ਮੁੰਬਈ : ਅਭਿਨੇਤਾ ਸਲਮਾਨ ਖਾਨ ਦੇ ਪ੍ਰਸੰਸਕਾਂ ਲਈ ਅੱਜ ਦਾ ਦਿਨ ਖੁਸ਼ੀਆਂ ਲੈ ਕੇ ਆਇਆ। ਸਾਲ 2002 ਦੇ ਹਿੱਟ ਐਂਡ ਰਨ ਮਾਮਲੇ ਵਿਚ ਬੰਬੇ ਹਾਈ ਕੋਰਟ ਨੇ ਸਲਮਾਨ ਖਾਨ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਫੈਸਲਾ ਸੁਣਾਏ ਜਾਣ ਸਮੇਂ ਸਲਮਾਨ ਖਾਨ ਅਦਾਲਤ ਵਿਚ ਮੌਜੂਦ ਸੀ ਅਤੇ ਫੈਸਲਾ ਸੁਣ ਕੇ ਸਲਮਾਨ ਖਾਨ ਰੋਣ ਲੱਗ ਪਿਆ।
ਬੰਬੇ ਹਾਈਕੋਰਟ ਨੇ ਕਿਹਾ ਕਿ ਪ੍ਰੋਸੀਕਿਊਸ਼ਨ ਪੱਖ ਇਸ ਗੱਲ ਦੀ ਪੁਸਟੀ ਕਰਨ ਵਿਚ ਅਸਫਲ ਰਿਹਾ ਕਿ ਸਲਮਾਨ ਖਾਨ ਨੇ ਸ਼ਰਾਬ ਪੀ ਹੋਈ ਸੀ ਅਤੇ ਹਾਦਸੇ ਦੇ ਸਮੇਂ ਉਹ ਗੱਡੀ ਚਲਾ ਰਿਹਾ ਸੀ। ਇਸ ਦੌਰਾਨ 13 ਸਾਲ ਪੁਰਾਣੇ ਇਸ ਮਾਮਲੇ ‘ਚੋਂ ਬਰੀ ਹੋਣ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸੰਸਕਾਂ ਨੇ ਜਸ਼ਨ ਮਨਾਏ।
ਜ਼ਿਕਰਯੋਗ ਹੈ ਕਿ 28 ਸਤੰਬਰ 2002 ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਲਈ ਸਲਮਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਕਾਰ ਦੇ ਮੁੰਬਈ ਵਿਚ ਇਕ ਬੇਕਰੀ ਨਾਲ ਟਕਰਾ ਜਾਣ ਨਾਲ ਸੜਕ ਦੀ ਪਗਡੰਡੀ ‘ਤੇ ਸੌਂ ਰਿਹਾ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ।