ਪਿੰਡ ਦੀ ਸੱਥ ਵਿੱਚੋਂ (ਕਿਸ਼ਤ-173)

main newsਸੱਥ ‘ਚ ਆਉਂਦਿਆਂ ਹੀ ਨਾਥਾ ਅਮਲੀ ਜਿਉਂ ਹੀ ਅਮਰ ਸਿਉਂ ਬੁੜ੍ਹੇ ਕੋਲੇ ਆ ਕੇ ਬੈਠਾ ਤਾਂ ਅਮਲੀ ਨੇ ਬੁੜ੍ਹੇ ਦੇ ਕੋਲ ਪਈ ਚੁਆਨੀ ਵੱਲ ਇਸ਼ਾਰਾ ਕਰ ਕੇ ਬੁੜ੍ਹੇ ਅਮਰ ਸਿਉਂ ਨੂੰ ਪੁੱਛਿਆ, ”ਬੁੜ੍ਹਿਆ! ਆਹ ਚੁਆਨੀ ਤੇਰੀ ਡਿੱਗੀ ਐ, ਆਵਦਾ ਖੀਸਾ ਜੇਬ੍ਹ ਵੇਖ ਕਿਤੇ ਪਾਟਿਆ ਵਿਆ ਤਾਂ ਨ੍ਹੀ, ਅੱਜ ਤਾਂ ਇਉਂ ਪੈਂਸੇ ਸਿੱਟਦਾ ਫ਼ਿਰਦੈਂ ਜਿਮੇਂ ਮੁੰਡੇ ਦੇ ਵਿਆਹ ਵੇਲੇ ਮੁੱਠੀਆਂ ਭਰ ਭਰ ਸਿੱਟਦਾ ਸੀ?”
ਮਾਹਲਾ ਨੰਬਰਦਾਰ ਕਹਿੰਦਾ, ”ਇਹਦੇ ਕੋਲੇ ਕਿੱਥੋਂ ਆ ਗੀ ਚੁਆਨੀ ਬਈ। ਇਹ ਤਾਂ ਊਈਂ ਨ੍ਹੀ ਭਾਨ ਜੇਬ੍ਹ ‘ਚ ਪਾਉਂਦਾ। ਸਿਆਣੇ ਕਹਿੰਦੇ ਤਾਂ ਹੁੰਦੇ ਐ ਬਈ ‘ਜੇਬ੍ਹ ਵਿੱਚ ਭਾਨ ਮਾੜੀ, ਨੰਗੀ ਕਰਪਾਨ ਮਾੜੀ’। ਇਹ ਕਦੋਂ ਭਾਨ ਰੱਖਦਾ ਕੋਲੇ। ਨਾਲੇ ਇਹਨੇ ਕਿਹੜਾ ਸੀਧਾ ਪੱਤਾ ਲੈਣ ਜਾਣਾ ਬਈ ਇਹਨੂੰ ਪੈਸੇ ਫ਼ੜਾਉਂਦੇ ਐ ਘਰ ਦੇ। ਇਹਤੋਂ ਲੈ ਤਾਂ ਭਾਮੇਂ ਲੈਣ, ਪੈਸੇ ਪੂਸੇ ਨ੍ਹੀ ਇਹਨੂੰ ਕੋਈ ਫ਼ੜਾਉਂਦਾ।”
ਸੀਤਾ ਮਰਾਸੀ ਕਹਿੰਦਾ, ”ਇਹਦੇ ਕੋਲੇ ਚੁਆਨੀ ਕਿੱਥੋਂ ਆ ਗੀ ਫ਼ਿਰ, ਇਹ ਕਿਹੜਾ ਚਿੰਗ ਫ਼ੁੰਗਲੀ ਜਾਦੂਗਰ ਐ ਬਈ ਫ਼ੂਕ ਮਾਰੇ ਤੋਂ ਪੈਸੇ ਕੱਢ ਦੂ। ਡਿੱਗੀ ਤਾਂ ਕਿਸੇ ਹੋਰ ਦੀ ਜੇਬ੍ਹ ਖੀਸੇ ‘ਚੋਂ ਹੋਣੀ ਐ, ਬਣ ਗੀ ਹੁਣ ਇਹਦੀ, ਜਦੋਂ ਇਹਦੇ ਕੋਲੇ ਪਈ ਐ।”
ਜਦੋਂ ਅਮਰ ਸਿਉਂ ਬੁੜ੍ਹੇ ਨੇ ਚੁਆਨੀ ਵੱਲ ਚਲਮੀਂ ਜੀ ਨਿਗ੍ਹਾ ਮਾਰੀ ਤਾਂ ਉਹਨੂੰ ਚੁਆਨੀ ਦੇ ਭੁਲੇਖੇ ‘ਚ ਅਠਿਆਨੀ ਲੱਗੀ। ਬੁੜ੍ਹੇ ਨੇ ਰੌਲਾ ਪੈਂਦਿਆ ‘ਚ ਜਦੋਂ ਚੁਆਨੀ ‘ਤੇ ਹੱਥ ਰੱਖਿਆ ਤਾਂ ਉਹਦਾ ਹੱਥ ਕਿਸੇ ਜਾਨਵਰ ਦੀ ਬਿੱਠ ‘ਤੇ ਧਰਿਆ ਗਿਆ ਅਤੇ ਬੁੜ੍ਹੇ ਦਾ ਹੱਥ ਬਿੱਠ ਨਾਲ ਲਿੱਬੜ ਗਿਆ। ਉਹ ਚੁਆਨੀ ਕਾਹਨੂੰ ਸੀ ਉਹ ਤਾਂ ਕਿਸੇ ਜਾਨਵਰ ਦੀ ਬਿੱਠ ਸੀ ਜਿਹੜੀ ਚੁਆਨੀ ਧੇਲੀ ਦਾ ਭੁਲੇਖਾ ਪਾਉਂਦੀ ਸੀ। ਜਦੋਂ ਬੁੜ੍ਹੇ ਦਾ ਹੱਥ ਬਿੱਠ ਨਾਲ ਲਿੱਬੜ ਗਿਆ ਤਾਂ  ਸੱਥ ਵਾਲੇ ਥੜ੍ਹੇ ‘ਤੇ ਬੈਠੇ ਜਿਹੜੇ ਇਹੇ ਸਭ ਕੁਝ ਵੇਖ ਰਹੇ ਸੀ ਇੱਕ ਦਮ ਹੱਸ ਪਏ। ਬੁੜ੍ਹਾ ਹੱਸਦਿਆਂ ਨੂੰ ਵੇਖ ਕੇ ਹਰਖਿਆ ਹੋਇਆ ਸੱਥ ਵਾਲਿਆਂ ਨੂੰ ਉੱਚੀ ਉੱਚੀ ਗਾਲਾਂ ਦੇਣ ਲੱਗ ਪਿਆ। ਗਾਲਾਂ ਸੁਣ ਕੇ ਬੁੱਘਰ ਤਰਖਾਣ ਬੁੜ੍ਹੇ ਅਮਰ ਸਿਉਂ ਨੂੰ ਕਹਿੰਦਾ, ”ਅੱਗੇ ਨ੍ਹੀ ਤੈਨੂੰ ਪਤਾ ਇਨ੍ਹਾਂ ਦਾ। ਆਹ ਪੰਜ ਛੀ ਜਾਣੇ ਤਾਂ ਟਿੱਚਰ ਤੋਂ ਬਿਨਾਂ ਗੱਲ ਈ ਨ੍ਹੀ ਕਰਦੇ। ਨਾ ਇਨ੍ਹਾਂ ਨੇ ਬੁੜ੍ਹਾ ਠੇਰਾ ਵੇਖਣਾ ਨਾ ਕੋਈ ਪਚੈਤੀਆ ਨਾ ਕੋਈ ਹੋਰ। ਤੜਕੇ ਈ ਆ ਜਾਂਦੇ ਐ ਦਸ-ਦਸ ਖਾਂ ਕੇ ਅੰਨ੍ਹੇ ਦੀ ਹਿੱਕ ਅਰਗੀਆਂ ਰੋਟੀਆਂ, ਏਥੇ ਆ ਕੇ ਫ਼ਿਰ ਗੱਲਾਂ ਚੱਕਣ ਨੂੰ ਮੂਹਰੇ ਹੋ ਜਾਂਦੇ ਐ।”
ਹੱਸਦਿਆਂ ਨੂੰ ਵੇਖ ਕੇ ਬਾਬਾ ਸੰਧੂਰਾ ਸਿਉਂ ਸਭ ਨੂੰ ਘੂਰ ਕੇ ਬੋਲਿਆ, ”ਚੁੱਪ ਨ੍ਹੀ ਕਰਦੇ ਓਏ, ਇਹਦੇ ‘ਚ ਹੱਸਣ ਆਲੀ ਕਿਹੜੀ ਗੱਲ ਐ? ਉਹ ਵਚਾਰੇ ਬੁੜ੍ਹੇ ਦਾ ਹੱਥ ਲਿੱਬੜ ਗਿਆ ਸੋਨੂੰ ਹੀਂ ਹੀਂ ਹੀਂ ਕਰਨ ਦੀ ਐ।”
ਸੀਤਾ ਮਰਾਸੀ ਕਹਿੰਦਾ, ઺ਹੱਥ ਲਿਬੜਨ ਨੂੰ ਗਾਹਾਂ ਕਿਤੇ ਮੱਚੇ ਵੇ ਮੁਗਲੈਲ ‘ਚ ਪੈ ਗਿਆ। ਉੱਠ ਕੇ ਔਹ ਨਲਕੇ ਤੋਂ ਧੋ ਲੇ ਪਰ੍ਹੇ ਹੋ ਕੇ। ਇਹ ਬਿੱਠ ਕਿਹੜਾ ਲੁੱਕ ਐ ਬਈ ਮਿੱਟੀ ਦੇ ਤੇਲ ਬਿਨਾਂ ਲਹਿਣੀ ਨ੍ਹੀ।”
ਬਾਬੇ ਸੰਧੂਰਾ ਸਿਉਂ ਨੂੰ ਗੁੱਸੇ ‘ਚ ਆਏ ਨੂੰ ਵੇਖ ਕੇ ਹੋਰ ਤਾਂ ਸਾਰੇ ਚੁੱਪ ਕਰ ਗਏ ਨਾਥਾ ਅਮਲੀ ਬੋਲਿਆ ਫ਼ਿਰ, ”ਤੂੰ ਐਮੇਂ ਈ ਬਾਬਾ ਲੀੜਿਆਂ ਤੋਂ ਬਾਹਰ ਹੋ ਗਿਐਂ। ਆਪ ਈ ਤੂੰ ਕਹਿੰਨਾ ਹੁੰਨਾਂ ਬਈ ਸੱਥ ‘ਚ ਹੱਸਣ ਖੇਡਣ ਈ ਆਈਦਾ। ਜੇ ਹੁਣ ਮੁੰਡੇ ਮਾੜਾ ਮੋਟਾ ਹੱਸ ਪੇ ਤਾਂ ਤੂੰ ਔਖਾ ਭਾਰਾ ਹੋ ਗਿਐਂ। ਤੂੰ ਤਾਂ ਸਾਨੂੰ ਹੱਸਣ ਮਨ੍ਹੀ ਦਿੰਦਾ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਮੈਂ ਤਾਂ ਅਮਲੀਆ ਇਉਂ ਕਹਿਨਾਂ ਬਈ ਹੱਸਣ ਖੇਡਣ ਦਾ ਵੀ ਕੋਈ ਟੈਮ ਹੁੰਦਾ ਕੁ ਬਿਨਾਂ ਗੱਲ ਤੋਂ ਬੁੜ੍ਹੇ ਠੇਰਿਆਂ ਨੂੰ ਚਹੇਡਾਂ ਕਰੀ ਜਾਓ।”
ਬਾਬੇ ਦੀ ਗੱਲ ਸੁਣ ਕੇ ਅਮਲੀ ਬਾਬੇ ਨੂੰ ਭੁੱਖੀ ਬਾਂਦਰੀ ਵਾਂਗੂੰ ਭੱਜ ਕੇ ਪੈ ਗਿਆ, ”ਇਹਦੇ ‘ਚ ਚਹੇਡਾਂ ਆਲੀ ਕਿਹੜੀ ਗੱਲ ਐ ਬਾਬਾ? ਇਹਨੂੰ ਨ੍ਹੀ ਪਤਾ ਬਈ ਜੇ ਸੱਚੀਉਂ ਈ ਚੁਆਨੀ ਧੇਲੀ ਹੁੰਦੀ ਤਾਂ ਜੀਹਨੇ ਇਹਨੂੰ ਦੱਸੀ ਐ ਬਈ ਆਹ ਚੁਆਨੀ ਪਈ ਐ ਉਹ ਨਾ ਚੱਕ ਲੈਂਦਾ, ਇਹਨੂੰ ਕਿਉਂ ਦੱਸਦਾ ਉਹੋ। ਇਹਨੇ ਬੁੜ੍ਹੇ ਨੇ ਤਾਂ ਚੁਆਨੀ ‘ਤੇ ਇਉਂ ਹੱਥ ਧਰ ਲਿਆ ਬਈ ਕਿਤੇ ਕੋਈ ਹੋਰ ਈ ਨਾ ਚੱਕ ਲੇ ਪਹਿਲਾਂ। ਜਿਮੇਂ ਗਾਹਾਂ ਕਿਤੇ ਮੂੰਗਫ਼ਲੀ ਵੇਚ ਕੇ ਵੱਟੀ ਹੁੰਦੀ ਐ ਚੁਆਨੀ। ਐਮੇਂ ਨਾ ਬਾਬਾ ਤੂੰ ਵੀ ਮੁੰਡਿਆਂ ਦੀ ਗੱਲ ‘ਚ ਵੜ ਜਿਆ ਕਰ।”
ਸੀਤਾ ਮਰਾਸੀ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਇਹਨੂੰ ਬੁੜ੍ਹੇ ਨੂੰ ਤਾਂ ਬਾਬਾ ਅੱਜ ਈ ਮਾੜਾ ਜਾ ਮਖੌਲ ਕੀਤਾ, ਜਦੋਂ ਇਹ ਆਪ ਹੋਰਾਂ ਨੂੰ ਟਿਕਣ ਈ ਨ੍ਹੀ ਦਿੰਦਾ ਉਦੋਂ ਤਾਂ ਕੋਈ ਬੋਲਦਾ ਨ੍ਹੀ ਇਹਨੂੰ। ਹੁਣ ਸਾਡੇ ਵਾਰੀਂ ਅਸਮਾਨ ਚੱਕ ਕੇ ਧਰ ‘ਤਾ। ਮਾੜਾ ਮੋਟਾ ਤਾਂ ਵੇਖ ਲਿਆ ਕਰੋ ਯਾਰ ਬਾਬਾ।”
ਮਾਹਲਾ ਨੰਬਰਦਾਰ ਕਹਿੰਦਾ, ”ਇਹਨੇ ਬੁੜ੍ਹੇ ਨੇ ਕੀ ਕਿਸੇ ਦੀ ਪੂਛ ‘ਤੇ ਪੈਰ ਧਰ ‘ਤਾ, ਤੁਸੀਂ ਸਾਰੇ ਇਹਨੂੰ ਈ ਲੱਗੇ ਪਏ ਐਂ।”
ਸੀਤਾ ਮਰਾਸੀ ਨੰਬਰਦਾਰ ਨੂੰ ਕਹਿੰਦਾ, ”ਗੱਲ ਸੁਣ ਨੰਬਰਦਾਰਾ! ਜੇ ਇਹਨੇ ਕਿਸੇ ਦੀ ਪੂਛ ‘ਤੇ ਪੈਰ ਨ੍ਹੀ ਧਰਿਆ ਤਾਂ ਚੁਆਨੀ ‘ਤੇ ਹੱਥ ਤਾਂ ਧਰਿਆ ਈ ਨਾ।”
ਬਾਬਾ ਸੰਧੂਰਾ ਸਿਉਂ ਮਰਾਸੀ ਦੀ ਗੱਲ ‘ਤੇ ਫ਼ੇਰ ਖਪੇ ਖੂਨ ਹੋ ਗਿਆ, ”ਕਿਹੜੀ ਚੁਆਨੀ ਸੀ ਓਏ ਇਹੇ? ਸਾਲਿਓ ਧਰਾਅ ਕੇ ਕਾਂ ਦੀ ਬਿੱਠ ‘ਤੇ ਹੱਥ, ਅਕੇ ਚੁਆਨੀ ਸੀ। ਖਹਿੜਾ ਈ ਨ੍ਹੀ ਛੱਡਦੇ ਬਿੱਠ ਦਾ।”
ਲਾਲਾ ਲਾਲਾ ਕਰਦੇ ਬਾਬੇ ਸੰਧੂਰਾ ਸਿਉਂ ਨੂੰ ਅਮਲੀ ਨੇ ਲਾਇਆ ਫ਼ਿਰ ਬਰਫ਼ ‘ਚ। ਕਹਿੰਦਾ, ”ਕੀ ਹੋ ਗਿਆ ਬਾਬਾ ਐਮੇਂ ਮਾੜੀ ਜੀ ਗੱਲ ਨੂੰ ਤੂਲ ਦੇਈ ਜਾਨੈਂ। ਜਦੋਂ ਇਹ ਲੋਕਾਂ ਨਾਲ ਨਿੱਤ ਈ ਟਿੱਚਰਾਂ ਕਰੀ ਜਾਂਦਾ, ਇਹਨੂੰ ਤਾਂ ਕਿਸੇ ਨੇ ਕੁਸ ਕਿਹਾ ਨ੍ਹੀ। ਜੇ ਅੱਜ ਇਹਦੇ ਨਾਲ ਮੁੰਡੇ ਹੱਸ ਪੇ ਤਾਂ ਤੂੰ ਇਹਦਾ ਮੁਖਤੀ ਦਾ ਈ ਵਕੀਲ ਬਣ ਗਿਐਂ। ਇਹ ਵੀ ਲੋਕਾਂ ਨੂੰ ਟਿੱਚ ਕਰ ਕੇ ਜਾਣਦਾ ਈ ਐ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, ”ਇਹ ਕੀਹਨੂੰ ਕਰਦਾ ਟਿੱਚਰਾਂ?”
ਬਾਬੇ ਦੀ ਗੱਲ ਸੁਣ ਕੇ ਬੁੱਧੇ ਕਪੂਰੇ ਕਾ ਕਾਕਾ ਕਮਲਾ ਅਮਲੀ ਨੂੰ ਕਹਿੰਦਾ,”ਦੱਸਦੇ ਅਮਲੀਆ ਅਮਰ ਸਿਉਂ ਬੁੜ੍ਹਾ ਕੀਹਨੂੰ ਟਿੱਚਰਾਂ ਕਰਦਾ। ਨਾ ਪਿੰਡ ਦੇ ਕਿਸੇ ਦਕਾਨਦਾਰ ਨੂੰ ਛੱਡਿਆ ਇਹਨੇ ਨਾ ਮੰਡੀ ਛੱਡਿਆ ਕੋਈ?”
ਅਮਲੀ ਕਹਿੰਦਾ, ”ਜੇ ਤਾਂ ਇੱਕ ਅੱਧੇ ਨੂੰ ਵੰਝ ‘ਤੇ ਟੰਗਿਆ ਹੋਵੇ ਤਾਂ ਮੈਂ ਦੱਸ ਦਿਆਂ। ਇਹਨੇ ਤਾਂ ਛੱਡਿਆ ਈ ਕੋਈ ਨ੍ਹੀ ਟਿੱਚਰ ਬਿਨਾਂ?”
ਮਸ਼ੀਨ ਵਾਲਾ ਮੁਖਤਿਆਰ ਅਮਲੀ ਨੂੰ ਕਹਿੰਦਾ, ”ਅਮਲੀਆ ਦੱਸੇਂਗਾ ਵੀ ਕੁ ਮਦਾਰੀ ਆਂਗੂੰ ਡੁਗਡੁਗੀ ਖੜਕਾ ਕੇ ਈ ਸਾਰ ਦੇਏਂਗਾ।”
ਅਮਲੀ ਚੌਂਕੜੀ ਮਾਰੀ ਬੈਠੇ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਚੱਲ ਤੂੰ ਇਉਂ ਈਂ ਦੱਸਦੇ ਬਾਬਾ, ਬਈ ਤੂੰ ਵੱਡੇ ਤੋਂ ਵੱਡਾ ਕਿੰਨੇ ਦਾ ਨੋਟ ਵੇਖਿਆ ਹੁਣ ਤਕ?”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਮੈਂ ਤਾਂ ਐਮੇਂ ਝੂਠ ਮਾਰਾਂ ਦਸਾਂ ਦਾ ਤਾਂ ਇੱਕ ਅੱਧੀ ਵਾਰੀ ਵੇਖਿਆ, ਪੰਜਾਂ ਦਾ ਤੇ ਦੋਂਹ ਦਾ ਨੋਟ ਤਾਂ ਕਈ ਵਾਰੀ ਵੇਖਿਆ। ਆਹ ਆਨੇ ਦੁਆਨੀਆਂ ਈ ਵੇਂਹਨੇ ਆਂ ਛੋਟੇ ਹੁੰਦਿਆਂ ਤੋਂ। ਆਪਣੇ ਲਈ ਤਾਂ ਇੱਕ ਦਾ ਨੋਟ ਈ ਸਰਦਾਰ ਐ।”
ਨਾਥਾ ਅਮਲੀ ਬਾਬੇ ਤੋਂ ਗੱਲ ਦਾ ਜਵਾਬ ਸੁਣ ਕੇ ਕਹਿੰਦਾ, ”ਇਹਦੀ ਜੇਬ੍ਹ ‘ਚ ਸੌ ਦਾ ਨੋਟ ਐ ਭਾਮੇਂ ਹੁਣ ਵੇਖ ਲੋ ਕਢਾਕੇ। ਤਾਹੀਉਂ ਤਾਂ ਜੇਬ੍ਹ ਨੂੰ ਬਸਖੂਆ ਲਾਈ ਫ਼ਿਰਦਾ।”
ਬਾਬੇ ਨੇ ਪੁੱਛਿਆ, ”ਇਹਨੇ ਕਿੱਥੋਂ ਲਿਆ ਸੌ ਦਾ ਨੋਟ। ਇਹ ਕੀ ਦਾਖ ਮੜੱਕਾ ਵੇਚ ਕੇ ਆਇਆ?”
ਗੱਲਾਂ ਸੁਣੀ ਜਾਂਦਾ ਬੁੜ੍ਹਾ ਅਮਰ ਸਿਉਂ ਚਾਹ ਪੀਣ ਦਾ ਬਹਾਨਾ ਲਾ ਕੇ ਸੱਥ ‘ਚੋਂ ਉੱਠ ਕੇ ਤੁਰ ਗਿਆ ਬਈ ਹੁਣ ਫ਼ਰੋਲਣਗੇ ਮੇਰੇ ਪੋਤੜੇ। ਜਿਉਂ ਹੀ ਬੁੜ੍ਹਾ ਸੱਥ ‘ਚੋਂ ਚਲਾ ਗਿਆ ਤਾਂ ਅਮਲੀ ਬਾਬੇ ਸੰਧੂਰਾ ਸਿਉਂ ਨੂੰ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ ਬੁੜ੍ਹੇ ਦੀ ਹੀਰ। ਇਹਦੇ ਕੋਲੇ ਇੱਕ ਸੌ ਦਾ ਨੋਟ ਐ।”
ਸੀਤਾ ਮਰਾਸੀ ਸੌ ਦੇ ਨੋਟ ਦਾ ਨਾਂ ਸੁਣ ਕੇ ਇਉਂ ਤੜਫ਼ ਕੇ ਬੋਲਿਆ ਜਿਮੇਂ ਸਿਆਲ ਦੀ ਨਿੱਘੀ ਧੁੱਪ ‘ਚ ਨੱਕ ਲਪੇਟੀ ਪਏ ਕੁੱਤੇ ਦੀ ਪੂਛ ‘ਤੇ ਪੈਰ ਧਰੇ ਤੋਂ ਕੁੱਤਾ ਇੱਕਦਮ ਉੱਠ ਕੇ ਲੱਤ ਨੂੰ ਪੈ ਗਿਆ ਹੋਵੇ। ਮਰਾਸੀ ਕਹਿੰਦਾ, ”ਇਹਦੇ ਕੋਲੇ ਕਿੱਥੋਂ ਆ ਗਿਆ ਸੌ ਦਾ ਨੋਟ। ਐਮੇਂ ਮਾਰੀ ਜਾਨੈਂ ਉੱਘ ਦੀਆਂ ਪਤਾਲ?”
ਚੱਲਦੀ ਗੱਲ ਦੇ ਵਿੱਚ ਬੋਲੇ ਮਰਾਸੀ ਨੂੰ ਬਾਬਾ ਕਹਿੰਦਾ, ”ਗੱਲ ਤਾਂ ਸੁਣ ਲੈਣ ਦੇ ਮੀਰ। ਚੱਲ ਅੱਗੇ ਦੱਸ ਨਾਥਾ ਸਿਆਂ।”
ਅਮਲੀ ਕਹਿੰਦਾ, ”ਜਿਮੇਂ ਆਪਣੇ ਓਧਰਲੇ ਗੁਆੜ ਆਲਾ ਨਾਜਰ ਬਾਹਟਾ ਸੌ ਦਾ ਇੱਕੋ ਨੋਟ ਈ ਵਖਾ-ਵਖਾ ਬੀਰੇ ਡਾਕਦਾਰ ਤੋਂ ਪੈਲੀ ਠੇਕੇ ‘ਤੇ ਲੈ ਗਿਆ ਸੀ ਤੇ ਪੈਲੀ ਦੇ ਪੈਸੇ ਤਾਰਨ ਵੇਲੇ ਸੌ ਦੇ ਨੋਟ ਦਾ ਅਸਲੀ ਭੇਤ ਖੁੱਲ੍ਹਿਆ, ਓਮੇਂ ਈਂ ਹੁਣ ਇਹ ਸੌ ਦਾ ਨੋਟ ਵਖਾ ਕੇ ਹੱਟਾਂ ਤੋਂ ਰਿਓੜੀਆਂ ਪਕੌੜੀਆਂ ਖਾ ਆਉਂਦਾ। ਇਹ ਬੁੜ੍ਹਾ ਪਤੌੜਾਂ ਆਲੀ ਹੱਟ ‘ਤੇ ਜਾਊ, ਆਨੇ ਦੁਆਨੀ ਦੇ ਖਾ ਕੇ ਪਤੌੜ, ਸੌ ਦਾ ਨੋਟ ਕੱਢ ਕੇ ਖੜ੍ਹ ਜੂ। ਜੀਹਨੇ ਕਦੇ ਕਿਸੇ ਨੇ ਦਸਾਂ ਦਾ ਨੋਟ ਮਨ੍ਹਾ ਵੇਖਿਆ ਹੋਵੇ, ਸੌ ਦਾ ਨੋਟ ਵੇਖ ਕੇ ਅਗਲਾ ਪਿਛਲ ਖੁਰੀ ਹੋ ਕੇ ਡਿੱਗਦਾ ਬਈ ਆਨੇ ਦੁਆਨੀ ਪਿੱਛੇ ਸੌ ਦਾ ਨੋਟ ਕਿੱਥੋਂ ਤੋੜੀਏ। ਹੱਟੀ ਆਲਾ ਕਹਿ ਦਿੰਦਾ ‘ਚੱਲ ਨੰਘਦਾ ਟੱਪਦਾ ਫ਼ੇਰ ਦੇ ਜੀਂ, ਮੇਰੇ ਕੋਲੇ ਸੌ ਦੇ ਟੁੱਟ ਹੈ ਨ੍ਹੀ। ਇਉਂ ਈ ਹੋਰ ਖਾਣ ਪੀਣ ਆਲੀਆਂ ਹੱਟਾਂ ‘ਤੇ ਜਾ ਕੇ ਕਰਦਾ ਇਹੇ। ਸੌਦਾ ਲਊ ਆਨੇ ਦੁਆਨੀ ਚੁਆਨੀ ਦਾ, ਕੱਢ ਕੇ ਖੜ੍ਹ ਜੂ ਸੌ ਦਾ ਨੋਟ। ਸੌ ਦਾ ਨੋਟ ਵੇਖ ਕੇ ਹੱਟੀ ਆਲਾ ਭਾਈ ਸੁੰਗੜ ਕੇ ਇਉਂ ਹੋ ਜਾਂਦਾ ਜਿਮੇਂ ਪੋਹ ਮਾਘ ਦੀ ਧੁੰਦ ‘ਚ ਜੱਤ ਆਲਾ ਕਤੂਰਾ ਨੁਹਾਏ ਤੋਂ ਪਿਚਕ ਜੇ ਜਾਂਦਾ ਹੁੰਦਾ। ਇਹ ਪਤੰਦਰ ਇਉਂ ਈ ਠੱਗੀ ਜਾਂਦਾ ਹੱਟੀਆਂ ਆਲਿਆਂ ਨੂੰ। ਤੂੰ ਬਾਬਾ ਇਨ੍ਹਾਂ ਮੁੰਡਿਆਂ ਨੂੰ ਕਹੀ ਜਾਨੈਂ ਬਈ ਬੁੜ੍ਹੇ ਨਾਲ ਟਿੱਚਰਾਂ ਕਿਉਂ ਕਰਦੇ ਐਂ। ਇਹ ਤਾਂ ਬੁੜ੍ਹਾ ਫ਼ਿਰ ਉਦੋਂ ਹਟਿਆ ਨੋਟ ਵਖਾਉਣੋਂ ਜਦੋਂ ਇੱਕ ਦਿਨ ਹੱਟੀ ਆਲੇ ਰਾਮ ਲਾਲ ਖੱਤਰੀ ਤੋਂ ਢਾਈਆਂ ਆਨਿਆਂ ਦਾ ਭੁਜੀਆ ਬਦਾਣਾ ਖਾ ਕੇ ਸੌ ਦਾ ਨੋਟ ਕੱਢ ਕੇ ਖੜ੍ਹ ਗਿਆ। ਰਾਮ ਲਾਲ ਨੋਟ ਫ਼ੜ ਕੇ ਗੱਲੇ ‘ਚ ਪਾ ਕੇ ਕਹਿੰਦਾ ‘ਬਾਕੀ ਦੇ ਪਰਸੋਂ ਲੈ ਜੀਂ ਆ ਕੇ, ਅੱਗੇ ਵੀ ਤੂੰ ਪੰਜ ਸੱਤ ਵਾਰੀ ਮੈਨੂੰ ਇਉਂ ਈਂ ਠੱਗ ਕੇ ਲੈ ਗਿਐਂ’।”
ਬੁੱਘਰ ਦਖਾਣ ਕਹਿੰਦਾ, ”ਫ਼ੇਰ ਕੀ ਬਣਿਆਂ ਨੋਟ ਦਾ ਕੁ ਭੁਜੀਆ ਬਦਾਣਾ ਮੋੜ ‘ਤਾ?”
ਨਾਥਾ ਅਮਲੀ ਬੁੱਘਰ ਨੂੰ ਝਈ ਲੈ ਪਿਆ, ”ਭੁਜੀਆ ਬਦਾਣਾ ਕਿੱਥੋਂ ਮੋੜ ਦਿੰਦਾ? ਉਹ ਤਾਂ ਬੁੜ੍ਹੇ ਨੇ ਢਿੱਡ ‘ਚ ਪਾ ਲਿਆ। ਤੂੰ ਵੀ ਮਿਸਤਰੀਆ ਜੰਡਾਂ ਆਲੇ ਦਾ ਸੰਦ ਈ ਐ। ਪੂਰੀ ਗੱਲ ਤੂੰ ਮਨ੍ਹੀ ਸੁਣੀ। ਤੇਰੀ ਵੀ ਉਹੀ ਗੱਲ ਐ, ਕਹਿੰਦੇ ਕੇਰਾਂ ਕਿਸੇ ਕਵੀਸ਼ਰ ਨੇ ਲੋਕਾਂ ਦੇ ‘ਕੱਠ ਨੂੰ ਹੀਰ ਦੀ ਕਲੀ ਸੁਣਾਈ। ਲੋਕ ਬੈਠੇ ਸੁਣੀ ਗਏ। ਸੁਣਨ ਆਲਿਆਂ ‘ਚ ਇੱਕ ਤੇਰੇ ਅਰਗਾ ਨਾਲੇ ਤਾਂ ਹੀਰ ਦੀ ਕਲੀ ਸੁਣੀ ਗਿਆ, ਨਾਲੇ ਬੈਠਾ ਦਾਣੇ ਚੱਬੀ ਗਿਆ। ਜਦੋਂ ਉਹ ਗਾਉਣ ਗਾ ਕੇ ਹਟਿਆ ਤਾਂ ਤੇਰੇ ਅਰਗਾ ਉੱਚੀ ਬੋਲ ਕੇ ਕਹਿੰਦਾ ‘ਹੀਰ ਦੀ ਕਲੀ ਲਾ ਦੇ’। ਉਹੀ ਗੱਲ ਹੁਣ ਤੇਰੀ ਐ। ਤੈਨੂੰ ਦੱਸ ਕੇ ਤਾਂ ਹਟਿਆਂ ਬਈ ਭੁਜੀਆ ਬਦਾਣਾ ਖਾ ਕੇ ਸੌ ਦਾ ਨੋਟ ਕੱਢਿਆ ਸੀ ਬੁੜ੍ਹੇ। ਤੂੰ ਕਿਹੜਾ ਸਾਰੀ ਗੱਲ ਸੁਣੀ ਐਂ।”
ਗੱਲਾਂ ਕਰਦਿਆਂ ਕਰਦਿਆਂ ਤੋਂ ਸੱਥ ਕੋਲ ਦੀ ਤੇਜ ਲੰਘਣ ਲੱਗੇ ਟਰੈਕਟਰ ਦੇ ਪਿੱਛੇ ਪਾਈ ਟਰਾਲੀ ਦੀ ਹੁੱਕ ਟੁੱਟ ਕੇ ਟਰਾਲੀ ਡਿੱਗ ਪਈ। ਜਦੋਂ ਟਰੈਕਟਰ ਵਾਲਾ ਪਿੱਛੇ ਮੁੜਿਆ ਤਾਂ ਸੱਥ ਵਾਲਿਆਂ ਦੀ ਮੱਦਦ ਨਾਲ ਟਰਾਲੀ ਮੂਹਰੋਂ ਚੁੱਕ ਕੇ ਰੋੜ੍ਹ ਕੇ ਰਾਹ ‘ਚੋਂ ਪਾਸੇ ਕਰਨ ਲੱਗਿਆਂ ਤੋਂ ਟਰੈਕਟਰ ਵਾਲਾ ਕਹਿੰਦਾ ‘ਸੌ ਦੇ ਨੋਟ ‘ਚ ਪਾਣੀ ਪੈ ਗਿਆ’। ਸੌ ਦੇ ਨੋਟ ਦਾ ਨਾਂ ਸੁਣ ਕੇ ਨਾਥਾ ਅਮਲੀ ਕਹਿੰਦਾ, ”ਅਮਰ ਸਿਉਂ ਬੁੜ੍ਹੇ ਕੋਲੇ ਐ ਸੌ ਦਾ ਨੋਟ, ਉਹਤੋਂ ਲਿਆਉ ਜਾ ਕੇ। ਹੁਣੇ ਈਂ ਗਿਆ ਹਜੇ ਸੱਥ ‘ਚੋਂ। ਘਰੇ ਹੋਊ”। ਬਾਬੇ ਨੇ ਅਮਲੀ ਨੂੰ ਘੂਰਿਆ, ”ਚੁੱਪ ਕਰ ਓਏ ਅਮਲੀਆ, ਬਗਾਨੇ ਬੰਦੇ ਐ ਐਮੇਂ ਲੜਾਂਗੇ ਵਾਧੂ। ਚਲੋ ਉੱਠੋ ਘਰਾਂ ਨੂੰ ਚੱਲੋ। ਟਰੈਲੀ ਨਾਘੇ ‘ਚੋਂ ਪਾਸੇ ਕਰਨੀ ਸੀ ਆਪਾਂ ਕਰਤੀ, ਚੱਲੋ ਉੱਠੋ। ਬਾਬੇ ਦਾ ਹੁਕਮ ਸੁਣ ਕੇ ਸਾਰੇ ਸੱਥ ਵਾਲੇ ਸੌ ਦੇ ਨੋਟ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

LEAVE A REPLY