ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 844

ajit_weeklyਤੁਸੀਂ ਜੋ ਸੋਚਦੇ ਹੋ ਕਿ ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਤੁਸੀਂ ਜੋ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸੋਚਣਾ ਚਾਹੀਦਾ ਹੈ, ਕੀ ਇਨ੍ਹਾਂ ਨੂੰ ਲੈ ਕੇ ਤੁਹਾਡੇ ਮਨ ਵਿੱਚ ਹਮੇਸ਼ਾ ਦੁਚਿੱਤੀ ਜਿਹੀ ਨਹੀਂ ਬਣੀ ਰਹਿੰਦੀ? ਓਹ! ਕੀ ਮੈਂ ਤੁਹਾਨੂੰ ਆਪਣੇ ਇੱਕ ਹੋਰ ਪੇਚੀਦਾ ਬਿਆਨ ਨਾਲ ਭੰਬਲਭੂਸੇ ਵਿੱਚ ਪਾ ਦਿੱਤਾ ਹੈ? ਚਲੋ, ਫ਼ਿਰ ਇਹ ਸੁਣੋ। ਤੁਹਾਡੇ ਦਿਮਾਗ ਵਿੱਚ ਜੋ ਚੱਲ ਰਿਹੈ ਅਤੇ ਤੁਹਾਡੇ ਦਿਲ ਵਿੱਚ ਜੋ ਹੈ, ਉਨ੍ਹਾਂ ਦਰਮਿਆਨ ਅਜਿਹਾ ਇਖ਼ਤਲਾਫ਼ ਜਾਂ ਅਸਹਿਮਤੀ ਹੈ ਕਿ ਤੁਸੀਂ ਇਹ ਵੀ ਪੱਕੇ ਤੌਰ ‘ਤੇ ਨਹੀਂ ਦੱਸ ਸਕਦੇ ਕਿ ਕਿਸੇ ਇੱਕ ਵਕਤ ‘ਤੇ ਇਨ੍ਹਾਂ ਦੋਹਾਂ ਵਿੱਚੋਂ ਤੁਸੀਂ ਆਪਣੀ ਕਿਹੜੀ ਅੰਦਰੂਨੀ ਆਵਾਜ਼ ਸੁਣ ਰਹੇ ਹੁੰਦੇ ਹੋ। ਦਿਲੋ ਦਿਮਾਗ ਦਰਮਿਆਨ ਸੰਤੁਲਨ ਸਥਾਪਿਤ ਕੀਤਾ ਜਾ ਸਕਦਾ ਹੈ। ਉੱਥੇ ਅਮਨ ਮੁੜ ਬਹਾਲ ਹੋ ਸਕਦਾ ਹੈ। ਬੱਸ ਉਹ ਹੱਲ ਲੱਭਣੇ ਬੰਦ ਕਰ ਦਿਓ ਜਿਹੜੇ ਹਰ ਪੱਖੋਂ ਸਹੀ ਹੋਣ। ਕੀ ਜੋ ਗ਼ਲਤ ਹੈ, ਉਸ ਵਿੱਚ ਕੁਝ ਵੀ ਠੀਕ ਨਹੀਂ?
‘ਹਜ਼ਾਰਾਂ ਮੀਲਾਂ ਦੀ ਯਾਤਰਾ, ਇੱਕ ਇਕਲੌਤੇ ਕਦਮ ਤੋਂ ਸ਼ੁਰੂ ਹੁੰਦੀ ਹੈ,’ ਭਾਵ ਔਖੇ ਤੋਂ ਔਖੇ ਕਾਰਜ ਦਾ ਵੀ ਕੋਈ ਨਾ ਕੋਈ ਸ਼ੁਰੂਆਤੀ ਬਿੰਦੂ ਹੁੰਦਾ ਹੀ ਹੈ। ਮੈਨੂੰ 6ਵੀਂ ਸਦੀ ਦੇ ਮਹਾਨ ਚੀਨੀ ਫ਼ਿਲੌਸਫ਼ਰ ਲਾਓਜ਼ੀ, ਜੋ ਕਿ ਤਾਓਵਾਦ ਦੇ ਜਨਮਦਾਤਾ ਸਨ, ਦਾ ਇਹ ਕਥਨ ਬਹੁਤ ਹੀ ਪਿਆਰਾ ਲਗਦਾ ਹੈ। ਇਸ ਵਕਤ, ਇਹ ਸਾਨੂੰ ਤੁਹਾਡੇ ਨੁਕਤਾ-ਏ-ਨਜ਼ਰ ਬਾਰੇ ਵੀ ਬਹੁਤ ਕੁਝ ਦੱਸਦਾ ਹੈ। ਅਜਿਹਾ ਨਹੀਂ ਕਿ ਤੁਸੀਂ ਕਿਸੇ ਯਾਤਰਾ ‘ਤੇ ਨਿਕਲਣ ਵਾਲੇ ਹੋ। ਤੁਸੀਂ ਕਿਸੇ ਖ਼ਾਸ ਪ੍ਰਕਿਰਿਆ ਦਾ ਇੱਕ ਲੰਬੇ ਅਰਸੇ ਤੋਂ ਹਿੱਸਾ ਬਣੇ ਹੋਏ ਹੋ। ਜੋ ਕਿ ਇੱਕ ਚੰਗੀ ਗੱਲ ਹੈ … ਇਸ ਦਾ ਅਰਥ ਇਹ ਹੋਇਆ ਕਿ ਤੁਸੀਂ ਕਈ ਇਕਲੌਤੇ ਕਦਮ ਪਹਿਲਾਂ ਹੀ ਚੁੱਕੀ ਬੈਠੇ ਹੋ, ਸੋ ਤੁਹਾਡੇ ਸਾਹਮਮਣੇ ਮੁਕਾਉਣ ਲਈ ਹੁਣ ਇੱਕ ਹਜ਼ਾਰ ਮੀਲਾਂ ਤੋਂ ਥੋੜ੍ਹੇ ਘੱਟ ਦਾ ਪੰਧ ਪਿਐ! ਜ਼ਿੰਦਗੀ ਅਤੇ ਦੁਨਿਆਵੀ ਸਫ਼ਲਤਾ ਹਾਸਿਲ ਕਰਨ ਦੀਆਂ ਸੁਹਿਰਦ ਕੋਸ਼ਿਸਾਂ ਵਿੱਚ ਪ੍ਰਗਤੀ ਆਹਿਸਤਾ ਪਰ ਅਵੱਸ਼ ਹੁੰਦੀ ਹੈ।
ਅਸੀਂ ਉਹੀ ਪੁਰਾਣੀ ਚੀਜ਼ ਉਸੇ ਪੁਰਾਣੇ ਢੰਗ ਨਾਲ ਬਾਰ ਬਾਰ ਕਰ ਸਕਦੇ ਹਾਂ, ਪਰ ਸਾਡੇ ਲਈ ਉਸ ਸ਼ੈਅ ਨੂੰ ਕਿਸੇ ਬਿਲਕੁਲ ਹੀ ਵੱਖਰੀ ਰੌਸ਼ਨੀ ਵਿੱਚ ਦੇਖਣ ਲਈ ਸਾਨੂੰ ਉਸ ਨੂੰ ਇੱਕ ਗ਼ੈਰਮਾਮੂਲੀ ਮਨੋਦਸ਼ਾ ਵਿੱਚ ਕੇਵਲ ਇੱਕ ਵਾਰ ਹੀ ਕਰਨ ਦੀ ਲੋੜ ਪੈਂਦੀ ਹੈ। ਜਿਹੜੀ ਚੀਜ਼ ਤੁਹਾਡੇ ਅੰਦਰ ਇਸ ਵੇਲੇ ਇਹ ਨਵੀਂ ਕਿਸਮ ਦੀ ਗੰਭੀਰਤਾ ਅਤੇ ਖ਼ੁਸ਼ੀਭਰਪੂਰ ਸਮਝ ਪੈਦਾ ਕਰ ਰਹੀ ਹੈ ਉਸ ਦੀ ਵਜ੍ਹਾ ਸਿਰਫ਼ ਤੁਹਾਡਾ ਕਿਸੇ ਖ਼ਾਸ ਵਿਅਕਤੀ ਨਾਲ ਰਿਸ਼ਤਾ ਜਾਂ ਤੁਹਾਡੀਆਂ ਉਸ ਨਾਲ ਨਜ਼ਦੀਕੀਆਂ ਹੀ ਨਹੀਂ। ਤੁਸੀਂ ਜ਼ਿੰਦਗੀ ਦੇ ਉਨ੍ਹਾਂ ਪੱਖਾਂ ‘ਤੇ ਪ੍ਰੇਰਨਾਜਨਕ ਹੱਦ ਤਕ ਤਾਜ਼ਾ ਦ੍ਰਿਸ਼ਟੀਕੋਣ ਵੀ ਹਾਸਿਲ ਕਰ ਰਹੇ ਹੋ ਜਿਹੜੇ ਸਿਰਫ਼ ਇਸ ਕਾਰਨ ਖੋਖਲੇ ਜਾਪਣ ਲੱਗ ਪਏ ਸਨ ਕਿਉਂਕਿ ਉਨ੍ਹਾਂ ਬਾਰੇ ਤੁਹਾਨੂੰ ਆਪਣੇ ਤਜਰਬਿਆਂ ਕਾਰਨ ਇੱਕ ਕਿਸਮ ਦਾ ਪੂਰਵ-ਅਨੁਮਾਨ ਜਿਹਾ ਹੋ ਗਿਆ ਸੀ। ਆਹਿਸਤਾ ਆਹਿਸਤਾ ਇਹ ਵੀ ਪ੍ਰਤੱਖ ਹੋਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੇ ਕੋਲ ਜਸ਼ਨ ਮਨਾਉਣ ਲਈ ਜਿੰਨਾ ਤੁਹਾਨੂੰ ਅਹਿਸਾਸ ਹੈ ਉਸ ਤੋਂ ਕਿਤੇ ਵੱਧ ਮੌਜੂਦ ਹੈ।
ਤੁਸੀਂ ਪੂਰੀ ਤਰ੍ਹਾਂ ਖ਼ਤਰਿਆਂ ਨਾਲ ਖੇਡਣ ਦੇ ਖ਼ਿਲਾਫ਼ ਨਹੀਂ, ਪਰ ਤੁਸੀਂ ਇਸ ਬਾਰੇ ਥੋੜ੍ਹੀ ਸਪੱਸ਼ਟ ਸਮਝ ਰੱਖਣਾ ਚਾਹੁੰਦੇ ਹੋ ਕਿ ਤੁਹਾਡਾ ਮੁਕਾਬਲਾ ਆਖ਼ਿਰ ਕਿਸ ਨਾਲ ਹੈ ਅਤੇ ਤੁਹਾਡੀ ਸਫ਼ਲਤਾ ਦੀ ਕਿੰਨੀ ਕੁ ਸੰਭਾਵਨਾ ਹੈ। ਅਤੇ ਫ਼ਿਰ ਜਦੋਂ, ਕਦੀ ਕਦਾਈਂ, ਜ਼ਿੰਦਗੀ ਤੁਹਾਨੂੰ ਗੈੱਸ ਮਾਰਨ ਦਾ ਇੱਕ ਵੱਡਾ ਸਾਰਾ ਮੌਕਾ ਬਖ਼ਸ਼ ਦਿੰਦੀ ਹੈ, ਹਨ੍ਹੇਰੇ ਵਿੱਚ ਤੀਰ ਚਲਾਉਣ ਦਾ ਜਾਂ ਵਿਸ਼ਵਾਸ ਦੀ ਇੱਕ ਵੱਡੀ ਪੁਲਾਂਘ ਪੁੱਟਣ ਦਾ, ਤਾਂ ਤੁਹਾਡਾ ਘਬਰਾਉਣਾ ਲਾਜ਼ਮੀ ਹੈ। ਤੁਹਾਡੇ ਲਈ ਉਂਝ ਤਾਂ ਸਭ ਕੁਝ ਠੀਕ ਹੋਵੇਗਾ, ਪਰ ਕਦੇ ਕੋਈ ਅਜਿਹਾ ਪਲ ਵੀ ਆ ਸਕਦਾ ਹੈ ਜਦੋਂ ਤੁਹਾਨੂੰ ਕਿਸੇ ਦੂਸਰੇ ਵਿਅਕਤੀ ਵਿੱਚ ਵਿਸ਼ਵਾਸ ਦਿਖਾਉਣਾ ਪੈ ਜਾਵੇ, ਅਤੇ ਸ਼ਾਇਦ ਤੁਹਾਨੂੰ ਇਹ ਪੱਕਾ ਯਕੀਨ ਨਹੀਂ ਕਿ ਅਜਿਹਾ ਕਰਨਾ ਸੁਰੱਖਿਅਤ ਹੈ। ਬੱਸ ਇੰਨਾ ਚੇਤੇ ਰੱਖਿਓ ਕਿ ਤੁਹਾਡੇ ਦਿਮਾਗ ਨੂੰ ਤੁਹਾਡੇ ਦਿਲ ਨਾਲੋਂ ਵੱਧ ਪਤੈ ਅਤੇ ਫ਼ਿਰ ਉਸ ‘ਤੇ ਵਿਸ਼ਵਾਸ ਵੀ ਰੱਖਿਓ!
ਸਾਡੇ ਵਿੱਚੋਂ ਕਿਸੇ ਨਾਲ ਵੀ ਗ਼ੁਜ਼ਾਰਾ ਕਰਨਾ ਬਹੁਤਾ ਸੌਖਾ ਨਹੀਂ। ਅਤੇ ਸਾਡੇ ਵਿੱਚੋਂ ਜਿਹੜੇ ਅੰਤਾਂ ਦੇ ਮਿਲਾਪੜੇ, ਮਿੱਠਬੋਲੜੇ ਅਤੇ ਹਰ ਗੱਲ ਨਾਲ ਸਹਿਮਤ ਹੋਣ ਕਾਰਨ ਪਿਆਰੇ ਹੁੰਦੇ ਨੇ; ਉਹ ਵੀ ਉਨ੍ਹਾਂ ਲੋਕਾਂ ਨੂੰ ਕਈ ਵਾਰ ਬੁਰੀ ਤਰ੍ਹਾਂ ਖਿਝਾ ਸਕਦੇ ਨੇ ਜਿਨ੍ਹਾਂ ਦੇ ਫ਼ਿਊਜ਼ ਕਮਜ਼ੋਰ ਅਤੇ ਸੁਭਾਅ ਚਿੜਚਿੜੇ ਹੋਣ। ਯੋਗ ਤੋਂ ਯੋਗ ਦਿਖਣ ਵਾਲੇ ਰਿਸ਼ਤੇ ਵੀ, ਸ਼ਾਮਿਲ ਧਿਰਾਂ ਦਾ ਧੀਰਜ ਪਰਖ ਸਕਦੇ ਨੇ। ਇਸ ਦੇ ਬਾਵਜੂਦ, ਉਹ ਸਾਡੀ ਪਰਸਪਰ ਹੋਂਦ ਲਈ ਬੇਹੱਦ ਜ਼ਰੂਰੀ ਹੁੰਦੇ ਨੇ। ਇਸ ਗੱਲ ਨੂੰ ਜ਼ਹਿਨ ਵਿੱਚ ਰੱਖ ਕੇ ਆਪਣੇ ਰਿਸ਼ਤਿਆਂ ਵਿੱਚ ਖੁਲ੍ਹਾਂ, ਗੁੰਜਾਇਸ਼ਾਂ ਅਤੇ ਰਿਆਇਤਾਂ ਦੇਣ ਲਈ ਤਿਆਰ ਰਹੋ। ਾਇਦ ਉਹ ਵਕਤ ਬਹੁਤੀ ਦੂਰ ਨਾ ਹੋਵੇ ਜਦੋਂ ਤੁਹਾਨੂੰ ਵੀ ਜ਼ਿੰਦਗੀ ਵਿੱਚ ਅਜਿਹੀ ਹੀ ਕਿਸੇ ਢਿੱਲ-ਮੱਠ ਜਾਂ ਰਿਆਇਤ ਦੀ ਲੋੜ ਪੈ ਜਾਵੇ।
ਕੌਣ ਠੀਕ ਹੈ? ਹੁਣ, ਇਹ ਪਾਖੰਡ ਨਾ ਕਰਿਓ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕੀ ਗੱਲ ਕਰ ਰਿਹਾਂ। ਮੈਂ ਇੱਥੇ ਉਸ ਇਖ਼ਤਲਾਫ਼ੇ ਰਾਏ ਦੀ ਗੱਲ ਕਰ ਰਿਹਾਂ, ਉਸ ਅਸਹਿਮਤੀ ਦੀ, ਜਿਹੜੀ ਤੁਹਾਡੇ ਅਤੇ ਤੁਹਾਨੂੰ-ਪਤਾ-ਹੀ-ਹੈ-ਕਿਸ ਦਰਮਿਆਨ ਪਨਪ ਰਹੀ ਹੈ। ਜੇਕਰ ਤੁਸੀਂ ਠੀਕ ਹੋ ਅਤੇ ਉਹ ਗ਼ਲਤ ਤਾਂ ਉਹ ਇੰਨੇ ਹਤਾਸ਼ ਕਿਉਂ ਲਗਦੇ ਪਏ ਨੇ? ਜੇਕਰ ਸੱਚ ਵਾਕਈ ਉਨ੍ਹਾਂ ਦੇ ਪਾਸੇ ਹੈ ਤਾਂ ਫ਼ਿਰ ਤੁਸੀਂ ਇਹ ਮੰਨਣ ਤੋਂ ਇਨਕਾਰੀ ਕਿਉਂ ਹੋ? ਹਾਂ, ਜੇ ਇਹ ਸੋਚ ਹੀ ਮੂਲ ਰੂਪ ਵਿੱਚ ਗ਼ਲਤ ਹੈ ਕਿ ਸਹੀ ਅਤੇ ਗ਼ਲਤ ਇੱਕੋ ਕਹਾਣੀ ਦੇ ਦੋ ਪਹਿਲੂ ਜਾਂ ਇੱਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਤਾਂ ਫ਼ਿਰ ਗੱਲ ਵੱਖਰੀ ਹੈ। ਕੀ ਇਸ ਵੇਲੇ ਕਿਸੇ ਦਾ ਵੀ ਕਿਸੇ ਵੀ ਅਤਿਅੰਤ ਅਤਿਵਾਦੀ ਨਜ਼ਰੀਏ ਨਾਲ ਚਿੰਬੜੇ ਰਹਿਣਾ ਜ਼ਰੂਰੀ ਹੈ? ਸਮਝੌਤਾ ਮੁਮਕਿਨ ਹੈ, ਅਤੇ ਇਹ ਬਹੁਤ ਦਰੁਸਤ ਵੀ ਸਾਬਿਤ ਹੋ ਸਕਦੈ!

LEAVE A REPLY