gurbachanਭਾਰਤੀ ਸਮਾਜ ਤੇ ਰਾਜਨੀਤੀ ਵਿੱਚ ਪਾੜ ਪਏ ਹੋਏ ਹਨ। ਇਹ ਪਾੜ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਏਨੇ ਚੌੜੇ ਤੇ ਡੂੰਘੇ ਨਹੀਂ ਸਨ ਹੋਏ ਜਿੰਨੇ ਅੱਜ ਹਨ। ਇਸ ਦਾ ਇੱਕ ਮੁੱਖ ਕਾਰਨ ਸੰਵਾਦ ਦਾ ਟੁੱਟਣਾ ਹੈ। ਸੰਵਾਦ ਟੁੱਟ ਕੇ ਪਿੱਛਲਖੁਰੀ ਤੁਰੀ ਗੱਲ ਜੇ ਵਾਦ-ਵਿਵਾਦ ਉੱਤੇ ਜਾ ਰੁਕਦੀ ਤਾਂ ਵੀ ਕੁਝ ਨਾ ਕੁਝ ਬਚਿਆ ਰਹਿ ਜਾਂਦਾ ਪਰ ਉਹ ਵਾਦ-ਵਿਵਾਦ ਨੂੰ ਵੀ ਪਿੱਛੇ ਛਡਦੀ ਪ੍ਰਵਚਨ ਤਕ ਜਾ ਤਿਲਕੀ! ਜੇ ਅੱਜ ਵੱਖ ਵੱਖ ਤਬਕਿਆਂ ਵਿਚਕਾਰ ਟਕਰਾਅ ਹੈ, ਧਰਮਾਂ ਵਿਚਕਾਰ ਹਿੰਸਾ ਹੈ, ਰਾਜਨੀਤਕ ਪਾਰਟੀਆਂ ਨੇ ਇੱਕ ਦੂਜੀ ਵਿਰੁੱਧ ਛੁਰੀਆਂ ਤਿੱਖੀਆਂ ਕੀਤੀਆਂ ਹੋਈਆਂ ਹਨ ਅਤੇ ਅਜੋਕੀ ਹਾਕਮ ਧਿਰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲੇ ਲੇਖਕਾਂ, ਬੁੱਧੀਮਾਨਾਂ, ਕਲਾਕਾਰਾਂ, ਸਮਾਜ-ਸ਼ਾਸਤਰੀਆਂ ਤੇ ਵਿਗਿਆਨੀਆਂ ਨੂੰ ਦੇਸ਼-ਧਰੋਹੀ ਦੁਸ਼ਮਣ ਆਖ ਰਹੀ ਹੈ, ਇਸ ਦਾ ਕਾਰਨ ਸੰਵਾਦ ਦੀ ਸੰਭਾਵਨਾ ਦਾ ਅੰਤ ਹੈ।
ਪ੍ਰਵਚਨ ਦੀ ਪ੍ਰੰਪਰਾ ਹਜ਼ਾਰਾਂ ਸਾਲ ਪੁਰਾਣੀ ਉਸ ਸੰਸਕ੍ਰਿਤੀ ਦੀ ਦੇਣ ਹੈ ਜਿਸ ਨੂੰ ਸੁਰਜੀਤ ਕਰਨਾ ਨਾਗਪੁਰੀ ਆਦੇਸ਼ ਅਨੁਸਾਰ ਵਰਤਮਾਨ ਸਰਕਾਰ ਦਾ ਇੱਕ ਮੁੱਖ ਟੀਚਾ ਹੈ। ਪ੍ਰਵਚਨ ਦੇ ਨੇਮ ਅਨੁਸਾਰ ਕਿਸੇ ਜਨਸਮੂਹ ਵਿੱਚ ਕੋਈ ਇਕੋ ਹੁੰਦਾ ਹੈ ਜੋ ਸਰਬਗਿਆਤਾ ਹੁੰਦਾ ਹੈ ਅਤੇ ਬਾਕੀ ਸਭ ਨੇ, ਕਿਸੇ ਵੀ ਸੋਝੀ ਤੇ ਸੇਧ ਤੋਂ ਵਿਰਵੇ ਹੋਣ ਕਰ ਕੇ, ਹਰ ਗੱਲ ਉਸੇ ਤੋਂ ਸਿੱਖਣੀ ਹੁੰਦੀ ਹੈ। ਇਸੇ ਫ਼ਰਕ ਸਦਕਾ ਪ੍ਰਵਚਨ-ਕਰਤਾ ਉੱਚੇ ਥੜ੍ਹੇ ਉੱਤੇ ਬਿਰਾਜਮਾਨ ਹੁੰਦਾ ਹੈ ਤੇ ਮੂਕ ਸਰੋਤੇ ਹੱਥ ਜੋੜ ਕੇ ਉਹਦੇ ਚਰਨਾਂ ਤੋਂ ਵੀ ਨੀਵੇਂ ਭੁੰਜੇ ਬੈਠਦੇ ਹਨ। ਪ੍ਰਵਚਨ ਸੱਤ-ਬਚਨੀ ਹੋਣ ਕਰ ਕੇ ਸਰੋਤੇ ਦੇ ਮਨ ਨੂੰ ਕਿਸੇ ਸ਼ੰਕੇ, ਕਿਸੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਦਿੰਦਾ ਜਿਸ ਕਰ ਕੇ ਵਿਚਾਰ-ਪਰਵਾਹ ਇੱਕ-ਮਾਰਗੀ ਹੁੰਦਾ ਹੈ। ਸਰੋਤਿਆਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਜੋ ਗਿਆਨੀ ਪ੍ਰਵਚਨੀਆ ਸੁਣ-ਜਾਣ ਸਕੇ। ਨਿਸ਼ਰਧਕ ਸ਼ੰਕੇਬਾਜ਼ ਉਹਦੇ ਸਰਾਪ ਤੇ ਕਹਿਰ ਦਾ ਭਾਗੀ ਬਣਦਾ ਹੈ। ਅੱਜ ਦੇ ਭਾਰਤ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਵਚਨੀ ਵਰਤਾਰੇ ਦੀ ਉਜਾਗਰ ਮਿਸਾਲ ਹੈ। ਜੇ ਅੱਜ ਦੇ ਅਥਾਹ ਤਰੱਕੀ ਵਾਲੇ ਸਮੇਂ ਦੀ ਇੱਕ ਵਿਗਿਆਨਕ ਕਾਨਫ਼ਰੰਸ ਵਿੱਚ ਪ੍ਰਵਚਨੀਆ ਕਹੇ ਕਿ ਗਣੇਸ਼ ਨੂੰ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤੀ ਰਿਸ਼ੀਆਂ ਨੇ ਪਲਾਸਟਿਕ ਸਰਜਰੀ ਰਾਹੀਂ ਬੰਦੇ ਦੇ ਧੜ ਉੱਤੇ ਹਾਥੀ ਦਾ ਸਿਰ ਜੋੜ ਕੇ ਸਿਰਜਿਆ ਸੀ, ਸੈਂਕੜੇ ਸਰੋਤਿਆਂ ਦਾ ਧਰਮ, ਪ੍ਰਮੁੱਖ ਡਾਕਟਰ ਤੇ ਸਰਜਨ ਹੋਣ ਦੇ ਬਾਵਜੂਦ, ਸੱਤ-ਬਚਨੀ ਵਾਹ-ਵਾਹ ਕਰਨਾ ਹੀ ਹੁੰਦਾ ਹੈ।
ਜਦੋਂ ਇਕੋ ਮੁੱਦੇ ਨੂੰ ਲੈ ਕੇ ਵੱਖ ਵੱਖ ਵਿਚਾਰਾਂ ਦੇ ਧਾਰਨੀ ਦੋ ਪ੍ਰਵਚਨੀਆਂ ਦਾ ਸਾਹਮਣਾ ਹੁੰਦਾ ਹੈ, ਵਾਦ-ਵਿਵਾਦ ਦਾ ਮੁੱਢ ਬੱਝਦਾ ਹੈ। ਇਸ ਵਿੱਚ ਵੀ ਇੱਕ ਦੂਜੇ ਦਾ ਮੱਤ ਜਾਣਨ ਦੀ, ਉਹਨੂੰ ਪਰਖਣ ਦੀ ਅਤੇ ਸੱਚ ਹੋਣ ਦੀ ਸੂਰਤ ਵਿੱਚ ਬੇਝਿਜਕ ਅਪਨਾਉਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਬੌਧਿਕ ਸਾਨ੍ਹਾਂ ਦਾ ਭੇੜ ਹੁੰਦਾ ਹੈ ਜਿਸ ਵਿੱਚ ਆਪਣੇ ਮੱਤ ਦੀ ਸ੍ਰੇਸ਼ਟਤਾ ਦਾ ਯਕੀਨ ਮੁੱਢਲੀ ਸ਼ਰਤ ਹੁੰਦਾ ਹੈ ਅਤੇ ਆਪਣੀ ਇਹ ਸ੍ਰੇਸ਼ਟਤਾ ਸਿੱਧ ਕਰ ਕੇ ਦੂਜੇ ਦੇ ਮੱਤ ਨੂੰ ਛੁਟਿਆਉਣਾ-ਹਰਾਉਣਾ ਮੁੱਖ ਉਦੇਸ਼ ਬਣ ਜਾਂਦਾ ਹੈ। ਇਹ ਵਰਤਾਰਾ ਬਹੁਤੇ ਟੀ.ਵੀ. ਚੈਨਲਾਂ ਵਲੋਂ ਆਪਣਾ ਕਾਰੋਬਾਰ ਵਧਾਉਣ ਲਈ ਹਰ ਛੋਟੇ-ਵੱਡੇ ਮੁੱਦੇ ਨੂੰ ਫ਼ੜ ਕੇ ਕਰਵਾਈਆਂ ਜਾਂਦੀਆਂ ਕਥਿਤ ਬਹਿਸਾਂ ਵਿੱਚ ਸਾਫ਼ ਦਿਸਦਾ ਹੈ। ਉਥੇ ਹਾਕਮ ਧਿਰ, ਭਾਵ ਆਰ.ਐੱਸ.ਐੱਸ. ਤੇ ਭਾਜਪਾ ਦੇ ਨੁਮਾਇੰਦੇ, ਅਕਸਰ ਐਂਕਰਾਂ ਦੀ ਮਿਲੀਭਗਤ ਨਾਲ, ਆਪ ਨਿਰਵਿਘਣ ਬੋਲਣ ਅਤੇ ਵਿਰੋਧੀ ਨੂੰ ਲਗਾਤਾਰ ਟੋਕਦੇ ਰਹਿਣ ਦੀ ਨੀਤੀ ਅਪਣਾ ਕੇ ਸੰਵਾਦ ਨੂੰ ਵਿਵਾਦ ਵਿੱਚ ਪਲਟ ਦਿੰਦੇ ਹਨ।
ਵਿਚਾਰ ਤੇ ਗਿਆਨ ਦੇ ਖੇਤਰ ਵਿੱਚ ਸੰਵਾਦ ਨੂੰ ਉੱਤਮ ਹੋਣ ਦਾ ਮਾਣ ਹਾਸਲ ਹੈ। ਹਉਂਮੁਖੀ ਪ੍ਰਵਚਨ ਅਤੇ ਭੇੜਮੁਖੀ ਵਾਦ-ਵਿਵਾਦ ਦੇ ਉਲਟ ਸੰਵਾਦ ਦੀ ਬੁਨਿਆਦ ਮਾਨਵੀ ਸਹਿਣਸ਼ੀਲਤਾ ਹੈ। ਸੰਵਾਦ ਇਹ ਮੰਨ ਕੇ ਤੁਰਦਾ ਹੈ ਕਿ ਹਰ ਕਿਸੇ ਕੋਲ ਦੂਜੇ ਨੂੰ ਦੱਸਣ ਵਾਸਤੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਇਸੇ ਕਰ ਕੇ ਮਾਨਵਮੁਖੀ ਭਗਤੀ ਲਹਿਰ ਨੇ ਆਦਿਕਾਲ ਤੋਂ ਤੁਰੀਆਂ ਆਈਆਂ ਪ੍ਰਵਚਨੀ ਤੇ ਵਾਦ-ਵਿਵਾਦੀ ਪ੍ਰੰਪਰਾਵਾਂ ਦੀ ਥਾਂ ਸੰਵਾਦ ਜਾਂ ਗੋਸ਼ਟ ਨੂੰ ਪ੍ਰਮੁੱਖਤਾ ਦਿੱਤੀ। ਭਗਤ ਕਬੀਰ ਆਖਦੇ ਹਨ, ”ਸੰਤੁ ਮਿਲੈ ਕਿਛੁ ਸੁਨੀਐ ਕਹੀਐ!” ਬਾਬਾ ਨਾਨਕ ਕਹਿੰਦੇ ਹਨ, ”ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ!” ਸੰਵਾਦੀ ਵਿਚਾਰ-ਵਟਾਂਦਰੇ ਦਾ ਇੱਕ ਪੱਖ ਤਾਂ ਉਚੇਚਾ ਧਿਆਨ ਲੋੜਦਾ ਹੈ। ਉਹ ਹੈ ਆਪਣੀ ਗੱਲ ਕਹਿਣ ਨਾਲੋਂ ਦੂਜੇ ਦੀ ਗੱਲ ਸੁਣਨ ਨੂੰ ਵੱਧ ਮਹੱਤਵ ਦੇਣਾ। ਭਗਤ ਜੀ ਤੇ ਬਾਬਾ ਜੀ, ਦੋਵੇਂ ਸੁਣਨ ਨੂੰ ਪਹਿਲ ਦਿੰਦੇ ਹਨ ਤੇ ਕਹਿਣ ਨੂੰ ਦੂਜੀ ਥਾਂ ਉੱਤੇ ਰਖਦੇ ਹਨ।
ਬਹੁਭਾਂਤੀ ਸਮਾਜ ਵਿੱਚ ਮਤਭੇਦ ਸੁਭਾਵਿਕ ਹਨ। ਜੇ ਬਹੁਤਾ ਪਿੱਛੇ ਨਾ ਜਾਈਏ, ਆਜ਼ਾਦ ਭਾਰਤ ਦਾ ਸਾਰਾ ਇਤਿਹਾਸ ਇਹੋ ਦਸਦਾ ਹੈ। ਪਰ ਉਹ ਇਹ ਵੀ ਦਸਦਾ ਹੈ ਕਿ ਸਾਰੇ ਵਿਰੋਧਾਂ ਤੇ ਮਤਭੇਦਾਂ ਦੇ ਬਾਵਜੂਦ ਵੱਖ ਵੱਖ ਧਿਰਾਂ ਵਿਚਕਾਰ, ਭਾਜਪਾ ਦੀ ਇਸ ਸਰਕਾਰ ਤੋਂ ਪਹਿਲਾਂ, ਸੰਵਾਦ ਕਦੀ ਵੀ ਪੂਰੀ ਤਰ੍ਹਾਂ ਨਹੀਂ ਸੀ ਟੁੱਟਿਆ। ਕਹਾਵਤ ਹੈ ਕਿ ਖ਼ੂਨੀ ਜੰਗਾਂ ਲੜਨ ਵਾਲੀਆਂ ਧਿਰਾਂ ਦਾ ਝਗੜਾ ਵੀ ਆਖ਼ਰ ਰਣ-ਖੇਤਰ ਵਿੱਚ ਸ਼ਸਤਰ ਨਾਲ ਨਹੀਂ, ਗੱਲਬਾਤ ਦੀ ਮੇਜ਼ ਉੱਤੇ ਸ਼ਾਸਤਰ ਨਾਲ ਹੀ ਨਿੱਬੜਦਾ ਹੈ!
ਵਰਤਮਾਨ ਤਾਣੇ-ਬਾਣੇ ਅਧੀਨ ਸੰਵਾਦ ਨੂੰ ਬੇਲੋੜਾ ਸਮਝਣ ਵਾਲ਼ੀ ਸੋਚ ਦੇਸ਼ ਦੀਆਂ ਵੱਡੀਆਂ ਮੁਸ਼ਕਿਲਾਂ ਦਾ ਕਾਰਨ ਬਣੀ ਹੋਈ ਹੈ ਜੋ ਸੁਲਝਣ ਦੀ ਥਾਂ ਹੋਰ ਉਲਝਦੀਆਂ ਜਾਂਦੀਆਂ ਹਨ। ਬਾਕੀ ਗੱਲਾਂ ਛੱਡ ਕੇ ਇਸ ਸਮੇਂ ਭਖਿਆ ਹੋਇਆ ਸਾਹਿਤ ਤੇ ਕਲਾ ਸੰਬੰਧੀ ਅਸਹਿਣਸ਼ੀਲਤਾ ਦਾ ਮੁੱਦਾ ਹੀ ਲਵੋ। ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪੂਰੇ ਅੱਠ ਮਹੀਨੇ ਮਗਰੋਂ 15 ਜਨਵਰੀ 2015 ਨੂੰ ਇੱਕ ਘਟਨਾ ਵਾਪਰਦੀ ਹੈ। ਪ੍ਰਸਿੱਧ ਤਮਿਲ ਲੇਖਕ ਪਿਰੂਮਲ ਮੁਰੂਗਨ ਦੇ ਇੱਕ ਨਾਵਲ ਨੂੰ ਧਾਰਮਿਕ ਭਾਵਨਾਵਾਂ ਜ਼ਖ਼ਮੀ ਕਰਨ ਵਾਲਾ ਆਖ ਕੇ ਹਿੰਦੂਵਾਦੀ ਜਥੇਬੰਦੀਆਂ ਉਹਦੀ ਜ਼ਬਤੀ ਦੀ ਤੇ ਲੇਖਕ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀਆਂ ਹਨ। ਧਮਕੀਆਂ, ਭੜਕਾਊ ਜਲੂਸਾਂ ਤੇ ਹਿੰਸਕ ਬੰਦਾਂ ਰਾਹੀਂ ਲੇਖਕ ਦਾ ਜਿਉਣਾ ਇਸ ਹੱਦ ਤਕ ਦੁੱਭਰ ਕਰ ਦਿੱਤਾ ਜਾਂਦਾ ਹੈ ਕਿ ਕੁਝ ਲੇਖਕਾਂ ਦੀ ਹਮਦਰਦੀ ਤੋਂ ਬਿਨਾਂ ਕੋਈ ਵੀ ਸਹਾਰਾ ਮਿਲਦਾ ਨਾ ਦੇਖ ਕੇ, ਖਾਸ ਕਰ ਕੇ ਸਰਕਾਰ ਦੀ ਚੁੱਪ ਦੇਖ ਕੇ ਆਖ਼ਰ ਉਹ ਇਹ ਬਿਆਨ ਜਾਰੀ ਕਰ ਦਿੰਦਾ ਹੈ: ”ਲੇਖਕ ਪਿਰੂਮਲ ਮੁਰੂਗਨ ਮਰ ਗਿਆ ਹੈ। ਉਹ ਕੋਈ ਭਗਵਾਨ ਨਹੀਂ। ਇਸ ਲਈ ਉਹ ਦੁਬਾਰਾ ਅਵਤਾਰ ਨਹੀਂ ਧਾਰੇਗਾ। ਇਸ ਪਿੱਛੋਂ ਸਿਰਫ਼ ਨਿਮਾਣਾ ਅਧਿਆਪਕ ਪੀ. ਮੁਰੂਗਨ ਹੀ ਜੀਵਤ ਰਹੇਗਾ।”
ਜੇ ਸਰਕਾਰ ਦਾ ਸਰੂਪ ਸੱਚਮੁੱਚ ਜਮਹੂਰੀ ਤੇ ਸੰਵਾਦੀ ਹੁੰਦਾ ਤਾਂ ਇੱਕ ਪ੍ਰਸਿੱਧ ਤੇ ਲੋਕ-ਪਿਆਰੇ ਲੇਖਕ ਦਾ ਆਪਣੀ ਮੌਤ ਦਾ ਐਲਾਨ ਪ੍ਰਧਾਨ ਮੰਤਰੀ ਨੂੰ ਬੇਚੈਨ ਕਰਨ ਲਈ ਕਾਫ਼ੀ ਹੋਣਾ ਸੀ। ਪਰ ਵਰਤਮਾਨ ਸਰਕਾਰ ਦੀਆਂ ਨਜ਼ਰਾਂ ਵਿੱਚ ਲੇਖਕ, ਬੁੱਧੀਮਾਨ ਤੇ ਕਲਾਕਾਰ, ਜਿਵੇਂ ਮਗਰੋਂ ਦੀਆਂ ਅਣਗਿਣਤ ਘਟਨਾਵਾਂ ਨੇ ਦਰਸਾਇਆ, ਬਹੁਤ ਹੀ ਤੁੱਛ ਹੈਸੀਅਤ ਵਾਲੇ, ਸਗੋਂ ਦੇਸ਼ ਧਰੋਹੀ ਹਨ ਜੋ ਕਿਸੇ ਵੀ ਧਿਆਨ ਤੇ ਸਤਿਕਾਰ ਦੇ ਹੱਕਦਾਰ ਨਹੀਂ। ਇਹਨਾਂ ਘਟਨਾਵਾਂ ਵਿੱਚ ਬੁੱਧੀਮਾਨਾਂ ਤੇ ਲੇਖਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਉਹਨਾਂ ਦੇ ਮੂੰਹ ਕਾਲੇ ਕਰਨਾ, ਗਾਲ਼ੀ-ਗਲੋਚ ਤੇ ਕਤਲ, ਆਦਿ ਸ਼ਾਮਲ ਸਨ। ਕਿਸੇ ਨੇਤਾ ਜਾਂ ਕ੍ਰਿਕਟੀਏ ਨੂੰ ਖੰਘ ਆਈ ਤੋਂ ਵੀ ਟਵੀਟ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਦਾ ਇਸ ਸਭ ਕੁਝ ਬਾਰੇ ਪ੍ਰਤੀਕਰਮ ਮੁਕੰਮਲ ਚੁੱਪ ਰਿਹਾ ਹੈ। ਸਾਹਿਤ ਅਕਾਦਮੀ ਨੇ ਵੀ ਲੰਮੇ ਸਮੇਂ ਤਕ ਮੋਦੀਵਾਦੀ ਚੁੱਪ ਹੀ ਵੱਟੀ ਰੱਖੀ। ਇਸ ਦੁਪਾਸੀ ਚੁੱਪ ਤੋਂ ਪਰੇਸ਼ਾਨ ਹੋ ਕੇ ਲੇਖਕਾਂ ਨੇ ਆਪਣੇ ਰੋਸ ਨੂੰ ਨਿਕਾਸ ਦੇਣ ਲਈ ਸਾਹਿਤ ਅਕਾਦਮੀ ਤੋਂ ਪਰਾਪਤ ਹੋਏ ਪੁਰਸਕਾਰ ਉਸੇ ਨੂੰ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਸ ਚੁੱਪ ਦੇ ਸਮਾਨੰਤਰ ਸਰਕਾਰ ਤੇ ਹਾਕਮ ਪਾਰਟੀ ਦੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ, ਨੇਤਾਵਾਂ, ਆਦਿ ਨੇ ਪੁਰਸਕਾਰ-ਵਾਪਸੀਏ ਲੇਖਕਾਂ ਵਿਰੁੱਧ ਦੋਸ਼ਾਂ, ਤਹੁਮਤਾਂ ਤੇ ਦੁਰਵਚਨਾਂ ਦੀ ਝੜੀ ਲਾ ਦਿੱਤੀ।
ਇਸ ਪ੍ਰਸੰਗ ਵਿੱਚ ਲੇਖਕਾਂ ਦੀ ਕਦਰ ਸਮਝਣ ਵਾਲੀਆਂ ਸਰਕਾਰਾਂ ਵਿੱਚੋਂ ਇੱਕ ਮਿਸਾਲ ਯਾਦ ਆਉਂਦੀ ਹੈ। ਫ਼ਰਾਂਸ ਦੇ ਪਿਛਲੀ ਸਦੀ ਦੇ ਸਰਕਾਰ-ਵਿਰੋਧੀ ਜਨਤਕ ਅੰਦੋਲਨ ਸਮੇਂ ਲੇਖਕ ਯਾਂ ਪਾਲ ਸਾਰਤਰ, ਜਿਸ ਨੇ ਕੁਝ ਸਮਾਂ ਪਹਿਲਾਂ ਨੋਬਲ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਸੁੱਟ ਦਿੱਤਾ ਗਿਆ। ਇਸ ਗੱਲ ਦਾ ਪਤਾ ਲਗਦਿਆਂ ਹੀ ਪ੍ਰਧਾਨ ਡੀਗਾਲ ਨੇ ਉਹਨੂੰ ਆਜ਼ਾਦ ਕਰ ਦਿੱਤਾ। ਹੈਰਾਨ ਹੋਏ ਕੁਝ ਅਧਿਕਾਰੀਆ ਨੇ ਇਸ ਫ਼ੈਸਲੇ ਦਾ ਕਾਰਨ ਪੁੱਛਿਆ ਤਾਂ ਉਹਦਾ ਜਵਾਬ ਸੀ, ”ਕਦੀ ਵਾਲਟੇਅਰ ਨੂੰ ਵੀ ਕੋਈ ਕੈਦ ਕਰਦਾ ਹੈ?” ਵਾਲਟੇਅਰ 18ਵੀਂ ਸਦੀ ਦੇ ਫ਼ਰਾਂਸ ਦਾ ਮਹਾਨ ਲੇਖਕ ਹੋਇਆ ਹੈ। ਪ੍ਰਧਾਨ ਡੀਗਾਲ ਦਾ ਇਹ ਜਵਾਬ ਇਉਂ ਸੀ ਜਿਵੇਂ ਕੋਈ ਪੰਜਾਬ ਵਿੱਚ ਕਹੇ, ਕਦੀ ਫ਼ਰੀਦ ਨੂੰ ਜਾਂ ਵਾਰਿਸ ਸ਼ਾਹ ਨੂੰ ਵੀ ਕੋਈ ਕੈਦ ਕਰਦਾ ਹੈ? ਪਰ ਅਜਿਹਾ ਜਵਾਬ ਦੇਣ ਲਈ ਸਰਕਾਰ ਨੂੰ ਸਾਹਿਤ ਤੇ ਕਲਾ ਦੀ ਸਮਝ ਤੇ ਕਦਰ ਹੋਣੀ ਜ਼ਰੂਰੀ ਹੈ ਜੋ ਇਸ ਸੂਰਤ ਵਿੱਚ ਹੈ ਨਹੀਂ।
ਜੇ ਸ਼ੁਰੂ ਵਿੱਚ ਹੀ ਸਰਕਾਰ ਪਹਿਲ ਕਰ ਕੇ ਕੁਝ ਪੁਰਸਕਾਰ-ਵਾਪਸੀਏ ਲੇਖਕਾਂ ਨੂੰ ਬੁਲਾਉਂਦੀ ਤੇ ਸੰਵਾਦੀ ਮਾਹੌਲ ਵਿੱਚ ਉਹਨਾਂ ਦਾ ਮੱਤ ਸੁਣ-ਸਮਝ ਕੇ ਹਾਲਾਤ ਨੂੰ ਸੁਧਾਰਨ ਦਾ ਇਕਰਾਰ ਕਰਦੀ, ਗੱਲ ਉਥੇ ਹੀ ਮੁੱਕ ਗਈ ਹੁੰਦੀ। ਪਰ ਸਰਕਾਰ ਦੀ ਅਜਿਹੀ ਕੋਈ ਮਨਸ਼ਾ ਹੈ ਹੀ ਨਹੀਂ ਸੀ। ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਬਹੁਤ ਮਗਰੋਂ ਜਾ ਕੇ ਜੇ ਮਿਲਣ ਵਾਸਤੇ ਕਿਸੇ ਨੂੰ ਸੱਦਿਆ ਵੀ, ਉਹ ਇੱਕ ਸਿੱਧੇ ਟੀ.ਵੀ. ਪ੍ਰਸਾਰਨ ਸਮੇਂ ਪੁਰਸਕਾਰ ਮੋੜਨ ਕਾਰਨ ਉਚੇਚੀ ਚਰਚਾ ਵਿੱਚ ਆਇਆ ਉਰਦੂ ਸ਼ਾਇਰ ਮੁਨੱਵਰ ਰਾਣਾ ਸੀ। ਸੁਹਿਰਦਤਾ ਤੋਂ ਵਿਰਵੇ ਇਸ ਸੱਦੇ ਦਾ ਇਕੋ-ਇੱਕ ਮੰਤਵ ਇਕੱਲੇ ਰਾਣਾ ਨੂੰ ਚਾਹ ਦੀ ਪਿਆਲੀ ਪਿਆ ਕੇ ਇੱਕ ਪਾਸੇ ਅਣਹੋਏ ਸੰਵਾਦ ਦਾ ਅਤੇ ਦੂਜੇ ਪਾਸੇ ਰਾਣਾ ਦੀ ਮੁਸਲਮਾਨੀ ਪਛਾਣ ਤੋਂ ਲਾਹਾ ਲੈ ਕੇ ਅਖੌਤੀ ਧਾਰਮਿਕ ਸਦਭਾਵਨਾ ਦਾ ਮਿਰਗ-ਜਲੀ ਪ੍ਰਭਾਵ ਦੇਣਾ ਸੀ। ਲਗਦਾ ਹੈ, ਰਾਣਾ ਨੂੰ ਕਬੀਰ ਜੀ ਦੇ ਬੋਲ ”ਬਾਤਨ ਹੀ ਅਸਮਾਨੁ ਗਿਰਾਵਹਿ ਐਸੇ ਲੋਗਨ ਸਿਉ ਕਿਆ ਕਹੀਐ” ਚੇਤੇ ਆ ਗਏ। ਉਹਨੇ ਇਸ ਫ਼ੰਧੇ ਵਿੱਚ ਫ਼ਸਣ ਦੀ ਥਾਂ ਸਿਆਣਪ ਤੋਂ ਕੰਮ ਲੈਂਦਿਆਂ ਕੁਝ ਹੋਰ ਲੇਖਕਾਂ ਨੂੰ ਵੀ ਬੁਲਾਏ ਜਾਣ ਦਾ ਸੁਝਾਅ ਭੇਜ ਦਿੱਤਾ ਤਾਂ ਜੋ ਸੱਚਮੁੱਚ ਦਾ ਸੰਵਾਦ ਹੋ ਸਕੇ। ਪਰ ਸੰਵਾਦ ਹੀ ਤਾਂ ਹੈ ਜੋ ਮੋਦੀ ਜੀ ਨੂੰ ਵਾਰਾ ਨਹੀਂ ਖਾਂਦਾ! ਇਸ ਕਰ ਕੇ ਵਿਚਾਰੇ ਮੁਨੱਵਰ ਰਾਣਾ ਦੀ ਚਾਹ ਦੀ ਪਿਆਲੀ ਵੀ ਅਣਪੀਤੀ ਹੀ ਰਹਿ ਗਈ!
ਜਿਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉਥੇ ਹਿੰਸਾ ਦਾ ਆਰੰਭ ਹੁੰਦਾ ਹੈ। ਹਿੰਸਾ ਦੋ ਕਿਸਮਾਂ ਦੀ ਹੁੰਦੀ ਹੈ, ਸ਼ਬਦੀ ਤੇ ਸ਼ਰੀਰਕ। ਭਾਰਤ ਦੇ ਵਿਹੜੇ ਹੁਣ ਦੋਵਾਂ ਕਿਸਮਾਂ ਦੀ ਹਿੰਸਾ ਤਾਂਡਵ ਨੱਚ ਰਹੀ ਹੈ। ਸ਼ਬਦੀ ਹਿੰਸਾ ਦੇਸ਼ ਦਾ ਮਾਣ ਸਮਝੇ ਜਾਣ ਦੇ ਹੱਕਦਾਰ ਲੇਖਕਾਂ, ਬੁੱਧੀਮਾਨਾਂ ਤੇ ਕਲਾਕਾਰਾਂ ਨੂੰ ਗਾਲ਼ੀ-ਗਲੋਚ ਤੇ ਧਮਕੀਆਂ ਦਾ ਰੂਪ ਧਾਰ ਰਹੀ ਹੈ ਅਤੇ ਸ਼ਰੀਰਕ ਹਿੰਸਾ ਉਹਨਾਂ ਦੇ ਮੂੰਹ ਕਾਲ਼ੇ ਕਰਨ ਤੋਂ ਲੈ ਕੇ ਧੌਣਾਂ ਉੱਤੇ ਛੁਰੀਆਂ ਫ਼ੇਰ ਰਹੀ ਹੈ!
(0091-1142502364)

LEAVE A REPLY