ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਬੁਢਾਪਾ ਪੈਨਸ਼ਨ ਦੀ ਵੰਡ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਵੇਰਵੇ ਦਿੰਦੇ ਹੋਏ ਸ. ਬਾਦਲ ਨੇ ਕਹਾ ਕਿ ਪੈਨਸ਼ਨ ਵੰਡਣ ਦੀ ਜ਼ਿੰਮੇਵਾਰੀ ਪਿੰਡਾਂ ਦੇ ਸਰਪੰਚਾਂ ਉਤੇ ਹੋਵੇਗੀ। ਉਨ੍ਹਾਂ ਅਗਾਂਹ ਦੱਸਿਆ ਕਿ ਜਨਵਰੀ 2016 ਦੀ ਪੈਨਸ਼ਨ ਫਰਵਰੀ 2016 ਵਿੱਚ ਅਦਾਇਗੀ ਯੋਗ ਹੋਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਸਰਪੰਚਾਂ ਨੂੰ ਹਰੇਕ ਮਹੀਨੇ ਦੀ 10 ਤਾਰੀਕ ਤੱਕ ਪੈਨਸ਼ਨ ਮਿਲ ਜਾਇਆ ਕਰੇਗੀ ਜਿਸ ਨੂੰ 15 ਤਾਰੀਕ ਤੱਕ ਲਾਭਪਾਤਰੀਆਂ ਦਰਮਿਆਨ ਵੰਡਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਇਹ ਪੈਨਸ਼ਨ ਵਧਾਉਂਦਿਆਂ 500 ਰੁਪਏ ਕਰ ਦਿੱਤਾ ਸੀ।
ਸ. ਬਾਦਲ ਨੇ ਕਿਹਾ ਕਿ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹਿਆਂ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨਾਲ ਤਾਲਮੇਲ ਕਰਨਗੇ ਤਾਂ ਜੋ ਸੂਬਾ ਸਰਕਾਰ ਵੱਲੋਂ ਉਲੀਕੀਆਂ ਲੋਕ ਭਲਾਈ ਦੀਆਂ ਅਜਿਹੀਆਂ ਸਕੀਮਾਂ ਚੰਗੇ ਢੰਗ ਨਾਲ ਲਾਗੂ ਹੋ ਸਕਣ। ਇਸ ਮੌਕੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ ਤੇ ਸ੍ਰੀ ਮਨਵੇਸ਼ ਸਿੰਘ ਵੀ ਹਾਜ਼ਰ ਸਨ।