ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ, ਪ੍ਰਾਈਵੇਟ ਅਤੇ ਮਿੰਨੀ ਬੱਸਾਂ ਦਾ ਟੈਕਸ ਘਟਾਉਣ ਦਾ ਫੈਸਲਾ

5ਚੰਡੀਗੜ੍ਹ : ਸੂਬੇ ਵਿੱਚ ਚੱਲ ਰਹੀਆਂ ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ, ਪ੍ਰਾਈਵੇਟ ਬੱਸਾਂ, ਮਿੰਨੀ ਬੱਸਾਂ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਲੰਮੇ ਸਮੇਂ ਤੋਂ ਟੈਕਸ ਘਟਾਉਣ ਦੀ ਮੰਗ ਨੂੰ  ਮੰਨਦਿਆਂ ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਲੈਦਿਆਂ ਟੈਕਸ ਘਟਾਉਣ ਦਾ ਐਲਾਨ ਕੀਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਟੈਕਸ ਘਟਾਉਣ ਦੇ ਮਾਮਲੇ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਚਾਰਨ ਉਪਰੰਤ ਤਿੰਨ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਤਿੰਨ ਮੈਬਰੀ ਕਮੇਟੀ ਵਿੱਚ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ,  ਵਿੱਤ ਮੰਤਰੀ  ਸ੍ਰੀ ਪਰਮਿੰਦਰ ਸਿੰਘ ਢੀਡਸਾਂ, ਅਤੇ  ਸਿੰਚਾਈ ਮੰਤਰੀ ਸ. ਸਰਨਜੀਤ ਸਿੰਘ ਢਿਲੋ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ ਮਿੰਨੀ ਬੱਸਾਂ ਦਾ ਸਾਲਾਨਾ ਟੈਕਸ 50,000 ਤੋ ਘਟਾ ਕੇ 30,000 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਪੰਜਾਬ ਰੋਡਵੇਜ/ ਪੀ.ਆਰ.ਟੀ.ਸੀ/ ਪ੍ਰਾਈਵੇਟ ਬੱਸਾਂ ਦਾ ਟੈਕਸ 3.03 ਰੁਪਏ ਤੋ’ ਘਟਾ ਕੇ 2.73 ਰੁਪਏ ਪ੍ਰਤੀ ਬੱਸ ਪ੍ਰਤੀ ਕਿਲੋਮੀਟਰ ਪ੍ਰਤੀ ਦਿਨ  ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੈਕਸ ਹੋਲੀਡੇਜ਼ ਨੂੰ 5 ਤੋ ਵਧਾ ਕੇ 6 ਦਿਨ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੌਰਾਨ ਜਨਤਾ ਵਲੋਂ ਦਿੱਤੇ ਜਾ ਰਹੇ ਧਰਨਿਆਂ ਕਾਰਨ ਜਿਹੜੀਆਂ ਬੱਸਾਂ 10 ਦਿਨ ਨਹੀਂ ਚਲ ਸਕੀਆਂ ਉਨਾਂ ਦਾ ਮੋਟਰ ਵਹੀਕਲ ਟੈਕਸ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਰੋਡਵੇਜ/ਪੱਨਬਸ/ਪੀ.ਆਰ.ਟੀ.ਸੀ ਅਤੇ ਦੂਸਰੀਆਂ ਪ੍ਰਾਈਵੇਟ ਬੱਸਾਂ ਦਾ ਮੋਟਰ ਵਹੀਕਲ ਟੈਕਸ ਮੁਆਫ ਕਰ ਦਿੱਤਾ ਗਿਆ ਹੈ।

LEAVE A REPLY