Editorialਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਸੀਰੀਆਈ ਰੈਫ਼ਿਊਜੀਆਂ ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਨਿੱਜੀ ਤੌਰ ‘ਤੇ ਪਹੁੰਚਣ ਵੇਲੇ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋਈਆਂ ਪਈਆਂ ਹਨ। ਇਹ ਉਸ ਦਿਨ ਦੇ ਉਸ ਪਲ ਦੀਆਂ ਕੁਝ ਬਹੁਤ ਹੀ ਖ਼ੁਸਗ਼ਵਾਰ ਤਸਵੀਰਾਂ ਸਨ ਜਦੋਂ ਸੀਰੀਅਨ ਰੈਫ਼ਿਊਜੀਆਂ ਦਾ ਪਹਿਲਾ ਜਥਾ ਬੀਤੇ ਹਫ਼ਤੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਅਤੇ ਇਹ ਸਾਬਿਤ ਹੋ ਗਿਆ ਕਿ ਜੇ ਸਿਆਸੀ ਮਰਜ਼ੀ ਹੋਵੇ ਤਾਂ ਰਹਿਮ ਸਰਹਦਾਂ ਦਾ ਸਫ਼ਰ ਵੀ ਤੈਅ ਕਰ ਸਕਦਾ ਹੈ। ਕੈਨੇਡਾ ਦਾ ਨਵਾਂ ਬਣਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਆਪਣੇ ਆਰਾਮਦਾਇਕ ਸਿਆਸੀ ਜ਼ੋਨ ‘ਚੋਂ ਬਾਹਰ ਨਿਕਲ ਕੇ, ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੇ ਇਸ ਮੌਸਮ ਵਿੱਚ ਬੁਝੇ ਹੋਏ ਮਨਾਂ ਵਿੱਚ ਉਮੀਦ ਦੇ ਦੀਵੇ ਜਗਾਉਣ ਲਈ ਖ਼ੁਦ ਉਚੇਚੇ ਤੌਰ ‘ਤੇ ਏਅਰਪੋਰਟ ਪਹੁੰਚਿਆ ਹੋਇਆ ਸੀ। ਉਸ ਦੀਆਂ ਤਸਵੀਰਾਂ ਦੇਖ ਕੇ ਮੈਂ ਸੋਚ ਰਿਹਾ ਸਾਂ ਕਿ ਡੌਨਲਡ ਟਰੰਪ ਸਾਡੇ ਪ੍ਰਧਾਨ ਮੰਤਰੀ ਦੀਆਂ ਇਹ ਤਸਵੀਰਾਂ ਦੇਖ ਕੇ ਹੁਣ ਕਿਹੜਾ ਨਵਾਂ ਸ਼ਗੂਫ਼ਾ ਛੱਡੇਗਾ! ਟਰੂਡੋ ਜਿੱਥੇ ਕੋਸ਼ਿਸ਼ ਕਰ ਕੇ, ਆਪਣੀ ਰਾਹ ਤੋਂ ਬਾਹਰ ਜਾ ਕੇ, ਸੀਰੀਅਨ ਰੈਫ਼ਿਊਜੀਆਂ ਨੂੰ ਕੈਨੇਡਾ ਵਿੱਚ ਹਰ ਸੰਭਵ ਸਹੂਲਤ ਪਹੁੰਚਾਉਣ ਲਈ ਯਤਨਸ਼ੀਲ ਹੈ, ਉੱਥੇ ਕੈਨੇਡਾ ਦੇ ਬਾਰਡਰ ਦੇ ਦੂਜੇ ਪਾਸੇ ਵੱਡੀਆਂ ਵੱਡੀਆਂ ਇਮਾਰਤਾਂ, ਹੋਟਲਾਂ, ਗੌਲਫ਼ ਕੋਰਸਾਂ ਅਤੇ ਟਾਵਰਾਂ ਦਾ ਨਿਰਮਾਤਾ, ਰੀਅਲ ਐਸਟੇਟ ਮੁਗ਼ਲ ਬਾਦਸ਼ਾਹ ਡੌਨਲਡ ਟਰੰਪ, ਆਪਣੇ ਘਰੋਂ ਬੇਘਰ ਹੋਇਆਂ ਨੂੰ ਵਿਸ਼ਵ ਦੀ ਸੁਪਰਪੌਵਰ ਦੀ ਜ਼ਮੀਨ ‘ਤੇ ਹੀ ਅਸੁਰੱਖਿਅਤ ਅਤੇ ਬੇਲੋੜਾ ਮਹਿਸੂਸ ਕਰਾਉਣ ਲਈ ਜਾਣ ਬੁੱਝ ਕੇ ਜ਼ੋਰ ਲਗਾ ਰਿਹੈ। ਸਮੀਕਰਣ ਦੇ ਇੱਕ ਪਾਸੇ ਹੈ ਮਨੁੱਖੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲਾ ਅੱਜ ਦਾ ਜੋਸ਼ੀਲਾ ਕੈਨੇਡੀਅਨ ਨੌਜਵਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦੂਸਰੇ ਪਾਸੇ ਸ਼ਰੀਰੋਂ ਤੇ ਮੱਤੋਂ ਬੁੱਢਿਆ ਚੁੱਕਾ ਅਮਰੀਕੀ ਰਿਪਬਲੀਕਨ ਮਲਟੀ ਮਿਲੀਅਨੇਅਰ ਡੌਨਲਡ ਟਰੰਪ ਜੋ ਕਿ ਆਪਣੇ ਨਿੱਜੀ ਸਿਆਸੀ ਮੁਫ਼ਾਦ ਪੂਰੇ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ, ਅਤੇ ਇਹ ਉਸ ਨੇ ਮੁਸਲਮਾਨਾਂ ਖ਼ਿਲਾਫ਼ ਜ਼ਹਿਰ ਉਗਲ ਕੇ ਬਾਖ਼ੂਬੀ ਦਿਖਾ ਵੀ ਦਿੱਤਾ।
”ਸਭ ਤੋਂ ਪਹਿਲਾਂ, ਮੈਂ ਤੁਹਾਡਾ ਸਭ ਦਾ ਇੱਥੇ ਆਉਣ ਲਈ ਧੰਨਵਾਦ ਕਰਨਾ ਚਾਹਾਂਗਾ। ਅਤੇ ਤੁਹਾਡੇ ਚਿਹਰਿਆਂ ‘ਤੇ ਖਿੜੀਆਂ ਖ਼ੂਬਸੂਰਤ ਮੁਸਕੁਰਾਹਟਾਂ ਲਈ ਵੀ ਤੁਹਾਡਾ ਸ਼ੁਕਰੀਆ। ਇਹ ਇੱਕ ਬੇਹੱਦ ਖ਼ੂਬਸੂਰਤ ਸ਼ਾਮ ਹੈ ਜਦੋਂ ਅਸੀਂ ਨਾ ਸਿਰਫ਼ ਹੁਣੇ ਹੁਣੇ ਜਹਾਜ਼ ਵਿੱਚ ਸਵਾਰ ਹੋ ਕੇ ਇੱਥੇ ਆਏ ਆਪਣੇ ਨਵੇਂ ਕੈਨੇਡੀਅਨ ਭਾਈ ਭੈਣਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਕੈਨੇਡਾ ਅਸਲ ਵਿੱਚ ਕਿਹੋ ਜਿਹਾ ਸ਼ਾਨਦਾਰ ਮੁਲਕ ਹੈ ਸਗੋਂ ਦੁਨੀਆਂ ਨੂੰ ਵੀ ਅਸੀਂ ਇਹ ਦਿਖਾ ਸਕਦੇ ਹਾਂ ਕਿ ਆਪਣੇ ਦਿਲ ਦੂਸਰਿਆਂ ਲਈ ਕਿਵੇਂ ਖੋਲ੍ਹ ਕੇ ਰੱਖੀਦੇ ਨੇ ਅਤੇ ਅਸਾਧਾਰਣ ਮੁਸ਼ਕਿਲ ਸਥਿਤੀਆਂ ਤੋਂ ਜਾਨ ਬਚਾ ਕੇ ਨਿਕਲਿਆਂ ਨੂੰ ਗਲੇ ਕਿਵੇਂ ਲਗਾਈਦੈ,” ਟਰੂਡੋ ਨੇ ਨਵੇਂ ਆਏ ਸੀਰੀਆਈ ਸ਼ਰਨਾਰਥੀਆਂ ਨੂੰ ਹੌਸਲਾ ਦਿੰਦਿਆਂ ਕਿਹਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਵੀਰਵਾਰ ਨੂੰ ਉਨ੍ਹਾਂ 163 ਸ਼ਰਨਾਰਥੀਆਂ ਦੀ ਪਹਿਲੀ ਖੇਪ ਦਾ ਸਵਾਗਤ ਕਰਨ ਲਈ ਟੋਰੌਂਟੋ ਹਵਾਈ ਅੱਡੇ ‘ਤੇ ਪਹੁੰਚੇ ਹੋਏ ਸਨ ਜਿਹੜੀ ਇੱਕ ਕੈਨੇਡੀਅਨ ਫ਼ੌਜੀ ਜਹਾਜ਼ ਵਿੱਚ ਸਵਾਰ ਹੋ ਕੇ ਇੱਥੇ ਆਏ ਸਨ। ਕੈਨੇਡਾ ਨੇ ਅਗਲੇ ਸਾਲ ਫ਼ਰਵਰੀ ਮਹੀਨੇ ਤਕ 25 ਹਜ਼ਾਰ ਸੀਰੀਅਨ ਰੈਫ਼ਿਊਜੀਆਂ ਨੂੰ ਪੱਕੇ ਤੌਰ ‘ਤੇ ਇੱਥੇ ਵਸਾਉਣ ਦਾ ਟੀਚਾ ਮਿੱਥਿਆ ਹੈ। ਇਸ ਦੇ ਮੁਕਾਬਲੇ, ਅਮਰੀਕਾ ਨੇ ਅਗਲੇ ਪੂਰੇ ਸਾਲ ਵਿੱਚ ਕੇਵਲ 10 ਹਜ਼ਾਰ ਸ਼ਰਨਾਰਥੀ ਆਪਣੇ ਮੁਲਕ ਵਿੱਚ ਵਸਾਉਣ ਦਾ ਵਾਅਦਾ ਕੀਤਾ ਹੈ ਅਤੇ ਇਸ ਦਾ ਵੀ ਉੱਥੋਂ ਦੇ ਸਿਆਸਤਦਾਨਾਂ ਵਲੋਂ ਭਰਪੂਰ ਵਿਰੋਧ ਹੋ ਰਿਹੈ, ਖ਼ਾਸਕਰ ਰਿਪਬਲੀਕਨਾਂ ਵਲੋਂ। ਇਸ ਦੀ ਅਸਲ ਸ਼ੁਰੂਆਤ ਓਦੋਂ ਹੋਈ ਜਦੋਂ ਰਾਸ਼ਟਰਪਤੀ ਅਹੁਦੇ ਦੇ ਰਿਪਬਲੀਕਨ ਉਮੀਦਵਾਰ ਡੌਨਲਡ ਟਰੰਪ ਨੇ ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ ‘ਤੇ ਹੀ ਆਰਜ਼ੀ ਤੌਰ ‘ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਪੇਸ਼ ਕਰ ਦਿੱਤੀ। ਟਰੰਪ ਦੇ ਵਿਵਾਦਗ੍ਰਸਤ ਬਿਆਨਾਂ ਕਾਰਨ ਅਮਰੀਕਾ ਭਰ ਵਿੱਚ ਕੁਝ ਰੋਸ ਮੁਜ਼ਾਹਰੇ ਵੀ ਦੇਖਣ ਨੂੰ ਮਿਲੇ।
ਸੀਰੀਆਈ ਸ਼ਰਨਾਰਥੀਆਂ ਖ਼ਿਲਾਫ਼ ਦੁਨੀਆਂ ਭਰ ਵਿੱਚ ਉਠ ਰਹੇ ਇਸ ਸਾਰੇ ਰੌਲ਼ੇ ਰੱਪੇ ਦੌਰਾਨ ਜਸਟਿਨ ਟਰੂਡੋ ਆਪਣਾ ਸਾਰਾ ਕੰਮ ਕਾਜ ਛੱਡ ਕੇ 163 ਸੀਰੀਅਨ ਰੈਫ਼ਿਊਜੀਆਂ ਨੂੰ ਖ਼ੁਸ਼ਾਮਦੀਦ ਆਖਣ ਲਈ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਆਪਣੇ ਬੁਲ੍ਹਾਂ ‘ਤੇ, ਆਪਣੀ ਪਹਿਚਾਣ ਬਣ ਚੁੱਕੀ, ਮੁਸਕੁਰਾਹਟ ਬਿਖੇਰੀ ਖੜ੍ਹਾ ਸੀ। ਇਹ ਜਹਾਜ਼ ਜੌਰਡਨ ਤੋਂ ਚੱਲ ਕੇ ਅੱਧੀ ਰਾਤ ਤੋਂ ਥੋੜ੍ਹਾ ਪਹਿਲਾਂ ਟੋਰੌਂਟੋ ਵਿੱਚ ਲੈਂਡ ਕੀਤਾ ਅਤੇ ਇਸ ਵਿੱਚ ਉਨ੍ਹਾਂ ਦੋ ਵੱਡੇ ਜਥਿਆਂ ਵਿੱਚੋਂ ਪਹਿਲਾ ਜਥਾ ਸਵਾਰ ਹੋ ਕੇ ਆਇਆ ਸੀ ਜਿਹੜੇ ਸਰਕਾਰੀ ਜਹਾਜ਼ਾਂ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਕੈਨੇਡਾ ਪਹੁੰਚਣ ਵਾਲੇ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਵੀਜ਼ਾ ਤੇ ਸਕਿਓਰਿਟੀ ਕਲੀਅਰ ਕਰਵਾ ਕੇ ਬਾਹਰ ਨਿਕਲਣ ਵਾਲੇ ਕੁਝ ਕੁ ਸੀਰੀਅਨ ਪਰਿਵਾਰਾਂ ਦਾ ਖ਼ੁਦ ਨਿੱਜੀ ਤੌਰ ‘ਤੇ ਅੱਗੇ ਵੱਧ ਕੇ ਸਵਾਗਤ ਕੀਤਾ। ਉਸ ਨੂੰ ਮਿਲਣ ਵਾਲਾ ਪਹਿਲਾ ਪਰਿਵਾਰ ਅਲੈੱਪੋ ਸ਼ਹਿਰ ਦੇ ਰਹਿਣ ਵਾਲੇ ਇੱਕ ਗਾਇਨਾਕੌਲੋਜਿਸਟ (ਔਰਤਾਂ ਦੇ ਰੋਗਾਂ ਦਾ ਮਾਹਿਰ) ਕੇਵੋਰਕ ਜਾਮਕੋਸੀਆਨ, ਉਸ ਦੀ ਲੈਬ ਤਕਨੀਸ਼ੀਅਨ ਪਤਨੀ ਜੌਰਜੀਨਾ ਜਾਇਰਜ਼ ਅਤੇ ਉਨ੍ਹਾਂ ਦੋਹਾਂ ਦੀ 16 ਮਹੀਨਿਆਂ ਦੀ ਬੇਟੀ ਮੈਡਲੀਨ ਦਾ ਸੀ। ”ਅਸੀਂ ਸੱਚਮੁੱਚ ਤਹੇ ਦਿਲੋਂ ਤੁਹਾਡੀ ਮਹਿਮਾਨ ਨਵਾਜ਼ੀ ਅਤੇ ਤੁਹਾਡੇ ਸਵਾਗਤ ਲਈ ਤੁਹਾਡਾ ਸ਼ੁਕਰੀਆ ਕਰਨਾ ਚਾਹਾਂਗੇ,” ਮੈਡਲਿਨ ਦੇ ਪਿਤਾ ਅਤੇ ਜੌਰਜੀਨਾ ਦੇ ਪਤੀ ਨੇ ਟਰੂਡੋ ਨੂੰ ਇੱਕ ਦੁਭਾਸ਼ੀਏ ਰਾਹੀਂ ਕਿਹਾ। ”ਸਾਨੂੰ ਇੰਝ ਲਗ ਰਿਹੈ ਜਿਵੇਂ ਅਸੀਂ ਆਪਣੇ ਹੀ ਘਰ ਵਿੱਚ ਹੋਈਏ।” ”ਤੁਸੀਂ ਆਪਣੇ ਘਰ ਹੀ ਤਾਂ ਆਏ ਹੋ!” ਜਸਟਿਨ ਟਰੂਡੋ ਦਾ ਚਾਰੋਂ ਪਾਸੇ ਮੁਸਕੁਰਾਹਟਾਂ ਬਿਖੇਰਦਾ ਪਿਆਰ ਭਰਿਆ ਜਵਾਬ ਸੀ। ”ਅਸੀਂ ਬਹੁਤ ਕੁਝ ਸਹਿ ਚੁੱਕੇ ਆਂ। ਹੁਣ, ਸਾਨੂੰ ਇੰਝ ਲਗਦੈ ਜਿਵੇਂ ਅਸੀਂ ਜਹੱਨਮ ‘ਚੋਂ ਕਿਸੇ ਤਰ੍ਹਾਂ ਬੱਚ ਬਚਾ ਕੇ ਜੰਨਤ ਵਿੱਚ ਪਹੁੰਚ ਗਏ ਹੋਈਏ,” ਜਾਮਕੋਸੀਆਨ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਖਾਂ ‘ਚ ਹੰਝੂ ਕੇਰਦਿਆਂ ਕਿਹਾ। ਪੀਅਰਸਨ ਏਅਰਪੋਰਟ ‘ਤੇ ਉਤਰੇ ਇਨ੍ਹਾਂ ਪਰਿਵਾਰਾਂ ਨੂੰ ਟੈਡੀ ਬੀਅਰ ਅਤੇ ਸਰਦੀਆਂ ਦੇ ਕਪੜੇ ਦਿੱਤੇ ਗਏ। ਇਸ ਤੋਂ ਪਹਿਲਾਂ, ਟਰੂਡੋ ਨੇ ਏਅਰਪੋਰਟ ‘ਤੇ ਮੌਜੂਦ ਉਨ੍ਹਾਂ ਵੌਲੰਟੀਅਰਜ਼ ਦਾ ਧੰਨਵਾਦ ਵੀ ਕੀਤਾ ਜਿਹੜੇ ਰੈਫ਼ਿਊਜੀਆਂ ਦੇ ਕੇਸਾਂ ਦੀ ਪ੍ਰੌਸੈਸਿੰਗ ਕਰਨ ਲਈ ਉੱਥੇ ਪਹੁੰਚੇ ਹੋਏ ਸਨ।
ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਪੀਐਰ ਐਲੀਅਟ ਟਰੂਡੋ ਦਾ ਪੁੱਤਰ ਅਤੇ ਕੈਨੇਡਾ ਦਾ 23ਵਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜੋ ਸ਼ਕਲੋਂ ਸੂਰਤੋਂ ਕਿਸੇ ਹੌਲੀਵੁੱਡ ਐਕਟਰ ਤੋਂ ਘੱਟ ਚਿਤਰਣ ਯੋਗ ਨਹੀਂ ਲਗਦਾ ਅਤੇ ਜਿਹੜਾ ਸ਼ਾਇਦ ਕੈਨੇਡਾ ਦਾ 20ਵੀਂ ਸਦੀ ਦਾ ਸਭ ਤੋਂ ਵੱਧ ਹਰਮਨ ਪਿਆਰਾ ਪ੍ਰਧਾਨ ਮੰਤਰੀ ਵੀ ਹੋਵੇ, ਜਿਵੇਂ ਰੱਬ ਵਲੋਂ ਅੱਜ ਦੇ ਇਸ ਇੰਟਰਨੈੱਟ ਯੁੱਗ ਲਈ ਹੀ ਘੜਿਆ ਗਿਆ ਹੋਵੇ। ਉਮਰੋਂ ਨੌਜਵਾਨ, ਦਿਖਣ ਵਿੱਚ ਆਕਰਸ਼ਕ ਅਤੇ ਵਿਰਾਸਤ ਵਿੱਚ ਮਿਲੇ ਸਲੀਕੇ ਤੇ ਰੁਤਬੇ ਕਾਰਨ, ਜਸਟਿਨ ਦੀ ਪਿੱਠ ‘ਤੇ ਹੈ ਸਿਆਸੀ ਨੀਤੀਘਾੜਿਆਂ ਦੀ ਇੱਕ ‘ਟੌਪ-ਫ਼ਲਾਈਟ’ ਟੀਮ ਜਿਸ ਨੂੰ ਬਾਖ਼ੂਬੀ ਪਤੈ ਕਿ ਮੀਡੀਆ – ਨਵੇਂ, ਪੁਰਾਣੇ ਤੇ ਸੋਸ਼ਲ – ਨੂੰ ਜਨਤਾ ਦੀ ਰਾਏ ਆਪਣੇ ਅਨੁਕੂਲ ਕਰਨ ਲਈ ਕਿਸ ਤਰ੍ਹਾਂ ਵਰਤਣੈ। ਇਸੇ ਲਈ ਤਾਂ ਲਿਬਰਲ ਸਰਕਾਰ ਵਲੋਂ ਘੜਿਆ ਗਿਆ ਟਰੈਂਡਿੰਗ ਹੈਸ਼ਟੈਗ #WelcomeRefugees ਅੱਜ ਉਸ ਦੀ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਮਨਿਸਟਰੀ ਦੀ ਵੈੱਬਸਾਈਟ ‘ਤੇ ਵੀ ਦੇਖਣ ਨੂੰ ਮਿਲ ਰਿਹੈ। ਇਸ ਵਿੱਚ ਵੀ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਸ ਸਾਈਟ ਨੂੰ ਉਸ ਵੇਲੇ ਚੰਗੀ ਤਰ੍ਹਾਂ ਓਵਰਹਾਲ ਵੀ ਕਰ ਦਿੱਤਾ ਗਿਆ ਜਦੋਂ ਰੈਫ਼ਿਊਜੀਆਂ ਵਿਰੋਧੀ ਸਟੀਫ਼ਨ ਹਾਰਪਰ ਦੀ ਕੰਸਰਵਟਿਵ ਸਰਕਾਰ ਦੇ 9 ਸਾਲਾ ਕਾਰਜਕਾਲ ਦਾ ਇਸ ਸਾਲ ਅੰਤ ਹੋ ਗਿਆ ਸੀ। ਅਤੇ ਅੱਜ, ਟਰੂਡੋ ਦੀਆਂ ਨਵੇਂ ਆਏ ਸ਼ਰਨਾਰਥੀਆਂ ਦੇ ਭਾਰੀ ਭਰਕਮ ਕੋਟਾਂ ਦੇ ਜ਼ਿੱਪਰ ਪਿਆਰ ਨਾਲ ਬੰਦ ਕਰਦਿਆਂ ਦੀਆਂ ਦਿਲਾਂ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ ਲੋਕਾਂ ਦੇ ਟੈਲੀਵਿਯਨਾਂ, ਟੈਬਲੇਟਾਂ ਅਤੇ ਟੈਲੀਫ਼ੋਨਾਂ ਦੀਆਂ ਸਕਰੀਨਾਂ ‘ਤੇ ਸਭ ਜਗ੍ਹਾ ਫ਼ਲੈਸ਼ ਹੋ ਰਹੀਆਂ ਹਨ। ਜਸਟਿਨ ਟਰੂਡੋ ਦੀਆਂ ਉਹ ਤਸਵੀਰਾਂ, ਭਾਰਤ ਦੀ ‘ਟਾਈਮਜ਼ ਔਫ਼ ਇੰਡੀਆ’ ਤੋਂ ਲੈ ਕੇ ਬਰਤਾਨੀਆ ਦੀ ‘ਦਾ ਇੰਡੀਪੈਂਡੈਂਟ’ ਤਕ, ਦੁਨੀਆਂ ਦੀਆਂ ਸਾਰੀਆਂ ਅਖ਼ਬਾਰਾਂ ਦੇ ਪਹਿਲੇ ਪੰਨਿਆਂ ‘ਤੇ ਖਿੱਲਰੀਆਂ ਪਈਆਂ ਹਨ। ਉਨ੍ਹਾਂ ਨੂੰ ਟਵੀਟ ਤੇ ਫ਼ਿਰ ਰੀ-ਟਵੀਟ ਕੀਤਾ ਜਾ ਰਿਹੈ। ਉਨ੍ਹਾਂ ਨੂੰ ਫ਼ੇਸਬੁੱਕ ਕੀਤਾ ਜਾ ਰਿਹੈ। ਇਹ ਤਸਵੀਰਾਂ ਜਸ਼ਨਾਂ ਦੇ ਇਸ ਮੌਸਮ ਵਿੱਚ ਇੱਕ ਬਹੁਤ ਹੀ ਵਧੀਆ ਅਤੇ ਦਿਲ ਨੂੰ ਗਰਮਾਉਣ ਵਾਲੀ ਕ੍ਰਿਸਮਸ ਕਹਾਣੀ ਬਣ ਗਈਆਂ ਹਨ।
ਕੈਨੇਡਾ ਦੇ ਸਾਰੇ ਦੇ ਸਾਰੇ ਦੱਸ ਪ੍ਰਾਂਤਾਂ ਦੇ ਪ੍ਰੀਮੀਅਰ ਰੈਫ਼ਿਊਜੀਆਂ ਨੂੰ ਸ਼ਰਣ ਦੇਣ ਦੇ ਹੱਕ ਵਿੱਚ ਹਨ ਅਤੇ ਵਿਰੋਧੀ ਧਿਰ ਦੇ ਮੈਂਬਰ ਵੀ, ਕੰਸਰਵਟਿਵਾਂ ਸਮੇਤ, ਸੀਰੀਆਈ ਸ਼ਰਨਾਰਥੀਆਂ ਦੇ ਸਵਾਗਤ ਲਈ ਉਚੇਚੇ ਤੌਰ ਪੀਅਰਸਨ ਹਵਾਈ ਅੱਡੇ ‘ਤੇ ਪਹੁੰਚੇ ਹੋਏ ਸਨ। ਟਰੂਡੋ ਦੇ ਸੰਗ ਉਸ ਦੇ ਇਮੀਗ੍ਰੇਸ਼ਨ, ਸਿਹਤ ਅਤੇ ਰੱਖਿਆ ਮੰਤਰੀ ਦੇ ਨਾਲ ਨਾਲ ਓਨਟੈਰੀਓ ਦੇ ਪ੍ਰੀਮੀਅਰ ਅਤੇ ਟੋਰੌਂਟੋ ਸ਼ਹਿਰ ਦੇ ਮੇਅਰ ਵੀ ਮੌਜੂਦ ਸਨ। ਅਮਰੀਕਾ ਵਿੱਚ, ਕਈ ਰਿਪਬਲੀਕਨ ਗਵਰਨਰਾਂ ਨੇ ਪੈਰਿਸ ਤੇ ਕੈਲੇਫ਼ੋਰਨੀਆ ਗੋਲੀਕਾਂਡਾਂ ਤੋਂ ਬਾਅਦ ਆਪੋ ਆਪਣੇ ਰਾਜਾਂ ਵਿੱਚ ਸੀਰੀਆਈ ਰੈਫ਼ਿਊਜੀਆਂ ਦੀ ਆਮਦ ਨੂੰ ਰੋਕਣ ਦੇ ਯਤਨ ਵੀ ਕੀਤੇ। ਜਦੋਂ ਡੌਨਲਡ ਟਰੰਪ ਨੇ ਅਮਰੀਕਾ ਵਿੱਚ ਮੁਸਲਮਾਨਾਂ ਦੇ ਦਾਖ਼ਲੇ ‘ਤੇ ਪਾਬੰਦੀ ਦੀ ਤਜਵੀਜ਼ ਰੱਖੀ ਤਾਂ ਮੁਲਕ ਭਰ ਵਿੱਚ ‘ਡੰਪ ਟਰੰਪ’ (ਟਰੰਪ ਨੂੰ ਦਫ਼ਾ ਕਰੋ) ਅਤੇ ‘ਰੈਫ਼ਿਊਜੀ ਵੈਲਕਮ’ ਦੇ ਨਾਅਰੇ ਗੂੰਜਣ ਲੱਗੇ। ਨਾਅਰੇ ਬੁਲੰਦ ਕਰਨ ਵਾਲੇ ਲੋਕ ਕੁਝ ਚਿਰ ਲਈ ਟਰੰਪ ਦੇ ਹੋਟਲ ਦੇ ਸਾਹਮਣੇ ਵੀ ਖੜ੍ਹੇ ਹੋਏ ਜੋ ਕਿ ਸ਼ਹਿਰ ਦੇ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਬਣ ਚੁੱਕਾ ਹੈ। ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਟਰੰਪ ਦੀਆਂ ਟਿੱਪਣੀਆਂ ਬੇਸ਼ੱਕ ਕੁਝ ਵਧੇਰੇ ਹੀ ਮੂੰਹ ਫ਼ੱਟ ਸਨ, ਪਰ ਉਹ ਸੀਰੀਅਨ ਰੈਫ਼ਿਊਜੀਆਂ ਬਾਰੇ ਉਨ੍ਹਾਂ ਦੂਸਰੇ ਅਮਰੀਕੀ ਸਿਆਸਤਦਾਨਾਂ ਦੀ ਸੋਚ ਤੋਂ ਕੋਈ ਬਹੁਤੀਆਂ ਵੱਖਰੀਆਂ ਨਹੀਂ ਜਿਹੜੇ ਖ਼ੁਦ ਵੀ ਬੇਸਹਾਰਾ ਸੀਰੀਅਨ ਸ਼ਰਨਾਰਥੀਆਂ ‘ਤੇ ਸਭ ਤਰ੍ਹਾਂ ਦੀਆਂ ਪਾਬੰਦੀਆਂ ਦੀ ਮੰਗ ਕਰ ਰਹੇ ਹਨ। ਕੁਝ ਹੋਰਨਾਂ ਨੇ ਚੇਤਵਾਨੀ ਦਿੱਤੀ ਕਿ ਟਰੰਪ ਦੇ ਵੰਡ ਪਾਊ ਬਿਆਨਾਤ ਅਮਰੀਕਾ ਵਿੱਚ ਇਸਲਾਮ ਖ਼ਿਲਾਫ਼ ਹੋਰ ਵੀ ਨਫ਼ਰਤ ਵਾਲਾ ਮਾਹੌਲ ਪੈਦਾ ਕਰਨਗੇ। ਵਿਸ਼ਵ ਭਰ ਦੇ ਅਖ਼ਬਾਰਾਂ, ਰਸਾਲਿਆਂ ਨੇ ਵੀ ਟਰੂਡੋ ਦੀ ਇਸ ਖ਼ੁਲ੍ਹਦਿਲੀ ਦੀ ਖੁਲ੍ਹ ਕੇ ਤਾਰੀਫ਼ ਕੀਤੀ ਅਤੇ ਅਮਰੀਕਾ ਨੂੰ ਉਸ ਦੀ ਸੰਕੀਰਨਤਾ ਲਈ ਭੰਡਿਆ। ”… ਕੈਨੇਡਾ ਦੀ ਫ਼ਰਾਖ਼ਦਿਲੀ ਅਤੇ ਸ਼੍ਰੀਮਾਨ ਟਰੂਡੋ ਦੀ ਨਿੱਜੀ ਗਰਮਜੋਸ਼ੀ ਤੇ ਲੀਡਰਸ਼ਿਪ ਦੂਸਰਿਆਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਸਕਦੇ ਹਨ,” ਲਿਖਣਾ ਸੀ ਨਿਊ ਯੌਰਕ ਟਾਈਮਜ਼ ਦਾ ਆਪਣੇ ਇੱਕ ਸੰਪਾਦਕੀ ਨੋਟ ਵਿੱਚ। ”ਇਨ੍ਹਾਂ ਪਰਉਪਕਾਰੀ ਕੈਨੇਡੀਅਨ ਗੁਣਾਂ ਨੇ ਅਮਰੀਕੀ ਗਵਰਨਰਾਂ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਨਿਰਦਈ ਤੇ ਗ਼ੈਰਜ਼ਿੰਮੇਵਾਰਾਨਾ ਰਵੱਈਏ ਦਾ ਵੀ ਖ਼ੂਬ ਮੂੰਹ ਚਿੜਾਇਆ ਜਿਨ੍ਹਾਂ ਦਾ ਤਰਕ ਸੀ ਕਿ ਅਮਰੀਕਾ ਦੀ ਸਰਕਾਰ ਨੂੰ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਖ਼ਾਤਿਰ ਲੋੜਵੰਦ ਸ਼ਰਨਾਰਥੀਆਂ ‘ਤੇ ਵੀ ਆਪਣੇ ਬੂਹੇ ਭੇੜ ਦੇਣੇ ਚਾਹੀਦੇ ਹਨ।”
ਸ਼ਰਨਾਰਥੀਆਂ ਦੀ ਪਹਿਲੀ ਫ਼ਲਾਈਟ ਟੋਰੌਂਟੋ ਵਿੱਚ ਅੱਧੀ ਰਾਤ ਨੂੰ ਲੈਂਡ ਕੀਤੀ ਸੀ ਅਤੇ ਉਸ ਦੀ ਲੈਂਡਿੰਗ ਦੀ ਕਹਾਣੀ ਹਰ ਰਾਸ਼ਟਰੀ-ਅੰਤਰਰਾਸ਼ਟਰੀ ਜ਼ੁਬਾਨ ‘ਤੇ ਸੀ, ਪਰ ਉਸ ਤੋਂ ਠੀਕ ਦੋ ਦਿਨ ਬਾਅਦ ਜਦੋਂ ਨਿੱਜੀ ਤੌਰ ‘ਤੇ ਸਪੌਂਸਰ ਕੀਤਾ ਗਿਆ ਇੱਕ ਜਹਾਜ਼ 161 ਸੀਰੀਅਨ ਰੈਫ਼ਿਊਜੀਆਂ ਨੂੰ ਲੈ ਕੇ ਮੌਂਟ੍ਰੀਆਲ ਹਵਾਈ ਅੱਡੇ ‘ਤੇ ਦੁਪਹਿਰ ਵੇਲੇ ਉਤਰਿਆ ਤਾਂ ਇਹ ਗੱਲ ਮਸਾਂ ਹੀ ਨੈਸ਼ਨਲ ਟੀ.ਵੀ. ‘ਤੇ ਇੱਕ ਖ਼ਬਰ ਦਾ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਹੋ ਸਕੀ, ਅੰਤਰਰਾਸ਼ਟਰੀ ਸੁਰਖ਼ੀਆਂ ਬਣਨਾ ਤਾਂ ਦੂਰ ਦੀ ਗੱਲ। ਮੀਡੀਆ ਵਲੋਂ ਇਸ ਘਟਨਾ ਦੀ ਅਜਿਹੀ ਅਵੱਗਿਆ, ਬਾਵਜੂਦ ਇਸ ਦੇ ਕਿ ਕਿਬੈਕ ਪ੍ਰਾਂਤ ਦੇ ਪ੍ਰੀਮੀਅਰ ਫ਼ਿਲੀਪ ਕੁਈਆਰ, ਕੇਂਦਰੀ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੱਲਮ ਅਤੇ ਮੌਂਟਰੀਆਲ ਸ਼ਹਿਰ ਦੇ ਮੇਅਰ ਦੈਨੀ ਕੋਦੈਰ ਸੀਰੀਅਨ ਸ਼ਰਨਾਰਥੀਆਂ ਦੇ ਸਵਾਗਤ ਲਈ ਮੀਰਾਬੈੱਲ ਹਵਾਈ ਅੱਡੇ ‘ਤੇ ਨਿੱਜੀ ਤੌਰ ‘ਤੇ ਪਹੁੰਚੇ ਹੋਏ ਸਨ, ਜਿੱਥੇ ਸਾਡੀ ਸਮਝ ਵਿੱਚ ਆਉਂਦੀ ਹੈ ਉੱਥੇ ਇਹ ਸਾਨੂੰ ਟਰੂਡੋ ਦੀ ਕਿਸਮਤ ‘ਤੇ ਰਸ਼ਕ ਕਰਨ ਲਈ ਵੀ ਮਜਬੂਰ ਕਰਦੀ ਹੈ। ਇਸ ਵਕਤ, ਟਰੂਡੋ ਦੀ ਆਪਣੇ ਹਮਾਇਤੀਆਂ ਵਿੱਚ ਮਕਬੂਲੀਅਤ ਦੀ ਦਰ 57 ਪ੍ਰਤੀਸ਼ਤ ‘ਤੇ ਪਹੁੰਚੀ ਹੋਈ ਹੈ ਜੋ ਕਿ ਉਸ ਦਿਨ ਤੋਂ ਵੱਧ ਹੈ ਜਦੋਂ 19 ਅਕਤੂਬਰ ਨੂੰ ਉਸ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਵਿੱਚ ਹੂੰਝਾ ਫ਼ੇਰੂ ਜਿੱਤ ਪ੍ਰਾਪਤ ਕੀਤੀ ਸੀ। ਲਗਭਗ ਤਿੰਨ ਚੌਥਾਈ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਵਿੱਚ ਇੱਕ ਚੰਗਾ ਨੇਤਾ ਬਣਨ ਵਾਲੇ ਸਾਰੇ ਗੁਣ ਮੌਜੂਦ ਹਨ। ਉਸ ਦੇ ਕਹੇ ਦਾ ਪ੍ਰਭਾਵ ਵੀ ਸਪੱਸ਼ਟ ਦਿਖਾਈ ਦਿੱਤਾ। ਕੈਨੇਡੀਅਨ ਵਪਾਰਕ ਅਦਾਰਿਆਂ ਅਤੇ ਆਮ ਨਾਗਰਿਕਾਂ ਨੇ ਰਲ਼ ਕੇ ਸਪੌਂਸਰਸ਼ਿਪਾਂ, ਰਿਹਾਇਸ਼ਗਾਹਾਂ, ਘਰੇਲੂ ਸਾਮਾਨ, ਅਤੇ ਇੱਥੋਂ ਤਕ ਕਿ, ਮੋਬਾਇਲ ਫ਼ੋਨਾਂ, ਆਦਿ, ਦੇ ਰੂਪ ਵਿੱਚ ਲੱਖਾਂ ਡਾਲਰਾਂ ਦੀ ਡੋਨੇਸ਼ਨ ਇਕੱਤਰ ਕਰ ਦਿੱਤੀ। ਚਰਚਾਂ ਅਤੇ ਕਮਿਉਨਿਟੀ ਗਰੁੱਪਾਂ ਸਮੇਤ ਕਈ ਵਿਅਕਤੀਆਂ ਨੇ ਇੱਕ ਇੱਕ ਨਵੇਂ ਆਏ ਸੀਰੀਅਨ ਸ਼ਰਨਾਰਥੀ ਨੂੰ ਗੋਦ ਲੈਣ ਦਾ ਵੀ ਵਾਅਦਾ ਕੀਤਾ। ਇੱਕ ਕੰਪਨੀ ਦੇ ਚੀਫ਼ ਐਗਜ਼ੈਕਟਿਵ ਨੇ ਨਿੱਜੀ ਤੌਰ ‘ਤੇ 50 ਪਰਿਵਾਰਾਂ ਨੂੰ ਕੈਨੇਡਾ ਲੈ ਕੇ ਆਉਣ ਦੀ ਵਚਨਬੱਧਤਾ ਦਿੱਤੀ ਹੈ ਜਿਸ ‘ਤੇ 1 ਮਿਲੀਅਨ ਡਾਲਰਾਂ ਤੋਂ ਵੱਧ ਦਾ ਖ਼ਰਚਾ ਆਵੇਗਾ। ਮੱਧ ਨਵੰਬਰ ਵਿੱਚ ਕਰਵਾਈਆਂ ਗਈਆਂ ਚੋਣਾਂ ਵਿੱਚ ਟਰੂਡੋ ਦੇ ਰੈਫ਼ਿਊਜੀ ਰੀਸੈਟਲਮੈਂਟ ਪਲੈਨ (ਸ਼ਰਨਾਰਥੀ ਮੁੜਵਸੇਬਾ ਯੋਜਨਾ) ਦਾ ਵਿਰੋਧ 60 ਪ੍ਰਤੀਸ਼ਤ ਦੇ ਕਰੀਬ ਸੀ। ਪਰ ਪਿੱਛਲੇ ਹਫ਼ਤੇ, ਸ਼ਰਨਾਰਥੀਆਂ ਨਾਲ ਭੱਰਿਆ ਪਹਿਲਾ ਜਹਾਜ਼ ਟੋਰੌਂਟੋ ਵਿੱਚ ਲੈਂਡ ਕਰਨ ਤੋਂ ਸਿਰਫ਼ ਦੋ ਦਿਨ ਪਹਿਲਾਂ ਤਕ, ਕੈਨੇਡੀਅਨ ਵੰਡੇ ਗਏ ਅਤੇ ‘ਵੈਲਕਮ ਰੈਫ਼ਿਊਜੀਜ਼’ ਕਹਿਣ ਵਾਲਿਆਂ ਦੀ ਗਿਣਤੀ ਅਜਿਹਾ ਨਾ ਕਹਿਣ ਵਾਲਿਆਂ ਤੋਂ ਥੋੜ੍ਹੀ ਜਿੰਨੀ ਵੱਧ ਗਈ।
ਜਿਹੜੇ ਕੈਨੇਡੀਅਨ ਇੱਥੇ ਨਵੇਂ ਆਉਣ ਵਾਲੇ ਸੀਰੀਅਨ ਸ਼ਰਨਾਰਥੀਆਂ ਪ੍ਰਤੀ ਆਪਣੀ ਹਮਾਇਤ ਜ਼ਾਹਿਰ ਕਰਨ ਲਈ ਬਹੁਤ ਜ਼ਿਆਦਾ ਉਤਾਵਲੇ ਸਨ ਅਤੇ ਇਸ ਗੱਲ ਤੋਂ ਹੌਸਲਾ ਹਾਰਨ ਦੇ ਰੌਂਅ ਵਿੱਚ ਵੀ ਨਹੀਂ ਸਨ ਕਿ ਹਵਾਈ ਅੱਡੇ ‘ਤੇ ਪਹੁੰਚ ਕੇ ਵੀ ਉਹ ਸੁਰੱਖਿਆ ਕਾਰਨਾਂ ਕਾਰਨ ਆਏ ਹੋਏ ਸੀਰੀਅਨ ਰੈਫ਼ਿਊਜੀ ਪਰਿਵਾਰਾਂ ਨੂੰ ਨਿੱਜੀ ਤੌਰ ‘ਤੇ ਨਹੀਂ ਮਿਲ ਸਕਣਗੇ। ਕੁਝ ਕੁ ਲੋਕ ਆਪਣੇ ਤੌਰ ‘ਤੇ ਪੀਅਰਸਨ ਹਵਾਈ ਅੱਡੇ ਦੇ ਇੰਟਰਨੈਸ਼ਨਲ ਅਰਾਈਵਲ ਗੇਟ ‘ਤੇ ਆਪਣੇ ਹੱਥਾਂ ਵਿੱਚ ਪਲੈਕਰਡ ਅਤੇ ਤੋਹਫ਼ੇ ਲੈ ਕੇ ਪਹੁੰਚੇ ਹੋਏ ਸਨ। ਕੈਨੇਡਾ ਭੇਜੇ ਜਾਣ ਲਈ ਲੇਬਨਾਨ ਤੇ ਜੌਰਡਨ ਵਿੱਚ ਹਰ ਰੋਜ਼ 8 ਸੌ ਰੈਫ਼ਿਊਜੀਆਂ ਨੂੰ ਸੁਰਖਿਆ ਤੇ ਸਿਹਤ ਅਧਿਕਾਰੀਆਂ ਵਲੋਂ ਸਕਰੀਨ ਕੀਤਾ ਜਾਂਦਾ ਹੈ। ਕੈਨੇਡਾ ਦੀ ਸਰਕਾਰ ਦੀ ਇਹ ਨਵੀਂ ਵਚਨਬੱਧਤਾ ਅਕਤੂਬਰ ਮਹੀਨੇ ਦੀਆਂ ਚੋਣਾਂ ਵਿੱਚ ਹੋਈ ਸਰਕਾਰ ਬਦਲੀ ਦਾ ਹੀ ਨਤੀਜਾ ਹੈ। ਸਾਬਕਾ ਕੰਸਰਵਟਿਵ ਸਰਕਾਰ ਨੇ ਹੋਰ ਸੀਰੀਅਨ ਰੈਫ਼ਿਊਜੀਆਂ ਨੂੰ ਸ਼ਰਣ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਬਾਵਜੂਦ ਇਸ ਦੇ ਕਿ ਉਸ ਵਕਤ ਇੱਕ ਤਿੰਨ ਸਾਲਾ ਸੀਰੀਆਈ ਬੱਚੇ ਦੀ ਲਾਸ਼ ਰੁੜ੍ਹਦੇ ਰੁੜ੍ਹਦੇ ਤੁਰਕੀ ਦੇ ਇੱਕ ਬੀਚ ਦੇ ਕੰਢੇ ‘ਤੇ ਪੁੱਜ ਜਾਣ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਹਰ ਸੋਚਣ ਵਾਲੇ ਮੰਨ ਨੂੰ ਆਪਣੀ ਉਦਾਸੀਨਤਾ ਬਾਰੇ ਵੀ ਸੋਚਣ ‘ਤੇ ਮਜਬੂਰ ਕਰ ਰਹੀਆਂ ਸਨ। ਉਸ ਬੱਚੇ ਦੇ ਰਿਸ਼ਤੇਦਾਰ ਕੈਨੇਡਾ ਵਿੱਚ ਪੱਕੇ ਸਨ, ਅਤੇ ਉਸ ਨੂੰ ਸਪੌਂਸਰ ਕਰਨ ਲਈ ਤਿਆਰ ਵੀ ਸਨ। ਉਹ ਦੁਰਘਟਨਾ ਚੋਣਾਂ ਦੌਰਾਨ ਇੱਕ ਭੱਖਵਾਂ ਮਸਲਾ ਬਣੀ ਰਹੀ।
”ਇਹ ਉਸ ਜਹਾਜ਼ ਵਿੱਚੋਂ ਬੇਸ਼ੱਕ ਹੁਣ ਰੈਫ਼ਿਊਜੀਆਂ ਦੇ ਤੌਰ ‘ਤੇ ਉਤਰ ਰਹੇ ਹਨ, ਪਰ ਇਹ ਇਸ ਟਰਮਿਨਲ ‘ਚੋਂ ਬਾਹਰ ਨਿਕਲਣਗੇ ਪਰਮਾਨੈਂਟ ਕੈਨੇਡੀਅਨ ਸ਼ਹਿਰੀ ਬਣ ਕੇ ਜਿਨ੍ਹਾਂ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ, ਹੈੱਲਥ ਕਾਰਡ ਅਤੇ ਕੁਝ ਹੀ ਸਾਲਾਂ ਵਿੱਚ ਪੂਰੇ ਕੈਨੇਡੀਅਨ ਨਾਗਰਿਕ ਬਣਨ ਦੇ ਅਧਿਕਾਰ ਹੋਣਗੇ,” ਟਰੂਡੋ ਦਾ ਕੈਨੇਡਾ ਨਵੇਂ ਪਧਾਰੇ ਸੀਰੀਅਨ ਰੈਫ਼ਿਊਜੀਆਂ ਨੂੰ ਲੈ ਕੇ ਕਹਿਣਾ ਸੀ। ਕੈਨੇਡਾ ਦੁਨੀਆਂ ਭਰ ਦੇ ਦੁਖੀ ਸ਼ਰਨਾਰਥੀਆਂ ਲਈ ਆਪਣੇ ਦਰ ਖੁਲ੍ਹੇ ਰੱਖਣ ਲਈ ਇੱਕ ਲੰਬੇ ਅਰਸੇ ਤੋਂ ਜਾਣਿਆ ਜਾਂਦਾ ਹੈ। ਸੰਕਟ ਦੇ ਵਕਤਾਂ ਵਿੱਚ, ਪਿੱਛਲੇ ਕਈ ਦਹਾਕਿਆਂ ਤੋਂ, ਕੈਨੇਡਾ ਨੇ ਬਹੁਤ ਫ਼ੁਰਤੀ ਨਾਲ ਅਤੇ ਇੱਕ ਬਹੁਤ ਹੀ ਵੱਡੀ ਗਿਣਤੀ ਵਿੱਚ ਰੈਫ਼ਿਊਜੀਆਂ ਨੂੰ ਮੁੜ ਵਸਾਇਆ ਹੈ। ਤੁਹਾਡੇ ਰੈਕਰਡ ਲਈ ਦੱਸ ਦੇਈਏ, ਕੈਨੇਡਾ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਤੋਂ ਹੀ ਸ਼ਰਨਾਰਥੀਆਂ ਦੀ ਪਹਿਲੀ ਚੋਣ ਬਣਿਆ ਰਿਹਾ ਹੈ। 1990 ਵਿੱਚ ਇਸ ਨੇ ਕੋਸੋਵੋ ਤੋਂ 5 ਹਜ਼ਾਰ ਲੋਕਾਂ ਨੂੰ ‘ਏਅਰ-ਲਿਫ਼ਟ’ ਕੀਤਾ ਸੀ। 1970ਵਿਆਂ ਵਿੱਚ, ਇਦੀ ਅਮੀਨ ਦੇ ਰਾਜਕਾਲ ਦੌਰਾਨ, ਕੈਨੇਡਾ ਨੇ ਯੂਗੈਂਡਾ ਦੇ 5 ਹਜ਼ਾਰ ਪ੍ਰਵਾਸੀਆਂ ਨੂੰ ਖ਼ੁਸ਼ਆਮਦੀਦ ਆਖਿਆ ਸੀ। 70ਵਿਆਂ ਦੇ ਆਖ਼ਰੀ ਸਾਲਾਂ ਵਿੱਚ, ਕੈਨੇਡਾ 60 ਹਜ਼ਾਰ ਵੀਅਤਨਾਮੀਆਂ ਦਾ ਘਰ ਬਣਿਆ। ਅਮਰੀਕਾ ਵਾਂਗ, ਕੈਨੇਡਾ ਵੀ ਪ੍ਰਵਾਸੀਆਂ ਵਲੋਂ ਬਣਾਇਆ ਸੰਵਾਰਿਆ ਗਿਆ ਇੱਕ ਮੁਲਕ ਹੈ, ਅਤੇ ਦੂਜੀ ਮਹਾਨ ਜੰਗ ਤੋਂ ਬਾਅਦ ਇਹ ਦੁਨੀਆਂ ਭਰ ਦੇ ਵਿਵਾਦਾਂ ਤੇ ਤਸ਼ਦਦ ਤੋਂ ਆਪਣੀਆਂ ਜਾਨਾਂ ਬਚਾ ਕੇ ਦੌੜਨ ਵਾਲੇ ਤਕਰੀਬਨ 1.2 ਮਿਲੀਅਨ ਲੋਕਾਂ ਦਾ ਘਰ ਬਣਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਵੀ ਬਾਖ਼ੂਬੀ ਅਹਿਸਾਸ ਹੋਵੇਗਾ ਕਿ ਇਨ੍ਹਾਂ ਨਵੇਂ ਆਏ ਸੀਰੀਅਨ ਰੈਫ਼ਿਊਜੀਆਂ ਦੀ ਕੈਨੇਡਾ ਵਰਗੇ ਇੱਕ ਵਿਸ਼ਾਲ ਬਹੁ-ਸਭਿਆਚਾਰਕ ਸਮਾਜ ਵਿੱਚ ‘ਜੋੜ-ਰਹਿਤ’ ਸ਼ਮੂਲੀਅਤ ਕਰਾਉਣੀ ਕੋਈ ਖ਼ਾਲਾ ਜੀ ਦਾ ਵਾੜਾ ਸਾਬਿਤ ਹੋਣ ਵਾਲਾ! ਵਕਤ ਦੀ ਸਰਕਾਰ ਦੇ ਸਿਰ ਅੱਜ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਣ ਪਈਆਂ ਹਨ, ਜਿਵੇਂ ਕਿ ਹਰ ਪਹੁੰਚਣ ਵਾਲੇ ਸ਼ਰਨਾਰਥੀ ਦੀ ਦੇਖਭਾਲ ਕਰਨੀ, ਉਸ ਨੂੰ ਟ੍ਰੇਨਿੰਗ ਦੇਣੀ, ਰੋਜ਼ਗ਼ਾਰ ਦੇ ਮੌਕੇ ਮੁਹੱਈਆ ਕਰਾਉਣੇ, ਆਦਿ। ਖ਼ਾਸਕਰ ਉਨ੍ਹਾਂ ਸ਼ਰਨਾਰਥੀਆਂ ਨੂੰ ਜਿਨ੍ਹਾਂ ਨੂੰ ਇਮਦਾਦ ਦੀ ਇਸ ਵਕਤ ਸਭ ਤੋਂ ਵੱਧ ਲੋੜ ਹੈ। ਕੈਨੇਡਾ ਪਹੁੰਚਣ ਵਾਲੇ ਇਨ੍ਹਾਂ ਕੁਝ ਕੁ ਪਹਿਲੇ ਪਹਿਲੇ ਸੀਰੀਅਨ ਰੈਫ਼ਿਊਜੀਆਂ ਦੇ ਸਵਾਗਤ ਲਈ ਨਿੱਜੀ ਤੌਰ ‘ਤੇ ਪਹੁੰਚ ਕੇ ਟਰੂਡੋ ਨੇ ਵਿਸ਼ਵ ਨੂੰ ਇਹ ਸੁਨੇਹਾ ਦਿੱਤਾ: ”ਕੈਨੇਡੀਅਨਾਂ ਦੀ ਪਛਾਣ ਕਿਸੇ ਭਾਸ਼ਾ, ਧਰਮ ਜਾਂ ਚਮੜੀ ਦੇ ਰੰਗ ਤੋਂ ਨਹੀਂ ਹੁੰਦੀ। ਸਭ ਰੰਗਾਂ, ਨਸਲਾਂ ਤੇ ਧਰਮਾਂ ਦੇ ਲੋਕਾਂ ਦੀਆਂ ਉਮੰਗਾਂ, ਉਮੀਦਾਂ ਤੇ ਉਨ੍ਹਾਂ ਦੇ ਸੁਪਨਿਆਂ ਦੀ ਇੱਥੇ ਇੱਕੋ ਜਿਹੀ ਇੱਜ਼ਤ ਕੀਤੀ ਜਾਂਦੀ ਹੈ … ਸਭ ਦੀਆਂ ਤਾਂਘਾਂ ਇੱਕ ਸਮਾਨ ਸਮਝੀਆਂ ਜਾਂਦੀਆਂ ਹਨ।” ਅਮਰੀਕੀ ਰੀਅਲ ਐਸਟੇਟ ਦੇ ਚੱਕਰਵਰਤੀ ਸਮਰਾਟ, ਬਿਲੀਅਨੇਅਰ ਡੌਨਲਡ ਟਰੰਪ, ਤੋਂ ਬਿਲਕੁਲ ਹੀ ਵੱਖਰੀ ਸੋਚ, ਜਿਸ ਨੇ ਆਪਣੇ ਆਪ ਨੂੰ ਆਮ ਲੋਕਾਂ ਦੇ ਦੁਖਾਂ ਤਕਲੀਫ਼ਾਂ ਤੋਂ ਬਿਲਕੁਲ ਹੀ ਉਦਾਸੀਨ ਕਰ ਲਿਆ ਜਾਪਦਾ ਹੈ। ਸੀਰੀਅਨ ਰੈਫ਼ਿਊਜੀਆਂ ਦਾ ਮਾਮਲਾ ਹੀ ਲੈ ਲਓ, ਉਸ ਨੇ ਨਾ ਤਾਂ ਕੋਈ ਹਮਦਰਦੀ ਭੱਰਿਆ ਲਫ਼ਜ਼ ਹੀ ਉਨ੍ਹਾਂ ਪ੍ਰਤੀ ਆਪਣੇ ਮੂੰਹੋਂ ਨਾ ਉੱਚਰਿਆ, ਅਤੇ ਨਾ ਹੀ ਉਸ ਨੇ ਸਮਾਜ ਵਿੱਚ ਸਦਭਾਵਨਾ ਫ਼ੈਲਾਉਣ ਵਾਲਾ ਕੋਈ ਕਰਮ ਹੀ ਸਰਅੰਜਾਮ ਦਿੱਤਾ। ਇਸ ਦੇ ਉਲਟ, ਉਸ ਨੇ ਮਜ਼੍ਹਬ ਦਾ ਪੱਤਾ ਆਪਣੇ ਸਿਆਸੀ ਮੁਫ਼ਾਦ ਅੱਗੇ ਵਧਾੳਣ ਲਈ ਇਹ ਕਹਿ ਕੇ ਖ਼ੂਬ ਵਰਤਿਆ ਕਿ ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਆਰਜ਼ੀ ਤੌਰ ‘ਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ। ਪਰ ਟਰੂਡੋ ਉਹੀ ਸਭ ਕੁਝ ਕਰ ਰਿਹੈ ਜੋ ਕਿਸੇ ਵੀ ਹੋਰ ਕੈਨੇਡੀਅਨ ਨੇਤਾ ਨੇ ਬਿਲਕੁਲ ਅਜਿਹੇ ਹੀ ਹਾਲਾਤ ਅਧੀਨ ਕੀਤਾ ਹੁੰਦਾ। ਇਹੀ ਹੈ ਬੇਗ਼ਾਨਿਆਂ ਅਤੇ ਲੋੜਵੰਦਾਂ ਨੂੰ ਖਿੜੇ ਮੱਥੇ ਜੀ ਆਇਆਂ ਆਖ ਕੇ ਗੱਲਵਕੜੀ ਪਾਉਣ ਦੀ ਉਹ ਕੈਨੇਡੀਅਨ ਪਰੰਪਰਾ ਜਿਸ ਦੀ ਸਾਰੀ ਦੁਨੀਆਂ ਨੂੰ ਨਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਡਰ ਅਤੇ ਡਿਵੈਲਪਰ ਟਰੰਪ ਨੂੰ ਟੁੱਟੀਆਂ ਜ਼ਿੰਦਗੀਆਂ ਨੂੰ ਮੁੜ ਬਣਾਉਣ ਅਤੇ ਵਸਾਉਣ ਵਾਲੇ ਸਾਡੇ ਮੁੰਡੇ ਟਰੂਡੋ ਤੋਂ ਇਨਸਾਨੀ ਕਦਰਾਂ ਕੀਮਤਾਂ ਬਾਰੇ ਹਾਲੇ ਬਹੁਤ ਕੁਝ ਸਿੱਖਣ ਦੀ ਲੋੜ ਹੈ!

LEAVE A REPLY