ਸਿੱਖਿਆ ਮੰਤਰੀ ਨੇ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਦੀ ਮੀਟਿੰਗ ਸੱਦੀ

1ਲੁਧਿਆਣਾ/ਚੰਡੀਗੜ੍ਹ : ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰਾਂ ਨੂੰ ਉਚਾ ਚੁੱਕਣ ਦੇ ਟੀਚੇ ਲਈ 10ਵੀਂ ਤੇ 12ਵੀਂ ਦੇ ਸਾਲਾਨਾ ਬੋਰਡ ਦੇ ਨਤੀਜਿਆਂ ਵਿੱਚ 80 ਤੋਂ 100 ਫੀਸਦੀ ਫੇਲ੍ਹ ਨਤੀਜੇ ਦੇਣ ਵਾਲੇ ਸੂਬੇ ਦੇ 186 ਅਧਿਆਪਕਾਂ ਦੀ ਮੀਟਿੰਗ ਸੱਦੀ ਹੈ। ਡਾ.ਚੀਮਾ 6 ਜਨਵਰੀ 2016 ਨੂੰ ਮੁਹਾਲੀ ਸਥਿਤ ਵਿਭਾਗ ਦੇ ਮੁੱਖ ਦਫਤਰ ਵਿਖੇ ਇਨ੍ਹਾਂ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਮਾੜੇ ਨਤੀਜਿਆਂ ਦੇ ਕਾਰਨ ਅਤੇ ਇਨ੍ਹਾਂ ਵਿੱਚ ਸੁਧਾਰ ਲਈ ਸੁਝਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਨਗੇ। ਸਿੱਖਿਆ ਮੰਤਰੀ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ 186 ਅਧਿਆਪਕਾਂ ਵਿੱਚ 32 ਅਧਿਆਪਕ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਜ਼ੀਰੋ ਫੀਸਦੀ ਰਿਹਾ ਭਾਵ ਸਾਰੇ ਵਿਦਿਆਰਥੀ ਫੇਲ੍ਹ ਹੋਏ। 4 ਅਧਿਆਪਕਾਂ ਦੇ ਔਸਤਨ 95 ਤੋਂ 99 ਫੀਸਦੀ ਵਿਦਿਆਰਥੀ ਫੇਲ੍ਹ ਹੋਏ, 15 ਅਧਿਆਪਕਾਂ ਦੇ ਔਸਤਨ 90 ਤੋਂ 94 ਵਿਦਿਆਰਥੀ ਫੇਲ੍ਹ ਹੋਏ ਅਤੇ 135 ਅਧਿਆਪਕਾਂ ਦੇ ਔਸਤਨ 80 ਤੋਂ 89 ਫੀਸਦੀ ਵਿਦਿਆਰਥੀ ਫੇਲ੍ਹ ਹੋਏ।
ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ.ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਿੱਖਿਆ ਸੁਧਾਰਾਂ ਦੀ ਲੜੀ ਤਹਿਤ ਸੂਬੇ ਦੇ ਸਮੂਹ ਅਧਿਆਪਕਾਂ ਤੋਂ 10ਵੀਂ ਤੇ 12ਵੀਂ ਦੇ ਪਿਛਲੇ ਪੰਜ ਸਾਲਾਂ ਦੇ ਨਤੀਜੇ ਆਨ ਲਾਈਨ ਮੰਗੇ ਗਏ ਸਨ। ਇਨ੍ਹਾਂ ਪੰਜ ਸਾਲ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਸੰਯੁਕਤ ਡਾਟਾ ਬੇਸ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਹਰ ਅਧਿਆਪਕ ਦੇ ਪੰਜ ਸਾਲਾਂ ਦੇ ਔਸਤਨ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਾੜੇ ਨਤੀਜੇ ਵਾਲੇ ਅਧਿਆਪਕਾਂ ਨੂੰ ਪੜਾਅ ਵਾਰ ਸੱਦਿਆ ਜਾਵੇਗਾ ਅਤੇ ਉਹ ਨਿੱਜੀ ਤੌਰ ‘ਤੇ ਇਨ੍ਹਾਂ ਅਧਿਆਪਕਾਂ ਨਾਲ ਮਿਲ ਕੇ ਮਾੜੇ ਨਤੀਜੇ ਦੇ ਕਾਰਨਾਂ ਅਤੇ ਸੁਝਾਵਾਂ ਬਾਰੇ ਚਰਚਾ ਕਰਨਗੇ ਤਾਂ ਜੋ ਆਉਂਦੇ ਸੈਸ਼ਨਾਂ ਵਿੱਚ ਇਸ ਸਥਿਤੀ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਡਾ.ਚੀਮਾ ਨੇ ਦੱਸਿਆ ਕਿ 50 ਫੀਸਦੀ ਤੋਂ ਘੱਟ ਨਤੀਜੇ ਦੇਣ ਵਾਲੇ ਕੁੱਲ 3017 ਅਧਿਆਪਕ ਹਨ ਭਾਵ ਇਨ੍ਹਾਂ ਅਧਿਆਪਕਾਂ ਦੇ 50 ਫੀਸਦੀ ਤੋਂ ਵੱਧ ਵਿਦਿਆਰਥੀ ਫੇਲ੍ਹ ਹੋਏ ਹਨ। ਉਨ੍ਹਾਂ ਦੱਸਿਆ ਕਿ 80 ਫੀਸਦੀ ਤੋਂ ਵੱਧ ਫੇਲ੍ਹ ਨਤੀਜੇ ਦੇਣ ਵਾਲੇ 186 ਅਧਿਆਪਕਾਂ ਨੂੰ ਪਹਿਲੇ ਪੜਾਅ ਵਿੱਚ 6 ਜਨਵਰੀ ਨੂੰ ਮੀਟਿੰਗ ਲਈ ਸੱਦਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੇ ਅਧਿਆਪਕਾਂ ਨੂੰ ਵਾਰੋ-ਵਾਰੀ ਸੱਦਿਆ ਜਾਵੇਗਾ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਮੁੱਖ ਨਿਸ਼ਾਨਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਹੈ। ਇਸ ਤਹਿਤ ਜਿੱਥੇ ਬੁਨਿਆਦੀ ਢਾਂਚੇ ਸਮੇਤ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਥੇ ਸਿੱਖਿਆ ਦੇ ਮਿਆਰਾਂ ਵਿੱਚ ਸੁਧਾਰ ਲਈ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਨਾਲ ਵਿਚਾਰਾਂ ਕਰ ਕੇ ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਆਉਂਦੇ ਸਮੇਂ ਵਿੱਚ ਇਨ੍ਹਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ।

LEAVE A REPLY