walia bigਜ਼ਿੰਦਗੀ ਵਿੱਚ ਤੁਹਾਨੂੰ ਕੁਝ ਅਜਿਹੇ ਮਨੁੱਖ ਵੀ ਮਿਲ ਜਾਂਦੇ ਹਨ ਜੋ ਚੇਤੰਨ, ਸੁਚੇਤ, ਹਿੰਮਤੀ, ਪਾਰਖੀ ਅਤੇ ਹਰ ਸਮੇਂ ਦੇ ਨਵ-ਸੋਝੀਵਾਨ ਸਦਾ ਕੁਝ ਨਾ ਕੁਝ ਨਵਾਂ ਕਰਨ ਦੇ ਚਾਹਵਾਨ ਹੁੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਅਜਿਹਾ ਹੀ ਮਨੁੱਖ ਹੈ, ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਉਸਦੇ ਅੰਦਰਲੀ ਅੱਗ ਉਸਨੂੰ ਟਿਕ ਕੇ ਬੈਠਣ ਨਹੀਂ ਦਿੰਦੀ। ਇਹੀ ਕਾਰਨ ਹੈ ਕਿ ਉਹ ਪਿਛਲੇ 50 ਵਰ੍ਹਿਆਂ ਤੋਂ ਸਮੁੱਚੇ ਵਿਸ਼ਵ ਵਿੱਚ ਫ਼ੈਲੇ ਪੰਜਾਬੀਆਂ ਨੂੰ ਸਮਰਪਿਤ ਹੋ ਕੇ ਆਪਣੀ ਕਲਮ ਅਤੇ ਆਪਣੀ ਆਵਾਜ਼ ਨਾਲ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਹੱਕ ਵਿੱਚ ਨਾਹਰਾ ਮਾਰ ਰਿਹਾ ਹੈ। ਮੈਨੂੰ ਇਹ ਚੰਗੀ ਤਰ੍ਹਾਂ ਯਾਦ ਨਹੀਂ ਕਿ ਮੈਂ ਸ਼ੇਰਗਿੱਲ ਨੂੰ ਪਹਿਲੀ ਵਾਰ ਕਦੋਂ ਮਿਲਿਆ ਪਰ ਇੰਨਾ ਕੁ ਧੁੰਦਲਾ ਜਿਹਾ ਯਾਦ ਹੈ ਕਿ ਪਟਿਆਲਾ ਦੇ ਭਾਸ਼ਾ ਭਵਨ ਵਿੱਚ ਲੰਡਨ ਤੋਂ ਆਏ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ ਸਨਮਾਨ ਵਿੱਚ ਸਮਾਰੋਹ ਰੱਖਿਆ ਹੋਇਆ ਸੀ, ਜਿਸਦੀ ਪ੍ਰਧਾਨਗੀ ਪੰਜਾਬ ਸਰਕਾਰ ਦਾ ਇਕ ਮੰਤਰੀ ਕਰ ਰਿਹਾ ਸੀ ਅਤੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਸੀ। ਮੈਨੂੰ ਉਸ ਵਿੱਚ ਇਕ ਬੁਲਾਰੇ ਦੇ ਤੌਰ ‘ਤੇ ਸੱਦਿਆ ਗਿਆ ਸੀ। ਸ਼ਾਇਦ ਇਹ 2003 ਜਾਂ 04 ਦੀ ਗੱਲ ਸੀ। ਇਸ ਦਿਨ ਤੋਂ ਬਾਅਦ ਸਾਡੀ ਮੁਲਾਕਾਤ ਦੋਸਤੀ ਵਿੱਚ ਬਦਲ ਗਈ। ਇਹ ਮਿੱਤਰਤਾ ਸਮੇਂ ਦੇ ਬੀਤਣ ਨਾਲ ਹੋਰ ਵੀ ਗੂੜ੍ਹੀ ਹੋ ਗਈ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬੀਰਦਵਿੰਦਰ ਸਿੰਘ ਡਿਪਟੀ ਸਪੀਕਰ ਸੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਮਹਿਰੂਮ ਐਸ. ਕੇ. ਆਹਲੂਵਾਲੀਆ ਸਨ। ਸਾਡੀ ਨਵੀਂ ਬਣੀ ਸੰਸਥਾ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਇਹਨਾਂ ਦੋਹਾਂ ਨੂੰ ਮਹਿਮਾਨ ਦੇ ਤੌਰ ‘ਤੇ ਬੁਲਾ ਕੇ ਨਰਪਾਲ ਸਿੰਘ ਸ਼ੇਰਗਿੱਲ ਦੀ ‘ਇੰਡੀਅਨਜ਼ ਅਬਰੌਡ ਅਤੇ ਪੰਜਾਬ ਇਮਪੈਕਟ 2006’ ਨੂੰ ਰਿਲੀਜ਼ ਕਰਨ ਲਈ ਸਮਾਰੋਹ ਰੱਖਿਆ। ਪਹਿਲੀ ਵਾਰ ਮੈਂ ਇੰਡੀਅਨਜ਼ ਅਬਰੌਡ ਅਤੇ ਪੰਜਾਬ ਇਮਪੈਕਟ ਨੂੰ ਬਹੁਤ ਗਹੁ ਨਾਲ ਪੜ੍ਹਿਆ ਕਿਉਂਕਿ ਮੈਂ ਇਸ ਪੁਸਤਕ ਬਾਰੇ ਫ਼ੰਕਸ਼ਨ ਵਿੱਚ ਬੋਲਣਾ ਸੀ। ਮੈਂ ਨਾ ਸਿਰਫ਼ ਬੋਲ ਕੇ ਹੀ ਜਾਣਕਾਰੀ ਦਿੱਤੀ ਸਗੋਂ ਇਸ ਹਵਾਲਾ ਗ੍ਰੰਥ ਬਾਰੇ ਪੰਜਾਬੀ ਟ੍ਰਿਬਿਊਨ ਵਿੱਚ ਇਕ ਵੱਡਾ ਲੇਖ ਵੀ ਲਿਖਿਆ ਸੀ। ਇਹ ਹਵਾਲਾ ਗ੍ਰੰਥ ਹਰ ਪੰਜਾਬੀ ਲਈ ਬੜਾ ਲਾਹੇਵੰਦ ਹੈ। ਸ਼ੇਰਗਿੱਲ ਕਿਉਂਕਿ ਪਟਿਆਲਾ ਦੇ ਨਾਲ ਨਾਲ ਲੰਡਨ ਵਿੱਚ ਵੀ ਵਿੱਚਰਦਾ ਹੈ, ਉਸਨੂੰ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਜ਼ਰੂਰਤਾਂ ਦਾ ਪੂਰਨ ਗਿਆਨ ਹੈ। ਇਹੀ ਕਾਰਨ ਹੈ ਕਿ ਇਸ ਸਾਲਾਨਾ ਹਵਾਲਾ ਗ੍ਰੰਥ ਵਿੱਚ ਸ਼ੇਰਗਿੱਲ ਨੇ ਇੰਟਰਨੈਸ਼ਨਲ ਐਸ. ਟੀ. ਡੀ. ਕੋਡ, ਦਿੱਲੀ ਵਿਖੇ ਵੱਖ ਵੱਖ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰਾਂ ਦੇ ਸਿਰਨਾਵੇਂ ਅਤੇ ਟੈਲੀਫ਼ੋਨ ਨੰਬਰ, ਭਾਰਤ ਤੋਂ ਬਾਹਰ ਵੱਖ ਵੱਖ ਦੇਸ਼ਾਂ ਵਿੱਚ ਇੰਡੀਅਨ ਡਿਪਲੋਮੈਟਿਕ ਮਿਸ਼ਨਾਂ ਬਾਰੇ ਜਾਣਕਾਰੀ, ਦੇਸ਼ ਤੋਂ ਬਾਹਰ ਦੇ ਅਖਬਾਰਾਂ ਬਾਰੇ ਜਾਣਕਾਰੀ, ਦੁਨੀਆਂ ਭਰ ਵਿੱਚ ਕੰਮ ਕਰ ਰਹੀਆਂ ਭਾਰਤੀ ਸੰਸਥਾਵਾਂ, ਸਿੱਖ ਸੰਸਥਾਵਾਂ ਅਤੇ ਦੁਨੀਆਂ ਭਰ ਦੇ ਗੁਰੂ ਘਰਾਂ ਦੀ ਬਹੁਮੁੱਲੀ ਜਾਣਕਾਰੀ ਮੁਹੱਈਆ ਕੀਤੀ ਹੈ। ਇੰਡੀਅਨਜ਼ ਅਬਰੌਡ ਦੇ ਨਾਮ ਹੇਠ ਦੁਨੀਆਂ ਭਰ ਵਿੱਚ ਫ਼ੈਲੇ ਭਾਰਤੀ ਉਦਮੀ, ਸਿਆਸੀ ਸ਼ਖਸੀਅਤਾਂ ਅਤੇ ਹਰ ਖੇਤਰ ਨਾਲ ਸਬੰਧਤ ਨਾਮਵਰ ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਵਿੱਚ ਜ਼ਿਆਦਾਤਰ ਗਿਣਤੀ ਪੰਜਾਬੀਆਂ ਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਪੰਜਾਬੀ ਐਨ ਆਰ. ਆਈਜ਼ ਦੇ ਸਿਰਲੇਖ ਹੇਠ ਪੂਰੇ ਵਿਸ਼ਵ ਦੇ ਨਾਮਵਰ ਪੰਜਾਬੀਆਂ ਦੀ ਡਾਇਰੈਕਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿੱਖੀ ਸਿਧਾਂਤ, ਤਖਤ ਸਾਹਿਬਾਨਾਂ, ਪੰਜਾਬੀ ਮੀਡੀਆ, ਦਸਤਾਰ ਅਤੇ ਸਿੱਖਾਂ ਦੇ ਪਰਵਾਸ ਬਾਰੇ ਲੇਖ ਪ੍ਰਕਾਸ਼ਿਤ ਕੀਤੇ ਹੋਏ ਮਿਲਦੇ ਹਨ।
ਇਸ ਪੁਸਤਕ ਬਾਰੇ ਕਾਲਮ ਨਵੀਸ ਗੁਰਮੀਤ ਪਲਾਹੀ ਦੀ ਟਿੱਪਣੀ ਹੈ ”ਵਿਸ਼ਵ ਦੀ ਪੂਰੀ ਪਰਿਕਰਮਾ ਹੈ- ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ ‘ਚੋਂ ਹੀਰੇ ਚੁਣੇ ਹਨ, ਉਹਨਾਂ ਨੂੰ ਤਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਹਨਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਹਨਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜ੍ਹਤਾ। ਪਰ ਜੇਕਰ ਇਕੋ ਵਿਅਕਤੀ ਪਿੱਛੇ 16 ਵਰ੍ਹਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਲਿਆ ਹੋਵੇ ਤਾਂ ਕੀ ਉਹ ਕਿਸੇ ਸੰਸਥਾ ਵਿਸ਼ੇਸ਼ ਤੋਂ ਘੱਟ ਹੋਵੇਗਾ? ਜਿਸਨੇ ਤਨੋਂ, ਮਨੋਂ ਆਪਣੇ ਜੀਵਨ ਦੇ ਕੀਮਤੀ ਵਰ੍ਹੇ ਪੰਜਾਬੀ ਪ੍ਰਵਾਸੀਆਂ ਨੂੰ ਇਕ ਕਲਾਵੇ ‘ਚ ਲੈਣ ਲਈ ਹਰ ਪਲ, ਹਰ ਦਿਨ, ਹਰ ਘੜੀ ਯਤਨ ਹੀ ਨਾ ਕੀਤਾ ਹੋਵੇ, ਸਗੋਂ ਵੱਡੇ ਕਾਰਜਾਂ ਨੂੰ ਇਕ ਚੈਲਿੰਜ ਵਜੋਂ ਲੈ ਕੇ ਸਿਰੇ ਵੀ ਚਾੜ੍ਹਿਆ ਹੋਵੇ। ਕੀ ਇਹੋ ਜਿਹਾ ‘ਉਦਮੀ ਜੀਉੜਾ’ ਸਾਡੇ ਸਭਨਾਂ ਦੀ ਪ੍ਰਸੰਸਾ ਦਾ ਹੱਕਦਾਰ ਨਹੀਂ? ਇਹ ਕਾਰਜ ਉਸਨੇ ਘਰ ਬੈਠਿਆਂ, ਇੰਟਰਨੈਟ ਰਾਹੀਂ ਜਾਂ ਪੁਸਤਕਾਂ ਦੇ ਜ਼ਰੀਏ ਨਹੀਂ ਸਗੋਂ ਪੂਰੀ ਦੁਨੀਆਂ ਦੇ ਵੱਖੋ-ਵੱਖਰੇ ਖਿੱਤਿਆਂ ‘ਚ ਭ੍ਰਮਣ ਕਰਕੇ, ਜਿਧਰੇ ਕਿਧਰੇ ਵੀ ਪੰਜਾਬੀ ਮਿਲੇ, ਪੰਜਾਬੀ-ਭਾਰਤੀ ਉਦਮੀ ਮਿਲੇ, ਉਹਨਾਂ ਤੱਕ ਨਿੱਜੀ ਪਹੁੰਚ ਕਰਕੇ ਪ੍ਰਮਾਣਿਕ ਜਾਣਕਾਰੀ ਇਕੱਤਰ ਕੀਤੀ, ਬਿਨਾਂ ਕਿਸੇ ਭੇਦ-ਭਾਵ ਅਤੇ ਬਿਨਾਂ ਕਿਸੇ ਸੰਕੀਰਨ ਸੋਚ ਦੇ। ਪਿਛਲੇ 15 ਸਾਲਾਂ ‘ਚ ਹਰ ਵਰ੍ਹੇ ਪਹਿਲੀ ਵਾਰੀ ਅੰਗਰੇਜ਼ੀ ਪੰਜਾਬੀ ਐਡੀਸ਼ਨ ‘ਚ ਵਾਧਾ ਕਰਦਿਆਂ 16ਵੇਂ ਸੰਸਕਰਨ ‘ਚ ਭਰਵੀਂ ਜਾਣਕਾਰੀ ਦੇ ਕੇ ਖਾਸ ਕਰਕੇ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿੱਚ ਕੀਤੇ ਵਿਸ਼ਾਲ ਕੰਮਾਂ, ਉਹਨਾਂ ਵੱਲੋਂ ਕਮਾਏ ਜੱਸ, ਉਹਨਾਂ ਵਲੋੱ ਉਥੋਂ ਦੇ ਲੋਕਾਂ ‘ਚ ਬਣਾੲੈ ਆਪਣੇ ਸੁਚੱਜੇ ਅਕਸ, ਚੰਗੀ ਭੱਲ, ਚੰਗੀ ਛਾਪ ਨੂੰ ਇਕ ਮਾਲਾ ਦੀ ਲੜੀ ਵਿੱਚ ਪਰੋਇਆ ਹੈ। ਇਸ ਵਿਲੱਖਣ, ਨਿਵੇਕਲੇ, ਉਦਾਹਰਨੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਖਾਸ ਕਰਕੇ ਪੰਜਾਬੀ ਉਦਮੀਆਂ ਨੇ ਆਪਣੇ ਕਾਰੋਬਾਰਾਂ ਬਾਰੇ ਲੋਕਾਂ ਨਾ ਸਾਂਝ ਪਾਉਣ ਲਈ ਵਪਾਰਕ ਮਸ਼ਹੂਰੀ ਰਾਹੀਂ ਭਰਪੂਰ ਹਿੱਸਾ ਪਾਇਆ ਹੈ।
ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸਾਹਿਤ, ਭਾਸ਼ਾ ਅਤੇ ਪੱਤਰਕਾਰੀ ਨਾਲ ਰਿਸ਼ਤਾ 50 ਵਰ੍ਹਿਆਂ ਤੋਂ ਜ਼ਿਆਦਾ ਉਪਰ ਦਾ ਹੋ ਚੁੱਕਿਆ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਖੁਰਦ ਦੇ ਜੰਮਪਲ ਸ਼ੇਰਗਿੱਲ ਨੇ 1964 ਵਿੱਚ ਪੰਜਾਬ ਦੇ ਭਾਸ਼ਾ ਵਿਭਾਗ ਦੇ ਇਕ ਕਰਮਚਾਰੀ ਦੇ ਤੌਰ ‘ਤੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਰਾਹ ਚੁਣਿਆ। ਉਹ ਵੀ ਗਿਆਨੀ ਲਾਲ ਸਿੰਘ ਵਰਗੀ ਸ਼ਖਸੀਅਤ ਦੀ ਅਗਵਾਈ ਵਿੱਚ। ਗਿਆਨੀ ਲਾਲ ਸਿੰਘ ਅਤੇ ਡਾ. ਜੀਤ ਸਿੰਘ ਸ਼ੀਤਲ ਦੀ ਸੰਗਤ ਦਾ ਅਸਰ ਹੋਣਾ ਸੁਭਾਵਿਕ ਸੀ। ਸ਼ੇਰਗਿੱਲ ਸ਼ਾਇਰੀ ਦੇ ਰਾਹ ਪੈ ਗਿਆ। 1965 ਵਿੱਚ ਉਸਦੀ ਕਵਿਤਾ ਦੀ ਪਹਿਲੀ ਪੁਸਤਕ ‘ਅਮਰ ਵੇਲ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦਾ ਮੁੱਖ ਬੰਦ ਡਾ. ਜੀਤ ਸਿੰਘ ਸ਼ੀਤਲ ਨੇ ਲਿਖਿਆ ਸੀ ਜੋ ਉਸ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਸਨ। ਸਮੇਂ ਦੇ ਚੱਕਰ ਨੇ ਜਿੱਥੇ ਨਰਪਾਲ ਸਿੰਘ ਸ਼ੇਰਗਿੱਲ ਨੂੰ ਪਟਿਆਲਾ ਤੋਂ ਲੰਡਨ ਪਹੁੰਚਾ ਦਿੱਤਾ, ਉਥੇ ਇਕ ਕਵੀ ਨੂੰ ਪੱਤਰਕਾਰ ਵੀ ਬਣਾ ਦਿੱਤਾ।
ਦੇਸ਼-ਪ੍ਰਦੇਸ਼ ਦੀ ਪੱਤਰਕਾਰੀ ਤੋਂ ਬਾਅਦ ਆਪ ਸੰਪਾਦਕ ਬਣ ਗਿਆ ਅਤੇ ਪੰਜਾਬ ਦੇ ਅਖਬਾਰਾਂ ਲਈ ਆਵਾਸ-ਪ੍ਰਵਾਸ ਲਿਖਣਾ ਸ਼ੁਰੂ ਕੀਤਾ।
ਸਿੱਖੀ ਦੀ ਚੜ੍ਹਤ ਦੀ ਚਾਹਤ ਨੇ 1985 ਵਿੱਚ ਦੁਨੀਆਂ ਭਰ ਦੇ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੀ ਡਾਇਰੈਕਟਰੀ ਬਣਵਾ ਦਿੱਤੀ। ਸ਼ੇਰਗਿੱਲ ਨੇ ਵਿਸ਼ਵ ਭਰ ਵਿੱਚ ਹੋਏ ਸਿੱਖ ਧਰਮ ਦੇ ਵਿਕਾਸ ਬਾਰੇ ਖੋਜ ਭਰਪੂਰ ਲੇਖ ਲਿਖੇ। ਸਿੱਖਾਂ ਬਾਰੇ ਕੀਤੇ ਕਾਰਜਾਂ ਨੂੰ ਮਾਨਤਾ ਦਿੰਦੇ ਹੋਏ ਸਤੰਬਰ 1995 ਵਿੱਚ ਵਰਲਡ ਸਿੱਖ ਕਾਨਫ਼ਰੰਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ। 2005 ਵਿੱਚ ਨਰਪਾਲ ਸਿੰਘ ਸ਼ੇਰਗਿੱਲ ਨੇ ਸਿੱਖਾਂ ਦੇ ਦਸਤਾਰ ਦੇ ਮਸਲੇ ਨੂੰ ਉਚੀ ਸੁਰ ਵਿੱਚ ਉਠਾਇਆ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਸ਼ਤਾਬਦੀ ਸਮਾਰੋਹਾਂ ਸਮੇਂ ਆਪਣੀ ਸਾਲਾਨਾ ਪੁਸਤਕ ਦਾ ਵਿਸ਼ੇਸ਼ ਅੰਕ ਛਾਪਿਆ। ਇਸੇ ਤਰ੍ਹਾਂ 2011 ਨੂੰ ਪ੍ਰਕਾਸ਼ਿਤ ਹੋਏ ਵਿਸ਼ੇਸ਼ ਸੋਵੀਨਾਰ, ਜੋ ਦਸਤਾਰ ਦੇ ਪੱਖ ਵਿੱਚ ਸੀ, ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਰਿਲੀਜ਼ ਕੀਤਾ ਗਿਆ। ਗੱਲ ਕੀ ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 50 ਵਰ੍ਹਿਆਂ ਤੋਂ ਲਗਾਤਾਰ ਪੰਜਾਬੀ ਭਾਸ਼ਾ, ਸਾਹਿਤ ਅਤੇ ਪੱਤਰਕਾਰੀ ਨੂੰ ਸਮਰਪਿਤ ਹੈ। 1965 ਵਿੱਚ ਛਪੀ ਪਹਿਲੀ ਪੁਸਤਕ’ਅਮਰ ਵੇਲ’ ਤੋਂ ਹੁਣ ਦਾ ਸਫ਼ਰ ਭਾਵੇਂ ਚੁਣੌਤੀਆਂ ਭਰਿਆ ਸੀ ਪਰ ਸ਼ੇਰਗਿੱਲ ਦ੍ਰਿੜ੍ਹਤਾ ਨਾਲ ਆਪਣੇ ਮਾਰਗ ‘ਤੇ ਚਲਦਾ ਰਿਹਾ। ਸ਼ੇਰਗਿੱਲ ਦਾ ਗਿਲਾ ਜਾਇਜ਼ ਹੈ ਕਿ ਸਰਕਾਰਾਂ ਐਨ ਆਰ ਆਈਜ਼ ਦੇ ਨਾਮ ‘ਤੇ ਸਿਆਸਤ ਤਾਂ ਕਰਦੀਆਂ ਹਨ ਪਰ ਅਮਲੀ ਤੌਰ ‘ਤੇ ਕੁਝ ਨਹੀਂ ਕਰਦੀਆਂ। ਸਰਕਾਰ ਜਾਂ ਸ਼੍ਰੋਮਣੀ ਕਮੇਟੀ ਵਰਗੀ ਕਿਸੇ ਸੰਸਥਾ ਨੇ ਵਿਸ਼ਵ ਭਰ ਦੇ ਪੰਜਾਬੀਆਂ ਲਈ ਕੋਈ ਮੰਚ ਤਾਂ ਕੀ ਤਿਆਰ ਕਰਨਾ ਸੀ ਜੋ ਵਿਅਕਤੀ ਇਹ ਕੰਮ ਵਿੱਚ ਲਗਾਤਾਰ ਲੱਗਿਆ ਹੋਇਆ ਹੈ, ਉਸਨੂੰ ਵੀ ਪੂਰੀ ਤਰ੍ਹਾਂ ਮਾਨਤਾ ਨਹੀਂ ਦਿੱਤੀ ਗਈ। ਉਸਦਾ ਗਿਲਾ ਆਪਣੀ ਥਾਂ ਹੈ ਅਤੇ ਹੈ ਵੀ ਠੀਕ ਪਰ ਇਸਦੇ ਬਾਵਜੂਦ ਉਸਦੀ ਹਿੰਮਤ ਵਿੱਚ ਕੋਈ ਕਮੀ ਨਹੀਂ। ਉਹ ਆਪਣਾ ਕੰਮ ਜਾਰੀ ਰੱਖੇਗਾ। ਇਹ ਮੈਂ ਨਹੀਂ ਉਹ ਖੁਦ ਕਹਿ ਰਿਹਾ ਹੈ। ਸਫ਼ਰ ਜਾਰੀ ਹੈ। ਮੈਨੂੰ ਪਤਾ ਹੈ ਕਿ ਇਹ ਇਕ ਅਜਿਹਾ ਸਫ਼ਰ ਹੈ ਜਿਸਦੀ ਕੋਈ ਮੰਜ਼ਿਲ ਨਹੀਂ ਪਰ ਫ਼ਿਰ ਵੀ ਉਸਦੇ ਸਫ਼ਰ ਲਈ ਉਸਨੂੰ ਸ਼ੁਭ ਕਾਮਨਾਵਾਂ।

LEAVE A REPLY