ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਐਨ.ਐਚ-30 ਉਤੇ ਦੀਦਾਰਗੰਜ ਤੋਂ ਲੈ ਕੇ ਕੰਗਣ ਘਾਟ ਤੱਕ ਚਾਰ ਕਿਲੋਮੀਟਰ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਬਿਹਾਰ ਸਰਕਾਰ ਲਈ 600 ਕਰੋੜ ਰੁਪਏ ਮਨਜ਼ੂਰ ਕਰਨ ਵਾਸਤੇ ਕੇਂਦਰੀ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਦੇ ਸਿੱਧੇ ਤੇ ਨਿੱਜੀ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਮਾਰੋਹ ਮਨਾਉਣ ਲਈ ਲੱਖਾਂ ਲੋਕ ਪਟਨਾ ਸਾਹਿਬ ਵਿਖੇ ਬਿਨਾਂ ਕਿਸੇ ਦਿੱਕਤ ਤੋਂ ਪਹੁੰਚ ਸਕਣ।
ਮੁੱਖ ਮੰਤਰੀ ਨਾਲ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਸਨ ਜੋ ਅੱਜ ਦੁਪਿਹਰ ਸ੍ਰੀ ਗਡਕਰੀ ਨੂੰ ਪਾਰਲੀਮੈਂਟ ਹਾਊਸ ਵਿਖੇ ਸਥਿਤ ਉਨ੍ਹਾਂ ਦੇ ਦਫਤਰ ਵਿਚ ਮਿਲੇ।
ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨੂੰ ਸ. ਬਾਦਲ ਨੇ ਦੱਸਿਆ ਕਿ ਪੰਜਾਬ ਅਤੇ ਬਿਹਾਰ ਸਰਕਾਰਾਂ ਦਸੰਬਰ 2016, ਤੋਂ ਜਨਵਰੀ, 2017 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਇਕ ਇਤਿਹਾਸਕ ਸਮਾਰੋਹ ਵਜੋਂ ਮਨਾਉਣ ਲਈ ਵੱਡੀ ਪੱਧਰ ‘ਤੇ ਤਿਆਰੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਵੱਡੀ ਪੱਧਰ ਉਤੇ ਸੰਗਤਾਂ ਪਟਨਾ-ਬਖਤਿਆਰਪੁਰ (ਐਨ.ਐਚ-30) ਸੜਕ ਰਾਹੀਂ ਇਸ ਸਮਾਰੋਹ ਵਿਚ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਲਈ ਜਿਹੜਾ ਆਰਜ਼ੀ ਤੌਰ ‘ਤੇ ‘ਗੋਬਿੰਦ ਨਗਰ’ ਬਣਾਇਆ ਜਾ ਰਿਹਾ ਹੈ, ਉਹ ਗੰਗਾ ਨਦੀ ਦੇ ਕਿਨਾਰੇ ਦੇ ਨਾਲ ਹੈ। ਇਸ ਕਰਕੇ ਦੀਦਾਰਗੰਜ ਤੋਂ ਲੈ ਕੇ ਕੰਗਣ ਘਾਟ ਤੱਕ ਚਾਰ ਕਿਲੋਮੀਟਰ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸ. ਬਾਦਲ ਨੇ ਇਹ ਵੀ ਦੱਸਿਆ ਕਿ ਗੰਗਾ ਨਦੀ ਦੇ ਕਿਨਾਰਿਆਂ ਦੇ ਨਾਲ ਅਜਿਹੀ ਕਿਸਮ ਦੀ ਮਿੱਟੀ ਹੈ ਜਿਸ ਦੇ ਨਤੀਜੇ ਵਜੋਂ ਚਾਰ ਮਾਰਗੀ ਸੜਕ ਬਣਾਉਣ ਲਈ ਪ੍ਰਤੀ ਇਕ ਕਿਲੋਮੀਟਰ ਦੀ ਲਾਗਤ ਅੰਦਾਜ਼ਨ 150 ਕਰੋੜ ਰੁਪਏ ਆਵੇਗੀ ਅਤੇ ਇਹ ਪੂਰੀ ਸੜਕ ਬਣਾਉਣ ਲਈ ਇਸ ਦਾ ਕੁਲ ਖਰਚਾ 600 ਕਰੋੜ ਰੁਪਏ ਹੋਵੇਗਾ।
ਵਿਚਾਰ ਚਰਚਾ ਨੂੰ ਸਮੇਟਦੇ ਹੋਏ ਸ੍ਰੀ ਗਡਕਰੀ ਨੇ ਮੁੱਖ ਮੰਤਰੀ ਦੀ ਮੰਗ ਪ੍ਰਤੀ ਹਾਂ ਪਖੀ ਹੁੰਗਾਰਾ ਭਰਿਆ ਅਤੇ ਕਿਹਾ ਕਿ ਉਹ ਇਸ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਮੰਤਰਾਲੇ ਰਾਹੀਂ ਸਮੁੱਚੇ ਪ੍ਰਾਜੈਕਟ ਦਾ ਛੇਤੀ ਹੀ ਜਾਇਜ਼ਾ ਕਰਵਾਉਣਗੇ।
ਬਾਅਦ ਵਿਚ ਮੁੱਖ ਮੰਤਰੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਉਨ੍ਹਾਂ ਦੇ ਪਾਰਲੀਮੈਂਟ ਹਾਊਸ ਵਿਚ ਸਥਿਤ ਦਫਤਰ ਵਿਚ ਮਿਲੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵੇਂ ਪ੍ਰਕਾਸ਼ ਉਤਸਵ ਮਨਾਉਣ ਲਈ ਉਨ੍ਹਾਂ ਨੂੰ ਅਗਲੇ ਕੇਂਦਰੀ ਬਜਟ ਵਿਚ ਵਿਸ਼ੇਸ਼ ਬਜਟ ਵਿਵਸਥਾ ਕਰਨ ਲਈ ਜ਼ੋਰ ਪਾਇਆ।
ਸ. ਬਾਦਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਨੂੰ ਵੀ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ ਜੋ ਕਿ ਇਕ ਸ਼ਿਸ਼ਟਾਚਾਰ ਮਿਲਣੀ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਲਵੇ ਬੋਰਡ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਮਿੱਤਲ ਨੂੰ ਪਾਰਲੀਮੈਂਟ ਹਾਊਸ ਵਿਚ ਸਥਿਤ ਕੇਂਦਰੀ ਰੇਲਵੇ ਮੰਤਰੀ ਦੇ ਦਫਤਰ ਵਿਖੇ ਮਿਲੇ ਅਤੇ ਪਟਨਾ ਵਿਖੇ ਬਹੁਤ ਸਾਰੇ ਰੇਲਵੇ ਕੰਮਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਿੱਧੇ ਦਖਲ ਦੀ ਮੰਗ ਕੀਤੀ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਹੋਣ ਵਾਲੇ ਸਮਾਰੋਹ ਵਿਚ ਲੱਖਾਂ ਸ਼ਰਧਾਲੂ ਬਿਨਾਂ ਕਿਸੇ ਦਿੱਕਤ ਤੋਂ ਇਸ ਸਮਾਰੋਹ ਵਿਚ ਸ਼ਾਮਲ ਹੋ ਸਕਣ।
ਰੇਲਵੇ ਮੰਤਰਾਲੇ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਕਿ ਪਟਨਾ ਸਾਹਿਬ ਅਤੇ ਪਟਨਾ ਘਾਟ ਰੇਲਵੇ ਸਟੇਸ਼ਨਾਂ ਦਾ ਪਹਿਲ ਦੇ ਅਧਾਰ ਉਤੇ ਪੱਧਰ ਉੱਚਾ ਕੀਤਾ ਜਾਵੇ ਕਿਉਂਕਿ ਬਹੁਮਤ ਸ਼ਰਧਾਲੂ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਇਥੇ ਆਉਣਗੇ।
ਮੁੱਖ ਮੰਤਰੀ ਨੇ ਚੇਅਰਮੈਨ ਨੂੰ ਦੱਸਿਆ ਕਿ ਰੇਵਲੇ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਇਸ ਵੇਲੇ ਸਿਰਫ ਪਟਨਾ ਸਾਹਿਬ ਸਟੇਸ਼ਨ ‘ਤੇ ਹੀ ਉਤਰਨ ਦੀ ਸਹੂਲਤ ਉਪਲਬੱਧ ਹੈ। ਪਟਨਾ ਸ਼ਹਿਰ ਦੇ ਮੌਜੂਦਾ ਵਿਸਥਾਰ ਦੇ ਕਾਰਨ ਵੱਡੀ ਗਿਣਤੀ ਸ਼ਰਧਾਲੂਆਂ ਦਾ ਸਮਾਰੋਹ ਵਾਲੇ ਸਥਾਨ ਉਤੇ ਪਹੁੰਚਣਾ ਸੰਭਵ ਨਹੀਂ ਹੈ ਜੋ ਕਿ ਗੰਗਾ ਨਦੀ ਦੇ ਕਿਨਾਰੇ ਉਤੇ ਬਣਾਇਆ ਗਿਆ ਹੈ। ਇਸ ਦਾ ਇਹੋ ਹੱਲ ਹੈ ਕਿ ਰੇਲ ਪਟਨਾ ਘਾਟ ਰੇਲਵੇ ਸਟੇਸ਼ਨ ਉਤੇ ਪਹੁੰਚੇ। ਪਟਨਾ ਸਾਹਿਬ ਟਰਮਿਨਲ ਤੋਂ ਪਟਨਾ ਘਾਟ ਰੇਲਵੇ ਸਟੇਸ਼ਨ ਤੱਕ ਦੀ ਰੇਲ ਪੱਟਰੀ ਬਹੁਤ ਜ਼ਿਆਦਾ ਪੁਰਾਣੀ ਤੇ ਖਸਤਾ ਹਾਲਤ ਵਿਚ ਹੈ।
ਮੁੱਖ ਮੰਤਰੀ ਦੇ ਨਾਲ ਸ਼ਾਮਲ ਵਫਦ ਵਿਚ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਬਲਵਿੰਦਰ ਸਿੰਘ ਭੂੰਦੜ, ਸ੍ਰੀ ਨਰੇਸ਼ ਗੁਜਰਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਸਨ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਵੀ ਸਨ।