01ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀਆ ਹੋ ਚੁੱਕੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਭਾਰੀ ਬਿਜਲੀ ਦੇ ਰੇਟਾਂ ਹੇਠਾਂ ਦੱਬੇ ਹੋਏ ਸੂਬੇ ਦੇ ਲੋਕਾਂ ਉਪਰ ਵਾਟਰ ਤੇ ਸੀਵਰੇਜ ਸੈੱਸ ਦੇ ਰੂਪ ‘ਚ ਇਕ ਹੋਰ ਵਾਧੂ ਟੈਕਸ ਲਗਾਏ ਜਾਣ ਦੀ ਨਿੰਦਾ ਕੀਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ‘ਚ ਪਾਰਟੀ ਦੇ ਅਹੁਦੇਦਾਰ ਦੀ ਬੇਰਹਿਮੀ ਨਾਲ ਕਤਲ ਦੀ ਵੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਸੂਬੇ ‘ਚ ਬਿਗੜ ਚੁੱਕੀ ਕਾਨੂੰਨ ਤੇ ਵਿਵਸਥਾ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਲੁਟੇਰੇ ਤੇ ਹੱਤਿਆਰੇ ਜੋ ਚਾਹੁਣ, ਜਿਥੇ ਚਾਹੁਣ ਕਰ ਰਹੇ ਹਨ।
ਇਥੇ ਜਾਰੀ ਇਕ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੀਤੇ ਦਿਨ ਬਿਜਲੀ ਦੇ ਬਿੱਲਾਂ ‘ਤੇ ਵਾਟਰ ਤੇ ਸੀਵਰੇਜ ਸੈੱਸ ਲਗਾਉਣ ਦਾ ਫੈਸਲਾ ਇਸਦੇ ਬੁਰੀ ਮੈਨੇਜਮੇਂਟ ਨੂੰ ਦਰਸਾਉਂਦਾ ਹੈ। ਜਿਸ ਰਾਹੀਂ ਸਪੱਸ਼ਟ ਤੌਰ ‘ਤੇ ਸਰਕਾਰ ਆਪਣੀਆਂ ਅਸਫਲਤਾਵਾਂ ਦਾ ਠੀਕਰਾ ਬਿਜਲੀ ਖਪਤਕਾਰਾਂ ਦੇ ਸਿਰ ਭੰਨ ਕੇ ਉਨ੍ਹਾਂ ਤੋਂ ਵਾਟਰ ਤੇ ਸੀਵਰੇਜ ਚਾਰਜ ਵਸੂਲਣਾ ਚਾਹੁੰਦੀ ਹੈ।
ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਹਾਲੇ ਤੱਕ ਸਪੱਸ਼ਟ ਨਹੀਂ ਕੀਤਾ ਹੈ ਕਿ ਇਸ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਾਟਰ ਸਪਲਾਈ ਤੇ ਸੀਵਰੇਜ ਪ੍ਰਣਾਲੀ ਲਈ ਲਏ ਜਾਂਦੇ ਪੈਸੇ ਹਟਾ ਲਏ ਜਾਣਗੇ। ਜੇ ਅਜਿਹਾ ਹੋਣਾ ਹੈ, ਤਾਂ ਨਗਰ ਨਿਗਮਾਂ ਦੀ ਕਾਰਜਪ੍ਰਣਾਲੀ ‘ਚ ਹੋਰ ਖੜ੍ਹੋਤ ਆ ਜਾਵੇਗੀ, ਜਿਹੜੀਆਂ ਪਹਿਲਾਂ ਹੀ ਭਾਰੀ ਵਿੱਤੀ ਬੋਝ ਹੇਠਾਂ ਦੱਬੀਆਂ ਹੋਈਆਂ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਨੂੰ ਲਗਭਗ ਹਰ ਚੀਜ਼ ‘ਤੇ ਸੈੱਸ ਲਗਾਉਣ ਲਈ ਯਾਦ ਕੀਤਾ ਜਾਵੇਗਾ, ਭਾਵੇਂ ਉਹ ਚੀਜ਼ ਡੀਜ਼ਲ, ਪਟਰੋਲ, ਬਿਜਲੀ ਜਾਂ ਫਿਰ ਪ੍ਰਾਪਰਟੀ ਟ੍ਰਾਂਸਫਰ ਹੀ ਕਿਉਂ ਨਾ ਹੋਵੇ। ਇਹ ਸਰਕਾਰ ਪਹਿਲਾਂ ਹੀ ਵਿੱਤੀ ਤੌਰ ‘ਤੇ ਨਿਢਾਲ ਹੋ ਚੁੱਕੀ ਹੈ। ਸੈੱਸ ਲਗਾ ਕੇ ਆਮ ਲੋਕਾਂ ‘ਤੇ ਗੈਰ ਜ਼ਰੂਰੀ ਬੋਝ ਪਾ ਰਹੀ ਹੈ।
ਕੈਪਟਨ ਅਮਰਿੰਦਰ ਨੇ ਲੁਧਿਆਣਾ ਤੋਂ ਪਾਰਟੀ ਅਹੁਦੇਦਾਰ ਦੀ ਬੇਰਹਿਮੀ ਨਾਲ ਹੱਤਿਆ ਦੀ ਵੀ ਨਿੰਦਾ ਕੀਤੀ ਹੈ, ਜਿਹੜਾ ਇਕ ਜਿਊਲਰ ਸੀ ਅਤੇ ਉਸਨੂੰ ਵੱਡੀ ਮਾਤਰਾ ‘ਚ ਸੋਨੇ ਦੇ ਗਹਿਣੇ ਲੁੱਟਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਉਸਨੂੰ ਬਰਨਾਲਾ-ਲੁਧਿਆਣਾ ਰੋਡ ‘ਤੇ ਦਿਨ ਦਿਹਾੜੇ ਅਗਵਾ ਕੀਤਾ ਗਿਆ, ਜੋ ਸਾਬਤ ਕਰਦਾ ਹੈ ਕਿ ਪੰਜਾਬ ‘ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਕਿੰਨੀ ਮਾੜੀ ਹੈ।
ਉਨ੍ਹਾਂ ਨੇ ਅਫੋਸਸ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਲੋਕ ਸੂਰਜ ਡੁੱਬਣ ਤੋਂ ਬਾਅਦ ਸੜਕਾਂ ‘ਤੇ ਨਿਕਲਣ ਤੋਂ ਡਰਦੇ ਸਨ, ਹੁਣ ਸੜਕਾਂ ਦਿਨ ਵੇਲੇ ਵੀ ਸੁਰੱਖਿਅਤ ਨਹੀਂ ਰਹੀਆਂ ਹਨ। ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਅਤੇ ਅਰਾਜਕਤਾ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ।

LEAVE A REPLY