ਹੁਸ਼ਿਆਰਪੁਰ : ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂਵਾਲੀ ਵਿਖੇ ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ। ਇਸ ਤੋਂ ਪਹਿਲਾਂ ਸਕੂਲ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਰਾਜਵੀਰ ਕੌਰ ਅਤੇ ਸਰਪੰਚ ਤਰਸੇਮ ਲਾਲ ਨੇ ਸ੍ਰੀ ਸੂਦ ਦਾ ਸਵਾਗਤ ਕੀਤਾ। ਸਮਾਗਮ ਵਿੱਚ ਮੇਅਰ ਨਗਰ ਨਿਗਮ ਸ਼ਿਵ ਸੂਦ ਅਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਕਈ ਖੇਤਰਾਂ ਵਿੱਚ ਮੱਲ੍ਹਾਂ ਮਾਰੀਆਂ ਹਨ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਲ੍ਹੇ ਦੇ ਵਿੱਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਲਈ ਮੈਰੀਟੋਰੀਅਸ ਅਤੇ ਆਦਰਸ਼ ਸਕੂਲ ਖੋਲ੍ਹੇ ਗਏ ਹਨ, ਇਨ੍ਹਾਂ ਸਕੂਲਾਂ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ 80 ਪ੍ਰਤੀਸ਼ਤ ਤੋਂ ਵੱਧ ਨੰਬਰ ਹਾਸਲ ਕੀਤੇ ਹੁੰਦੇ ਹਨ। ਸਕੂਲ ਦੀ ਪ੍ਰਗਤੀ ਰਿਪੋਰਟ ਅਨੁਸਾਰ ਹੁਣ ਤੱਕ ਕਈ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਨੂੰ ਵੱਧ ਅੰਕ ਪ੍ਰਾਪਤ ਕੀਤੇ ਹਨ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਾਇਵੇਟ ਸਕੂਲਾਂ ਦੇ ਮੁਕਾਬਲੇ ਹੋਣਹਾਰ ਵਿਦਿਆਰਥੀ ਸਖਤ ਮਿਹਨਤ ਕਰਕੇ ਮੱਲ੍ਹਾਂ ਮਾਰ ਰਹੇ ਹਨ। ਪੰਜਾਬ ਸਰਕਾਰ ਦੀ ਵੀ ਇਹੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੀ ਉਹ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ ਜੋ ਮਹਿੰਗੇ ਸਕੂਲਾਂ ਵਿੱਚ ਮਿਲਦਾ ਹੈ। ਦੁਪਹਿਰ ਦੇ ਖਾਣੇ, ਵਰਦੀਆਂ, ਸਕਿੱਲ ਡਿਵੈਲਪਮੈਂਟ, ਖੇਡਾਂ ਦਾ ਸਮਾਨ ਤੋਂ ਇਲਾਵਾ ਲਾਇਬ੍ਰੇਰੀਆਂ ਸਮੇਤ ਹਰ ਪ੍ਰਕਾਰ ਦੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ। ਹਰ ਇੱਕ ਵਿਸ਼ੇ ਦੇ ਮਾਹਿਰ ਅਧਿਆਪਕ ਸਕੂਲਾਂ ਵਿੱਚ ਨਿਯੁਕਤ ਕੀਤੇ ਗਏ ਹਨ ਜੋ ਆਪਣੇ ਵਿਸ਼ੇ ‘ਤੇ ਪੂਰੀ ਪਕੜ ਰੱਖਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਆਪਕਾਂ ਦੇ ਦਰਸਾਏ ਰਾਹ ‘ਤੇ ਤੁਰਦਿਆਂ ਸਖਤ ਮਿਹਨਤ ਕਰਦੇ ਹੋਏ ਆਪਣਾ ਭਵਿੱਖ ਸਵਾਰਨ।
ਇਸ ਮੌਕੇ ‘ਤੇ ਜਿਲ੍ਹਾ ਸਕੱਤਰ ਭਾਜਪਾ ਸਤੀਸ਼ ਬਾਵਾ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਕੌਂਸਲਰ ਨਿਪੁੰਨ ਸ਼ਰਮਾ, ਰਮੇਸ਼ ਠਾਕਰ ਮੇਸ਼ੀ, ਵਾਈਸ ਚੇਅਰਮੈਨ ਬਲਾਕ ਸੰਮਤੀ ਸੰਤੋਖ ਸਿੰਘ, ਜਨਰਲ ਸਕੱਤਰ ਦਿਹਾਤੀ ਚੰਦਰ ਸ਼ੇਖਰ ਤਿਵਾੜੀ, ਦਿਹਾਤੀ ਮੰਡਲ ਪ੍ਰਧਾਨ ਰਾਜ ਕੁਮਾਰ, ਵਿਪਨ ਵਾਲੀਆ, ਰਾਮ ਦੇਵ ਯਾਦਵ, ਸਰਪੰਚ ਅਨੰਦਗੜ੍ਹ ਅਮਰਜੀਤ ਕੌਰ, ਪੰਚ ਸੁਨੀਤਾ ਰਾਣੀ, ਸਤਨਾਮ ਸਿੰਘ, ਰਾਵਲ ਸਿੰਘ, ਅਨੰਦ ਰਾਜ ਅਤੇ ਸਮੂਹ ਸਟਾਫ਼ ਸਮੇਤ ਪਿੰਡ ਵਾਸੀ ਵੀ ਮੌਜੂਦ ਸਨ।