ਬਾਦਲ ਨੇ ਆਪਣਾ ਵਿਕਾਸ ਦਾ ਏਜੰਡਾ ਸਿਰਫ ਲੰਬੀ ਹਲਕੇ ‘ਚ ਹੀ ਲਾਗੂ ਕੀਤੈ : ਚੰਨੀ

7ਸ੍ਰੀ ਚਮਕੌਰ ਸਾਹਿਬ/ਚੰਡੀਗੜ੍ਹ   : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਸ਼ਹੀਦੀ ਜੋੜ ਮੇਲੇ ਮੌਕੇ ਸ੍ਰੀ ਚਮਕੌਰ ਸਾਹਿਬ ਸਥਿਤ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋਂ ਦਿੱਤੇ ਗਏ ਮਹਾਨ ਬਲਿਦਾਨਾਂ ਨੂੰ ਯਾਦ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੇ ਮੁਗਲਾਂ ਖਿਲਾਫ ਲੜਦਿਆਂ ਆਪਣੀਆਂ ਜ਼ਿੰਦਗੀਆਂ ਦਾ ਬਲਿਦਾਨ ਦੇ ਦਿੱਤਾ ਸੀ। ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ, ਵਿਸ਼ਵ ਭਰ ਦੇ ਲੋਕਾਂ ਨੂੰ ਸਿੱਖ ਧਰਮ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਚੰਨੀ ਨੇ ਕਿਹਾ ਕਿ ਜੰਗ ਦੌਰਾਨ ਦੋ ਸਾਹਿਬਜ਼ਾਦਿਆਂ ਵੱਲੋਂ ਦਿੱਤੇ ਮਹਾਨ ਬਲਿਦਾਨ ਕਾਰਨ ਕਾਂਗਰਸ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨਾ ਹੀ ਇਸ ਦਿਨ ਨੂੰ ਮਨਾਇਆ ਹੈ ਤੇ ਨਾ ਹੀ ਸਿਆਸੀ ਕਾਨਫਰੰਸ ਅਯੋਜਿਤ ਕੀਤੀ ਹੈ। ਇਹ ਉਹ ਦਿਨ ਹੈ, ਜਦੋਂ ਪੂਰੀ ਮਨੁੱਖਤਾ ਸ੍ਰੀ ਅਖੰਡ ਪਾਠ ਸਾਹਿਬ ਤੇ ਅਰਦਾਸ ਕਰਵਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਵੱਲੋਂ ਦਿੱਤੇ ਗਏ ਮਹਾਨ ਬਲਿਦਾਨ ਨੂੰ ਯਾਦ ਕਰਦੀ ਹੈ।
ਇਸ ਲੜੀ ਹੇਠ ਅਕਾਲੀ ਭਾਜਪਾ ਸਰਕਾਰ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੇ ਗਏ ਵਿਕਾਸ ਕਾਰਜਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਦੀ ਯਾਦ ‘ਚ ਥੀਮ ਪਾਰਕ ਬਣਾਉਣ ਵਾਸਤੇ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਕੰਮ ਸ਼ੁਰੂ ਹੋ ਚੁੱਕਾ ਸੀ ਅਤੇ ਇਸ ਪਾਰਕ ਦੇ ਵਿਕਾਸ ਲਈ 16 ਕਰੋੜ ਰੁਪਏ ਖਰਚੇ ਜਾ ਚੁੱਕੇ ਸਨ, ਪਰ ਕਰੀਬ ਨੌ ਸਾਲ ਪਹਿਲਾਂ ਸੱਤਾ ‘ਚ ਆਈ ਬਾਦਲ ਸਰਕਾਰ ਨੇ ਥੀਮ ਪਾਰਕ ਪ੍ਰੋਜੈਕਟ ‘ਤੇ ਰੋਕ ਲਗਾ ਦਿੱਤੀ। ਹਾਲੇ ਤੱਕ ਇਹ ਪ੍ਰੋਜੈਕਟ ਹਵਾ ‘ਚ ਲਟਕ ਰਿਹਾ ਹੈ। ਇਹ ਸਾਡੇ ਗੁਰੂਆਂ ਨਾਲ ਅਜਿਹਾ ਵਤੀਰਾ ਅਪਣਾਉਂਦੇ ਹਨ ਅਤੇ ਖੁਦ ਨੂੰ ਪੰਥਕ ਪਾਰਟੀ ਦੱਸਦੇ ਹਨ। ਸਿਰਫ ਇਸ ਕਰਕੇ ਕਿ ਸਥਾਨਕ ਵਿਧਾਇਕ ਕਾਂਗਰਸ ਪਾਰਟੀ ਦਾ ਹੈ ਤੇ ਉਸ ਵੇਲੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਅਕਾਲੀ ਸਰਕਾਰ ਨੇ ਪ੍ਰੋਜੈਕਟ ਉਥੇ ਹੀ ਰੁੱਕਵਾ ਦਿੱਤਾ।
ਚੰਨੀ ਨੇ ਜੋਰ ਦਿੰਦਿਆਂ ਕਿਹਾ ਕਿ ਧਰਮ ਦੇ ਕੇਂਦਰ ਸ੍ਰੀ ਚਮਕੌਰ ਸਾਹਿਬ ਨੂੰ ਸੱਤਾਧਾਰੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ ਕੀਤਾ ਗਿਆ ਹੈ। ਹਲਕੇ ‘ਚ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ, ਪਿਛਲੇ 9 ਸਾਲਾਂ ਤੋਂ ਹਲਕੇ ਨੂੰ ਕੋਈ ਵਿਕਾਸ ਫੰਡ ਨਹੀਂ ਮਿਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਧਿਆਨ ਸਿਰਫ ਲੰਬੀ ਹਲਕੇ ‘ਤੇ ਹੈ। ਜਿਹੜਾ ਸਪੋਰਟਸ ਸਟੇਡਿਅਮ, ਸਿੱਖਿਆ ਨੇਟਵਰਕ, ਰੋਡ ਨੇਟਵਰਕ, ਪਿੰਡਾਂ ਦਾ ਵਿਕਾਸ, ਬਾਦਲ ਨੇ ਆਪਣੇ ਹਲਕੇ ‘ਚ ਕੀਤਾ ਹੈ, ਉਸਦੀ ਸੂਬੇ ਦੇ ਕਿਸੇ ਵੀ ਹਲਕੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਸ੍ਰੀ ਚਮਕੌਰ ਸਾਹਿਬ ਸਥਿਤ ਦਫਤਰ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਥੇ ਸੀਨੀਅਰ ਆਗੂ ਚੌਧਰੀ ਪਿਆਰਾ ਰਾਮ ਵੀ ਕਈ ਸਥਾਨਕ ਆਗੂਆਂ ਦੀ ਮੌਜ਼ੂਦਗੀ ਹੇਠ ਕਾਂਗਰਸ ਪਾਰਟੀ ‘ਚ ਮੁੜ ਸ਼ਾਮਿਲ ਹੋਏ।

LEAVE A REPLY