3ਚੰਡੀਗੜ੍ਹ  : ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਇਲਾਕੇ ਝਬਾਲ ਵਿਚ ਪ੍ਰਭੂ ਯਿਸੂ ਮਸੀਹ ਦਾ ਰਾਜ ਪੱਧਰੀ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿਚ ਉਪ ਮੁੱਖ ਮੰਤਰੀ ਨੇ ਇਸਾਈ ਭਾਈਚਾਰੇ ਨੂੰ ਵੱਡੇ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਰਾਜ ਅੰਦਰ ਵਸ ਰਹੇ ਇਸਾਈ ਭਾਈਚਾਰੇ ਦੀਆਂ ਕਬਰਸਤਾਨਾਂ ਦੀ ਜ਼ਮੀਨ ਇਸਾਈ ਭਾਈਚਾਰੇ ਨੂੰ ਅਲਾਟ ਕੀਤੀ ਜਾਵੇਗੀ ਅਤੇ ਮਸੀਹੀ ਭਵਨ ਬਣਾਏ ਜਾਣਗੇ। ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹੈ ਜਦਕਿ ਇਸਾਈ ਭਾਈਚਾਰਾ ਭਲੀ ਭਾਂਤ ਜਾਣ ਚੁੱਕਾ ਹੈ ਕਿ ਇਸਤੋਂ ਪਹਿਲਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 1997 ਤੋਂ ਲੈ ਕੇ ਅੱਜ ਤੱਕ ਕਬਰਸਤਾਨਾਂ ਦੀ ਜ਼ਮੀਨ ਦੇ ਸਬੰਧ ਵਿਚ ਗੁੰਰਾਹ ਕਰਦੇ ਆ ਰਹੇ ਹਨ, ਪਰ ਅਜੇ ਤੱਕ ਅਕਾਲੀ ਸਰਕਾਰ ਨੇ ਇਸਾਈ ਭਾਈਚਾਰੇ ਨੂੰ ਕੋਈ ਵੀ ਗ੍ਰਾਂਟ ਇਸਾਈ ਭਾਈਚਾਰੇ ਦੀ ਸਹੂਲਤ ਜਾਰੀ ਨਹੀਂ ਕੀਤੀ। ਸ੍ਰੀ ਜਗਦੀਸ਼ ਮਸੀਹ, ਪ੍ਰਧਾਨ ਨੈਸ਼ਨਲ ਕ੍ਰਿਸ਼ਚਨ ਲੀਗ ਨੇ ਕਿਹਾ ਕਿ ਕਬਰਸਤਾਨਾਂ ਸਬੰਧੀ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ। ਪਿਛਲੇ ਦਿਨੀਂ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਪੰਜਾਬ ਨੇ ਵੀ ਪੁੱਡਾ ਭਵਨ, ਮੋਹਾਲੀ ਵਿਖੇ ਘੱਟ ਗਿਣਤੀ ਮੈਂਬਰਾਂ ਦੀ ਲਿਯੁਕਤੀ ਸਮੇਂ ਬਿਆਨ ਦਿੱਤਾ ਕਿ ਇਸਾਈਆਂ ਦੀ ਕਬਰਸਤਾਨਾਂ ਦੀ ਜ਼ਮੀਨ ਅਲਾਟ ਕੀਤੀ ਜਾ ਰਹੀ ਹੈ ਜਿਹੜਾ ਕਿ ਇਸਾਈ ਭਾਈਚਾਰੇ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਪੰਜਾਬ ਸਰਕਾਰ ਆਪਣਾ ਵੋਟ ਬੈਂਕ ਮਜਬੂਤ ਕਰਨ ਲਈ ਅਤੇ ਇਸਾਈ ਭਾਈਚਾਰੇ ਨੂੰ ਹਨ੍ਹੇਰੇ ਵਿਚ ਰੱਖ ਕੇ ਸਿਰਫ਼ ਐਲਾਨ ਹੀ ਕਰ ਰਹੀ ਹੈ। ਪੰਜਾਬ ਅੰਦਰ ਇਸਾਈ ਭਾਈਚਾਰੇ ਨੂੰ ਆਪਣੇ ਸਕੇ ਸਬੰਧੀ ਦਫਨਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਅੰਦਰ ਵਸ ਰਹੇ ਘੱਟ ਗਿਣਤੀ ਇਸਾਈ ਭਾਈਚਾਰੇ ਲੋਕਾਂ ਨੂੰ ਆਪਣੇ ਰੀਤੀ ਰਿਵਾਜ ਅਨੁਸਾਰ ਮਰਨ ਦਾ ਵੀ ਹੱਕ ਨਹੀਂ ਮਿਲ ਰਿਹਾ। ਪੰਜਾਬ ਸਰਕਾਰ ਨੇ ਘੱਟ ਗਿਣਤੀ ਕਮਿਸ਼ਨ ਤਾਂ ਸਥਾਪਿਤ ਕੀਤਾ ਪਰ ਉਹ ਸਿਰਫ਼ ਤਾਂ ਸਿਰਫ਼ ਸਿਆਸੀ ਰਾਜ ਸਰਕਾਰ ਦੀ ਕਠਪੁਤਲੀ ਰਹਿ ਗਿਆ ਹੈ।
ਸ੍ਰੀ ਜਗਦੀਸ਼ ਮਸੀਹ, ਪ੍ਰਧਾਨ, ਕੀਮਤ ਮਸੀਹ, ਜਨਰਲ ਸਕੱਤਰ, ਸੰਨੀ ਗਿੱਲ ਯੂਥ ਪ੍ਰਧਾਨ, ਪਾਸਟਰ ਰਾਜ ਕੁਮਾਰ ਰੰਧਾਵਾ, ਸੈਮੂਅਲ, ਜੌਹਨ ਪੀਟਰ, ਪ੍ਰਧਾਨ ਕ੍ਰਿਸ਼ਨ ਸਟੂਡੈਂਟ ਫੈਡਰੇਸ਼ਨ ਨੇ ਕਿਹਾ ਕਿ ਇਸਾਈ ਭਾਈਚਾਰਾ ਇਸ ਵਾਰੀ ਸਰਕਾਰ ਦੇ ਲਾਰਿਆਂ ਵਿਚ ਆਉਣ ਵਾਲਾ ਨਹੀਂ ਅਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ।

LEAVE A REPLY