ਦੁਬਈ : ਯਮਨ ਦੀ ਇਕ ਅਦਾਲਤ ਨੇ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਜੁੜੇ ਹੋਣ ਅਤੇ ਯਮਨ ਦੇ ਇਕ ਸੁਰੱਖਿਆ ਅਧਿਕਾਰੀ ਦੀ ਹੱਤਿਆ ਦੇ ਮਾਮਲੇ ‘ਚ ਇਕ ਅਮਰੀਕੀ ਨਾਗਰਿਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਨਿਆਇਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਯਮਨ ਦੀ ਫੌਜੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਮਗਰੋਂ ਅਮਰੀਕੀ ਨਾਗਰਿਕ ਸ਼ਰੀਫ ਮੋਬਲੇ ਨੂੰ ਦੋਸ਼ੀ ਕਰਾਰ ਦਿੰਦਿਆਂ ਉਪਰੋਕਤ ਸਜ਼ਾ ਸੁਣਾਈ।
ਸੁਣਵਾਈ ਦੌਰਾਨ ਅਦਾਲਤ ਵਿਚ ਉੱਚ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ ਮੋਬਲੇ 2010 ਵਿਚ ਆਪਣੀ ਪਤਨੀ ਅਤੇ ਇਕ ਬੱਚੀ ਨਾਲ ਅਰਬੀ ਭਾਸ਼ਾ ਦੇ ਅਧਿਐਨ ਲਈ ਸਨਾ ਆਇਆ ਸੀ। ਬਾਅਦ ਵਿਚ ਉਸ ਨੂੰ ਯਮਨ ਦੇ ਸੁਰੱਖਿਆ ਬਲਾਂ ਨੇ ਅਲਕਾਇਦਾ ਨਾਲ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ।