4ਨਵੀਂ ਦਿੱਲੀ— ਜੰਮੂ-ਕਸ਼ਮੀਰ ‘ਚ ਭਾਜਪਾ ਦੀ ਗਠਜੋੜ ਸਹਿਯੋਗੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਨੇ ਕਿਹਾ ਕਿ ਭਾਰਤ ਅਜਿਹੇ ਸਮੇਂ ਵਿਚ ਪਾਕਿਸਤਾਨ ਨਾਲ ਆਪਣੇ ਫਰਜ਼ ਤੋਂ ਨਹੀਂ ਦੌੜ ਸਕਦਾ ਜਦੋਂ ਦੁਨੀਆ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਵਰਗੀ ਅੱਤਵਾਦੀ ਸੰਗਠਨਾਂ ਨਾਲ ਖਤਰਿਆਂ ਦਾ ਸਾਮਨਾ ਕਰ ਰਹੀ ਹੈ। ‘ਏਜੰਡਾ ਆਜਤਕ’ ਪ੍ਰੋਗਰਾਮ ਵਿਚ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਸਈਦ ਨੇ ਕਿਹਾ ਕਿ ਜੇਕਰ ਅਸੀਂ ਅੱਤਵਾਦੀ ਸੰਗਠਨਾਂ ਨੂੰ ਆਪਣੀ ਸਰਜਮੀਂ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਭਾਰਤ ਨੂੰ ਪਾਕਿਸਤਾਨ, ਅਫਗਾਨਿਸਤਾਨ ਅਤੇ ਇੱਥੋਂ ਤਕ ਕਿ ਬੰਗਲਾਦੇਸ਼ ਵਰਗੇ ਦੇਸ਼ਾਂ ਨਾਲ ਹੱਥ ਮਿਲਾਉਣਾ ਹੋਵੇਗਾ।
ਉਹ ਇਸ ਸਵਾਲ ਦਾ ਜਵਾਬ ਦੇ ਰਹੀ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਨਵੰਬਰ ਨੂੰ ਸ਼੍ਰੀਨਗਰ ਦੀ ਇਕ ਰੈਲੀ ਵਿਚ ਇਹ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਨੂੰ ਲੈ ਕੇ ਕਿਸੇ ਦੀ ਸਲਾਹ ਦੀ ਲੋੜ ਨਹੀਂ, ਤਾਂ ਕੀ ਉਸ ਸਮੇਂ ਪੀ. ਡੀ. ਪੀ. ਅਗਵਾਈ ਨੇ ਸ਼ਰਮਿੰਦਗੀ ਮਹਿਸੂਸ ਕੀਤੀ। ਮਹਿਬੂਬਾ ਨੇ ਕਿਹਾ ਲੋਕ ਹੌਲੀ-ਹੌਲੀ ਤਜ਼ਰਬੇ ਨਾਲ ਸਿੱਖਦੇ ਹਨ। ਤੁਸੀਂ ਜਾਣਦੇ ਹੋ ਕਿ ਜੰਮੂ-ਕਸ਼ਮੀਰ ਕਿਸੇ ਹੋਰ ਸੂਬੇ ਵਰਗਾ ਨਹੀਂ ਹੈ। ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤਿਆਂ ਦਾ ਸਿੱਧਾ ਅਸਰ ਸਾਡੇ ‘ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਦਾ ਕੋਈ ਬਦਲ ਨਹੀਂ ਹੈ।
ਮਹਿਬੂਬਾ ਨੇ ਕਿਹਾ ਕਿ ਤੁਸੀਂ ਇਸ ਨੂੰ ਟਾਲ ਸਕਦੇ ਹੋ ਜਾਂ ਇਸ ਵਿਚ ਦੇਰੀ ਕਰ ਸਕਦੇ ਹੋ ਪਰ ਆਖਰਕਾਰ ਤੁਸੀਂ ਉਹ ਹੀ ਕਰੋਗੇ ਜੋ ਤੁਹਾਨੂੰ ਕਰਨਾ ਹੈ। ਜਿਵੇਂ ਸੁਸ਼ਮਾ ਜੀ ਨੇ ਪਾਕਿਸਤਾਨ ਜਾ ਕੇ ਜੋ ਕੀਤਾ, ਕਿਉਂਕਿ ਸਾਨੂੰ ਆਈ. ਐੱਸ. ਆਈ. ਐੱਸ., ਅਲਕਾਇਦਾ ਵਰਗੇ ਖਤਰਿਆਂ ਨਾਲ ਮੁਕਾਬਲਾ ਕਰਨਾ ਹੈ। ਮਹਿਬੂਬਾ ਨੇ ਕਿਹਾ ਕਿ ਮੋਦੀ ਜੀ ਨੂੰ ਲੋੜ ਹੈ ਜਾਂ ਨਹੀਂ ਪਰ ਸਾਨੂੰ ਲੋੜ ਹੈ ਪਾਕਿਸਤਾਨ ਨਾਲ ਗੱਲ ਕਰਨ ਦੀ, ਕਿਉਂਕਿ ਪਾਕਿਸਤਾਨ ਨਾਲ ਰਿਸ਼ਤਿਆਂ ਦੇ ਵਿਗੜਨ ਕਾਰਨ ਮੇਰੇ ਸੂਬੇ ਨੂੰ ਸਿੱਧੇ ਤੌਰ ‘ਤੇ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ। ਮਹਿਬੂਬਾ ਨੇ ਕਿਹਾ ਕਿ ਆਖਰਕਾਰ ਸਰਹੱਦ ਪਾਰ ਹੋਣ ਵਾਲੀ ਫਾਇਰਿੰਗ ‘ਚ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਰਨਾ ਪੈਂਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਤਾੜੀਆਂ ਵਜਾਉਣ ਲਈ ਦੋ ਹੱਥ ਚਾਹੀਦੇ ਹਨ ਅਤੇ ਮੇਰਾ ਮੰਨਣਾ ਹੈ ਕਿ ਵੱਡੇ ਹੱਥ ਨੂੰ ਤਾੜੀ ਵਜਾਉਣ ਦੀ ਪਹਿਲ ਜ਼ਿਆਦਾ ਕਰਨੀ ਚਾਹੀਦੀ ਹੈ। ਮਹਿਬੂਬਾ ਨੇ ਜੰਮੂ-ਕਸ਼ਮੀਰ ਵਿਚ ਆਈ. ਐੱਸ. ਆਈ. ਐੱਸ. ਅਤੇ ਪਾਕਿਸਤਾਨ ਦੇ ਝੰਡੇ ਲਹਿਰਾਉਣ ਦੀਆਂ ਵਾਰਦਾਤਾਂ ਨੂੰ ਜ਼ਿਆਦਾ ਤਵੱਜੋਂ ਨਾ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਉਨ੍ਹਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਜੋ ਭਾਰਤ ਨਾਲ ਹਨ।

LEAVE A REPLY