4ਨਵੀਂ ਦਿੱਲੀ  : ਜਾਪਾਨ ਦੇ  ਪ੍ਰਧਾਨ ਮੰਤਰੀ ਸ਼ਿੰਜੋ ਅਬੈ ਨੇ ਕਿਹਾ, ”ਮੈਂ ਜਾਪਾਨ ਅਤੇ ਭਾਰਤ ਦੇ ਇਸ ਰਿਸ਼ਤੇ ‘ਤੇ ਖ਼ਾਸ ਜ਼ੋਰ ਦਿੰਦਾ ਹਾਂ। ਸਾਲ 2007, ਵਿਚ ਜਦੋਂ ਮੈਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਭਾਰਤ ਆਇਆ ਸੀ, ਤਾਂ ਮੈਨੂੰ ਭਾਰਤ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਸੀ। ਭਾਸ਼ਣ ਨੂੰ ” ਦੋ ਸਮੁੰਦਰਾਂ ਦਾ ਸੰਗਮ” ਨਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਕਿਹਾ ਸੀ ਕਿ ਭਾਰਤ ਅਤੇ ਜਪਾਨ ਦਾ ਇਹ ਰਿਸ਼ਤਾ ਪੂਰੇ ਸੰਸਾਰ ਵਿਚ ਦੋਹਾਂ ਪਾਸਿਆਂ ਦੀ ਤਰੱਕੀ ਲਈ ਸਮਰੱਥ ਹੈ। ਮੇਰਾ ਵਿਸ਼ਵਾਸ ਹੌਲੀ-ਹੌਲੀ ਵੱਧਦਾ ਗਿਆ। ਜਨਵਰੀ 2014, ਵਿਚ ਮੈਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤ ਵਿਚ ਗਣਤੰਤਰ ਦਿਵਸ ਦੇ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ।
ਤੀਜੀ ਵਾਰ ਭਾਰਤ ਵਿਚ ਆਉਣਾ ਉਨ੍ਹਾਂ ਨੇ ਆਪਣੀ ਖੁਸ਼ ਕਿਸਮਤੀ ਮੰਨਿਆ ਹੈ। ਭਾਰਤ ਅਤੇ ਜਪਾਨ ਨੇ ਆਜ਼ਾਦੀ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਰਣਨੀਤਕ ਨਿਯਮਾਂ ਵਰਗੇ  ਬੁਨਿਆਦੀ ਮੁੱਲਾਂ ਨੂੰ ਇਕ-ਦੂਜੇ ਨਾਲ ਵੰਡਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ,” ਮਜ਼ਬੂਤ ਭਾਰਤ ਜਪਾਨ ਦੇ ਵਧੀਆ ਹਿੱਤ ਵਿਚ ਅਤੇ ਮਜ਼ਬੂਤ ਜਪਾਨ ਭਾਰਤ ਦੇ ਵਧੀਆ ਹਿੱਤ ਵਿਚ ਹੈ।” ਕਈ ਸਾਲਾਂ ਤੋਂ ਜਪਾਨ ਭਾਰਤ ਦੇ ਵਿਕਾਸ ਵਿਚ ਸਹਿਯੋਗੀ ਰਿਹਾ ਹੈ।ਭਾਰਤ ਵਿਚ ਯੇਨ ਕਰਜ਼ੇ ਦਾ ਪ੍ਰਬੰਧ ਬਹੁਤ ਵੱਡੇ ਪੱਧਰ ‘ਤੇ ਸਹਿਯੋਗ ਕਰ ਰਿਹਾ ਹੈ। ਜਾਪਾਨ ਮੋਦੀ ਜੀ ਦੇ ‘ਸਾਫ਼ ਭਾਰਤ’ ਦੇ ਅਭਿਆਨ ਵਿਚ ਵੀ ਮਦਦ ਕਰ ਰਿਹਾ ਹੈ।
ਜਪਾਨ ਆਰਥਿਕ ਰੂਪ ਵਿਚ ਕੁਸ਼ਲ ਹੈ ਅਤੇ ਇਹ ਭਾਰਤ ਵਿਚ ਵੀ ਵਿਕਾਸ ਦੀ ਦਰ ਨੂੰ ਵਧਾ ਰਿਹਾ ਹੈ। ਇਸ ਦੀ ਇਕ ਵਧੀਆ ਮਿਸਾਲ ਦਿੱਲੀ ਦੀ ਮੈਟਰੋ ਰੇਲ ਗੱਡੀ ਹੈ, ਜੋ ਕਿ ਦਿੱਲੀ ਦੇ ਲੋਕਾਂ ਦੀ ਸੇਵਾ ਵਿਚ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੇਰੇ ਨਾਲ ਆਪਣੀਆਂ ਭਾਵਨਾਵਾਂ ਨੂੰ ਵੰਡਿਆ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਹੋਰ ਦੇਸ਼ ਨੇ ਭਾਰਤ ਦੀ ਆਰਥਿਕ ਪੱਖੋਂ ਇੰਨੀ ਮਦਦ ਨਹੀਂ ਕੀਤੀ ਜਿੰਨੀ ਕਿ ਜਪਾਨ ਨੇ ਕੀਤੀ ਹੈ। ਭਾਰਤ ਵਿਚ ਕਾਰਾਂ, ਮੈਟਰੋ ਅਤੇ ਉਦਯੋਗਿਕ ਪਾਰਕਾਂ ਆਦਿ ਇਸ ਦੀਆਂ ਮਿਸਾਲਾਂ ਹਨ। ਭਾਰਤ ਵਿਚ ਜਪਾਨ ਦੀਆਂ 1200 ਤੋਂ ਵੱਧ ਕੰਪਨੀਆਂ ਹਨ।
ਜਪਾਨ ਦੀ ਇਹ ਕੋਸ਼ਿਸ਼ ਹੈ ਕਿ ਉਹ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ। ਜਾਪਾਨ ਅਤੇ ਭਾਰਤ ਸਮੁੰਦਰੀ ਸੁਰੱਖਿਆ ‘ਚ ਵੀ ਕੁਦਰਤੀ ਭਾਈਵਾਲ ਹਨ। ਇਸ ਕਰਕੇ ਦੋਵੇਂ ਦੇਸ਼ਾਂ ਵਲੋਂ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਨੂੰ ਸਾਫ਼ ਅਤੇ ਸੁਰੱਖਿਆਤ ਰੱਖਣ ਲਈ ਕਦਮ ਚੁੱਕੇ ਗਏ ਹਨ।
ਇਸ ਸਾਲ ਅਕਤੂਬਰ ਵਿਚ ਜਾਪਾਨ ਦੀ ਸਮੁੰਦਰੀ ਸਵੈ-ਰੱਖਿਆ ਫੌਜ ਨੇ ਬੰਗਾਲ ਦੀ ਖਾੜੀ ਵਿਚ ਭਾਰਤ-ਯੂ.ਐਸ. ਮਾਲਾਬਰ ਅਭਿਆਸ ਵਿਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਜਾਪਾਨ ਅੱਗੇ ਤੋਂ ਵੀ ਅਜਿਹੇ ਅਭਿਆਸਾਂ ਵਿਚ ਹਿੱਸਾ ਲੈਂਦਾ ਰਹੇਗਾ। ਉਨ੍ਹਾਂ ਜ਼ਿਕਰ ਕੀਤਾ ਕਿ ਦੁਨੀਆਂ ਵਿਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਉਹ ਭਾਰਤ ਨਾਲ ਮਜ਼ਬੂਤ ਰਿਸ਼ਤਾ ਰੱਖਣਾ ਚਾਹੁੰਦੇ ਹਨ।

LEAVE A REPLY