ਪਾਕਿਸਤਾਨ ਦੀ ਸਿੱਖ ਸਿਆਸਤ ‘ਚ ਜ਼ਬਰਦਸਤ ਧਮਾਕਾ, ਮਸਤਾਨ ਸਿੰਘ ਗ੍ਰਿਫਤਾਰ

2ਲਾਹੌਰ- ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੀ ਸ਼ਿਕਾਇਤ ‘ਤੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਨੂੰ ਨਨਕਾਣਾ ਸਾਹਿਬ ਪੁਲਸ ਨੇ ਗੈਰ ਜ਼ਮਾਨਤੀ ਧਾਰਾ ਤਹਿਤ ਗ੍ਰਿਫਤਾਰ ਕਰ ਲਿਆ ਹੈ। ਮਸਤਾਨ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਸਿਟੀ ਪੁਲਸ ਸਟੇਸ਼ਨ ਦਾ ਘਿਰਾਓ ਕੀਤਾ ਤੇ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। ਮਸਤਾਨ ਸਿੰਘ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਬੀ. ਪੀ.) ਖਿਲਾਫ ਸੁਪਰੀਮ ਕੋਰਟ ‘ਚ ਆਵਾਜ਼ ਬੁਲੰਦ ਕੀਤੀ ਸੀ ਤੇ ਈ. ਟੀ. ਬੀ. ਪੀ. ਗੁਰਦੁਆਰਿਆਂ ਦੀ ਪ੍ਰਾਪਰਟੀ ਨੂੰ ਲੈ ਕੇ ਮਸਤਾਨ ਸਿੰਘ ਵਲੋਂ ਕੀਤੇ ਗਏ ਕੇਸਾਂ ਦੇ ਚਲਦਿਆਂ ਉਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਸੀ। ਮਸਤਾਨ ਸਿੰਘ ਵਲੋਂ ਸੁਪਰੀਮ ਕੋਰਟ ‘ਚ ਈ. ਟੀ. ਬੀ. ਪੀ. ਨੂੰ ਮੂੰਹ ਦੀ ਖਾਣੀ ਪਈ ਸੀ ਤੇ ਇਕ ਕੇਸ ‘ਚ ਸੁਪਰੀਮ ਕੋਰਟ ਨੇ ਈ. ਟੀ. ਬੀ. ਪੀ. ਨੂੰ ਦੋ ਵੱਖ-ਵੱਖ ਮਾਮਲਿਆਂ ‘ਚ ਜੁਰਮਾਨਾ ਕੀਤਾ ਸੀ।
ਇਕ ਹੋਰ ਮਾਮਲੇ ‘ਚ ਸੁਪਰੀਮ ਕੋਰਟ ਦੇ ਹੁਕਮ ‘ਤੇ ਈ. ਟੀ. ਬੀ. ਪੀ. ਨੂੰ ਸਿੱਖਾਂ ਦੀ 248 ਜ਼ਮੀਨ ਛੱਡਣੀ ਪਈ ਸੀ। ਮਸਤਾਨ ਸਿੰੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਸ਼ਹਿਰ ‘ਚ ਨਗਰ ਕੀਰਤਨ ਕੱਢਿਆ ਸੀ। ਪਾਕਿਸਤਾਨ ਸਰਕਾਰ ਨੇ 2003 ਤੋਂ ਸ਼ਹਿਰ ‘ਚ ਨਗਰ ਕੀਰਤਨ ਕੱਢਣ ‘ਤੇ ਰੋਕ ਲਗਾਈ ਹੋਈ ਹੈ ਪਰ ਪਾਬੰਦੀ ਦੇ ਬਾਵਜੂਦ ਨਗਰ ਕੀਰਤਨ ਕੱਢਿਆ ਗਿਆ, ਜਿਸ ਦੇ ਚਲਦਿਆਂ ਉਹ ਪਾਕਿਸਤਾਨ ਪੁਲਸ ਦੇ ਨਿਸ਼ਾਨੇ ‘ਤੇ ਸਨ। ਇਸ ਵਿਚਾਲੇ ਸ਼ਾਮ ਸਿੰਘ ਵਲੋਂ ਗੁਰਦੁਆਰੇ ‘ਚ ਭੰਨ-ਤੋੜ ਦੀ ਸ਼ਿਕਾਇਤ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ‘ਤੇ ਦੇਸ਼ ਨਾਲ ਬਗਾਵਤ ਕਰਨ ਦੀ ਧਾਰਾ 123 ਏ ਵੀ ਜੋੜ ਦਿੱਤੀ। ਇਸ ਧਾਰਾ ਤਹਿਤ 10 ਸਾਲ ਦੀ ਸਜ਼ਾ ਨਿਯਮ ਹੈ ਤੇ ਪਾਕਿਸਤਾਨ ਦੀ ਹਕੂਮਤ ਨੂੰ ਚੁਣੌਤੀ ਦੇਣ ਵਾਲਿਆਂ ‘ਤੇ ਇਹ ਧਾਰਾ ਲਗਾਈ ਜਾਂਦੀ ਹੈ।

LEAVE A REPLY