3ਚੰਡੀਗੜ੍ਹ : ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜ ਸਰਕਾਰ ਵੱਲੋਂ ਰੇਲ ਗੱਡੀਆਂ ਰਾਹੀਂ ਰਾਜ ਦੇ ਵੱਖ-ਵੱਖ ਸ਼ਹਿਰਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਵੱਖ-ਵੱਖ ਧਰਮ ਅਸਥਾਨਾਂ ਦੀ ਕਰਵਾਈ ਜਾ ਰਹੀ ਮੁਫਤ ਧਾਰਮਿਕ ਯਾਤਰਾ ਦੇ ਪ੍ਰੋਗਰਾਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇੱਕ ਉਚ ਪੱਧਰੀ ਮਟਿੰਗ ਦੌਰਾਨ ਧਾਰਮਿਕ ਯਾਤਰਾ ਸਬੰਧੀ ਸਮਾਂ ਸਾਰਣੀ ਤੈਅ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਭ ਧਰਮਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਮੁਫਤ, ਅਰਾਮਦਾਇਕ ਤੇ ਸੁਖਾਲੀ ਯਾਤਰਾ ਕਰਵਾਉਣ ਲਈ ਵਚਨਬੱਧ ਹੈ। ਵੇਰਵੇ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਹ ਧਾਰਮਿਕ ਯਾਤਰਾ ਪਹਿਲੀ ਜਨਵਰੀ 2016 ਨੂੰ ਸ਼ੁਰੂ ਹੋਵੇਗੀ ਅਤੇ ਉਸ ਦਿਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅਟਾਰੀ ਤੇ ਮਜੀਠਾ ਹਲਕਿਆਂ ਦੇ ਸ਼ਰਧਾਲੂਆਂ ਲਈ ਰੇਲ ਗੱਡੀ ਨੰਦੇੜ ਸਾਹਿਬ ਲਈ ਰਵਾਨਾ ਹੋਵੇਗੀ।
ਸ. ਬਾਦਲ ਨੇ ਦੱਸਿਆ ਕਿ ਤਲਵੰਡੀ ਸਾਬੋ ਅਤੇ ਮੌੜ ਹਲਕਿਆਂ ਲਈ ਰੇਲ ਗੱਡੀ 4 ਜਨਵਰੀ ਨੂੰ ਮੌੜ ਸਟੇਸ਼ਨ ਤੋਂ ਚੱਲੇਗੀ। ਸ਼੍ਰੀ ਆਨੰਦਪੁਰ ਸਾਹਿਬ ਅਤੇ ਰੋਪੜ ਹਲਕਿਆਂ ਲਈ ਰੇਲ ਗੱਡੀ 8 ਜਨਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ, ਜੰਡਿਆਲਾ ਅਤੇ ਖਡੂਰ ਸਾਹਿਬ ਹਲਕਿਆਂ ਲਈ ਰੇਲ ਗੱਡੀ ਜੰਡਿਆਲਾ ਸਟੇਸ਼ਨ ਤੋਂ 11 ਜਨਵਰੀ ਨੂੰ, ਸਮਾਣਾ ਅਤੇ ਨਾਭਾ ਹਲਕਿਆਂ ਲਈ ਰੇਲ ਗੱਡੀ ਪਟਿਆਲਾ ਸਟੇਸ਼ਨ ਤੋਂ 15 ਜਨਵਰੀ ਨੂੰ, ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਹਲਕਿਆਂ ਲਈ ਰੇਲ ਗੱਡੀ ਬਟਾਲਾ ਸਟੇਸ਼ਨ ਤੋਂ 18 ਜਨਵਰੀ ਨੂੰ, ਸ਼੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ ਹਲਕਿਆਂ ਲਈ ਰੇਲ ਗੱਡੀ 22 ਜਨਵਰੀ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ, ਕਰਤਾਰਪੁਰ ਹਲਕੇ ਲਈ ਰੇਲ ਗੱਡੀ ਬਿਆਸ ਸਟੇਸ਼ਨ ਤੋਂ 25 ਜਨਵਰੀ ਅਤੇ ਭੁਲੱਥ ਹਲਕੇ ਲਈ ਰੇਲ ਗੱਡੀ 25 ਜਨਵਰੀ ਨੂੰ ਢਿੱਲਵਾਂ ਰੇਲਵੇ ਸਟੇਸ਼ਨ ਤੋਂ ਨੰਦੇੜ ਸਾਹਿਬ ਲਈ ਚੱਲੇਗੀ।
ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਵਾਰਾਨਸੀ ਦਰਸ਼ਨਾਂ ਦੇ ਚਾਹਵਾਨ ਮਾਲਵਾ ਦੇ ਸ਼ਰਧਾਲੂਆਂ ਲਈ ਰੇਲ ਗੱਡੀ 18 ਜਨਵਰੀ ਨੂੰ ਬਠਿੰਡਾ ਅਤੇ ਦੁਆਬਾ ਖੇਤਰ ਦੇ ਲੋਕਾਂ ਲਈ ਰੇਲ ਗੱਡੀ ਜਲੰਧਰ ਸਟੇਸ਼ਨ ਤੋਂ 20 ਜਨਵਰੀ ਨੂੰ ਚੱਲੇਗੀ। ਅਜਮੇਰ ਸ਼ਰੀਫ ਜਾਣ ਦੇ ਚਾਹਵਾਨ ਮਾਲੇਰਕੋਟਲਾ ਦੇ ਸ਼ਰਧਾਲੂਆਂ ਲਈ ਰੇਲ ਗੱਡੀ ਮਾਲੇਰਕੋਟਲਾ ਸਟੇਸ਼ਨ ਤੋਂ 27 ਜਨਵਰੀ ਨੂੰ ਰਵਾਨਾ ਹੋਵੇਗੀ।

LEAVE A REPLY