ਨਵੀਂ ਦਿੱਲੀ- ਪਾਕਿਸਤਾਨ ਦੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਲੜੀ ਖੇਡੀ ਜਾਣੀ ਚਾਹੀਦੀ ਹੈ ਪਰ ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਲੜੀ ਦਾ ਫੈਸਲਾ ਦੇਸ਼ ਦੀ ਸਰਕਾਰ ਕਰੇਗੀ, ਖਿਡਾਰੀ ਨਹੀਂ। ਆਪਣੇ ਸਮੇਂ ਦੇ ਦੋ ਬਿਹਤਰੀਨ ਆਲਰਾਊਂਡਰ ਕਪਿਲ ਤੇ ਇਮਰਾਨ ਨੇ ਇਕ ਹਿੰਦੀ ਚੈਨਲ ਦੇ ਪ੍ਰੋਗਰਾਮ ਦੌਰਾਨ ਸ਼ੁੱਕਰਵਾਰ ਨੂੰ ਇਹ ਵਿਚਾਰ ਸਾਂਝਾ ਕੀਤਾ।
ਇਮਰਾਨ ਨੇ ਕਿਹਾ, ‘ਮੈਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਖੇਡੀ ਜਾਣੀ ਚਾਹੀਦੀ ਹੈ ਤਾਂ ਮੋਦੀ ਨੇ ਇਸ ਨੂੰ ਹਾਸੇ ‘ਚ ਟਾਲ ਦਿੱਤਾ। ਮੈਂ ਸਮਝ ਨਹੀਂ ਸਕਿਆ ਕਿ ਉਹ ਹਾਂ ਕਹਿ ਰਹੇ ਹਨ ਜਾਂ ਨਾ। ਵੈਸੇ, ਮੈਂ ਸਕਾਰਾਤਮਕ ਸੋਚ ਰੱਖਣ ਵਾਲਾ ਵਿਅਕਤੀ ਹਾਂ ਤੇ ਮੈਂ ਇਸ ਨੂੰ ਹਾਂ ਹੀ ਸਮਝ ਰਿਹਾ ਹਾਂ।’
ਉਧਰ, ਕਪਿਲ ਦੇਵ ਨੇ ਇਸ ਸਵਾਲ ‘ਤੇ ਕਿਹਾ ਕਿ ਖਿਡਾਰੀ ਤਾਂ ਖੇਡਣਾ ਚਾਹੁੰਦੇ ਹਨ ਪਰ ਉਹ ਦੇਸ਼ ਦੇ ਫੈਸਲੇ ਖਿਲਾਫ ਨਹੀਂ ਜਾ ਸਕਦੇ। ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਬਿਹਤਰ ਹੋਣ, ਇਸ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਕ੍ਰਿਕਟ ਲੜੀ ਦਾ ਫੈਸਲਾ ਦੇਸ਼ ਦੀ ਸਰਕਾਰ ਕਰੇਗੀ, ਖਿਡਾਰੀ ਨਹੀਂ। ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਮਹੀਨੇ ਲੜੀ ਤਾਂ ਪ੍ਰਸਤਾਵਿਤ ਹੈ, ਜਿਸ ਲਈ ਦੋਵਾਂ ਦੇਸ਼ਾਂ ਦੇ ਬੋਰਡ ਤਾਂ ਸਹਿਮਤ ਹਨ ਪਰ ਬੀ. ਸੀ. ਸੀ. ਆਈ. ਨੂੰ ਇਸ ਲੜੀ ਲਈ ਹਾਲੇ ਸਰਕਾਰ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਹੈ।