5ਚੰਡੀਗੜ੍ਹ : ਮੌਜੂਦਾ ਖੇਤੀ ਸੰਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਡੇਅਰੀ, ਮੱਛੀ ਪਾਲਣ ਅਤੇ ਘੋੜਿਆਂ ਦੇ ਫਾਰਮਾਂ ਤੇ ਘੋੜ ਸਵਾਰੀ ਨੂੰ ਹੁਲਾਰਾ ਦੇਣ ਅਤੇ ਵਿਕਸਤ ਕਰਨ ਦੀ ਸੂਬਾ ਸਰਕਾਰ ਦੀ ਪਹਿਲਕਦਮੀ ਸਹੀ ਦਿਸ਼ਾ ਵੱਲ ਠੋਸ ਕਦਮ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ 8 ਤੋਂ 12 ਜਨਵਰੀ, 2016 ਤੱਕ ਆਯੋਜਿਤ ਕਰਵਾਈ ਜਾ ਰਹੀ 8ਵੀਂ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਐਕਸਪੋ ਦਾ ਅੱਜ ਆਪਣੇ ਨਿਵਾਸ ਸਥਾਨ ‘ਤੇ ਕਿਤਾਬਚਾ ਜਾਰੀ ਕਰਨ ਤੋਂ ਬਾਅਦ ਇਸ ਮੌਕੇ ‘ਤੇ ਬੋਲਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਇਕ ਖੇਤੀ ਅਧਾਰਿਤ ਸੂਬਾ ਹੋਣ ਦੇ ਨਾਤੇ ਪਸ਼ੂਆਂ ਦੇ ਵਪਾਰ ਨੂੰ ਵਧਾਉਣਾ ਅਤੇ ਸੂਬੇ ਵਿੱਚ ਨੌਜਵਾਨਾਂ ਨੂੰ ਪਸ਼ੂ ਪਾਲਣ ਵਿਚ  ਉਤਸ਼ਾਹਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਧੰਦਾ ਖੇਤੀਬਾੜੀ ਦੇ ਪੇਸ਼ੇ ਦਾ ਇਕ ਬਦਲਵਾਂ ਰੂਪ ਹੈ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਪਿਛਲੇ ਸੱਤਾਂ ਸਾਲਾਂ ਤੋਂ ਆਯੋਜਿਤ ਕਰਵਾਈ ਜਾ ਰਹੀ ਹੈ ਜਿਸ ਦਾ ਉਦੇਸ਼ ਵੱਖ ਵੱਖ ਤਰ੍ਹਾਂ ਦੇ ਪਸ਼ੂਆਂ ਦੀਆਂ ਨਸਲਾਂ ਵਿਚ ਸੁਧਾਰ ਲਿਆਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਪਸ਼ੂ ਪਾਲਣ ਦੇ ਧੰਦੇ ਨੂੰ ਹੁਲਾਰਾ ਦੇ ਕੇ ਖੇਤੀ ਵਿਭਿੰਨਤਾ ਨੂੰ ਵੀ ਉਤਸ਼ਾਹਤ ਕਰਨਾ ਹੈ। ਸ. ਬਾਦਲ ਨੇ ਕਿਹਾ ਕਿ ਖੇਤੀਬਾੜੀ ਨੂੰ ਹੋਰ ਹੁਲਾਰਾ ਦੇਣ ਤੋਂ ਇਲਾਵਾ ਖੇਤੀ ਸਬੰਧਤ ਧੰਦਿਆਂ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਚੈਂਪੀਅਨਸ਼ਿਪ ਲਈ ਇਨਾਮਾਂ ਦੀ ਰਾਸ਼ੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਇਸ ਸਾਲ 1.25 ਕਰੋੜ ਰੁਪਏ ਦੀ ਥਾਂ 2.5 ਕਰੋੜ ਰੁਪਏ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਕਿਸਾਨ ਇਸ ਚੈਂਪੀਅਨਸ਼ਿਪ ਵਿਚ ਆਪਣੇ ਪਸ਼ੂਆਂ ਨੂੰ ਲੈ ਕੇ ਆਉਂਦੇ ਹਨ ਜਿਸ ਨੇ ਪਸ਼ੂਆਂ ਦੀ ਇਸ ਮੁਕਾਬਲੇਬਾਜ਼ੀ ਨੂੰ ਸਖ਼ਤ ਬਣਾਇਆ ਹੈ। ਪਸ਼ੂ ਪਾਲਕਾਂ ਵੱਲੋਂ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀਆਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਅਤੇ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਸ਼ੂ ਪਾਲਕਾਂ ਦੀ ਸਖ਼ਤ ਮਿਹਨਤ ਅਤੇ ਦਿਨ-ਰਾਤ ਪਸ਼ੂਆਂ ਦੀ ਦੇਖ-ਭਾਲ ਕਰਨ ਦਾ ਨਤੀਜਾ ਹੈ।
ਕਿਸਾਨੀ ਨਾਲ ਸਬੰਧਤ ਧੰਦਿਆਂ ਨੂੰ ਅਪਣਾਉਣ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਮਾਹੌਲ ਵਿਚ ਕੇਵਲ ਖੇਤੀਬਾੜੀ ਉਤੇ ਨਿਰਭਰ ਕਰਨਾ ਲਾਹੇਵੰਦ ਧੰਦਾ ਨਹੀਂ ਹੈ ਅਤੇ ਕਿਸਾਨਾਂ ਨੂੰ ਡੇਅਰੀ, ਪਸ਼ੂ ਪਾਲਣ, ਮੱਛੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ ਤਾਂ ਜੋ ਆਮਦਨ ਵਿਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀਆਂ ਉੱਚੀਆਂ ਲਾਗਤਾਂ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਦਿੱਤੇ ਜਾਂਦੇ ਨਿਗੁਣੇ ਲਾਭ ਕਾਰਨ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪਸ਼ੂ ਪਾਲਣ ਦੇ ਸੈਕਟਰ ਵੱਲ ਗਏ ਹਨ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਖੇਤੀ ਵਿਭਿੰਨਤਾ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਭਿੰਨਤਾ ਯੋਜਨਾ ਦੇ ਜ਼ਰੂਰੀ ਹਿੱਸੇ ਵਜੋਂ ਅਜਿਹੇ ਪਸ਼ੂ ਧੰਨ ਮੇਲੇ ਆਯੋਜਿਤ ਕਰਵਾਉਣੇ ਜ਼ਰੂਰੀ ਹਨ।
8ਵੀਂ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਕਸਪੋ, 2016 ਦੇ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦੇ ਹੋਏ ਵਧੀਕ ਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਐਫ.ਆਈ.ਸੀ.ਸੀ.ਆਈ) ਦੀ ਇਕ ਵਿਲੱਖਣ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਵੱਖ ਵੱਖ ਸੂਬਿਆਂ ਤੋਂ ਇਸ ਚੈਂਪੀਅਨਸ਼ਿਪ ਵਿਚ ਘੋੜੇ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਆਦਿ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਆਉਂਦੇ ਹਨ। ਪਸ਼ੂ ਪਾਲਕ ਮਾਲਕਾਂ ਨੂੰ ਪਸ਼ੂਆਂ ਦੇ ਲਿਆਉਣ-ਲਿਜਾਣ ਅਤੇ ਰੱਖਣ ਦੀ ਮੁਫਤ ਸੁਵਿਧਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂਧੰਨ ਚੈਂਪੀਅਨਸ਼ਿਪ ਤੋਂ ਇਲਾਵਾ ਐਫ.ਆਈ.ਸੀ.ਸੀ.ਆਈ ਦੀ ਮਦਦ ਦੇ ਨਾਲ ਇਕ ਪਸ਼ੂਧੰਨ ਪ੍ਰਦਰਸ਼ਨੀ ਵੀ ਆਯੋਜਿਤ ਕਰਵਾਈ ਜਾ ਰਹੀ ਹੈ ਜਿਥੇ ਕਿ ਡੇਅਰੀ, ਪਸ਼ੂਆਂ ਦੀ ਖੁਰਾਕ, ਦਵਾਈਆਂ, ਖੇਤੀ ਮਸ਼ੀਨਰੀ ਦੇ ਨਾਲ ਸਬੰਧਤ 200 ਤੋਂ ਵੱਧ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਸ੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਪਹਿਲੀ ਵਾਰ ਆਸਟ੍ਰੇਲੀਆ ਤੋਂ ਪਸ਼ੂਆਂ ਦੇ ਉੱਘੇ ਮਾਹਰ ਡਾਕਟਰ ਆ ਰਹੇ ਹਨ ਜੋ ਕਿ ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ ਅਤੇ ਸੂਰ ਪਾਲਣ ਦੇ ਵਾਧੇ ਅਤੇ ਵਿਕਾਸ ਨਾਲ ਸਬੰਧਤ ਅਹਿਮ ਮੁੱਦਿਆਂ ਉਤੇ ਹੋਣ ਵਾਲੀ ਵਿਚਾਰ ਚਰਚਾ ਵਿਚ ਹਿੱਸਾ ਲੈਣਗੇ। ਇਸ ਮੌਕੇ ਵਿਚਾਰ ਚਰਚਾ ਦੇ ਵੱਖ ਵੱਖ ਸੈਸ਼ਨ ਹੋਣਗੇ ਜਿਨ੍ਹਾਂ ਵਿਚ ਪਸ਼ੂਧੰਨ ਦੀ ਸਿਹਤ ਅਤੇ ਪ੍ਰਬੰਧਨ, ਵਾਟਰ ਫਿਸ਼ ਕਲਚਰ, ਘਰੇਲੂ ਡੇਅਰੀ, ਪਸ਼ੂ ਪਾਲਣ, ਸੂਰ ਅਤੇ ਬੱਕਰੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਰਗੇ ਵਿਸ਼ਿਆਂ ਉਤੇ ਵਿਚਾਰ ਚਰਚਾ ਹੋਵੇਗੀ ਅਤੇ ਕਿਸਾਨਾਂ ਨੂੰ ਵੱਡੀ ਪੱਧਰ ਉਤੇ ਖੇਤੀ ਸਹਾਇਕ ਧੰਦੇ ਅਪਣਾਉਣ ਲਈ ਜਾਗਰੁਕ ਕੀਤਾ ਜਾਵੇਗਾ। ਸ੍ਰੀ ਸੰਧੂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੇ ਅੱਜ ਦੀ ਤਰੀਕ ਤੱਕ ਜ਼ਿਲ੍ਹਾ ਪੱਧਰ ਉਤੇ 16 ਪਸ਼ੂਧੰਨ ਮੇਲੇ ਆਯੋਜਿਤ ਕਰਵਾਏ ਹਨ ਅਤੇ ਇਸ ਤਰ੍ਹਾਂ ਦੇ ਦੋ ਹੋਰ ਮੇਲੇ 11 ਤੋਂ 14 ਦਸੰਬਰ, 2015 ਤੱਕ ਕਰਵਾਏ ਜਾਣਗੇ ਜੋ ਕਿ ਮੋਗਾ, ਮਾਨਸਾ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜ਼ਿਲ੍ਹਿਆਂ ਨੂੰ ਕਵਰ ਕਰਨਗੇ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਸਲਾਹਕਾਰ ਪਸ਼ੂ ਪਾਲਣ ਪ੍ਰੋ. ਪੀ.ਕੇ. ਉੱਪਲ, ਵਧੀਕ ਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ, ਐਫ.ਆਈ.ਸੀ.ਸੀ.ਆਈ ਦੇ ਖੇਤਰੀ ਸਲਾਹਕਾਰੀ ਕੌਂਸਲ ਦੇ ਚੇਅਰਮੈਨ ਸ੍ਰੀ ਰਜਿੰਦਰ ਗੁਪਤਾ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਇੰਦਰਜੀਤ ਸਿੰਘ, ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਡਾ. ਮਦਨ ਮੋਹਨ, ਜਾਇੰਟ ਡਾਇਰੈਕਟਰ ਪਸ਼ੂ ਪਾਲਣ ਡਾ. ਅਮਰਜੀਤ ਸਿੰਘ, ਜਾਇੰਟ ਡਾਇਰੈਕਟਰ (ਇੰਜੀਨੀਅਰ) ਖੇਤੀਬਾੜੀ ਇੰਜੀਨੀਅਰ ਡੀ.ਆਰ. ਕਟਾਰੀਆ, ਚੀਫ ਜਨਰਲ ਮੈਨੇਜਰ ਆਈ.ਡੀ.ਬੀ.ਆਈ ਬੈਂਕ ਸ੍ਰੀ ਅਜੈ ਸ਼ਰਮਾ, ਖੇਤਰੀ ਮੁੱਖੀ ਐਫ.ਆਈ.ਸੀ.ਸੀ.ਆਈ ਸ੍ਰੀ ਜੀ.ਵੀ. ਸਿੰਘ, ਨਬਾਰਡ ਦੇ ਜੀ.ਐਮ. ਸ੍ਰੀ ਕ੍ਰਿਸ਼ਨ ਸਿੰਘ ਅਤੇ ਚੀਫ ਵਿੱਤ ਅਧਿਕਾਰੀ ਕਲਾਸ ਇੰਡੀਆ ਸੀ੍ਰ ਸ੍ਰੀਰਾਮ ਕਨੰਨ ਸ਼ਾਮਲ ਸਨ।

LEAVE A REPLY