ਤਰਨਤਾਰਨ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ‘ਆਪ’ ‘ਚ ਜਾਣ ਦੇ ਸਵਾਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸੇ ਦੇ ਜਾਣ ਨਾਲ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਹਰ ਕੋਈ ਆ-ਜਾ ਸਕਦਾ ਹੈ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਅਮਰਿੰਦਰ ਸਿੰਘ ਨਾਲ ਉਨ੍ਹਾਂ ਨੂੰ ਕੋਈ ਨਾਰਾਜ਼ਗੀ ਨਹੀਂ ਹੈ। ਮੁੱਖ ਮੰਤਰੀ ਪਿੰਡ ਡੇਰਾ ਸਾਹਿਬ ‘ਚ ਸੰਗਤ ਦਰਸ਼ਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਰੇ ‘ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ‘ਚ ਉਨ੍ਹਾਂ ਕਿਹਾ ਕਿ ਉਹ ਤਾਂ ਲੋਕਾਂ ਨੂੰ ਮਿਲਣ ਤੋਂ ਪਰਹੇਜ਼ ਕਰਦੇ ਹਨ, ਜਿਸ ਕਾਰਣ ਉਹ ਮਹਿਲਾਂ ‘ਚੋਂ ਬਾਹਰ ਨਹੀਂ ਨਿਕਲਦੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਤੇਜ਼ੀ ਨਾਲ ਉਨ੍ਹਾਂ ਦੀ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਕੁਝ ਲੋਕ ਵਾਰ-ਵਾਰ ਸੰਗਤ ਦਰਸ਼ਨਾਂ ਦਾ ਵਿਰੋਧ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਲੋਕਾਂ ਨਾਲ ਮਿਲਣਾ ਜਾਰੀ ਰੱਖਣਗੇ।
ਬਾਦਲ ਨੇ ਸ਼ੁੱਕਰਵਾਰ ਨੂੰ ਲੰਬੀ ‘ਚ ਨਿਊ ਦੀਪ ਬੱਸ ਹੇਠਾਂ 12 ਸਾਲ ਦੀ ਬੱਚੀ ਦੇ ਆਉਣ ਸੰਬੰਧੀ ਕਿਹਾ ਕਿ ਇਸ ਸੰਬੰਧ ‘ਚ ਕਾਨੂੰਨ ਆਪਣਾ ਕੰਮ ਕਰੇਗਾ। ਇਸ ਤੋਂ ਪਹਿਲਾਂ ਬਾਦਲ ਵਲੋਂ ਪਿੰਡ ਧੂੰਧਾ, ਭੈਲ ਢਾਏਵਾਲਾ, ਡੇਰਾ ਸਾਹਿਬ ਸਮੇਤ ਦਰਜਨ ਦੇ ਕਰੀਬ ਪਿੰਡਾਂ ਨੂੰ 4.20 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਇਸ ਮੌਕੇ ‘ਤੇ ਸੰਸਦੀ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਬ੍ਰਹਮਪੁਰਾ, ਕੇ. ਜੇ. ਐੱਸ. ਚੀਮਾ, ਡੀ. ਆਈ. ਜੀ. ਕੁੰਵਰ ਵਿਜੈ ਪ੍ਰਤਾਪ ਆਦਿ ਹਾਜ਼ਰ ਸਨ।