1ਬਰਨਾਲਾ : 8 ਕਿਸਾਨ ਤੇ 4 ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਅੱਜ ਇੱਥੇ ਦਾਣਾ ਮੰਡੀ ਵਿਖੇ ਕੀਤੀ ਗਈ ਲਲਕਾਰ ਰੈਲੀ ਵਿੱਚ ਹਜ਼ਾਰਾਂ ਦੀ ਤਦਾਦ ‘ਚ ਪਰਿਵਾਰਾਂ ਸਮੇਤ ਪੁੱਜੇ ਕਿਸਾਨ ਮਜ਼ਦੂਰ ਤਣੇ ਮੁੱਕੇ ਵਾਰ-ਵਾਰ ਹਵਾ ‘ਚ ਲਹਿਰਾ ਕੇ ਰੋਹ-ਭਰਪੂਰ ਨਾਹਰੇ ਲਾਉਣ ਰਾਹੀਂ ਸੱਚੀਂ-ਮੁੱਚੀਂ ਸਰਕਾਰ ਨੂੰ ਲਲਕਾਰਦੇ ਨਜ਼ਰ ਆਏ। ਆਪਣੀਆਂ ਮੰਗਾਂ ਦੇ ਹੱਕ ‘ਚ ਅਤੇ ਸਰਕਾਰ ਵਿਰੁੱਧ ਨਾਹਰਿਆਂ ਤੋਂ ਇਲਾਵਾ ਤਤਕਾਲੀ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਨਾਹਰਾ ”ਅਮਰ ਸ਼ਹੀਦਾਂ ਦਾ ਪੈਗਾਮ, ਖੁਦਕੁਸ਼ੀਆਂ ਨਹੀਂ ਸਾਂਝਾ ਸੰਗਰਾਮ” ਵੀ ਵਾਰ ਵਾਰ ਲਾਇਆ ਜਾ ਰਿਹਾ ਸੀ। ਠਾਠਾਂ ਮਾਰਦੇ ਬੇ-ਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਮਜ਼ਦੂਰਾਂ ਦੇ ਭਖਦੇ ਮਸਲਿਆਂ ਦਾ ਤਸੱਲੀਬਖਸ਼ ਨਿਪਟਾਰਾ ਜੇਕਰ ਸਰਕਾਰ ਨੇ ਤੁਰੰਤ ਨਾ ਕੀਤਾ ਤਾਂ 6 ਤੋਂ 8 ਜਨਵਰੀ ਤੱਕ ਬਾਦਲ ਪਿੰਡ ‘ਚ ਪੱਕਾ ਦਿਨੇ-ਰਾਤ ਮੋਰਚਾ ਲਾਇਆ ਜਾਵੇਗਾ। ਉਹਨਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਵੱਲੋਂ ਚੌਤਰਫੇ ਸੰਕਟਾਂ ‘ਚ ਘਿਰੇ ਕਿਸਾਨਾਂ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਵੱਲ ਧੱਕਣ ‘ਚ ਲੁਟੇਰਾ-ਸਾਮਰਾਜੀ ਕੰਪਨੀਆਂ ਤੇ ਵੱਡੇ ਵਪਾਰੀਆਂ ਨਾਲ ਹੱਥ ਵਟਾਇਆ ਜਾ ਰਿਹਾ ਹੈ। ਇਸਦਾ ਮੂੰਹੋਂ ਬੋਲਦਾ ਸਬੂਤ ਨਰਮਾ-ਤਬਾਹੀ ਲਈ ਜ਼ਿੰਮੇਵਾਰ ਨਕਲੀ ਬੀਜ ਤੇ ਕੀਟਨਾਸ਼ਕ ਨਿਰਮਾਤਾ/ਵਪਾਰਕ ਕੰਪਨੀਆਂ ਦੇ ਡੀਲਰਾ ਕੋਲੋਂ ਫੜੀ ਗਈ 65 ਲੱਖ ਰੁ: ਦੀ ਭੇਂਟ ਰਾਸ਼ੀ ਨਾਲ ਸ਼ਰੇਆਮ ਤੋਤਾ ਸਿੰਘ ਖੇਤੀ ਮੰਤਰੀ ਦਾ ਨਾਮ ਜੁੜਨ ਦੇ ਬਾਵਜੂਦ ਉਸਨੂੰ ਹਿੱਕ ਨਾਲ ਲਾਈ ਰੱਖਣਾ ਹੈ। ਇਸ ਮਿਲੀਭੁਗਤ ਦੇ ਸਿੱਟੇ ਵਜੋਂ ਚਿੱਟੀ ਮੱਖੀ ਦੁਆਰਾ ਮਚਾਈ ਤਬਾਹੀ ਨੂੰ ਕੁਦਰਤੀ ਆਫ਼ਤ ਕਹਿ ਕੇ ਲੁਟੇਰਾ ਬਾਇਰ ਕੰਪਨੀ/ਵਪਾਰੀਆਂ ਨੂੰ ਬਰੀ ਕਰਨ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਥਾਂ ਐਲਾਨ ਕੀਤੀ ਗਈ ਨਿਗੂਣੀ ਰਾਹਤ 8000 ਰੁ: ਪ੍ਰਤੀ ਏਕੜ ਵੀ ਅਸਲ ਕਾਸ਼ਤਕਾਰਾਂ ਨੂੰ ਨਹੀਂ ਦਿੱਤੀ ਜਾ ਰਹੀ, ਜਿਨ੍ਹਾਂ ‘ਚੋਂ ਅੱਧਿਓਂ ਵੱਧ ਅਜੇ ਤੱਕ ਬਿਲਕੁਲ ਵਾਂਝੇ ਹਨ। ਨਰਮਾ-ਚੁਗਾਈ ਦੇ 20000 ਰੁ: ਪ੍ਰਤੀ ਪਰਿਵਾਰ ਦੀ ਥਾਂ ਖੇਤ ਮਜ਼ਦੂਰਾਂ ਲਈ ਐਲਾਨੀ ਨਿਗੂਣੀ ਰਾਹਤ 64 ਕਰੋੜ ਰੁਪਏ ‘ਚੋਂ ਅਜੇ ਤੱਕ ਕਿਸੇ ਨੂੰ ਧੇਲਾ ਵੀ ਨਹੀਂ ਦਿੱਤਾ। ਬਾਸਮਤੀ ਦੇ ਵੱਡੇ ਵਪਾਰੀਆਂ ਨੂੰ ਖੁੱਲ੍ਹੀ ਛੁੱਟੀ ਦੇ ਕੇ ਔਸਤਨ 2500 ਰੁ: ਪ੍ਰਤੀ ਕੁਇੰਟਲ ਘਾਟੇ ਦੇ ਹਿਸਾਬ 7500 ਕਰੋੜ ਦਾ ਰਗੜਾ ਕਿਸਾਨਾਂ ਨੂੰ ਲਾਇਆ ਹੈ। ਇਸੇ ਕਰਕੇ ਬਾਸਮਤੀ ਦੇ ਘਰ ਮਾਝੇ ਖੇਤਰ ਵਿੱਚ ਵੀ ਕਈ ਕਿਸਾਨ ਖੁਦਕੁਸ਼ੀਆਂ ਦੀ ਭੇਂਟ ਚੜ੍ਹੇ ਹਨ। ਕਰਜ਼ੇ ਚੱਕ-ਚੱਕ ਖੇਤੀ/ਕਬੀਲਦਾਰੀ ਚਲਾਉਣ ਲਈ ਮਜ਼ਬੂਰ ਬੈਂਕਾਂ ਦੇ ਸਸਤੇ ਕਰਜ਼ੇ ਪਹੁੰਚੋਂ ਬਾਹਰੇ ਹੋਣ ਵਾਲੇ ਛੋਟੇ ਦਰਮਿਆਨੇ ਕਿਸਾਨ ਤੇ ਖੇਤ ਮਜ਼ਦੂਰ ਸ਼ੂਦਖੋਰ ਆੜ੍ਹਤੀਆਂ ਤੇ ਸਰਕਾਰਾਂ ਦੇ ਜਾਲ ‘ਚ ਫਸੇ ਛਟਪਟਾ ਰਹੇ ਹਨ। ਅਸਮਾਨੀ ਚੜ੍ਹੇ ਫਸਲਾਂ ਦੇ ਲਾਗਤ ਖਰਚੇ ਅਤੇ ਬੇਹੱਦ ਘਾਟੇਵੰਦੇ ਭਾਅ ਖੇਤੀ ਨੂੰ ਭਾਰੀ ਘਾਟੇ ਦਾ ਕਿੱਤਾ ਬਣਾ ਚੁੱਕੇ ਹਨ। ਸਾਰੀਆਂ ਕਿਸਾਨ ਵਿਰੋਧੀ ਨੀਤੀਆਂ ਲਈ ਕੇਂਦਰ ਦੀ ਮੋਦੀ ਸਰਕਾਰ ਵੀ ਉਤਨੀ ਹੀ ਦੋਸ਼ੀ ਹੈ। ਬਲਕਿ ਆਏ ਦਿਨ ਵਿਦੇਸ਼ ਦੌਰਿਆਂ ‘ਤੇ ਰਹਿ ਕੇ ਸਾਮਰਾਜੀ ਕੰਪਨੀਆਂ ਨਾਲ ਨਿੱਤ ਨਵੇਂ ਕਿਸਾਨ-ਸਮਝੌਤਿਆਂ ਰਾਹੀਂ ਕਿਸਾਨਾਂ ਨੂੰ ਹੋਰ ਵੀ ਵਧੇਰੇ ਤੇਜ਼ੀ ਨਾਲ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ। ਬੁਲਾਰਿਆਂ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰਾਂ ਦੀਆਂ ਇਹਨਾਂ ਕਿਸਾਨ-ਵਿਰੋਧੀ ਨੀਤੀਆਂ ਤੇ ਕੰਪਨੀਆਂ ਦੀ ਅੰਨ੍ਹੀ ਲੁੱਟ ਦੇ ਸਤਾਏ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੀ ਬਜਾਏ ਜਦੋਂ ਸੰਘਰਸ਼ ਕਰਦੇ ਹਨ ਤਾਂ ਉਹਨਾਂ ਨੂੰ ਕੁਚਲਣ ਲਈ ਨਵੇਂ ਕਾਲੇ ਕਾਨੂੰਨ ਘੜ੍ਹਨ ਦੇ ਨਾਲ-ਨਾਲ ਰਾਜਸੀ ਗੁੰਡਾਗਰਦੀ ਦਾ ਹਥਿਆਰ ਵੀ ਵਰਤਿਆ ਜਾਣ ਲੱਗ ਪਿਆ ਹੈ।
ਮੌਜੂਦਾ ਸੰਘਰਸ਼ ਦੀਆਂ ਮੰਗਾਂ ਬਾਰੇ ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦ-ਜਮਹੂਰੀ ਸੰਘਰਸ਼ਾਂ ਦੀ ਸੰਘੀ ਘੁੱਟਣ ਵਾਲਾ ਕਾਲਾ ਕਾਨੂੰਨ ”ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014” ਰੱਦ ਕੀਤਾ ਜਾਵੇ; ਸੰਸਾਰ ਵਪਾਰ ਜਥੇਬੰਦੀ ਦੀ ਨੈਰੋਬੀ ਕਾਨਫਰੰਸ ਦੇ ਕਿਸਾਨ ਮਜ਼ਦੂਰ ਵਿਰੋਧੀ ਮਤੇ ਰੱਦ ਕੀਤੇ ਜਾਣ; ਚਿੱਟੀ ਮੱਖੀ ਅਤੇ ਹੜ੍ਹਾਂ/ਗੜੇਮਾਰੀ ਨਾਲ ਹੋਈ ਹਰ ਫਸਲ ਦੀ ਤਬਾਹੀ ਦਾ ਅਤੇ ਮਜ਼ਦੂਰਾਂ ਦੇ ਰੁਜ਼ਗਾਰ-ਉਜਾੜੇ ਦਾ ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ; ਬਾਸਮਤੀ ਦੇ ਘਾਟੇ ਦੀ ਪੂਰੀ ਭਰਪਾਈ ਕੀਤੀ ਜਾਵੇ ਅਤੇ ਅੱਗੇ ਤੋਂ ਲਾਹੇਵੰਦਾਂ ਦਾ ਭਾਅ ਅਗਾਉਂ ਮਿਥ ਕੇ ਸਰਕਾਰੀ ਖਰੀਦ ਕੀਤੀ ਜਾਵੇ; ਗੰਨੇ ਦਾ ਬਕਾਇਆ 134 ਕਰੋੜ ਅਤੇ ਝੋਨੇ ਦਾ 5000 ਕਰੋੜ ਤੁਰੰਤ ਅਦਾ ਕੀਤਾ ਜਾਵੇ; ਬੰਦ ਖੰਡ ਮਿੱਲਾਂ ਤੁਰੰਤ ਚਾਲੂ ਕੀਤੀਆਂ ਜਾਣ; ਕਰਜੇ ਮੋੜਨ ਤੋਂ ਅਸਮਰਥ ਕਿਸਾਨਾਂ ਤੇ ਖੇਤ ਮਜ਼ਦੂਰਾਂ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ; ਅਬਾਦਕਾਰ/ਮੁਜ਼ਾਰੇ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਹਜ਼ਾਰਾਂ ਕਿਸਾਨਾਂ ਨੂੰ ਜਾਰੀ ਕੀਤੇ ਬੇਦਖਲੀ ਨੋਟਿਸ ਤੁਰੰਤ ਰੱਦ ਕੀਤੇ ਜਾਣ; ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ-ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ; ਖੁਦਕੁਸ਼ੀਆਂ ਰੋਕਣ ਲਈ ਕਿਸਾਨ ਮਜ਼ਦੂਰ ਪੱਖੀ ਵਿਆਪਕ ਖੇਤੀ ਨੀਤੀ ਬਣਾਈ ਜਾਵੇ; ਅਵਾਰਾ ਪਸ਼ੂਆਂ/ਕੁੱਤਿਆਂ ਦੀ ਗੰਭੀਰ ਸਮੱਸਿਆ ਤੁਰੰਤ ਹੱਲ ਕੀਤੀ ਜਾਵੇ ਅਤੇ ਅੰਦੋਲਨਕਾਰੀ ਕਿਸਾਨਾਂ-ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕੀਤੇ ਜਾਣ ਵਰਗੀਆਂ ਹੋਰ ਕਈ ਭਖਦੀਆਂ ਮੰਗਾਂ ਮੰਨਣ ਉੱਤੇ ਵੀ ਜ਼ੋਰ ਦਿੱਤਾ।
ਇਕੱਠ ਵੱਲੋਂ ਜ਼ੋਰਦਾਰ ਨਾਹਰਿਆਂ ਰਾਹੀਂ ਇੱਕ ਮਤਾ ਪਾਸ ਕਰਕੇ ਅਬੋਹਰ ‘ਚ ਅਕਾਲੀ ਦਲ (ਬ) ਦੇ ਠੇਕੇਦਾਰ ਦੇ ਫਾਰਮ ਹਾਊਸ ‘ਚ ਦੋ ਦਲਿਤ ਨੌਜਵਾਨਾਂ ਦੇ ਹੱਥ ਪੈਰ ਵੱਢ ਕੇ ਇੱਕ ਨੂੰ ਜਾਨੋਂ ਮਾਰਨ ਦੀ ਹੌਲਨਾਕ ਗੁੰਡਾ ਕਰਤੂਤ ਅਤੇ ਸੱਤਾਧਾਰੀ ਬਦਲਾਂ ਦੇ ਨਜ਼ਦੀਕੀ ਦੀ ਬੱਸ ਨਿਊਦੀਪ ਹੇਠਾਂ ਕੁਚਲ ਕੇ ਮਾਰੀ ਗਈ ਪਿੰਡ ਚਨੂੰ ਦੀ 12 ਸਾਲ ਦੀ ਕੁੜੀ ਅਰਸ਼ਦੀਪ ਦੀ ਲਾਸ਼ ਪੁਲਿਸ ਵੱਲੋਂ ਮਾਪਿਆਂ ਤੋਂ ਖੋਹ ਕੇ ਸੜਕ ਤੇ ਘੜੀਸਣ ਦੀ ਦਿਲ-ਕੰਬਾਊ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਦੋਨਾਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ ਅਤੇ ਮੁੱਖ ਬੁਲਾਰਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ); ਬੂਟਾ ਸਿੰਘ ਬੁਰਜਗਿੱਲ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ); ਜੋਰਾ ਸਿੰਘ ਨਸਰਾਲੀ (ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ); ਸੁਰਜੀਤ ਸਿੰਘ ਫੂਲ (ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ); ਮਹੀਪਾਲ ਸਿੰਘ (ਦਿਹਾਤੀ ਮਜ਼ਦੂਰ ਸਭਾ); ਸੁਖਵਿੰਦਰ ਸਿੰਘ ਸਭਰਾ (ਕਿਸਾਨ ਸੰਘਰਸ਼ ਕਮੇਟੀ); ਹਰਦੇਵ ਸਿੰਘ ਸੰਧੂ (ਕਿਰਤੀ ਕਿਸਾਨ ਯੂਨੀਅਨ); ਭਗਵੰਤ ਸਿੰਘ ਸਮਾਓਂ (ਮਜ਼ਦੂਰ ਮੁਕਤੀ ਮੋਰਚਾ); ਪਵਿੱਤਰ ਸਿੰਘ ਲਾਲੀ (ਪੰਜਾਬ ਕਿਸਾਨ ਯੂਨੀਅਨ); ਕੁਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ) ਅਤੇ ਦਰਬਾਰਾ ਸਿੰਘ ਫੂਲੇਵਾਲਾ (ਪੇਂਡੂ ਮਜ਼ਦੂਰ ਯੂਨੀਅਨ ਮਸਾਲ) ਸ਼ਾਮਿਲ ਸਨ।

LEAVE A REPLY