Editorialਦੂਸਰੀ ਵਿਸ਼ਵ ਜੰਗ ਛੇ ਸਾਲ ਚੱਲੀ ਸੀ। ਅਤਿਵਾਦ ਖ਼ਿਲਾਫ਼ ਜੰਗ ਲੜਦਿਆਂ ਸਾਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਤੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਕਿਸੇ ਵੀ ਸੂਰਤ ਵਿੱਚ ਨਹੀਂ ਕਹੇ ਜਾ ਸਕਦੇ। ਕਿਉਂ? ਕਿਉਂਕਿ ਅਸੀਂ ਹੁਣ ਇਹ ਕਲਪਨਾ ਕਰਨੀ ਵੀ ਭੁੱਲ ਗਏ ਜਾਪਦੇ ਹਾਂ ਕਿ ਮਿਡਲ ਈਸਟ ਵਿੱਚ ਸ਼ਾਂਤੀ ਕਿਹੋ ਜਿਹੀ ਮਹਿਸੂਸ ਹੋਵੇਗੀ। ਕਿਉਂਕਿ ਇਹ ਹਿਸਾਬ ਕਿਤਾਬ ਸਮਝਣ ਦੀ ਬਜਾਏ ਕਿ ਉਸ ਖਿੱਤੇ ਵਿੱਚ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਬਣੇ ਹੋਏ ਇਸਲਾਮੀ ਸੰਪਰਦਾਇਕ ਵਿਵਾਦਾਂ ਨੂੰ ਛੇੜੇ ਬਿਨਾ ਕਿਵੇਂ ਮਿਡਲ ਈਸਟ ਵਿੱਚ ਅਮਨ ਬਹਾਲ ਕਰਨਾ ਹੈ, ਅਸੀਂ ਉਸ ‘ਤੇ ਆਸਮਾਨ ਤੋਂ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਬੰਬ ਜਿਹੜੇ ਨਿਸ਼ਚਿਤ ਰੂਪ ਵਿੱਚ ਇਸਲਾਮਿਕ ਸਟੇਟ ਦੇ ਨਾਲ ਨਾਲ ਉਸ ਦੇ ਗ਼ੈਰ-ਆਈ.ਐੱਸ.ਆਈ.ਐੱਸ. ਗਵਾਂਢੀਆਂ ਨੂੰ ਵੀ ਖ਼ਤਮ ਕਰ ਦੇਣਗੇ … ਬੰਬ ਜਿਹੜੇ ਨਿਸ਼ਚਿਤ ਰੂਪ ਵਿੱਚ ਪੱਛਮ ਤੋਂ ਬਦਲਾ ਲੈਣ ਲਈ ਜਹਾਦੀ ਫ਼ੌਜਾਂ ਵਿੱਚ ਨਵੀਂ ਭਰਤੀ ਦਾ ਹੋਰ ਈਂਧਣ ਭਰ ਦੇਣਗੇ। 17ਵੀਂ ਸਦੀ ਦੇ ਪਰੱਸ਼ੀਅਨ ਫ਼ੌਜੀ ਜਰਨੈਲ, ਕਾਰਲ ਵੌਨ ਕਲੌਜ਼ਵਿਤਜ਼, ਨੇ ਇੱਕ ਵਾਰ ਕਿਹਾ ਸੀ, ”ਜੰਗ ਇੱਕ ਹੋਰ ਹੀ ਢੰਗ ਨਾਲ ਕੀਤੀ ਗਈ ਸਿਆਸਤ ਹੁੰਦੀ ਹੈ।” ਅਤੇ ਜਨਰਲ ਕਲੌਜ਼ਵਿਤਜ਼ ਦਾ ਇਹ ਕਥਨ ਸਿੱਧਾ ਇਸਲਾਮਿਕ ਸਟੇਟ ਦੇ ਮਸਲੇ ‘ਤੇ ਆਪਣੀ ਉਂਗਲ ਧਰਦੈ: ਅਸੀਂ ਹਾਲੇ ਤਕ ਮਿਡਲ ਈਸਟ ਦੀ ਸਿਆਸਤ ਨੂੰ ਹੀ ਸਮਝ ਨਹੀਂ ਸਕੇ। ਸੱਚਮੁੱਚ, ਸਾਨੂੰ ਇਹ ਬਿਲਕੁਲ ਵੀ ਨਹੀਂ ਪਤਾ ਕਿ ਅਸੀਂ ਉੱਥੇ ਹਾਸਿਲ ਕੀ ਕਰਨਾ ਚਾਹੁੰਦੇ ਹਾਂ, ਸਿਵਾਏ ਇਸ ਦੇ ਕਿ ਅਸੀਂ ਸੀਰੀਆ ਦੇ ਬਦਨਾਮ ਸ਼ਹਿਰ ਅਤੇ ਇਸਲਾਮਿਕ ਸਟੇਟ ਦੀ ਰਾਜਧਾਨੀ ਮੰਨੇ ਜਾਂਦੇ ਰੱਕਾ ‘ਤੇ ਬੰਬ ਡਿਗਦੇ ਦੇਖਣਾ ਚਾਹੁੰਦੇ ਹਾਂ! ਇਸ ਨਾਲ ਸ਼ਾਇਦ ਸਾਡੀ ਇਸਲਾਮਿਕ ਸਟੇਟ ਜਾਂ ਉਸ ਦੇ ਹਮਾਇਤੀਆਂ ਵਲੋਂ ਸਰਅੰਜਾਮ ਦਿੱਤੇ ਜਾ ਰਹੇ ਘਿਰਣਾਜਨਕ ਕਤਲੇਆਮਾਂ ਦੇ ਸਬੰਧ ਵਿੱਚ ਕੁਝ ਕਰਨ ਦੀ ਇੱਛਾ ਤਾਂ ਪੂਰੀ ਹੋ ਜਾਵੇ, ਪਰ ਜੇ ਸਾਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਜਿੱਤਣਾ ਕੀ ਚਾਹੁੰਦੇ ਹਾਂ ਤਾਂ ਫ਼ਿਰ ਅਸੀਂ ਜਿੱਤਣ ਬਾਰੇ ਸੋਚ ਵੀ ਕਿਵੇਂ ਸਕਦੇ ਹਾਂ?
ਚੇਤੇ ਜੇ 2003 ਦਾ ਇਰਾਕ ਉੱਪਰ ਕਬਜ਼ਾ? ਅਮਰੀਕੀ ਫ਼ੌਜੀਆਂ ਨੂੰ ਬਗ਼ਦਾਦ ਪੁੱਜਣ ਵਿੱਚ ਕੇਵਲ ਕੁਝ ਕੁ ਹਫ਼ਤੇ ਹੀ ਲੱਗੇ ਸਨ। ਯਾਦ ਜੇ ਕਿਵੇਂ ਉਨ੍ਹਾਂ ਨੇ ਜਸ਼ਨ ਮਨਾਏ ਸਨ ਜਦੋਂ ਸੱਦਾਮ ਹੁੱਸੈਨ ਦਾ ਵਿਸ਼ਾਲ ਬੁੱਤ ਤੋੜ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ ਅਤੇ ਮੁਲਕ ਨੂੰ ਚਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਦਫ਼ਤਰਾਂ ‘ਚੋਂ ਮਾਰ ਮਾਰ ਕੇ ਦੌੜਾਇਆ ਜਾ ਰਿਹਾ ਸੀ? ਇਹ ਸਭ ਕੁਝ ਇਰਾਕ ਜੰਗ ਦਾ ਇੱਕ ਸੌਖਾ ਜਿਹਾ ਭਾਗ ਸੀ। ਉਹ ਜੰਗ 19 ਮਾਰਚ 2003 ਨੂੰ ਸ਼ੁਰੂ ਹੋਈ ਸੀ ਅਤੇ 1 ਮਈ 2003 ਤਕ ਯੂ.ਐੱਸ.ਐੱਸ. ਐਬਰਾਹੈਮ ਲਿੰਕਨ ਨਾਮਕ ਅਮਰੀਕੀ ਜੰਗੀ ਬੇੜੇ ‘ਤੇ ‘ਮਿਸ਼ਨ ਐਕੰਪਲਿਸ਼ਡ’, ਯਾਨੀ ਮਿਸ਼ਨ ਮੁਕੰਮਲ, ਦਾ ਬੈਨਰ ਵੀ ਫ਼ਹਿਰਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ, ਮਿਸ਼ਨ ਮੁਕੰਮਲ ਦੇ ਉਸ ਐਲਾਨ ਤੋਂ ਬਾਅਦ ਇਰਾਕ ਵਿੱਚ ਉਸ ਤੋਂ ਵੱਧ ਅਮਰੀਕੀ ਜਾਨਾਂ ਗਈਆਂ ਜਿੰਨੀਆਂ ਉਸ ਐਲਾਨਨਾਮੇ ਤੋਂ ਪਹਿਲਾਂ ਦੇ ਸਮੇਂ ਵਿੱਚ ਗਈਆਂ ਸਨ। ਕੀ ਫ਼ਿਰ ਵੀ ਅਸੀਂ ਉਸ ਨੂੰ ‘ਮਿਸ਼ਨ ਐਕੰਪਲਿਸ਼ਡ’ ਕਹਿ ਸਕਦੇ ਹਾਂ? ਇਹ ਮਿਥਿਆ ਜਾਂ ਕਲਪਨਾ ਦਾ ਇੱਕ ਅਜਿਹਾ ਬੁਲਬੁਲਾ ਹੈ ਜਿਸ ਨੂੰ ਫੋੜਨਾ ਬਣਦਾ ਹੀ ਸੀ। ਅੱਜ ਇਰਾਕ ਵਿੱਚ ਜੋ ਬਚਿਆ ਹੈ ਉਹ ਹੈ ਖ਼ੂਨ-ਖ਼ਰਾਬੇ, ਬਾਰੂਦ ਅਤੇ ਨਫ਼ਰਤ ਦੀ ਸੜਾਂਦ ਵਿੱਚ ਰਿਸਦੀ ਮੌਤ ਤੋਂ ਵੀ ਬੱਦਤਰ ਜ਼ਿੰਦਗੀ। ਲੀਬੀਆ ਬਾਰੇ ਵੀ ਇਹੋ ਜਿਹੀ ਕਹਾਣੀ ਹੀ ਸੁਣਾਈ ਜਾ ਸਕਦੀ ਹੈ। ਦੂਸਰੇ ਸ਼ਬਦਾਂ ਵਿੱਚ, ਇੰਤਕਾਮ ਕਦੇ ਵੀ ਅਮਨ ਦੀ ਰਣਨੀਤੀ ਨਹੀਂ ਹੋ ਸਕਦਾ। ਅਤੇ ਸ਼ਾਂਤੀ ਲਈ ਕਿਸੇ ਕਿਸਮ ਦੀ ਰਣਨੀਤੀ ਬਣਾਏ ਬਿਨਾ, ਅਸੀਂ ਮੌਤ ਦੀ ਇਸ ਇਸਲਾਮਿਕ ਸਟੇਟ ਨਾਮੀ ਪੀਂਘ ਨੂੰ ਇੰਝ ਹੀ ਖ਼ੌਫ਼ਨਾਕ ਹੁਲਾਰੇ ਦਿੰਦੇ ਰਹਾਂਗੇ।
ਇਸਲਾਮਿਕ ਸਟੇਟ ਨੂੰ ਉਸ ਦੀਆਂ ਖ਼ੂੰਨੀ ਕਰਤੂਤਾਂ ਦੀ ਸਜ਼ਾ ਦੇਣ ਲਈ ਹੁਣ ਪੱਛਮੀ ਸ਼ਕਤੀਆਂ ਨੇ ਆਪਣੀ ਸਾਰੀ ਫ਼ੌਜੀ ਤਾਕਤ ਰਲ਼ਾ ਲਈ ਹੈ। ਪਰ ਸ਼ਾਇਦ ਉਹ ਆਪਣੇ ਇਸ ਮਿਸ਼ਨ ਵਿੱਚ ਸਫ਼ਲ ਨਾ ਹੋ ਸਕਣ ਕਿਉਂਕਿ ਉਹ ਸ਼ਕਤੀਆਂ ਖ਼ੁਦ ਹੀ ਤਾਂ ਉਹ ਫ਼ਰੈਂਕਿਸਟਾਇਨ ਹਨ ਜਿਨ੍ਹਾਂ ਨੇ ਇਸਲਾਮਿਕ ਸਟੇਟ ਨਾਮਕ ਇਹ ਦੈਂਤ ਆਪਣੀ ਮਿਡਲ ਈਸਟ ਵਿਚਲੀ ਏਜੰਸੀ ਸਾਊਦੀ ਅਰਬ ਰਾਹੀਂ ਪੈਦਾ ਕੀਤਾ ਸੀ। ਸਾਊਦੀ ਰਾਜਘਰਾਣੇ ਦੇ ਸੰਸਥਾਪਕਾਂ ਨੇ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਆਪਣੀ ਹਰ ਤਰ੍ਹਾਂ ਦੀ ਅਸਹਿ ਅਤੇ ਅਕਹਿ ਜ਼ਿਆਦਤੀ ਨੂੰ ਧਰਮ ਦੇ ਨਾਮ ‘ਤੇ ਜਾਇਜ਼ ਕਰਾਰ ਦੇਣ ਨਾਲ। ਉਸ ਤੋਂ ਬਾਅਦ ਵਿਕਸਿਤ ਹੋਣ ਵਾਲੀਆਂ ਤੇਲ ਦੀ ਸਿਆਸਤ ਦੀਆਂ ਸ਼ਾਹੀ ਖੇਡਾਂ ਵਿੱਚ ਸਾਊਦੀ ਅਰਬ, ਪੱਛਮ ਅਤੇ ਪੱਛਮੀ ਮੌਡਲ ਦੀ ਨਕਲ ਕਰਨ ਵਾਲੇ ਮੁਲਕਾਂ, ਜਿਵੇਂ ਕਿ ਭਾਰਤ, ਦਾ ਸਾਥੀ ਬਣ ਗਿਆ ਅਤੇ ਹੁਣ ਵੀ ਬਣਿਆ ਹੋਇਐ। ਅੱਜ ‘ਸਭਿਅ’ ਸੰਸਾਰ ਦੇ ਲੋਕ ਸੱਤਵੀਂ ਸਦੀ ਦੀ ਸੋਚ ਵਾਲੀ ਖੂੰਖਾਰ ਜਥੇਬੰਦੀ ਇਸਲਾਮਿਕ ਸਟੇਟ ਨੂੰ ਖ਼ਤਮ ਕਰਨ ਚੱਲੇ ਹਨ, ਪਰ ਉਹ ਹਾਲੇ ਵੀ ਆਈ.ਐੱਸ.ਆਈ.ਐੱਸ. ਦੀ ਵਿਚਾਰਧਾਰਾ ਦੇ ਸਭ ਤੋਂ ਵੱਡੇ ਪ੍ਰਚਾਰਕ ਸਾਊਦੀ ਅਰਬ ਨਾਲ ਆਪਣੇ ਸਬੰਧ ਉਸੇ ਤਰ੍ਹਾਂ ਹੀ ਕਾਇਮ ਰਖਣਾ ਚਾਹ ਰਹੇ ਹਨ।
ਆਓ ਆਪਣੇ ਉਪਰੋਕਤ ਕਥਨ ਦੀ ਸਾਰਥਿਕਤਾ ਸਮਝਾਉਣ ਲਈ ਤੁਹਾਨੂੰ 18ਵੀਂ ਸਦੀ ਦੇ ਇਤਿਹਾਸ ਦੇ ਉਸ ਪਲ ‘ਤੇ ਇੱਕ ਝਾਤ ਮਰਵਾ ਦੇਈਏ ਜਦੋਂ ਅਰਬ ਦੇ ਰੇਗਿਸਤਾਨ ਵਿੱਚ ਰਿਆਦ ਦੇ ਲਾਗੇ ਦੀ ਇੱਕ ਛੋਟੀ ਜਿਹੀ ਖੇਤੀਬਾੜੀ ਵਾਲੀ ਬਸਤੀ ਦਾ ਇੱਕ ਅਮੀਰ (ਮੁਖੀ) ਮੁਹੰਮਦ ਇਬਨ ਸੌਦ ਇੱਕ ਇਸਲਾਮਿਕ ਬੁੱਧੀਜੀਵੀ, ਮੁਹੰਮਦ ਬਿਨ ਅਬਦੁਲ-ਵਹਾਬ, ਨੂੰ ਕੇਂਦਰੀ ਅਰੇਬੀਆ ਵਿੱਚ ਮਿਲਿਆ ਸੀ। ਵਹਾਬ, ਜਿਸ ਦੀ ਕੱਟੜ ਤੇ ਸਖ਼ਤ ਇਸਲਾਮਿਕ ਵਿਚਾਰਧਾਰਾ ਨੇ ਦੂਸਰੇ ਇਸਲਾਮੀ ਲੀਡਰਾਂ ਦਾ ਗੁੱਸਾ ਮੁੱਲ ਲਿਆ ਹੋਇਆ ਸੀ, ਨੂੰ ਉਸ ਵਕਤ ਸੁਰੱਖਿਆ ਚਾਹੀਦੀ ਸੀ। ਮੁਹੰਮਦ ਇਬਨ ਸੌਦ, ਜੋ ਕਿ ਇੱਕ ਹੰਢਿਆ ਵਰਤਿਆ ਅਤੇ ਅਭੀਲਾਖੀ ਮਾਰੂਥਲੀ ਜੰਗਜੂ ਸੀ, ਨੂੰ ਵਹਾਬਵਾਦ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਸੋ ਉਸ ਨੇ ਮੁਹੰਮਦ ਬਿਨ ਅਬਦੁਲ-ਵਹਾਬ ਨੂੰ ਆਪਣੀ ਸੁਰੱਖਿਆ ਪ੍ਰਦਾਨ ਕਰਾ ਦਿੱਤੀ। ਵਹਾਬ ਆਪਣੇ ਇਸਲਾਮੀ ਵਿਸ਼ਵਾਸ ਵਿੱਚ ਇੰਨਾ ਕੁ ਅਸਹਿਣਸ਼ੀਲ ਸੀ ਕਿ ਉਹ ਉਨ੍ਹਾਂ ਸਾਰੇ ਮੁਸਲਾਮਾਨਾਂ ਨੂੰ ਕਾਫ਼ਿਰ ਕਰਾਰ ਦਿੰਦਾ ਸੀ ਜਿਹੜੇ ਉਸ ਦੀ ਇਸਲਾਮੀ ਸਮਝ ‘ਤੇ ਅਮਲ ਨਹੀਂ ਸਨ ਕਰਦੇ। ਦੋਹਾਂ ਨੇ ਇਕੱਠਿਆਂ ਰਲ਼ ਕੇ ਉਸ ਖਿੱਤੇ ਵਿੱਚ ਇਸਲਾਮ ਦਾ ਸ਼ੁਧੀਕਰਨ ਕਰਨ ਦਾ ਫ਼ੈਸਲਾ ਕੀਤਾ। ਇਸ ਮੁਹਿੰਮ ਤਹਿਤ ਉਨ੍ਹਾਂ ਨੇ ਇਸਲਾਮ ਦੇ ਵੱਖੋ ਵੱਖਰੇ ਉਪਾਸਨਾ ਦੇ ਢੰਗਾਂ ‘ਤੇ ਪਾਬੰਦੀ ਲਗਾ ਕੇ ਉਸ ਨੂੰ ਵਾਪਿਸ ਉਸ ਦੇ ਸ਼ੁੱਧ ਰੂਪ ਵਿੱਚ ਲਿਜਾਉਣ ਦਾ ਨਿਸ਼ਚਾ ਕੀਤਾ।
ਮੁਹੰਮਦ ਬਿਨ ਅਬਦੁਲ-ਵਹਾਬ ਅਤੇ ਮੁਹੰਮਦ ਇਬਨ ਸੌਦ ਖ਼ਾਨਦਾਨਾਂ ਦੇ ਆਪਸੀ ਗੱਠਜੋੜ ਨੂੰ ਹੋਰ ਵੀ ਪੱਕਾ ਰਸਮੀ ਜਾਮਾ ਪਹਿਨਾਉਣ ਲਈ ਮੁਹੰਮਦ ਬਿਨ ਅਬਦੁਲ-ਵਹਾਬ ਦੀ ਬੇਟੀ ਦਾ ਵਿਆਹ ਰਿਆਦ ਲਾਗਲੀ ਖੇਤੀਬਾੜੀ ਬਸਤੀ ਦੇ ਅਮੀਰ ਮੁਹੰਮਦ ਇਬਨ ਸੌਦ ਦੇ ਬੇਟੇ ਅਬਦੁਲ-ਅਜ਼ੀਜ਼ ਨਾਲ ਕਰ ਦਿੱਤਾ ਗਿਆ। ਉਸ ਵੇਲੇ ਤੋਂ ਲੈ ਕੇ ਅੱਜ ਤਕ ਮੁਹੰਮਦ ਇਬਨ ਸੌਦ ਅਤੇ ਮੁਹੰਮਦ ਬਿਨ ਅਬਦੁਲ-ਵਹਾਬ ਦੇ ਵੰਸ਼ਜ ਉੱਥੇ ਇਕੱਠੇ ਰਹਿ ਰਹੇ ਹਨ। ਅਬਦੁਲ-ਵਹਾਬ ਦੀ ਵਿਚਾਰਧਾਰਾ ਦਾ ਇਸਤੇਮਾਲ ਕਰ ਕੇ ਮੁਹੰਮਦ ਇਬਨ ਸੌਦ ਨੇ ਅਰੇਬੀਅਨ ਪੈਨਿਨਸੁਲਾ ਵਿੱਚ House of Saud (ਸੌਦੀਆਂ ਦਾ ਘਰ) ਨਾਮਕ ਇੱਕ ਰਜਵਾੜਾ ਸ਼ਕਤੀ ਕਾਇਮ ਕੀਤੀ। ਸੌਦੀਆਂ ਦਾ ਘਰ ਅੱਜ ਦੇ ਸਾਊਦੀ ਅਰੇਬੀਆ ਦੇ ਸ਼ਾਹੀ ਖ਼ਾਨਦਾਨ ਦਾ ਨਾਮ ਹੈ। ਇਸ ਖ਼ਾਨਦਾਨ ਦੇ 15 ਹਜ਼ਾਰ ਤੋਂ ਵੱਧ ਮੈਂਬਰ ਹਨ। ਇਸ ਵਿੱਚ ਮੁਹੰਮਦ ਇਬਨ ਸੌਦ ਅਤੇ ਉਸ ਦੇ ਸਾਰੇ ਭਰਾਵਾਂ ਦੀਆਂ ਸੰਤਾਨਾਂ ਸ਼ਾਮਿਲ ਹਨ, ਪਰ ਹੁਕਮਾਰਨੀ ਵਿੱਚ ਕੇਵਲ ਅਬਦੁਲ-ਅਜ਼ੀਜ਼ ਇਬਨ ਸੌਦ ਦੇ ਵੰਸ਼ ਦਾ ਹੀ ਦਖ਼ਲ ਹੈ। ਹਾਲਾਂਕਿ ਉਹ ਉਸ ਵਕਤ ਔਟੋਮਨ ਸਲਤਨਤ (ਅਜੋਕੇ ਤੁਰਕੀ) ਦਾ ਹੀ ਹਿੱਸਾ ਸੀ, ਪਰ ਬਾਅਦ ਵਿੱਚ ਜਾ ਕੇ ਪਹਿਲੀ ਸੌਦੀ ਸਲਤਨਤ ਬਣਨ ਵਾਲੇ ਸਾਮਰਾਜ ਦਾ ਜਨਮਦਾਤਾ ਇਬਨ ਸੌਦ ਨੂੰ ਹੀ ਮੰਨਿਆ ਜਾਂਦਾ ਹੈ। ਇਸਲਾਮ ਨੂੰ ਲੈ ਕੇ ਇਬਨ ਸੌਦ ਦੀ ਵਿਚਾਰਧਾਰਾ ਬਹੁਤ ਹੀ ਅਤਿਵਾਦੀ ਕਿਸਮ ਦੀ ਹੁੰਦੀ ਗਈ ਅਤੇ ਉਹ ਵਹਿਸ਼ੀ ਕਿਸਮ ਦੀਆਂ ਫ਼ੌਜੀ ਚੜ੍ਹਾਈਆਂ ਵਿੱਚ ਯਕੀਨ ਰੱਖਣ ਲੱਗਾ, ਜਿਵੇਂ ਕਿ ਜੰਗੀ ਕੈਦੀਆਂ ਨੂੰ ਫ਼ੜ ਕੇ ਮਾਰ ਮੁਕਾਉਣ ਵਿੱਚ ਅਤੇ ਔਰਤਾਂ ਤੇ ਬੱਚਿਆਂ ਸਮੇਤ ਕਾਬੂ ਕੀਤੇ ਗਏ ਸਾਰੇ ਆਮ ਸ਼ਹਿਰੀਆਂ ਦਾ ਕਤਲੇਆਮ ਕਰਨ ਵਿੱਚ।
ਜਿਨ੍ਹਾਂ ਲੀਹਾਂ ‘ਤੇ ਇਬਨ ਸੌਦ ਨੇ ਆਪਣੀ ਉਸ ਵੇਲੇ ਦੀ ਹਕੂਮਤ ਦਾ ਨਿਰਮਾਣ ਕੀਤਾ ਉਹੀ ਸੌਦੀ ਸ਼ਾਹੀ ਖ਼ਾਨਦਾਨ, ਯਾਨੀ ਕਿ ਹਾਊਸ ਔਫ਼ ਸੌਦ, ਲਈ ਅੱਜ ਵੀ ਹੁਕਮਰਾਨੀ ਦਾ ਇੱਕ ਮੌਡਲ ਬਣੀਆਂ ਹੋਈਆਂ ਹਨ। ਉਸ ਦੀ ਸਰਕਾਰ ਮੁਕੰਮਲ ਰੂਪ ਵਿੱਚ ਇਸਲਾਮੀ ਸਿਧਾਂਤਾ ‘ਤੇ ਆਧਾਰਿਤ ਸੀ। ਇਬਨ ਸੌਦ ਨੇ ਪਹਿਲੀ ਸੌਦੀ ਸਲਤਨਤ ‘ਤੇ 1755 ਵਿੱਚ ਆਪਣੇ ਇੰਤਕਾਲ ਤਕ ਰਾਜ ਕੀਤਾ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਅਬਦੁਲ-ਅਜ਼ੀਜ਼ ਸਲਤਨਤ ਦਾ ਜਾਨਸ਼ੀਨ ਬਣਿਆ। ਹਾਊਸ ਔਫ਼ ਸੌਦ (ਸੌਦੀ ਸ਼ਾਹੀ ਖ਼ਾਨਾਦਾਨ) ਦਾ ਸਭ ਤੋਂ ਅਹਿਮ ਮੈਂਬਰ ਹੈ ਸਾਊਦੀ ਅਰਬ ਦਾ ਰਾਜਾ ਜੋ ਕਿ ਅੱਜਕੱਲ੍ਹ ਕਿੰਗ ਸਲਮਾਨ ਹੈ। ਸਾਊਦੀ ਅਰਬ ਦਾ ਤਾਜ ਸਲਤਨਤ ਦੇ ਪਹਿਲੇ ਰਾਜਾ, ਇਬਨ ਸੌਦ, ਦੇ ਇੱਕ ਪੁੱਤਰ ਤੋਂ ਦੂਜੇ ਨੂੰ ਜਾਂਦੈ। ਹਾਊਸ ਔਫ਼ ਸੌਦ ਤਿੰਨ ਪੜਾਵਾਂ ਰਾਹੀਂ ਗੁਜ਼ਰਿਆ: ਪਹਿਲੀ ਸੌਦੀ ਸਲਤਨਤ (1744-1818), ਦੂਸਰੀ ਸੌਦੀ ਸਲਤਨਤ (1818-1891) ਅਤੇ ਅਜੋਕਾ ਸਾਊਦੀ ਅਰਬ (1916-ਮੌਜੂਦਾ)। ਪਹਿਲੀ ਸੌਦੀ ਸਲਤਨਤ ਦਾ ਦੌਰ ਵਹਾਬਵਾਦ ਜਾਂ ਕੱਟੜ ਇਸਲਾਮੀ ਵਿਚਾਰਧਾਰਾ ਦੇ ਪਸਾਰ ਦਾ ਦੌਰ ਸੀ ਜਿਹੜਾ ਇਸਲਾਮ ਨੂੰ ਉਸ ਦੇ ਬਿਲਕੁਲ ਮੁੱਢਲੇ ਰੂਪ ਵਿੱਚ ਦੇਖਣਾ ਅਤੇ ਉਸ ਦੀ ਉਸੇ ਤਰ੍ਹਾਂ ਪਾਲਣਾ ਕਰਨਾ ਚਾਹੁੰਦਾ ਸੀ। ਦੂਸਰੀ ਸੌਦੀ ਸਲਤਨਤ ਆਪਣੀ ਪੂਰੀ ਹੋਂਦ ਦੌਰਾਨ ਆਪਸੀ ਅੰਦਰੂਨੀ ਲੜਾਈਆਂ ਦਾ ਸ਼ਿਕਾਰ ਰਹੀ। ਆਧੁਨਿਕ ਸੌਦੀ ਸਲਤਨਤ ਜਾਂ ਸਾਊਦੀ ਅਰਬੀਆ, ਜਿਸ ਦਾ ਮਿਡਲ ਈਸਟ ਵਿੱਚ ਖ਼ਾਸਾ ਦਬਦਬਾ ਹੈ, 1932 ਵਿੱਚ ਚਾਰ ਰਿਆਸਤਾਂ ਨੂੰ ਮਿਲਾ ਕੇ ਹੋਂਦ ਵਿੱਚ ਆਇਆ। ਇਬਨ ਸੌਦ ਨੇ ਇਸ ਦੀ ਕਾਇਮੀ ਦੀ ਸ਼ੁਰੂਆਤ ਆਪਣੇ ਜੱਦੀ ਘਰ ਰਿਆਦ ਨੂੰ 1902 ਵਿੱਚ ਫ਼ਤਿਹ ਕਰ ਕੇ ਕੀਤੀ ਸੀ।
ਸੌਦੀ ਸ਼ਾਹੀ ਖ਼ਾਨਦਾਨ ਦੀ ਔਟੋਮਨ ਸਲਤਨਤ, ਮੱਕੇ ਦੇ ਪਵਿੱਤਰ ਸ਼ਹਿਰ ਦੇ ਸ਼ਰੀਫ਼ ਯਾਨੀ ਕਿ ਪ੍ਰਬੰਧਕ, ਪਵਿੱਤਰ ਸ਼ਹਿਰ ਮੱਕੇ ਲਈ ਜਾਂਦੇ ਊਠਾਂ ਦੇ ਕਾਰਵਾਂ ਦੇ ਰਾਹ ਵਿੱਚ ਪੈਂਦੇ ਹਾਇਲ ਸ਼ਹਿਰ ਦੇ ਸਭ ਤੋ ਪ੍ਰਭਾਵਸ਼ਾਲੀ ਪਰਿਵਾਰ ਅਲ-ਰਸ਼ੀਦ ਅਤੇ ਸਾਊਦੀ ਅਰਬ ਦੇ ਅੰਦਰ ਤੇ ਬਾਹਰ ਵਸਦੇ ਕਈ ਹੋਰ ਇਸਲਾਮੀ ਗੁੱਟਾਂ ਨਾਲ ਦੁਸ਼ਮਣੀ ਹੈ। ਇਬਨ ਸਾਊਦ ਸਾਊਦੀ ਅਰਬ ਦੀ ਸਲਤਨਤ ਸਥਾਪਿਤ ਕਰਨ ਤੋਂ ਬਾਅਦ ਉਸ ਵੇਲੇ ਬੌਂਦਲ ਗਿਆ ਜਦੋਂ 1938 ਵਿੱਚ ਤੇਲ ਦੇ ਭੰਡਾਰਾਂ ਦੀ ਲੱਭਤ ਕਾਰਨ ਉਸ ਦੀਆਂ ਜੇਬ੍ਹਾਂ ਨੋਟਾਂ ਨਾਲ ਪਾਟਣ ਲੱਗੀਆਂ। ਉਸ ਨੇ ਵਹਾਬਵਾਦ ‘ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੱਤਾ ਅਤੇ ਆਪਣੀ ਸਲਤਨਤ ਦੀ ਰੱਖਿਆ ਲਈ ਬੈਡੁਇਨ ਨਾਮਕ ਆਜੜੀਆਂ ਦੇ ਇੱਕ ਖ਼ਾਨਾਬਦੋਸ਼ ਕਬੀਲੇ ਦੇ ਲੋਕਾਂ ਦੀ ਫ਼ੌਜ ਵੀ ਤਿਆਰ ਕੀਤੀ ਜਿਸ ਦਾ ਨਾਮ ਇਖ਼ਵਾਨ ਰੱਖਿਆ ਗਿਆ। ਇਖ਼ਵਾਨ ਦਾ ਅਰਥ ਸੀ ਬਰਾਦਰੀ ਜਾਂ ਸਮਾਜ। ਸਾਊਦੀ ਨੈਸ਼ਨਲ ਗਾਰਡ ਵਿੱਚ ਭਰਤੀ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ‘ਬ੍ਰੇਨਵਾਸ਼’ ਕੀਤੇ ਗਏ ਇਹ ਇਖ਼ਵਾਨ ਜੰਗਜੂ ਇੱਕ ਤਾਂ ਆਪਣੇ ਉਨ੍ਹਾਂ ਨਕਾਬਾਂ ਕਰ ਕੇ ਜਾਣੇ ਜਾਂਦੇ ਸਨ ਜਿਨ੍ਹਾਂ ਨਾਲ ਉਹ ਆਪਣੇ ਚਿਹਰੇ ਹਮੇਸ਼ਾ ਢੱਕ ਕੇ ਰੱਖਦੇ ਸਨ ਅਤੇ ਦੂਜਾ ਬੇਰਹਿਮੀ ਦੇ ਆਪਣੇ ਕੁਝ ਖ਼ਾਸ ਢੰਗਾਂ ਲਈ ਜਿਵੇਂ ਕਿ ਆਪਣੇ ਮਰਦ ਕੈਦੀਆਂ ਦੇ ਗਲੇ ਤੇਜ਼ ਧਾਰ ਹਥਿਆਰਾਂ ਨਾਲ ਵੱਢਣੇ। ਹੁਣ ਤਾਂ ਆਪਣੇ ਸਿਰ-ਮੂੰਹ ਕਾਲੇ ਨਕਾਬਾਂ ਨਾਲ ਢੱਕ ਕੇ, ਇਸਲਾਮਿਕ ਸਟੇਟ ਦੇ ਅਤਿਵਾਦੀਆਂ ਵਲੋਂ, ਆਪਣੇ ਸਾਹਮਣੇ ਗੋਡਿਆਂ ਦੇ ਭਾਰ ਝੁਕੇ ਹੋਏ ਕੈਦੀਆਂ ਦੇ ਗਾਟੇ ਛੁਰੀਆਂ ਨਾਲ ਜ਼ਿਬਾਹ ਕੀਤੇ ਜਾਣ ਦੇ ਰੁਝਾਨ ਦਾ ਇਤਿਹਾਸਕ ਪਿਛੋਕੜ ਵੀ ਤੁਹਾਨੂੰ ਸਮਝ ਆ ਹੀ ਗਿਆ ਹੋਣੈ!
ਪੱਛਮੀ ਤਾਕਤਾਂ ਨੇ ਸਾਊਦੀ ਅਰਬ ਦਾ ਵਹਾਬੀ ਕੱਟੜਵਾਦ ਸ਼ੁਰੂ ਦੇ ਦਿਨਾਂ ਵਿੱਚ ਹੀ ਕਿਉਂ ਨਾ ਰੋਕਿਆ? ਬੇਬਹਾ ਪੈਸੇ ਨਾਲ ਫ਼ੰਡ ਕੀਤੇ ਗਏ ਪ੍ਰੋਗਰਾਮਾਂ ਨੇ ਸਹਿਨਸ਼ੀਲ ਅਤੇ ਨਰਮ ਖ਼ਿਆਲੀ ਮੁਸਲਮਾਨ ਸਮਾਜਾਂ, ਜਿਵੇਂ ਕਿ ਮਲੇਸ਼ੀਆ ਅਤੇ ਇੰਡੋਨੇਸ਼ੀਆ, ਨੂੰ ਦੇਖਦਿਆਂ ਹੀ ਦੇਖਦਿਆਂ ਸਪੱਸ਼ਟ ਤੌਰ ‘ਤੇ ਸੰਕੀਰਨ ਧਾਰਮਿਕ ਰਾਸ਼ਟਰਾਂ ਵਿੱਚ ਤਬਦੀਲ ਕਰ ਕੇ ਰੱਖ ਦਿੱਤਾ। ਭਾਰਤ ਵਿੱਚ ਵੀ, ਪੈਸਾ ਮਦਰੱਸਿਆਂ ਵੱਲ ਵਹਿਣ ਲੱਗਾ ਅਤੇ ਬੁਰਕਾ ਪਹਿਨਣਾ ਮੁਸਲਮਾਨ ਮਹਿਲਾਵਾਂ ਲਈ ਇੱਕ ਤਰ੍ਹਾਂ ਨਾਲ ਆਪਣੀ ਪਛਾਣ ਜਤਾਉਣ ਦਾ ਇੱਕ ਜ਼ਰੀਆ ਬਣਨ ਲਗਿਆ। ਸਭ ਨੂੰ ਪਤਾ ਸੀ ਕਿ ਸਾਊਦੀ ਪੈਸਾ ਅਤੇ ਵਹਾਬੀ ਕੱਟੜਵਾਦ ਹੀ ਮੁਸਲਮਾਨ ਸਮਾਜਾਂ ਵਿੱਚ ਇਹ ਸਾਰਾ ਪਰਿਵਰਤਨ ਲਿਆ ਰਿਹਾ ਸੀ, ਪਰ ਤਾਕਤਵਰ ਪੱਛਮੀ ਲੀਡਰਾਂ ਅਤੇ ਏਸ਼ੀਆ ਦੇ ਆਜ਼ਾਦ ਖ਼ਿਆਲ ਤੇ ਅਗਾਂਹਵਧੂ ਲਿਬਰਲ ਨੇਤਾਵਾਂ ਨੇ ਸਾਊਦੀ ਅਰਬ ਨੂੰ ਲੈ ਕੇ ਆਪਣੀਆਂ ਅੱਖਾਂ ਮੀਟੀ ਰੱਖੀਆਂ।
ਫ਼ਿਰ ਆਏ ਜੌਰਜ ਬੁੱਸ਼ ਅਤੇ ਉਸ ਦਾ ਪ੍ਰਤਿਭਾਵਾਨ ਸ਼ੈਤਾਨ ਡਿਕ ਚੈਨੀ। ਜਿਸ ਤਰ੍ਹਾਂ ਉਨ੍ਹਾਂ ਨੇ ਇਰਾਕ ਦਾ ਮੱਕੂ ਠੱਪਿਆ ਉਸ ਨੇ ਤਾਂ ਸਭਿਅਤਾ ਵਾਲੇ ਸਾਰੇ ਕਾਇਦੇ ਹੀ ਛਿੱਕੇ ਟੰਗ ਦਿੱਤੇ। ਉਨ੍ਹਾਂ ਨੇ ਆਪਣੇ ਕੈਦੀਆਂ ਦੇ ਗਾਟੇ ਜ਼ਿਬਾਹ ਨਹੀਂ ਕੀਤੇ। ਉਨ੍ਹਾਂ ਨੇ ਉਸ ਤੋਂ ਵੀ ਬੱਦਤਰ ਕੀਤਾ। ਚੇਤੇ ਜੇ ਬਗ਼ਦਾਦ ਦੀ ਅਬੂ ਗ਼ਰੇਬ ਜੇਲ੍ਹ ਵਿੱਚ ਅਮਰੀਕੀ ਅਤੇ ਬਰਤਾਨਵੀ ਫ਼ੌਜੀਆਂ ਵਲੋਂ ਕੈਦੀਆਂ ਨਾਲ ਕੀਤੇ ਗਏ ਦਿਲ ਦਹਿਲਾ ਦੇਣ ਵਾਲੇ ਕੁਕਰਮਾਂ ਦੀਆਂ ਸਾਹਮਣੇ ਆਈਆਂ ਉਹ ਤਸਵੀਰਾਂ ਜਿਨ੍ਹਾਂ ਵਿੱਚ ਅਰਬੀਆਂ ਦੇ ਨੰਗੇ ਜਿਸਮਾਂ ‘ਤੇ ਗੋਰੇ ਫ਼ੌਜੀ ਨੱਚ ਟੱਪ ਰਹੇ ਸਨ, ਪੇਸ਼ਾਬ ਕਰ ਰਹੇ ਸਨ, ਉਨ੍ਹਾਂ ਦੇ ਗਲਿਆਂ ਦੁਆਲੇ ਚੇਨਾਂ ਪਾ ਕੇ ਖਿੱਚ ਰਹੇ ਸਨ ਅਤੇ ਕੁੱਤਿਆਂ ਵਾਂਗ ਉਨ੍ਹਾਂ ਨੂੰ ਕੁੱਤਿਆਂ ਨਾਲ ਬੰਨ੍ਹ ਰਹੇ ਸਨ? ਇਸ ਸਭ ਨੇ ਇਰਾਕੀਆਂ ਦੇ ਹੌਸਲੇ ਪਸਤ ਨਹੀਂ ਕੀਤੇ। ਇਸ ਨੇ ਉਨ੍ਹਾਂ ਨੂੰ ਗੁੱਸਾ ਚੜ੍ਹਾਇਆ। ਇਸ ਨੇ ਵਿਸ਼ਵ ਭਰ ਦੇ ਮੁਸਲਾਮਾਨਾਂ ਨੂੰ ਵੀ ਖ਼ੂਬ ਗੁੱਸਾ ਚੜ੍ਹਾਇਆ। ਅੱਜ ਦੀ ਇਸਲਾਮਿਕ ਸਟੇਟ ਇਰਾਕ ਵਿੱਚ ਬੁੱਸ਼-ਚੈਨੀ ਵਲੋਂ ਸਰਅੰਜਾਮ ਦਿੱਤੇ ਗਏ ਜੰਗੀ ਅਪਰਾਧਾਂ ਦਾ ਹੀ ਸਿੱਧਾ ਨਤੀਜਾ ਹੈ। ਇਸੇ ਲਈ ਤਾਂ ਇਹ ਅਤਿਵਾਦੀ ਜਥੇਬੰਦੀ ਹੁਣ ਇੱਕ ਸਿਆਸੀ ਜਾਂ ਫ਼ੌਜੀ ਵਰਤਾਰੇ ਤੋਂ ਕਿਤੇ ਵੱਧ ਹੈ। ਇਹ ਹੁਣ ਇੱਕ ਫ਼ਲਸਫ਼ਾ, ਇੱਕ ਸਭਿਆਚਾਰ, ਇੱਕ ਵਿਚਾਰਧਾਰਾ ਬਣ ਚੁੱਕੀ ਹੈ।
ਇਸ ਨੂੰ ਫ਼ਰੈਂਚ ਜਾਂ ਰੂਸੀ ਹਵਾਈ ਫ਼ੌਜਾਂ ਨਾਲ ਦਬਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਨੂੰ ਅਮਰੀਕੀ ਡਰੋਨਾਂ ਨਾਲ ਡਰਾਇਆ ਹੀ ਜਾ ਸਕਦਾ ਹੈ, ਜਿਹੜੇ ਵੱਧ ਤੋਂ ਵੱਧ ਹਥਲੇ ਮਸਲੇ ਦੇ ਸਤਹੀ ਲੱਛਣਾਂ ਨਾਲ ਹੀ ਨਜਿੱਠ ਸਕਦੇ ਹਨ, ਨਾ ਕਿ ਉਸ ਦੇ ਮੂਲ ਕਾਰਨਾਂ ਨਾਲ। ਤੇ ਮਸਲੇ ਦੇ ਮੂਲ ਕਾਰਨਾਂ ਨੂੰ ਮੁਖ਼ਾਤਿਬ ਹੋਣ ਵਿੱਚ ਅਸਫ਼ਲਤਾ ਸਾਨੂੰ ਕੇਵਲ ਇਸ ਗੱਲ ਦੀ ਯਾਦ ਦਹਾਨੀ ਹੀ ਕਰਾਏਗੀ ਕਿ ਸਭਿਆਤਾਵਾਂ ਵੇਲਾ ਵਿਹਾਉਣ ਤੋਂ ਬਾਅਦ ਕਿਵੇਂ ਨੇਸਤੋਨਾਬੂਦ ਹੁੰਦੀਆਂ ਹਨ। ਇੱਥੇ ਮੈਂ ਮਹਾਨ ਰੋਮਨ ਸਲਤਨਤ ਦੇ ਪਤਨ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗਾ। ਰੋਮਨ ਸਲਤਨਤ ਦਾ ਵਿਨਾਸ਼ 24 ਅਗਸਤ 410 ਨੂੰ ਹੋਇਆ ਸੀ ਜਦੋਂ ਜਰਮਨ ਨਸਲ ਦੇ ਖਾਨਾਬਦੋਸ਼ ਵਿਜ਼ੀਗੋਥ ਕਬੀਲੇ ਦੇ ਧਾੜਵੀਆਂ ਨੇ ਰੋਮ ਸ਼ਹਿਰ ‘ਤੇ ਹੱਲਾ ਬੋਲ ਕੇ ਉਸ ਦੀ ਲੁੱਟ-ਖਸੁੱਟ ਸ਼ੁਰੂ ਕਰ ਦਿੱਤੀ। ਰੋਮਨ ਸਲਤਨਤ ਦੇ 800 ਸਾਲਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਰੋਮ ਕਿਸੇ ਵਿਦੇਸ਼ੀ ਦੁਸ਼ਮਣ ਦੇ ਕਬਜ਼ੇ ਹੇਠ ਆਇਆ ਸੀ। ਰੋਮਨ ਸਾਮਰਾਜ ਦੇ ਇਸ ਪਤਨ ਅਤੇ ਰੋਮ ਸ਼ਹਿਰ ਦੀ ਸੰਨ 410 ਵਿੱਚ ਹੋਈ ਲੁੱਟ-ਖਸੁੱਟ, ਜਿਸ ਨੂੰ ਅੰਗ੍ਰੇਜ਼ੀ ਵਿੱਚ ‘ਸੈਕ ਔਫ਼ ਰੋਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਬਾਰੇ 17ਵੀਂ ਸਦੀ ਦੇ ਬਰਤਾਨਵੀ ਇਤਿਹਾਸਕਾਰ ਅਤੇ ਐੱਮ.ਪੀ. ਐਡਵਰਡ ਗਿਬਨਜ਼ ਨੇ ਆਪਣੀ ਕਿਤਾਬ ‘ਡਿਕਲਾਈਨ ਐਂਡ ਫ਼ੌਲ ਔਫ਼ ਦਾ ਰੋਮਨ ਐਂਪਾਇਰ’ ਵਿੱਚ ਲਿਖਿਆ ਹੈ:
”ਵਹਿਸ਼ੀਪੁਣੇ ਦੇ ਲਾਇਸੰਸ ਵਾਲੇ ਉਸ ਵਕਤ ਵਿੱਚ, ਜਦੋਂ ਹਰ ਕਿਸਮ ਦਾ ਜਨੂੰਨ, ਮਨੋਵਿਕਾਰ ਭੜਕਿਆ ਪਿਆ ਸੀ ਅਤੇ ਸੰਜਮ ਤੇ ਸਹਿਣਸ਼ੀਲਤਾ ਦੇ ਸਾਰੇ ਹੱਦ-ਬੰਨ੍ਹ ਟੁੱਟ ਚੁੱਕੇ ਸਨ, ਰੋਮਨਾਂ ਦਾ ਖ਼ੂਬ ਬੇਰਹਿਮ ਵਢਾਂਗਾ ਕੀਤਾ ਗਿਆ …  ਜਦੋਂ ਵੀ ਦੁਸ਼ਮਣ ਜਾਂਗਲੀ ਧਾੜਵੀਆਂ ਨੂੰ ਭੜਕਾਉਂਦੇ ਤਾਂ ਉਹ ਬਦਲੇ ਵਿੱਚ ਕਮਜ਼ੋਰਾਂ, ਮਾਸੂਮਾਂ, ਬੇਬਸਾਂ ਤੇ ਲਾਚਾਰਾਂ ਨੂੰ ਖ਼ੂਬ ਵੱਢਦੇ।”
ਜੇਕਰ ਅਸੀਂ ਸੱਚਮੁੱਚ ਹੀ ਇਹ ਸੋਚਦੇ ਹੁੰਦੇ ਕਿ ਇਸਲਾਮਿਕ ਸਟੇਟ ਨੂੰ ਨੇਸਤੋਨਾਬੂਦ ਕਰਨਾ ਹੀ ਇਸ ਸਾਰੇ ਮਸਲੇ ਦਾ ਇੱਕੋ ਇੱਕ ਹੱਲ ਹੈ ਤਾਂ ਫ਼ਿਰ ਅਸੀਂ ਹਵਾ ਵਿੱਚੋਂ ਉਸ ਨਾਲ ਛੇੜਖਾਨੀਆਂ ਕਰਨ ਦੀ ਥਾਂ ਜ਼ਮੀਨੀ ਫ਼ੌਜਾਂ ਭੇਜ ਕੇ ਉਸ ਦਾ ਮੱਕੂ ਕਦੋਂ ਦਾ ਠੱਪ ਦਿੱਤਾ ਹੁੰਦਾ। ਪਰ ਸਾਡੇ ਵਿੱਚ ਜ਼ਮੀਨ ‘ਤੇ ਆਪਣੇ ਬੂਟ ਉਤਾਰਨ ਦੀ ਹਿੰਮਤ ਇਸ ਲਈ ਨਹੀਂ ਕਿਉਂਕਿ ਸਾਨੂੰ ਪਤੈ ਕਿ ਇਸ ਕਾਰਜ ਵਿੱਚ ਖ਼ਤਰਾ ਜ਼ਿਆਦਾ ਅਤੇ ਲਾਹਾ ਬਹੁਤ ਹੀ ਘੱਟ ਹੈ – ਅਸੀਂ ਉੱਥੋਂ ਕੁਝ ਵੀ ਹਾਸਿਲ ਕਰਨ ਦੀ ਉਮੀਦ ਹੀ ਗੁਆ ਚੁੱਕੇ ਹਾਂ … ਤੇ ਸ਼ਾਇਦ ਆਪਣੀ ਕਾਬਲੀਅਤ ਵਿੱਚ ਸਵੈ-ਵਿਸ਼ਵਾਸ ਵੀ! ਇਸ ਵੇਲੇ ਇੱਥੇ ਮਸਲਾ ਸਭ ਰਾਸ਼ਟਰਾਂ ਲਈ ਇਹ ਬਣਿਆ ਹੋਇਐ ਕਿ ਉਹ ਆਪਣੇ ਲੋਕਾਂ ਦੀ ਹੋ ਰਹੀ ਕਤਲੋਗ਼ਾਰਤ ਦੇ ਬਦਲੇ ਵਿੱਚ ਕੁਝ ਨਾ ਕੁਝ ਕਰਦੇ ਹੋਏ ਦਿਖਣਾ ਚਾਹੁੰਦੇ ਹਨ ਨਾ ਕਿ ਵਿਹਲੇ ਬੈਠੇ ਹੋਏ! ਤੇ ਉਨ੍ਹਾਂ ਦੇ ਜਿਹੜੇ ਐਕਸ਼ਨ ਸ਼ਾਂਤੀ ਬਹਾਲੀ ਦੇ ਯਤਨ ਕਰਦੇ ਹਨ ਉਹ ਟੀ.ਵੀ. ਕੈਮਰਿਆਂ ਲਈ ਬਹੁਤ ਨੀਰਸ ਤੇ ਬੋਰਿੰਗ ਹੁੰਦੇ ਨੇ … ਨਰਮ ਤੇ ਬੁੱਸੇ ਜਿਹੇ।
ਪੱਛਮੀ ਮੁਲਕਾਂ ਦੀ ਇਸ ਮਾਮਲੇ ਵਿੱਚ ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਹਾਲਾਤ ਜਿਹੋ ਜਿਹੇ ਵੀ ਹਨ ਉਹ ਉਨ੍ਹਾਂ ਨੂੰ ਉਸ ਤੋਂ ਵੱਧ ਖ਼ਰਾਬ ਨਾ ਕਰਨ। ਇਸ ਲੜਾਈ ਨੂੰ ਜੰਗ ਕਹਿਣਾ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਸੀਂ ਇਸਲਾਮਿਕ ਸਟੇਟ ਵਰਗੀ ਜਥੇਬੰਦੀ ਨੂੰ ਇੱਕ ਦੁਸ਼ਮਣ ਫ਼ੌਜ ਹੋਣ ਦਾ ਮਾਣ ਦੇ ਰਹੇ ਹਾਂ। ਇਸ ਤੋਂ ਵੀ ਵੱਧ ਮਹੱਤਵਪੂਰਨ, ਇਹ ਨਾ ਸੋਚੋ ਕਿ ਤੁਸੀਂ ਇਸਲਾਮਵਾਦ ਖ਼ਿਲਾਫ਼ ਕਿਸੇ ਕਿਸਮ ਦੀ ਤੀਸਰੀ ਵਿਸ਼ਵ ਜੰਗ ਨੂੰ ਲੜ ਕੇ ਉਸ ਵਿੱਚੋਂ ਫ਼ਤਿਹਯਾਬ ਹੋ ਕੇ ਨਿਕਲੋਗੇ ਕਿਉਂਕਿ ਇਸ ਜੰਗ ਦਾ ਅਰਥ ਮਨੁੱਖਤਾ ਦਾ ਮੁਕੰਮਲ ਸਰਬਨਾਸ਼ ਹੋਵੇਗਾ। ਤੁਸੀਂ ਕਿਸੇ ਧਾਰਮਿਕ ਫ਼ਲਸਫ਼ੇ ਦੇ ਹਿੰਸਕ ਤਰਜਮੇ ਦਾ ਮੁਕਾਬਲਾ ਵਧੇਰੇ ਹਿੰਸਾ ਨਾਲ ਨਹੀਂ ਕਰ ਸਕਦੇ, ਇੰਨਾ ਚੇਤੇ ਰੱਖਿਓ। ਅਜਿਹਾ ਕਰਨ ਦੀ ਕੋਸ਼ਿਸ਼ ਕਰ ਕੇ ਅਸੀਂ ਕੇਵਲ ਹਿੰਸਾ ਦੇ ਉਸ ਹੈਵਾਨ ਨੂੰ ਪਾਲ ਰਹੇ ਹੋਵਾਂਗੇ ਜਿਹੜਾ ਅੰਤ ਵਿੱਚ ਸਾਨੂੰ ਸਭ ਨੂੰ ਡਕਾਰ ਜਾਵੇਗਾ!

LEAVE A REPLY