਸਮਾਜਿਕ ਆਰਥਿਕ ਮੁਸਕਿਲਾਂ ਲਈ ਕਾਂਗਰਸ ਨੂੰ ਜਿੰਮੇਵਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਨਪੜ੍ਹਤਾ, ਗਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਕਾਂਗਰਸ ਦੇ ਲੰਬੇ ਕੁਸਾਸ਼ਣ ਦਾ ਹੀ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਾਡੇ ਤੇ ਦੋਸ਼ ਲਗਾਉਣ ਤੋਂ ਪਹਿਲਾਂ ਕਾਂਗਰਸੀ ਆਗੂ ਆਪਣੀ ਪਾਰਟੀ ਦੇ ਅਤੀਤ ਬਾਰੇ ਜਰੂਰ ਵਿਚਾਰ ਕਰ ਲਿਆ ਕਰਨ ਕਿਉਂਕਿ ਦੇਸ਼ ਵਾਸੀਆਂ ਵੱਲੋਂ ਭੁਗਤੀਆਂ ਜਾ ਰਹੀਆਂ ਮੁਸਕਿਲਾਂ ਲਈ ਕਾਂਗਰਸ ਦੀਆਂ ਨੀਤੀਆਂ ਹੀ ਜਿੰਮੇਵਾਰ ਰਹੀਆਂ ਹਨ।
ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂਅ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਸ ਮੁੱਦੇ ਤੇ ਪੱਖ ਸਪੱਸ਼ਟ ਹੈ ਕਿ ਇਸ ਦਾ ਨਾਂਅ ਸ਼ਹੀਦ ਭਗਦ ਸਿੰਘ ਦੇ ਨਾਂਅ ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕ ਚੁੱਕੇ ਹਨ ਅਤੇ ਇਸ ਮਸਲੇ ਤੇ ਕਿਸੇ ਵੀ ਤਰਾਂ ਦਾ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਹਵਾਈ ਅੱਡੇ ਦਾ ਨਾਂਅ ਰੱਖਣ ਤੇ ਕਿਸੇ ਨੂੰ ਕੋਈ ਵੀ ਇਤਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਹੀ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਵਿਵਾਦ ਨੂੰ ਠੱਲ ਪੈਣੀ ਚਾਹੀਦੀ ਹੈ।
ਅਬੋਹਰ ਕਾਂਡ ਦੀ ਸਖ਼ਤ ਲਫ਼ਜਾਂ ਵਿਚ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਕਾਂਡ ਦੇ ਕਿਸੇ ਵੀ ਦੋਸ਼ੀ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ: ਬਾਦਲ ਨੇ ਕਾਂਗਰਸੀ ਆਗੂਆਂ ਵੱਲੋਂ ਇਸ ਕਾਂਡ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਆਖਿਆ ਕਿ ਕਾਂਗਰਸੀ ਆਗੂ ਇਸ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਕਰ ਰਹੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਰਮਾ ਪੱਟੀ ਦੇ ਖੇਤ ਮਜਦੂਰਾਂ ਕੁੱਲ ਮੁਆਵਜੇ ਦਾ 10 ਫੀਸਦੀ ਮੁਆਵਜਾ ਦਿੱਤਾ ਜਾਵੇਗਾ ਅਤੇ ਇਹ ਮੁਆਵਜਾ ਵੰਡਣ ਦੀ ਪ੍ਰਕ੍ਰਿਆ ਜਲਦ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੋਗ ਲਾਭਪਾਤਰੀਆਂ ਦੀ ਸਨਾਖ਼ਤ ਪਿੰਡ ਪੱਧਰ ਤੇ ਕੀਤੀ ਜਾਵੇਗੀ ਜਿਸ ਦੀ ਪ੍ਰਕ੍ਰਿਆ ਜਲਦ ਪੂਰੀ ਕਰ ਲਈ ਜਾਵੇਗੀ।
ਇਸ ਤੋਂ ਪਹਿਲਾਂ ਪਿੰਡ ਸਿੰਘੇ ਵਾਲਾ, ਫਤੂਹੀ ਵਾਲਾ, ਲੁਹਾਰਾ, ਘੁਮਿਆਰਾ ਅਤੇ ਮਿੱਡੂਖੇੜਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਸਮਾਗਮਾਂ ਦਾ ਇਕੋ ਇਕ ਮੰਤਵ ਸਰਕਾਰ ਨੂੰ ਲੋਕਾਂ ਦੇ ਦਰ ਤੇ ਲਿਆ ਕੇ ਲੋਕਾਂ ਦੀਆਂ ਮੁਸਕਿਲਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਕੋਈ ਵੀ ਸਿਆਸੀ ਏਂਜਡਾ ਨਹੀਂ ਹੈ ਅਤੇ ਇਹ ਪੂਰਨ ਤੌਰ ਤੇ ਲੋਕ ਭਲਾਈ ਦੀ ਸਕੀਮ ਹੈ।
ਪੰਜਾਬ ਸਰਕਾਰ ਵੱਲੋਂ ਲਏੇ ਗਏ ਕਈ ਇਤਿਹਾਸਕ ਫੈਸਲਿਆਂ ਸਬੰਧੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਤਹਿਤ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਵਿਚ ਵੀ ਵਾਧਾ ਕਰਨ ਦਾ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਹੋਰ ਅਹਿਮ ਫੈਸਲੇ ਤਹਿਤ ਸੂਬਾ ਸਰਕਾਰ ਨੇ ਮਿਆਰੀ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ ਜਿਸ ਤਹਿਤ 28.50 ਲੱਖ ਨੀਲਾ ਕਾਰਡ ਧਾਰਕ ਪਰਿਵਾਰਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਿੱਤੇ ਜਾਣ ਵਾਲੇ ਮੁਫਤ ਇਲਾਜ ਦੀ ਸੀਮਾ 30 ਹਜਾਰ ਤੋਂ ਵਧਾ ਕੇ 50 ਹਜਾਰ ਰੁਪਏ ਸਲਾਨਾ ਕਰਨ ਦਾ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸੇ ਸਕੀਮ ਤਹਿਤ ਪਰਿਵਾਰ ਦੇ ਮੁੱਖੀ ਦੀ ਕਿਸੇ ਦੁਰਘਟਨਾ ਨਾਲ ਮੌਤ ਹੋ ਜਾਣ ਦੀ ਸੂਰਤ ਵਿਚ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸੇ ਤਰਾਂ ਸ: ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਸੂਬਾ ਸਰਕਾਰ ਵੱਲੋਂ 50 ਹਜਾਰ ਰੁਪਏ ਦਾ ਮੁਫਤ ਸਿਹਤ ਬੀਮਾ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਅਹਿਮ ਪ੍ਰੋਗਰਾਮ ਤਹਿਤ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਜਿਸ ਤਹਿਤ ਪੰਜਾਬ ਭਰ ਦੇ ਲੋਕਾਂ ਨੂੰ ਧਾਰਮਿਕ ਸਥਾਨ ਜਿੰਨ੍ਹਾਂ ਵਿਚ ਸ੍ਰੀ ਨੰਦੇੜ ਸਾਹਿਬ, ਵਾਰਾਨਸੀ, ਕਟਰਾ, ਅਜਮੇਰ ਸ਼ਰੀਫ ਅਤੇ ਸਾਲਾਸਰ ਸ਼ਾਮਿਲ ਹਨ ਦੀ ਯਾਤਰਾ ਕਰਵਾਈ ਜਾਵੇਗੀ ਜਿਸ ਲਈ ਯਾਤਰਾ ਅਤੇ ਰਹਿਣ ਸਹਿਣ ਦਾ ਸਾਰਾ ਖਰਚ ਸੂਬਾ ਸਰਕਾਰ ਵੱਲੋਂ ਜਰਿਆ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਪਨਕੋਫੈਡ ਸ: ਕੁਲਵਿੰਦਰ ਸਿੰਘ ਭਾਈਕਾ ਕੇਰਾ, ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਮਿੱਡੂਖੇੜਾ, ਸਕੱਤਰ ਸਿੰਚਾਈ ਸ: ਕਾਹਨ ਸਿੰਘ ਪਨੂੰ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ ਅਤੇ ਅਜੋਏ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਏ.ਡੀ.ਸੀ. ਵਿਕਾਸ ਸ੍ਰੀ ਕੁਲਵੰਤ ਸਿੰਘ, ਸ: ਮਨਦੀਪ ਸਿੰਘ ਪੱਪੀ ਤਰਮਾਲਾ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਰਣਜੋਧ ਸਿੰਘ ਲੰਬੀ ਆਦਿ ਵੀ ਹਾਜਰ ਸਨ।

LEAVE A REPLY