ਚੰਡੀਗੜ੍ਹ : ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਾਫ ਸੁਥਰਾ ਬਣਾਉਣ ਦੇ ਲਏ ਸੁਪਨੇ ਨੂੰ ਪੂਰਾ ਕਰਨ ਲਈ ਸਵੱਛ ਭਾਰਤ ਮਿਸ਼ਨ ਨੂੰ ਅਸਰਦਾਰ ਤਰੀਕੇ ਨਾਲ ਚਲਾਉਣ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫਿਆਂ ਅਤੇ ਪਲਾਸਟਿਕ ਦੀਆਂ ਚੀਜ਼ਾਂ ਤੋਂ ਮੁੜ ਬਣਾਈਆਂ ਵਸਤਾਂ ਦੀ ਵਰਤੋਂ ‘ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਲਿਆ ਗਿਆ ਇਹ ਫੈਸਲਾ ਸਵੱਛ ਭਾਰਤ ਮਿਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਸਭ ਤੋਂ ਵੱਧ ਮੱਦਦਗਾਰ ਸਾਬਤ ਹੋਵੇਗਾ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸੂਬਾਈ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਿਖੇ ਵਿਭਾਗ ਵੱਲੋਂ ਕਮਿਊਨਿਟੀ ਅਤੇ ਜਨਤਕ ਪਖਾਨਿਆਂ ਨੂੰ ਬਣਾਉਣ ਸਬੰਧੀ ਲਗਾਈ ਇਕ ਰੋਜ਼ਾ ਰਾਜ ਪੱਧਰੀ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਹੀ।
ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਸਵੱਛ ਭਾਰਤ ਮਿਸ਼ਨ ਨੂੰ ਸੂਬੇ ਵਿੱਚ ਸਫਲਤਾਪੂਰਵਕ ਤਰੀਕੇ ਨਾਲ ਲਾਗੂ ਕਰਨ ਵਿੱਚ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਸ਼ਹਿਰਾਂ ਵਿੱਚ ਇਸ ਮਿਸ਼ਨ ਦੀ ਪ੍ਰਾਪਤੀ ਲਈ ਉਹ ਨਿਰੰਤਰ ਮਹੀਨਾਵਾਰ ਮੀਟਿੰਗਾਂ ਕਰ ਕੇ ਕੰਮ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਮੰਤਰੀ ਮੰਡਲ ਨੇ ਪੌਲੀਥਨ ‘ਤੇ ਪਾਬੰਦੀ ਲਗਾ ਕੇ ਇਸ ਮਿਸ਼ਨ ਦੀ ਸਫਲਤਾ ਦੇ ਰਾਹ ਵਿੱਚ ਮੁੱਖ ਅੜਿੱਕੇ ਨੂੰ ਦੂਰ ਕਰ ਦਿੱਤਾ ਹੈ ਅਤੇ ਇਹ ਮਿਸ਼ਨ ਹੁਣ ਹੋਰ ਵੀ ਕਾਰਗਾਰ ਤਰੀਕੇ ਨਾਲ ਲਾਗੂ ਹੋਵੇਗਾ। ਵਰਕਸ਼ਾਪ ਵਿੱਚ ਸ਼ਾਮਲ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਨਗਰ ਨਿਗਮਾਂ ਦੇ ਮੇਅਰਾਂ ਨੂੰ ਪ੍ਰੇਰਦਿਆਂ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਸਫਲਤਾ ਲਈ ਸ਼ਹਿਰੀਆਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੌਲੀਥਨ ਉਪਰ ਪਾਬੰਦੀ ਫਰਵਰੀ ਤੋਂ ਲਾਗੂ ਹੋਵੇਗੀ ਅਤੇ ਇਸ ਤੋਂ ਪਹਿਲਾਂ ਇਸ ਸਬੰਧੀ ਸ਼ਹਿਰੀਆਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ੁਰਮਾਨੇ ਲਗਾਉਣ ਤੋਂ ਪਹਿਲਾਂ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ ਅਤੇ ਬਾਅਦ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਵਿੱਚ 382.66 ਕਰੋੜ ਦੀ ਰਾਸ਼ੀ ਖਰਚੀ ਜਾਵੇਗੀ। ਇਸ ਰਾਸ਼ੀ ਨਾਲ ਅਕਤੂਬਰ 2019 ਤੱਕ ਨਿੱਜੀ ਘਰਾਂ ਵਿੱਚ ਕੁੱਲ 1,96,000 ਪਖਾਨਿਆਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਮੌਜੂਦਾ ਵਰ੍ਹੇ ਵਿੱਚ 65000 ਨਿੱਜੀ ਪਖਾਨਿਆਂ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ। ਇਸ ਤੋਂ ਇਲਾਵਾ 404 ਕਮਿਊਨਿਟੀ ਪਖਾਨਿਆਂ ਅਤੇ 960 ਜਨਤਕ ਪਖਾਨਿਆਂ ਦੀ ਉਸਾਰੀ ਕੀਤੀ ਜਾਵੇਗੀ। ਕਮਿਊਨਿਟੀ ਪਖਾਨਿਆਂ ਵਿੱਚ ਕੁੱਲ 3231 ਸੀਟਾਂ ਅਤੇ 960 ਜਨਤਕ ਪਖਾਨਿਆਂ ਵਿੱਚ 7673 ਸੀਟਾਂ ਬਣਾਈਆਂ ਜਾਣਗੀਆਂ।
ਵਰਕਸ਼ਾਪ ਦੌਰਾਨ ਦਿੱਲੀ ਅਰਬਨ ਆਰਟ ਕਮਿਸ਼ਨ, ਅਰਬਨ ਇੰਡਸਟਰੀਜ਼ ਲਿਮਟਿਡ, ਸ਼ੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਆਰੇਗਨਾਈਜੇਸ਼ਨ ਦੇ ਨੁਮਾਇੰਦਿਆਂ ਨੇ ਜਨਤਕ ਤੇ ਕਮਿਊਨਿਟੀ ਪਖਾਨਿਆਂ ਦੀ ਉਸਾਰੀ ਅਤੇ ਮਿਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਸਬੰਧੀ ਆਪਣੀਆਂ ਪੇਸ਼ਕਾਰੀ ਦਿੰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਸਫਲ ਮਾਡਲਾਂ ਨੂੰ ਦਿਖਾਇਆ।
ਇਸ ਮੌਕੇ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਸਕੱਤਰ ਸ੍ਰੀ ਵਿਕਾਸ਼ ਪ੍ਰਤਾਪ, ਪੀ.ਐਮ.ਆਈ.ਡੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਜੇ.ਐਮ.ਬਾਲਾਮੁਰਗਨ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਮੇਜਰ ਜਨਰਲ ਵੀ.ਕੇ.ਬੱਟ, ਮੁੱਖ ਇੰਜਨੀਅਰ (ਆਪ੍ਰੇਸ਼ਨ ਤੇ ਮੈਂਟੀਨੈਸ) ਸ੍ਰੀ ਅਮਰਦੀਪ ਸਿੰਘ ਧਾਲੀਵਾਲ, ਵਿਭਾਗ ਦੇ ਸਮੂਹ ਖੇਤਰੀ ਡਿਪਟੀ ਡਾਇਰੈਕਟਰ, ਨਗਰ ਨਿਗਮਾਂ ਦੇ ਮੇਅਰ ਤੇ ਕਮਿਸ਼ਨਰ ਵੀ ਸ਼ਾਮਲ ਹੋਏ।