gurbachan
ਪੰਜਾਬ ਹੀਰਿਆਂ ਦੀ ਧਰਤੀ ਹੈ। ਵੇਦਾਂ ਦੇ ਰਚਨਾਕਾਰ ਰਿਸ਼ੀਆਂ ਤੋਂ ਲੈ ਕੇ ਪੰਜਾਬ ਦਾ ਇਤਿਹਾਸ ਬੇਮਿਸਾਲ ਮਹਾਂਪੁਰਸ਼ਾਂ ਦੀ ਅਟੁੱਟ ਲੜੀ ਹੈ। ਅਜੋਕਾ ਮਨੁੱਖੀ ਸਮਾਜ ਕਿੰਨਾ ਵੀ ਨਿੱਘਰ ਰਿਹਾ ਹੋਵੇ, ਪੰਜਾਬ ਨੇ ਹੀਰੇ ਮਨੁੱਖ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆਈ ਨਹੀਂ। ਸਰਵਣ ਸਿੰਘ ਨੇ ਵਰਤਮਾਨ ਖ਼ਜ਼ਾਨੇ ਵਿਚੋਂ ਜਿਹੜੇ ਨੌਂ ਹੀਰਿਆਂ ਦੀ ਚੋਣ ਕੀਤੀ ਹੈ, ਉਹ ਇੱਕ ਤੋਂ ਵਧ ਕੇ ਇੱਕ ਤਾਬਦਾਰ ਹਨ।
ਡਾ. ਸਰਦਾਰਾ ਸਿੰਘ ਜੌਹਲ ਮੰਨਿਆ-ਪ੍ਰਮੰਨਿਆ ਅਰਥ-ਸ਼ਾਸਤਰੀ ਹੋਣ ਦੇ ਨਾਲ ਨਾਲ ਸਾਹਿਤ-ਸਭਿਆਚਾਰ ਦਾ ਰਸੀਆ ਵੀ ਹੈ ਤੇ ਸਰਪ੍ਰਸਤ ਵੀ। ਸਮਰੱਥਾ ਏਨੀ ਕਿ ਸਾਡੀ ਕਿਸੇ ਪੰਜਾਬ ਸਰਕਾਰ ਨੇ ਉਹਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਨਹੀਂ ਦਿਖਾਈ। ਕਾਬਲੀਅਤ ਵੱਡੀ, ਸਰਕਾਰਾਂ ਦੇ ਭਾਂਡੇ ਛੋਟੇ! ਕਰਨੈਲ ਸਿੰਘ ਪਾਰਸ ਕਵੀਸ਼ਰਾਂ ਦਾ ਕਰਨੈਲ ਤਾਂ ਸੀ ਹੀ, ਅੰਧਵਿਸ਼ਵਾਸ, ਜਹਾਲਤ ਤੇ ਸਮਾਜਕ ਪਿਛਲਖੁਰਤਾ ਦਾ ਕੱਟੜ ਵਿਰੋਧੀ ਜੋ ਸਾਰੀ ਉਮਰ ਭਵਿੱਖਮੁਖੀ, ਲੋਕ-ਹਿਤੈਸ਼ੀ, ਅੱਗੇਵਧੂ ਸੋਚ ਦਾ ਪਾਰਸ ਬਣ ਕੇ ਕਬੀਰ ਜੀ ਦੇ ਵਚਨ ”ਪਾਰਸੁ ਪਰਸਿ ਲੋਹਾ ਕੰਚਨੁ ਸੋਈ” ਉੱਤੇ ਪੂਰਾ ਉਤਰਦਿਆਂ ਸਰੋਤਿਆਂ ਦੀ ਹਨੇਰੀ ਸੋਚ ਵਿੱਚ ਦੀਵੇ ਬਾਲ ਕੇ ਕੰਚਨ ਬਣਨ ਦੇ ਰਾਹ ਪਾਉਂਦਾ ਰਿਹਾ। ਜਸਵੰਤ ਸਿੰਘ ਕੰਵਲ ਜੋ ਸਰਵਣ ਸਿੰਘ ਦੀ ਤੇ ਮੇਰੀ ਪੀੜ੍ਹੀ ਦੇ ਸਾਹਿਤਕ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੋਂ ਸ਼ਬਦ-ਸਮਰਾਟ ਬਣਿਆ ਹੋਇਆ ਹੈ। ਅਸੀਂ ਸਾਹਿਤ ਦਾ ੳ-ਅ ਸਿੱਖ ਰਹੇ ਸੀ ਤਾਂ ਉਹਦਾ ਕੰਵਲ-ਫੁੱਲ ਸਾਹਿਤ-ਸਰੋਵਰ ਵਿੱਚ ਪੂਰਾ ਖਿੜਿਆ ਹੋਇਆ ਸੀ ਤੇ ਉਹਦੀ ਪੂਰਨਮਾਸੀ ਦੀ ਚਾਨਣੀ ਨਾਲ ਪੰਜਾਬੀ ਸਾਹਿਤ ਦਾ ਵਿਹੜਾ ਚਾਂਦੀ-ਰੰਗਾ ਹੋਇਆ ਪਿਆ ਸੀ। ਉਹਤੋਂ ਮਗਰੋਂ ਤੁਰੇ ਅਨੇਕ ਸਾਹਿਤ-ਯਾਤਰੀ ਹਫ਼-ਹੰਭ ਗਏ, ਪਰ ਉਹਦੀ ਪੁਲਾਂਘ ਪਹਿਲਾਂ ਜਿੰਨੀ ਹੀ ਲੰਮੀ ਹੈ।
ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿਤ-ਸਭਿਆਚਾਰ ਦਾ ਬੇਮਿਸਾਲ ਕਦਰਦਾਨ ਤੇ ਰਖਵਾਲਾ ਸੀ, ਸੱਚੇ ਅਰਥਾਂ ਵਿੱਚ ਜਥੇਦਾਰ। ਸਰਵਣ ਸਿੰਘ ਦਾ ਉਹਦੇ ਲਈ ਵਰਤਿਆ ਕਥਨ ”ਸਭਿਆਚਾਰਕ ਮੇਲਿਆਂ ਦਾ ਮੋਹੜੀਗੱਡ” ਉਸ ਬਾਰੇ ਬਹੁਤ ਕੁਝ ਦਸਦਾ ਹੈ। ਮਸਤ-ਮਲੰਗ ਫ਼ੱਕਰ ਸੁਭਾਅ! ਦਿਲ ਵੀ ਖੁੱਲ੍ਹਾ, ਜੇਬ੍ਹ ਵੀ ਖੁੱਲ੍ਹੀ! ਲੁਧਿਆਣੇ ਮੈਂ ਇੱਕ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਜੱਸੋਵਾਲ ਨੂੰ ਮੇਰੇ ਆਉਣ ਦਾ ਪਤਾ ਲਗਿਆ ਤਾਂ ਆਵਦੇ ਚੇਲੇ-ਬਾਲਕੇ ਨਿੰਦਰ ਘੁਗਿਆਣਵੀ ਨੂੰ ਕਹਿੰਦਾ, ”ਭੁੱਲਰ, ਪਤਾ ਨਹੀਂ ਕਿਵੇਂ, ਹੁਣ ਤਕ ਆਪਣੀ ਮਾਰ ਤੋਂ ਪਾਸੇ ਹੀ ਰਹਿ ਗਿਆ। ਬੰਦੇ ਇਕੱਠੇ ਕਰ ਲਈਂ, ਆਪਾਂ ‘ਮੋਹਨ ਸਿੰਘ ਪੁਰਸਕਾਰ’ ਨਾਲ ਉਹਦਾ ਆਦਰ-ਮਾਣ ਜ਼ਰੂਰ ਕਰਨਾ ਹੈ।” ਮੋਹਨ ਸਿੰਘ ਦੀ ਸ਼ੀਸ਼ੇ-ਜੜੀ ਤਸਵੀਰ, ਲੋਈ, ਮਾਣ-ਪੱਤਰ ਤੇ ਇਕਵੰਜਾ ਸੌ ਰੁਪਏ। ਮੈਂ ਅਜੇ ਗਲ਼ ਵਿੱਚੋਂ ਲਾਹ ਕੇ ਲੋਈ ਤਹਿ ਹੀ ਕਰ ਰਿਹਾ ਸੀ ਕਿ ਬੋਲਿਆ, ”ਤੁਸੀਂ ਆਏ ਕਿਵੇਂ ਹੋ?” ਮੇਰੇ ਟੈਕਸੀ ਦੱਸਿਆਂ ਹੱਥ ਫ਼ੇਰ ਜੈਕਟ ਦੀ ਅੰਦਰਲੀ ਜੇਬ੍ਹ ਵਿੱਚ ਪਾ ਲਿਆ, ”ਟੈਕਸੀ ਦੇ ਤਾਂ ਦਿੱਲੀਓਂ ਖ਼ਾਸੇ ਪੈਸੇ ਲੱਗ ਜਾਂਦੇ ਨੇ!” ਮੈਂ ਬੜੀ ਮੁਸ਼ਕਲ ਨਾਲ ਉਹਦਾ ਹੱਥ ਜੇਬ੍ਹ ਵਿੱਚੋਂ ਕੱਢਿਆ। ਅਜਿਹਾ ਦਿਲਦਾਰ ਬੰਦਾ ਸੀ ਆਪਣਾ ਜੱਸੋਵਾਲ!
ਜਰਨੈਲ ਸਿੰਘ ਜਿਸ ਦੀ ਫ਼ੁੱਟਬਾਲ ਦੀ ਦਹਾਕਾ ਲੰਮੀ ਜਰਨੈਲੀ ਦਾ ਕੋਈ ਜਵਾਬ ਨਹੀਂ। ਹੁਣ ਕਾਂਸੀ ਦਾ ਮੈਡਲ ਮਿਲੇ ਤੋਂ ਧੰਨ ਧੰਨ ਕਰਨ ਵਾਲੇ ਦੇਸ ਦੀ ਝੋਲ਼ੀ ਗੋਲਡ-ਮੈਡਲ ਪਾਉਂਦਾ ਰਿਹਾ। ਆਪਣੇ ਪਿੰਡ ਦੀ ਮਿੱਟੀ ਦਾ ਪੁੱਤਰ ਜੀਹਦੇ ਪੈਰ ਦੇ ਹੁਲਾਰੇ ਨਾਲ ਅੰਬਰ ਵੱਲ ਉੱਡੀ ਬਾਲ ਨੂੰ ਜੱਗ ਹੈਰਾਨ ਹੋ ਹੋ ਵੇਖਦਾ ਪਰ ਜੀਹਨੇ ਆਪਣੀ ਹਉਂ ਬਾਲ ਦੇ ਪਿੱਛੇ ਪਿੱਛੇ ਅੰਬਰੀਂ ਚਾੜ੍ਹਨ ਦੀ ਥਾਂ ਨਿਮਰਤਾ ਦਾ ਪੱਲਾ ਘੁੱਟ ਕੇ ਫ਼ੜੀ ਰਖਦਿਆਂ ਪੈਰਾਂ ਨੂੰ ਮਜ਼ਬੂਤੀ ਨਾਲ ਧਰਤੀ ਉੱਤੇ ਜਮਾਈ ਰੱਖਿਆ। ਉਲੰਪਿਕ ਜਾਂ ਏਸ਼ੀਆਈ ਮੈਚ ਖੇਡ ਕੇ ਪਿੰਡ ਮੁੜਦਾ ਤਾਂ ਪਿੰਡ ਦੀ ਟੀਮ ਵਿੱਚ ਜਲ ਵਿੱਚ ਮੱਛੀ ਵਾਂਗ ਇਉਂ ਰਲ਼ ਜਾਂਦਾ ਜਿਵੇਂ ਕਦੀ ਪਿੰਡੋਂ ਬਾਹਰ ਨਾ ਨਿਕਲਿਆ ਇੱਕ ਸਾਧਾਰਨ ਖਿਡਾਰੀ ਹੋਵੇ!
ਜੇ ਰੋਮ ਰੋਮ ਪੰਜਾਬੀ ਦੀ ਮਿਸਾਲ ਦੇਣੀ ਹੋਵੇ, ਆਪਣੇ ਦਾਰਾ ਸਿੰਘ ਦਾ ਨਾਂ ਲੈ ਦਿਉ। ਇੱਕ-ਤਿਹਾਈ ਸਦੀ ਤੋਂ ਕੁਝ ਵੱਧ ਸਮੇਂ ਵਿੱਚ ਪੰਜ ਸੈਂਕੜੇ ਕੁਸ਼ਤੀਆਂ ਲੜ ਕੇ ਉਹ ਮੁਰਾਤਬਾ ਹਾਸਲ ਕੀਤਾ ਕਿ ਆਪਣੀ ਤਾਕਤ ਦੀ ਗੱਲ ਕਰਨ ਵਾਲੇ ਨੂੰ ਲੋਕ ਆਖਦੇ, ਤੂੰ ਕਿਧਰਲਾ ਆ ਗਿਆ ਦਾਰਾ ਪਹਿਲਵਾਨ! ਉਹਦੇ ਨਾਂ ਦਾ ਲਾਹਾ ਲੈਣ ਵਾਸਤੇ ਫ਼ਿਲਮਾਂ ਵਾਲਿਆਂ ਨੇ ਪਲੋਸ ਲਿਆ ਤਾਂ ਅੱਧੀ ਸਦੀ ਤੋਂ ਕੁਝ ਵੱਧ ਸਮੇਂ ਵਿੱਚ ਡੇਢ ਸੌ ਫ਼ਿਲਮਾਂ ਕਰ ਲੈਣ ਮਗਰੋਂ ਵੀ ਸੁੰਦਰਤਾ ਦੇ ਛਲਕਦੇ ਸਾਗਰ ਵਿਚਕਾਰ ਉਹੋ ਜਤੀ-ਸਤੀ ”ਦਾਰਾ ਜੀ” ਰਿਹਾ। ਰੂਪਨਗਰੀ ਵਿੱਚ ਸ਼ਰਾਫ਼ਤ ਦੀਆਂ ਜੋ ਇਕਾ-ਦੁੱਕਾ ਮਿਸਾਲਾਂ ਸਹੁੰ ਖਾਣ ਲਈ ਕਾਇਮ ਰਹੀਆਂ, ਉਹਨਾਂ ਦਾ ਮੋਹਰੀ। ਉਹਦੀ ਪੰਜਾਬੀਅਤ ਦਾ ਤਾਂ ਕਹਿਣਾ ਹੀ ਕੀ। ਫ਼ਿਲਮਾਂ ਵਾਲਿਆਂ ਨੇ ਬੇਨਤੀਆਂ ਦੇ ਬਾਵਜੂਦ ਪੰਜਾਬੀ ਵਿੱਚ ਹਿੰਦੀ-ਉਰਦੂ ਬੋਲਦਾ ਦੇਖ ਉਹਨੂੰ ਸ਼ੁੱਧ ਹਿੰਦੀ-ਉਰਦੂ ਸਿਖਾਉਣ ਵਾਸਤੇ ਉਸਤਾਦ ਦਾ ਪ੍ਰਬੰਧ ਕਰ ਦਿੱਤਾ। ਸਿਖਲਾਈ ਦਾ ਸਮਾਂ ਪੂਰਾ ਹੋਇਆ ਤਾਂ ਦਾਰਾ ਸਿੰਘ ਤਾਂ ਹਿੰਦੀ-ਉਰਦੂ ਪਹਿਲਾਂ ਵਾਂਗ ਹੀ ਪੰਜਾਬੀ ਵਿੱਚ ਬੋਲ ਰਿਹਾ ਸੀ ਪਰ ਗ਼ੈਰ-ਪੰਜਾਬੀ ਉਸਤਾਦ ਹਿੰਦੀ-ਉਰਦੂ ਭੁੱਲ ਕੇ ਸ਼ੁੱਧ ਪੰਜਾਬੀ ਬੋਲਣ ਲੱਗ ਪਿਆ ਸੀ!
ਫ਼ੌਜਾ ਸਿੰਘ ਇੱਕ ਸਦੀ ਪਹਿਲਾਂ ਦੀ ਪੰਜਾਬੀ ਪੀੜ੍ਹੀ ਦੇ ਦਰਸ਼ਨ ਕਰਵਾਉਣ ਵਾਲਾ ਭੋਲਾ-ਭਾਲਾ, ਜਜ਼ਬਾਤੀ, ਵਲ਼-ਛਲ ਤੋਂ ਮੁਕਤ, ਫ਼ੱਕਰ-ਫ਼ਕੀਰ ਬਜ਼ੁਰਗ ਹੈ ਜੋ ਬਜ਼ੁਰਗ ਬਣਨੋਂ ਇਨਕਾਰੀ ਹੈ। ਪੂਰੀ ਸਦੀ ਨੂੰ ਪਿੱਛੇ ਛੱਡ ਕੇ ਜੋ ਮੈਰਾਥਨੀ ਦੌੜਾਕ ਹੋਵੇ ਤੇ ਰੋਜ਼ ਸੱਤ-ਅੱਠ ਮੀਲ ਤੁਰਦਾ ਹੋਵੇ, ਉਹਨੂੰ ਬਜ਼ੁਰਗ ਕਹਿਣ ਦਾ ਜੇਰਾ ਕੌਣ ਕਰੇ! ਉਸ ਦੀ ਕਰਾਮਾਤੀ ਕਰਨੀ ਉਹਤੋਂ ਅੱਧੀ ਉਮਰ ਦੇ ਦਲਿੱਦਰੀਆਂ ਨੂੰ ਕੁਝ ਕਰਨ ਲਈ ਪ੍ਰੇਰਦੀ ਹੈ।
ਹਾਕੀ ਦਾ ਕਰਾਮਾਤੀ ਬਲਬੀਰ ਸਿੰਘ ਲੋਕਾਂ ਦੇ ਦਿਲਾਂ ਦਾ ਭਾਰਤ ਰਤਨ ਹੈ। ਕੁਝ ਸਮਾਂ ਪਹਿਲਾਂ ਜਦੋਂ ਇੱਕ ਕ੍ਰਿਕਟੀਏ ਖਿਡਾਰੀ ਨੂੰ ਸਰਕਾਰ ਨੇ ਭਾਰਤ ਰਤਨ ਦਿੱਤਾ, ਉਹਤੋਂ ਪਹਿਲਾਂ ਇਸ ਸਨਮਾਨ ਦੇ ਹੱਕੀ ਵਜੋਂ ਆਮ ਲੋਕਾਂ ਦੀ ਜ਼ਬਾਨ ਉੱਤੇ ਜੇ ਕਿਸੇ ਦਾ ਨਾਂ ਸੀ, ਉਹ ਸੀ ਬਲਬੀਰ ਸਿੰਘ। ਹੁਣ ਟੀਮਾਂ ਇੱਕ ਗੋਲ ਮਾਰ ਲੈਣ ਨੂੰ ਪਰਾਪਤੀ ਸਮਝਦੀਆਂ ਹਨ। 1952 ਦੀਆਂ ਉਲੰਪਿਕ ਖੇਡਾਂ ਦੇ ਸੈਮੀਫ਼ਾਈਨਲ ਤੇ ਫ਼ਾਈਨਲ ਦੇ 9 ਵਿੱਚੋਂ 8 ਅਤੇ ਫ਼ਾਈਨਲ ਦੇ 6 ਵਿਚੋਂ 5 ਗੋਲ ਜਿਸ ਇਕੱਲੇ ਦੀ ਹਾਕੀ ਨਾਲ ਹੋਏ, ਉਹ ਹੈ ਮਾਣਮੱਤਾ ਪੰਜਾਬੀ ਬਲਬੀਰ ਸਿੰਘ।
ਮਿਲਖਾ ਸਿੰਘ ਜ਼ੀਰੋ ਤੋਂ ਹੀਰੋ ਤਕ ਦੀ ਯਾਤਰਾ ਦੀ ਗੌਰਵ-ਗਾਥਾ ਹੈ। ਉਹਦੇ ਨਾਂ ਨਾਲ ਜੁੜੇ ਅਨੇਕ ਕਿੱਸੇ ਤੇ ਟੋਟਕੇ ਉਹਦੀ ਸਾਦਗੀ ਦੇ ਵੀ ਗਵਾਹ ਹਨ ਅਤੇ ਉਹਦੀ ਘਾਲਣਾ ਤੇ ਪਰਾਪਤੀ ਦੇ ਵੀ। ਅਖੇ, ਕਿਸੇ ਨੇ ਲਾਲ ਬੱਤੀ ਦਿਖਾ ਕੇ ਕਿਹਾ, ਮਿਲਖਿਆ, ਜੇ ਔਹ ਬੱਤੀ ਨੂੰ ਹੱਥ ਲਾ ਕੇ ਛੇਤੀ ਮੁੜ ਆਵੇਂ, ਸੇਰ ਦੁੱਧ ਇਨਾਮ। ਬੱਤੀ ਟਰੱਕ ਦੀ ਸੀ। ਜਿਥੇ ਕਿਤੇ ਡਰਾਈਵਰ ਰੁਕਿਆ, ਬੱਤੀ ਨੂੰ ਹੱਥ ਲਾ ਕੇ ਮਿਲਖਾ ਕਈ ਘੰਟਿਆਂ ਮਗਰੋਂ ਮੁੜਿਆ ਤੇ ਭੋਲੇ-ਭਾਅ ਬੋਲਿਆ, ਲਿਆ ਮੇਰੀ ਸ਼ਰਤ! ਫ਼ਿਲਮ ‘ਭਾਗ ਮਿਲਖਾ ਭਾਗ’ ਦੇ ਨਾਂ ਵਾਂਗ ਉਹਦਾ ਜੀਵਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਜਾਣ ਦੀ ਕਹਾਣੀ ਹੈ ਤੇ ਦਰਸ਼ਕਾਂ ਵਿੱਚ ਉਹਦੀ ਬੇਹੱਦ ਹਰਮਨਪਿਆਰਤਾ ਮਿਲਖੇ ਦੀ ਸਫ਼ਲਤਾ ਦੀ ਸ਼ਾਹਦੀ ਭਰਦੀ ਹੈ।
ਸਰਵਣ ਸਿੰਘ ਜਿਸ ਵਿਅਕਤੀ ਬਾਰੇ ਵੀ ਲਿਖਦਾ ਹੈ, ਉਹਦੀ ਸੰਪੂਰਨ ਸ਼ਖ਼ਸੀਅਤ ਵੀ ਇਸੇ ਲਈ ਚਿਤਰ ਸਕਦਾ ਹੈ ਕਿ ਉਹ ਜੇ ਕਿਸੇ ਨਾਲ ਵੀ ਜੋੜਦਾ ਹੈ, ਤਰਦਾ ਤਰਦਾ, ਸਤਹੀ ਨਾਤਾ ਨਹੀਂ ਜੋੜਦਾ। ਉਹ ਦੋਸਤੀ ਗੰਢਦਾ ਹੈ ਤਾਂ ਅਗਲੇ ਦੇ ਦਿਲ ਵਿੱਚ ਆਲ੍ਹਣਾ ਪਾਉਂਦਾ ਹੈ। ਦੋਸਤ ਦਾ ਘਰ ਉਹਦਾ ਆਪਣਾ ਘਰ ਤੇ ਪਰਿਵਾਰ ਆਪਣਾ ਪਰਿਵਾਰ ਹੋ ਜਾਂਦਾ ਹੈ। ਮੈਨੂੰ ਨਹੀਂ ਪਤਾ, ਉਹਨੂੰ ਇਹਨਾਂ ਹਸਤੀਆਂ ਦੀ ਚੋਣ ਕਰਨ ਸਮੇਂ ਇੱਕ ਸਾਂਝੇ ਗੁਣ ਦਾ ਖ਼ਿਆਲ ਆਇਆ ਸੀ ਕਿ ਨਹੀਂ, ਪਰ ਕੁਦਰਤ ਦੀ ਕਰਾਮਾਤ ਦੇਖੋ, ਸਾਰੇ ਦੇ ਸਾਰੇ ਸਾਊ-ਸਨਿਮਰ! ਜਿੰਨੇ ਮੱਤ ਦੇ ਉੱਚੇ, ਓਨੇ ਮਨ ਦੇ ਨੀਵੇਂ! ਸਾਡੇ ਵਿਸ਼ਵੀ ਪੰਜਾਬੀ ਪੁਰਖੇ, ਬਾਬਾ ਨਾਨਕ ਦੇ ਭਾਰੇ-ਗੌਰੇ ਸੱਚੇ ਸਿੱਖ ਜਿਸ ਨੇ ਸਾਡੇ ਵਾਸਤੇ ”ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” ਦੇ ਵਚਨ ਨਾਲ ਚਲਨ-ਚਰਿੱਤਰ ਦੀ ਖਰੀ ਕਸਵੱਟੀ ਮਿਥ ਦਿੱਤੀ ਸੀ। ਕੋਈ ਇੱਕ ਵੀ ਅਜਿਹਾ ਨਹੀਂ ਜਿਸ ਕੋਲ ਬੈਠ ਗੱਲਾਂ ਕਰਦਿਆਂ ਉਹਦੀ ਹਉਂ ਦੀ ਹੁਮਕ ਤੁਹਾਨੂੰ ਉਹਤੋਂ ਥੋੜ੍ਹਾ ਜਿਹਾ ਦੂਰ ਸਰਕਣ ਵਾਸਤੇ ਆਖੇ, ਸਗੋਂ ਹਰੇਕ ਦੀ ਤੁਹਾਡੇ ਆਪਣੇ ਵਡੇਰੇ ਵਾਲੀ ਮੇਰ ਦੀ ਮਹਿਕ ਉਹਦੇ ਹੋਰ ਗੋਡੇ-ਮੁੱਢ ਲੱਗ ਕੇ ਬੈਠਣ ਵਾਸਤੇ ਸੈਨਤਾਂ ਕਰਦੀ ਹੈ। ਇੱਕ ਗੱਲ ਹੋਰ। ਦੂਜੇ ਦੀ ਨਿਰਮਲਤਾ ਦੇਖਣ ਵਾਸਤੇ ਆਪਣਾ ਮਨ ਵੀ ਨਿਰਮਲ ਚਾਹੀਦਾ ਹੈ। ਅੱਖਾਂ ਵਿੱਚ ਗਹਿਰ-ਗੰਧਲ ਹੋਵੇ ਤਾਂ ਦਿੱਸਣ ਵਾਲੀ ਉਜਲੀ ਚੀਜ਼ ਵੀ ਗੰਧਲੀ ਲਗਦੀ ਹੈ। ਸਾਹਿਤ ਦਾ ਪਿੜ ਵੀ ਹੁਣ ਖ਼ਾਸਾ ਗੰਧਲ ਗਿਆ ਹੈ। ਪਰ ਦਹਾਕਿਆਂ ਲੰਮੇ ਵਾਹ ਵਿੱਚ ਨਾ ਮੈਂ ਕਦੀ ਸਰਵਣ ਸਿੰਘ ਦਾ ਸਿਦਕ-ਸੰਤੁਲਨ ਡੋਲਿਆ ਦੇਖਿਆ ਹੈ ਤੇ ਨਾ ਕਦੀ ਉਹਦਾ ਸਹਿਜ-ਸੰਤੋਖ ਉਖੜਿਆ ਮਹਿਸੂਸ ਕੀਤਾ ਹੈ। ਕਿਸੇ ਦੀ ਨਿੰਦਿਆ-ਚੁਗਲੀ ਉਹਨੂੰ ਕਰਨੀ ਹੀ ਨਹੀਂ ਆਉਂਦੀ!
ਸਰਵਣ ਸਿੰਘ ਦੀ ਵਾਰਤਕ ਦੀ ਗੱਲ ਚੱਲਿਆਂ ਮੇਰੇ ਜ਼ਿਹਨ ਵਿੱਚ ਉਹ ਕਿਸਾਨ ਉਭਰ ਆਉਂਦਾ ਹੈ ਜੋ ਮੁੜ੍ਹਕਾ-ਵਹਾਊ ਮਿਹਨਤ ਨਾਲ ਵਾਹੀ, ਬੀਜੀ, ਗੋਡੀ, ਸਿੰਜੀ ਤੇ ਸਮੇਟੀ ਸੁਨਹਿਰੀ ਕਣਕ ਦੇ ਵੱਡੇ, ਉੱਚੇ ਬੋਹਲ ਕੋਲ ਖੜ੍ਹਾ ਮੁਸਕਰਾ ਰਿਹਾ ਹੋਵੇ। ਕਿਸਾਨ ਦੀ ਕਣਕ ਵਾਂਗ ਉਹਦੀ ਨਵੀਂ ਪੁਸਤਕ ਵੀ ਹੁਣ ਹਰ ਸਾਲ ਆਉਂਦੀ ਹੈ। ਪੰਜਾਬ ਦੇ ਇਹਨਾਂ ਨੌਂ ਸਰਵਨ ਪੁੱਤਰਾਂ ਬਾਰੇ ਉਹਦੀ ਪੁਸਤਕ ‘ਪੰਜਾਬ ਦੇ ਕੋਹੇਨੂਰ’ ਇਸੇ ਪੁਸਤਕ-ਲੜੀ ਦੀ ਅਗਲੀ ਕੜੀ ਹੈ। ਉਹ ਤੋਰੇ-ਫ਼ੇਰੇ ਵਾਲਾ ਲੇਖਕ ਹੈ। ਇਹ ਤੋਰਾ-ਫ਼ੇਰਾ ਉਹਦੀ ਜੀਵਨ-ਜਾਚ ਤੇ ਜੀਵਨ-ਸ਼ੈਲੀ ਹੈ। ਇਹਦਾ ਮੁੱਢ ਉਹਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤਕ ਅੱਧੀ ਦਰਜਨ ਸਕੂਲ-ਕਾਲਜ ਬਦਲ ਕੇ ਬੰਨ੍ਹ ਦਿੱਤਾ ਸੀ। ਇਸ ਉਮਰੇ ਵੀ ਉਹ ਇੱਕ ਛਿਮਾਹੀ ਭਾਰਤ ਤੇ ਦੂਜੀ ਛਿਮਾਹੀ ਕੈਨੇਡਾ ਵਿਚਰਨ ਦੇ ਮੁੱਖ ਤੋਰੇ-ਫ਼ੇਰੇ ਦੇ ਅੰਦਰ ਹੋਰ ਤੋਰੇ-ਫ਼ੇਰੇ ਬਣਾਈ ਰਖਦਾ ਹੈ। ਦੇਸ ਆਉਂਦਾ ਹੈ ਤਾਂ ਸ਼ਹਿਰਾਂ-ਪਿੰਡਾਂ ਵਿੱਚ ਹੁੰਦੇ ਸਾਹਿਤਕ, ਸਭਿਆਚਾਰਕ ਤੇ ਖੇਡ ਮੇਲਿਆਂ ਵਿੱਚ ਹਾਜ਼ਰ-ਨਾਜ਼ਰ ਰਹਿੰਦਾ ਹੈ, ਪਰਦੇਸ ਹੋਵੇ ਤਾਂ ਦੱਸੇਗਾ, ਅਮਰੀਕਾ, ਇੰਗਲੈਂਡ ਜਾਂ ਅਮਕੇ ਦੇਸ਼ ਖੇਡ-ਮੇਲੇ ਵਾਲਿਆਂ ਨੇ ਸੱਦਿਆ ਸੀ, ਉਥੇ ਹਫ਼ਤਾ ਲਾ ਕੇ ਆਇਆ ਹਾਂ। ਇਹ ਲਗਾਤਾਰ ਤੋਰਾ-ਫ਼ੇਰਾ ਉਹਦੇ ਅਨੁਭਵ ਦਾ ਆਧਾਰ ਹੈ ਤੇ ਇਹ ਵਿਸ਼ਾਲ ਅਨੁਭਵ ਵਹਿਣ-ਵਗਣ ਲਈ ਬੇਚੈਨ ਰਹਿੰਦੀ ਉਹਦੀ ਕਲਮ ਵਾਸਤੇ ਅਮੁੱਕ ਆਧਾਰ-ਸਮੱਗਰੀ ਬਣਦਾ ਹੈ।
ਪੰਜਾਬ ਦੇ ਇਹਨਾਂ ਨੌਂ ਕੋਹੇਨੂਰ ਹੀਰਿਆਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਜੋ ਕਿਸੇ ਪਾਠਕ ਵਾਸਤੇ ਓਪਰਾ ਹੋਵੇ। ਤਾਂ ਵੀ ਇਹ ਪੁਸਤਕ ਇਹਨਾਂ ਆਪਣਿਆਂ ਨਾਲ ਸਾਡੀ ਅਪਣੱਤ ਨੂੰ ਯਕੀਨਨ ਹੋਰ ਗੂੜ੍ਹੀ ਕਰੇਗੀ। ਆਸ ਹੈ, ਪੰਜਾਬ ਨਾਂ ਦੀ ਖਾਣ ਵਿੱਚੋਂ ਸਰਵਣ ਸਿੰਘ ਹੋਰ ਅਨੇਕ ਹੀਰਿਆਂ ਦਾ ਜਲ-ਜਲੌਅ ਵੀ ਸਾਡੇ ਨਾਲ ਸਾਂਝਾ ਕਰਦਾ ਰਹੇਗਾ!
(0091-1142502364)

LEAVE A REPLY