3ਚੰਡੀਗੜ੍ਹ : ਗੈਰਮਿਆਰੀ ਕੀਟ ਨਾਸ਼ਕਾਂ ਕਾਰਨ ਬਰਬਾਦ ਹੋਈ ਨਰਮੇ ਦੀ ਫ਼ਸਲ ਤੋਂ ਬਾਅਦ ਸਰਕਾਰ ਵੱਲੋਂ ਐਲਾਨੇ ਮੁਆਵਜੇ ਦੀ ਸਹੀ ਅਦਾਇਗੀ ਵੀ ਨਾਂ ਕਰਕੇ ਪੀੜਤ ਕਿਸਾਨਾਂ ਅਤੇ ਖ਼ੇਤ ਮਜ਼ਦੂਰਾਂ ਨਾਲ ਜਿੱਥੇ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਓਥੇ ਹੀ ਦਰਆਿਈ ਇਲਾਕਿਆਂ ਨੇੜੇ ਪੈਂਦੀਆਂ ਜ਼ਮੀਨਾਂ ਦੇ ਇੰਤਕਾਲ ਰੱਦ ਹੋਣ ਕਾਰਨ 20,000 ਤੋਂ ਵੱਧ ਕਿਸਾਨ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਲੰਮੇ ਸਮੇਂ ਤੋਂ ਗੰਨਾ ਮਿੱਲਾਂ ਵੱਲੋਂ ਵੀ ਕਿਸਾਨਾਂ ਦਾ ਪੈਸਾ ਅਦਾ ਨਾ ਕੀਤੇ ਜਾਣ ਕਾਰਨ ਇੰਜ ਲੱਗਣ ਲੱਗ ਪਿਆ ਹੈ ਕਿ ਜਿਵੇਂ ਕਿਸਾਨੀ ਦਾ ਇਸ ਸਰਕਾਰ ‘ਚ ਕੋਈ ਵਾਲੀਵਾਰਸ ਹੀ ਨਾ ਹੋ ਕੇ ਖ਼ੇਤੀ ਇੱਕ ਫ਼ਾਲਤੂ ਧੰਦਾ ਹੀ ਹੋਵੇ। ਪਰ ਪੰਜਾਬ ਕਾਂਗਰਸ ਦਾ ਕਿਸਾਨ ਅਤੇ ਖ਼ੇਤ ਮਜ਼ਦੂਰ ਸੈੱਲ ਹੁਣ ਕਿਸਾਨੀ ਨਾਲ ਵੱਜਦੀ ਠੱਗੀ ਜ਼ਿਆਦਾ ਦੇਰ ਸਹਿਣ ਨਹੀਂ ਕਰੇਗਾ। ਇਹ ਵਿਚਾਰ ਕਿਸਾਨ ਤੇ ਖ਼ੇਤ ਮਜ਼ਦੂਰ ਸੈੱਲ ਦੇ ਸੂਬਾਈ ਚੇਅਰਮੈਨ, ਪੰਜਾਬ ਰਤਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਨੇ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਚੋਂਣਵੇਂ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਜਥੇਦਾਰ ਜ਼ੀਰਾ ਨੇ ਆਖ਼ਿਆ ਕਿ ਜੇਕਰ 28 ਦਸੰਬਰ ਤੱਕ ਕਿਸਾਨਾਂ ਦੇ ਝੋਨੇ/ਬਾਸਮਤੀ ਦੀ ਫ਼ਸਲ ਦਾ 5 ਕਰੋੜ ਬਕਾਇਆ ਅਦਾ ਨਾ ਕੀਤਾ ਗਿਆ ਤਾਂ ਉਹ ਪਾਰਟੀ ਆਗੂਆਂ ਸਣੇ ਪੰਜਾਬ ਦੇ ਮੁੱਖ਼ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਭੁੱਖ਼ ਹੜਤਾਲ ਸ਼ੁਰੂ ਕਰ ਦੇਣਗੇ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪੈਸੇ ਲੈ ਕੇ ਪੱਕੀਆਂ ਅਲਾਟ ਕੀਤੀਆਂ ਜ਼ਮੀਨਾਂ ਦੇ ਕੇਸਾਂ ਦੀ ਸਹੀ ਪੈਰਵਾਈ ਨਾ ਕਰਕੇ ਵੀ ਆਬਾਦਕਾਰਾਂ ਨਾਲ ਵੱਡਾ ਧੋਖ਼ਾ ਕੀਤਾ ਗਿਆ ਹੈ ਕਿਉਂਕਿ ਜਿੱਥੇ ਕਿਸਾਨਾਂ ਤੋਂ 15000 ਰੁਪਏ ਪ੍ਰਤੀ ਏਕੜ ਸਰਕਾਰੀ ਕੀਮਤ ਲਈ  ਗਈ ਹੈ ਓਥੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਵੀ ਕਥਿਤ ਤੌਰ ‘ਤੇ ਵੱਡੀਆਂ ਰਕਮਾਂ ਚੜ੍ਹਾਵੇ ਵਜੋਂ ਲਈਆਂ ਸਨ। ਉਨ੍ਹਾਂ ਆਬਾਦਕਾਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਇੰਤਕਾਲ ਰੱਦ ਹੋਏ ਕਿਸਾਨ ਤੁਰੰਤ ਆਪਣੇ ਦਸਤਾਵੇਜ਼ ਕਿਸਾਨ ਸੈੱਲ ਦੇ ਜ਼ੀਰਾ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਤਾਂ ਕਿ ਉਨ੍ਹਾਂ ਦੇ ਹੱਕਾਂ ਲਈ ਅਦਾਲਤੀ ਚਾਰਾਜ਼ੋਈ ਕੀਤੀ ਜਾ ਸਕੇ। ਜਥੇਦਾਰ ਜ਼ੀਰਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਕਿਸਾਨਾਂ ਨੂੰ ਬੇਦਖ਼ਲ ਨਹੀਂ ਹੋਣ ਦੇਣਗੇ।
ਮੀਟਿੰਗ ਦੇ ਅਖ਼ੀਰ ‘ਚ ਜਥੇਦਾਰ ਜ਼ੀਰਾ ਸਣੇ ਸਮੁੱਚੇ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਬਠਿੰਡਾ ਵਿਖ਼ੇ ਹੋਈ ਬਦਲਾਅ ਰੈਲੀ ‘ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੇ ਪੰਜਾਬ ਵਾਸੀਆਂ,ਕਿਸਾਨ ਖ਼ੇਤ ਮਜ਼ਦੂਰ ਸੈੱਲ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨਾਂ ਕ੍ਰਮਵਾਰ ਜਥੇਦਾਰ ਜਗਤਾਰ ਸਿੰਘ ਰਾਜਲਾ ਵਿਧਾਇਕ, ਜਥੇਦਾਰ ਹਰਦੀਪ ਸਿੰਘ ਸ਼ੀਹਾਂਪਾੜੀ, ਬਲਜੀਤ ਸਿੰਘ ਫ਼ੇਮੀਵਾਲਾ, ਜਥੇਦਾਰ ਗੁਰਬਚਨ ਸਿੰਘ ਵਰ੍ਹਿਆਂ, ਹਰਭਜਨ ਸਿੰਘ ਵਣਵਾਲਾ, ਸਰਪੰਚ ਰਾਮ ਸਿੰਘ ਬਾਹਰਵਾਲੀ ਅਤੇ ਪਰਮਜੀਤ ਸਿੰਘ ਭਦੌੜ, ਸੂਬਾ ਜਨਰਲ ਸਕੱਤਰਾਂ ਕ੍ਰਮਵਾਰ ਡਾਕਟਰ ਬਲਕਾਰ ਸਿੰਘ, ਜੋਗਾ ਸਿੰਘ ਬੂਹ, ਹਰਭਜਨ ਸਿੰਘ ਫ਼ਤਿਹਗੜ੍ਹ ਸਭਰਾ, ਸਰਪੰਚ ਬੋਹੜ ਸਿੰਘ ਸਦਰਵਾਲਾ ਅਤੇ ਕ੍ਰਮਵਾਰ ਧੰਨਜੀਤ ਸਿੰਘ ਧੰਨੀ ਫ਼ਰੀਦਕੋਟ, ਸ਼ਮਸ਼ੇਰ ਸਿੰਘ ਭਰੋਵਾਲ ਕਪੂਰਥਲਾ, ਹਿਰਦੇਪਾਲ ਸਿੰਘ ਲੁਧਿਆਣਾ, ਬਲਜੀਤ ਸਿੰਘ ਮਾਨਸਾ ਅਤੇ ਰਜਿੰਦਰ ਸਿੰਘ ਰਾਜਾ ਸੰਗਰੂਰ, ਬਲਕਾਰ ਸਿੰਘ ਆਦਿ ਸੂਬਾਈ ਆਗੂ ਹੰਗਾਮੀ ਮੀਟਿੰਗ ਦੌਰਾਨ ਹਾਜਰ ਸਨ।

LEAVE A REPLY