walia bigਇੰਡੀਅਨ ਐਕਸਪ੍ਰੈਸ ਦੇ ਬਾਨੀ ਰਾਮ ਨਾਥ ਗੋਇਨਕਾ ਦੇ ਨਾਮ ਉਤੇ ਦਿੱਤੇ ਜਾਂਦੇ ਪੱਤਰਕਾਰੀ ਦੇ ਸਨਮਾਨਾਂ ਸਬੰਧੀ ਹੋ ਰਹੇ ਇਕ ਸਮਾਰੋਹ ਦੌਰਾਨ ਭਾਰੀਤ ਸਿਨੇਮਾ ਦੇ ਮੁੱਦੇ ‘ਤੇ ਕੀਤੀ ਟਿੱਪਣੀ ਨੇ ਪੂਰੇ ਦੇਸ਼ ਦੇ ਮੀਡੀਆ ਵਿੱਚ ਉਬਾਲ ਲਿਆਂਦਾ। ਅਮੀਰ ਖਾਨ ਦਾ ਕਹਿਣਾ ਸੀ ਕਿ ਉਸਦੀ ਪਤਨੀ ਕਿਰਨ ਨੇ ਕਿਹਾ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਉਹਨਾਂ ਨੂੰ ਕਿਸੇ ਹੋਰ ਦੇਸ਼ ਚਲੇ ਜਾਣਾ ਚਾਹੀਦਾ ਹੈ। ਉਸਦੇ ਲਹਿਜੇ ਵਿੱਚ ਗੁੱਸਾ ਨਹੀਂ ਸੀ ਸਿਰਫ਼ ਇਕ ਉਦਾਸੀ ਸੀ। ਫ਼ਿਰ ਵੀ ਉਸਦੀ ਟਿੱਪਣੀ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਅਸਲ ਵਿੱਚ ਅਮੀਰ ਖਾਨ ਵੱਲੋਂ ਆਪਣੀ ਪਤਨੀ ਦੇ ਹਵਾਲੇ ਨਾਲ ਕੀਤੀ ਇਸ ਟਿੱਪਣੀ ਨੇ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਦੇਸ਼ ਦੇ ਸਿਆਸੀ ਅਤੇ ਫ਼ਿਲਮੀ ਜਗਤ ਵਿੱਚ ਅਮੀਰ ਖਾਨ ਦੇ ਹੱਕ ਅਤੇ ਵਿਰੋਧ ਵਿੱਚ ਜ਼ਬਰਦਸਤ ਪ੍ਰਤੀਕਿਰਿਆ ਦਾ ਦੌਰ ਸ਼ੁਰੂ ਹੋ ਗਿਆ। ਅਨੁਪਮ ਖੇਰ ਸਮੇਤ ਅਨੇਕਾਂ ਫ਼ਿਲਮੀ ਹਸਤੀਆਂ ਦਾ ਕਹਿਣਾਸੀ ਕਿ ਜਿਸ ਦੇਸ਼ ਨੇ ਅਮੀਰ ਖਾਨ ਨੂੰ ਹੀਰੋ ਬਣਾਇਆ ਹੈ, ਇੰਨੀ ਇੱਜਤ, ਸ਼ੋਹਰਤ ਅਤੇ ਦੌਲਤ ਬਖਸ਼ੀ ਹੈ। ਉਸ ਦੇਸ਼ ਬਾਰੇ ਅਜਿਹੀ ਟਿੱਪਣੀ ਕਰਕੇ ਉਸਨੇ ਦੇਸ਼ ਦੀ ਵੱਡੀ ਬਦਨਾਮੀ ਕੀਤੀ ਹੈ। ਭਾਰਤੀ ਮੀਡੀਆ ਨੇ ਵਿਖਾਇਆ ਕਿ ਜਿਸ ਦੇਸ਼ ਵਿੱਚ ਅਮੀਰ ਖਾਨ ਰੋਜ਼ਾਨਾ 13 ਲੱਖ ਰੁਪਏ ਕਮਾ ਕੇ ਅਮੀਰ ਬਣਿਆ ਹੈ, ਉਸ ਦੇਸ਼ ਬਾਰੇ ਆਪਣੀ ਪਤਨੀ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਉਸਨੇ ਦੇਸ਼ ਦੇ ਹੱਕ ਵਿੱਚ ਦੋ ਲਫ਼ਜ਼ ਵੀ ਨਹੀਂ ਬੋਲੇ। ਮੀਡੀਆ ਨੇ ਸਵਾਲ ਕੀਤਾ ਕਿ ਉਹ ਇਹ ਵੀ ਦੱਸ ਦੇਵੇ ਕਿ ਭਾਰਤ ਨਾਲੋਂ ਕਿਹੜੇ ਦੇਸ਼ ਵਿੱਚ ਜ਼ਿਆਦਾ ਸਹਿਣਸ਼ੀਲਤਾ ਹੈ ਜਿੱਥੇ ਜਾ ਕੇ ਉਹ ਵੱਸਣਾ ਚਾਹੁੰਦਾ ਹੈ। ਅਮੀਰ ਖਾਨ ਦੇ ਵਿਰੁੱਧ ਬੋਲਣ ਵਾਲਿਆਂ ਵਿੱਚ ਸਿਰਫ਼ ਫ਼ਿਲਮੀ ਅਤੇ ਹਿੰਦੂਵਾਦੀ ਸੰਗਠਨ ਹੀ ਨਹੀਂ ਸਨ ਸਗੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਪਿੱਛੇ ਨਹੀਂ ਰਹੀ। ਇੱਥੋਂ ਤੱਕ ਕਿ ਸਿੰਗਾਪੁਰ ਵਿੱਚ ਪਹੁੰਚੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਸਿੱਧੇ ਰੂਪ ਵਿੱਚ ਅਤੇ ਸਿੱਧੇ ਰੂਪ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬੈਕਿਆਨਾਇਡੂ, ਰਾਜ ਮੰਤਰੀ ਮੁਖਤਾਰ ਅਬਾਸ ਨਕਵੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਖਾਂ, ਸਾਬਕਾ ਪੱਤਰਕਾਰ ਅਤੇ ਭਾਜਪਾ ਨੇਤਾ ਐਮ. ਜੇ. ਅਕਬਰ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਪ੍ਰਗਟ ਕੀਤੀਆਂ। ਪੂਰੇ ਦੇਸ਼ ਵਿੱਚ ਅਮੀਰ ਖਾਨ ਦੇ ਖਿਲਾਫ਼ ਪ੍ਰਦਰਸ਼ਨ ਹੋਣ ਲੱਗੇ। ਅਮੀਰ ਦੇ ਪੁਤਲੇ ਸਾੜੇ ਗਏ। ਇਸ ਅਸਧਾਰਨ ਤਲਖੀ ਭਰੇ ਵਿਰੋਧ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਅਮੀਰ ਖਾਨ ਨੇ ਇਹ ਟਿੱਪਣੀ ਕੀਤੀ ਤਾਂ ਉਸ ਸਮਾਰੋਹ ਵਿੱਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਤਿੰਨ ਹੋਰ ਮੰਤਰੀ ਵੀ ਮੌਜੂਦ ਸਨ। ਸਰਵਜਨਕ ਤੌਰ ਤੇ ਸੀਨੀਅਰ ਮੰਤਰੀਆਂ ਦੀ ਹਾਜ਼ਰੀ ਵਿੱਚ ਅਜਿਹੀ ਸਾਹਸਪੂਰਨ ਟਿੱਪਣੀ ਕਰਨੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਨਜ਼ਰ ਵਿੱਚ ਵੱਡੀ ਗੁਸਤਾਖੀ ਸੀ। ਬਹੁਤ ਸਾਰੇ ਸਿਆਸੀ ਆਲੋਚਕਾਂ ਨੇ ਇਸ ਨੂੰ ਬਿਹਾਰ ਚੋਣਾਂ ਤੋਂ ਬਾਅਦ ਸੰਸਦ ਸਮਾਗਮ ਤੋਂ ਪਹਿਲਾਂ ਅਸਹਿਣਸ਼ੀਲਤਾ-2 ਦਾ ਨਾਮ ਵੀ ਦਿੱਤਾ। ਦੇਸ਼ ਵਿੱਚ ਅੱਜਕਲ੍ਹ ‘ਸੈਕੂਲਰ’ ਅਤੇ ‘ਅਸਹਿਣਸ਼ੀਲਤਾ’ ਸ਼ਬਦਾਂ ਨੂੰ ਲੈ ਕੇ ਤਿੱਖੀ ਅਤੇ ਗੰਭੀਰ ਬਹਿਸ ਛਿੜੀ ਹੋਈ ਹੈ। ਨਿਸਚਿਤ ਤੌਰ ‘ਤੇ ਇਹ ਚਿੰਤਨ ਅਤੇ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨਾਂ ਵਿੱਚ ਇਸੇ ਚਿੰਤਾ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੇਖਕਾਂ, ਵਿਗਿਆਨਕਾਂ ਅਤੇ ਕਲਾਕਾਰਾਂ ਨੇ ਸਰਕਾਰ ਦੁਆਰਾ ਦਿੱਤੇ ਗਏ ਪੁਰਸਕਾਰ ਵਾਪਸ ਕਰ ਦਿੱਤੇ ਹਨ। ਇਹਨਾਂ ਦਾ ਵਿਰੋਧ ਵਿਅਕਤ ਕਰਨ ਦਾ ਆਪਣਾ ਤਰੀਕਾ ਹੈ। ਜਿਹਨਾਂ ਲੋਕਾਂ ਨੇ ਸਨਮਾਨ ਵਾਪਸ ਕੀਤੇ ਹਨ, ਉਹਨਾਂ ਦਾ ਸਾਹਿਤ, ਕਲਾ, ਫ਼ਿਲਮ ਅਤੇ ਵਿਗਿਆਨ ਆਦਿ ਦੇ ਖੇਤਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਇਹਨਾਂ ਲੋਕਾਂ ਨੇ ਤਰਕ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਨੂੰ ਰੋਕਣ ਲਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਨ। ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਨੇ ਵੀ ਦੇਸ਼ ਨੂੰ ਯਾਦ ਕਰਾਇਆ ਹੈ ਕਿ ਇਹ ਦੇਸ਼ ਬਹੁਵਾਦ ਅਤੇ ਸੈਕੂਲਰਇਜ਼ਮ ਦੀ ਬੁਨਿਆਦ ‘ਤੇ ਚੱਲਣ ਵਾਲਾ ਦੇਸ਼ ਹੈ। ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨਾ ਰਾਜ ਦੀ ਡਿਊਟੀ ਹੈ। ਅਸਹਿਣਸ਼ੀਲਤਾ ਦੇ ਵਿਰੋਧ ਵਿੱਚ ਵੱਡੀ ਗਿਣਤੀ ਪੰਜਾਬੀ ਲੇਖਕ ਵੀ ਮੈਦਾਨ ਵਿੱਚ ਨਿੱਤਰੇ ਹਨ। ਇਹਨਾਂ ਸਾਹਿਤਕਾਰਾਂ ਨੇ ਮੋਦੀ ਸਰਕਾਰ ਨੂੰ ਦਾਬੇ ਦੀ ਸਿਆਸਤ ਬੰਦ ਕਰਨ ਲਈ ਆਖਿਆ ਹੈ ਤੇ ਕਿਹਾ ਹੈ ਕਿ ਕਦੇ ਇਕ ਵਿੱਚਾਰਧਾਰਾ ਨਾਲ ਦੇਸ਼ ਨਹੀਂ ਚੱਲ ਸਕਦੇ। ਪੰਜਾਬੀ ਲੇਖਕਾਂ ਵਿੱਚੋਂ ਸਭ ਤੋਂ ਪਹਿਲਾਂ ਇਨਾਮ ਮੋੜਨ ਵਾਲੇ ਕਹਾਣੀਕਾਰ ਗੁਰਬਚਨ ਭੁੱਲਰ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਸੰਵਾਦ ਤੋਂ ਪਿਛਾਂਹ ਹਟਣ ਕਰਕੇ ਮਾਹੌਲ ਵਿੱਚ ਵੱਡੀ ਹਲਚਲ ਪੈਦਾ ਹੋਈ ਹੈ ਅਤੇ ਪ੍ਰਵਚਨੀ ਸਿਆਸਤ ਨੇ ਘੁਟਣ ਦਾ ਮਾਹੌਲ ਪੈਦਾ ਕੀਤਾ ਹੈ। ਉਹਨਾਂ ਆਖਿਆ ਕਿ ਆਤਮ ਚਿੰਤਨ ਕੀਤੇ ਬਿਨਾਂ ਵਿਕਾਸ ਦੀ ਗੱਡੀ ਨੂੰ ਅਗਾਂਹ ਨਹੀਂ ਤੋਰਿਆ ਜਾ ਸਕਦਾ। ਕੇਂਦਰ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ‘ਤੇ ਇੱਕੋ ਵਿੱਚਾਰਧਾਰਾ ਦੀ ਘੁਸਪੈਠ ਕਰਾਉਣ ਦਾ ਏਜੰਡਾ ਵੀ ਸੰਸਥਾਵਾਂ ਨੂੰ ਬੌਧਿਕ ਤੌਰ ‘ਤੇ ਖੋਖਲਾ ਕਰੇਗਾ। ਮਨੁੱਖੀ ਸਰੋਕਾਰਾਂ ਨੂੰ ਮਨਫ਼ੀ ਕਰਕੇ ਸਿਰਫ਼ ਫ਼ੋਕੇ ਵਿਕਾਸ ਦਾ ਸੁਪਨਾ ਹੀ ਦੇਖਿਆ ਜਾ ਸਕਦਾ ਹੈ। ਬਹੁਤੇ ਸਾਹਿਤਕਾਰਾਂ ਦਾ ਖਿਆਲ ਹੈ ਕਿ ਵਖਰੇਵਿਆਂ ਦੀ ਧਰਾਤਲ ‘ਤੇ ਖੜ੍ਹੇ ਭਾਰਤੀ ਸਮਾਜ ‘ਤੇ ਕੋਈ ਇਕ ਵਿੱਚਾਰਧਾਰਾ ਥੋਪੀ ਨਹੀਂ ਜਾ ਸਕਦੀ। ਅਸਹਿਣਸ਼ੀਲਤਾ ਦੇ ਮੁੱਦੇ ਉਤੇ ਇਹਨਾਂ ਕਲਾਕਾਰਾਂ, ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਦਾ ਖਿਆਲ ਹੈ ਕਿ ਕੇਂਦਰ ਦੇ ਹਿੰਦੂਤਵ ਦੇ ਏਜੰਡੇ ਨੇ ਮੁਲਕ ਵਿੱਚ ਬਦਅਮਨੀ ਵਾਲਾ ਮਾਹੌਲ ਪੈਦਾ ਕੀਤਾ ਹੈ, ਜਿਸਦਾ ਸਿੱਧਾ ਅਸਰ ਵਿਕਾਸ ‘ਤੇ ਵੀ ਪਵੇਗਾ। ਬੋਲਣ ਦੀ ਆਜ਼ਾਦੀ ‘ਤੇ ਹੱਲੇ ਨਾਲ ਮੋਦੀ ਦਾ ਕਾਰਪੋਰੇਟੀ ੲੈਜੰਡਾ ਵੀ ਹਿੱਲਿਆ ਹੈ।
ਮੂਡੀ ਵਰਗੀ ਅੰਤਰ ਰਾਸ਼ਟਰੀ ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਜੇਕਰ ਨਰਿੰਦਰ ਮੋਦੀ ਨੇ ਆਪਣੇ ਸਾਥੀਆਂ ਦੇ ਪੁੱਠੇ ਸਿੱਧੇ ਬਿਆਨਾਂ ਅਤੇ ਹਰਕਤਾਂ ਨੂੰ ਨਾ ਰੋਕਿਆ ਤਾਂ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੀ ਸ਼ਾਖ ‘ਤੇ ਉਲਟ ਅਸਰ ਪਵੇਗਾ। ਜੂਲੀਓ ਰਬੈਰੋ ਨੇ ਕਿਹਾ ਕਿ ਅੱਜ ਉਹ ਇਕ ਇਸਾਈ ਦੇ ਤੌਰ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਿੰਦੀ ਫ਼ਿਲਮ ਸਟਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਇਹ ਮਹਿਸੂਸ ਕਰਵਾਇਆ ਜਾ ਰਿਾ ਹੈ ਕਿ ਉਹ ਮੁਸਲਮਾਨ ਹਨ। ਸ਼ਾਇਰ ਅਤੇ ਫ਼ਿਲਮ ਨਿਰਮਾਤਾ ਗੁਲਜ਼ਾਰ ਦਾ ਕਹਿਣਾ ਹੈ ਕਿ ਅਜਿਹਾ ਵਕਤ ਆ ਗਿਆ ਹੈ ਕਿ ਜਦੋਂ ਲੋਕ ਤੁਹਾਡਾ ਨਾਮ ਪੁੱਛਣ ਤੋਂ ਪਹਿਲਾਂ ਤੁਹਾਡਾ ਧਰਮ ਪੁੱਛਦੇ ਹਨ। ਦੇਸ਼ ਦੇ ਵੱਡੇ ਵੱਡੇ ਉਦਯੋਗਪਤੀਆਂ ਨੇ ਵੀ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਚਿੰਤਾ ਵਿਅਕਤ ਕੀਤੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲੂੰ ਆਪਣੇ ਵਿਦੇਸ਼ੀ ਦੌਰੇ ਸਮੇਂ ਬੇਗਾਨੀ ਧਰਤੀ ਉਤੇ ਆਪਦੇ ਦੇਸ਼ ਵਿੱਚਲੇ ਸੈਕੂਲਰਵਾਦ ਅਤੇ ਅਸਹਿਣਸ਼ੀਲਤਾ ਬਾਰੇ ਸਫ਼ਾਈ ਦੇਣੀ ਪਈ। ਸੱਚ ਤਾਂ ਇਹ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਨੇ ਜਾਤ, ਧਰਮ, ਭਾਸ਼ਾ, ਸੰਪਰਦਾਇ ਅਤੇ ਸਭਿਆਚਾਰ ਦੇ ਆਧਾਰ ਉਤੇ ਰਾਜਨੀਤੀ ਕਰਕੇ ਭਾਰਤੀ ਸੰਵਿਧਾਨ ਦੀ ਮੂਲ ਆਤਮਾ ਨੂੰ ਜ਼ਖਮੀ ਕਰਕੇ ਰੱਖ ਦਿੱਤਾ ਹੈ। ਦੇਸ਼ ਦੇ ਲੋਕਾਂ ਵਿੱਚ ਇਕ ਧਾਰਨਾ ਬਣਦੀ ਜਾ ਰਹੀ ਹੈ ਕਿ ਸੰਪਰਦਾਇਕ ਤਾਕਤਾਂ ਵੱਖ ਵੱਖ ਸੰਸਥਾਵਾਂ ਉਤੇ ਕਬਜ਼ਾ ਕਰ ਰਹੀਆਂ ਹਨ। ਸਿੱਖਿਆ ਸੰਸਥਾਵਾਂ ਅਤੇ ਵਿਗਿਆਨਕ ਸੰਸਥਾਵਾਂ ਦਾ ਰੰਗ ਭਰਾਵਾਂ ਹੋ ਰਿਹਾ ਹੈ। ਬਾਬਰੀ ਮੰਦਰ ਬਣਾਉਣ ਵਾਲੇ ਬਿਆਨ ਇਯ ਰੰਗ ਨੂੰ ਹੋਰ ਗੂੜ੍ਹਾ ਕਰ ਰਹੇ ਹਨ। ਧਾਰਮਿਕ ਨੇਤਾਵਾਂ ਵੱਲੋਂ ਸਿਆਸੀ ਨੇਤਾਵਾਂ ਉਤੇ ਡੂੰਘਾ ਪ੍ਰਭਾਵ ਪਾਇਆ ਜਾ ਰਿਹਾ ਹੈ। ਆਰ. ਐਸ. ਐਸ. ਦੀ ਵਿੱਚਾਰਧਾਰਾ ਹਰ ਪੱਧਰ ‘ਤੇ ਲਾਗੂ ਕਰਨ ਦੇ ਯਤਨ ਹੋ ਰਹੇ ਹਨ। ਘਰ ਵਾਸਪੀ, ਲਵ ਜਿਹਾਦ ਅਤੇ ਗਊ ਮਾਸ ਵਰਗੇ ਮੁੱਦੇ ਧਾਰਮਿਕ ਘੱਟ ਗਿਣਤੀਆਂ ਵਿੱਚ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਨ। ਨਤੀਜੇ ਵਜੋਂ ਦਾਦਰੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਨੂੰ ਅਮਨ ਕਾਨੂੰਨ ਦੀ ਸਮੱਸਿਆ ਕਹਿ ਕੇ ਟਾਲਿਆ ਜਾ ਰਿਹਾ ਹੈ। ਹਿੰਦੂ ਰਾਸ਼ਟਰਵਾਦ ਦੀ ਵਿੱਚਾਰਧਾਰਾ ਧਾਰਮਿਕ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੇ ਨਾਲ ਨਾਲ ਘਿਰਣਾ ਪੈਦਾ ਕਰ ਰਹੀ ਹੈ, ਜਿਸ ਨਾਲ ਸਮਾਜ ਵਿੱਚ ਸਮਾਜਿਕ ਅਤੇ ਧਾਰਮਿਕ ਪਾੜਾ ਵੱਧ ਰਿਹਾ ਹੈ। ਹਿੰਦੂਤਵ ਦਾ ਨਾਹਰਾ ਦੇਣ ਵਾਲਿਆਂ ਵਿਰੁੱਧ ਜੇਕਰ ਅਮੀਰ ਖਾਨ ਵਰਗੇ ਕਲਾਕਾਰ ਕੁਝ ਬੋਲਦੇ ਹਨ ਤਾਂ ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਮਾਹੌਲ ਨੂੰ ਹੋਰ ਬਲ ਮਿਲਦਾ ਹੈ। ਉਧਰ ਅਰੁਣ ਜੇਤਲੀ ਵਰਗੇ ਨੇਤਾ ਸਾਹਿਤਕਾਰਾਂ ਦੀ ਸਨਮਾਨ ਵਾਪਸੀ ਲੂੰ ਖੱਬੇ ਪੱਖੀਆਂ ਦੀ ਸਾਜਿਸ਼ ਦੱਸ ਕੇ ਮਾਹੌਲ ਨੂੰ ਹੋਰ ਗਰਮਾ ਦਿੰਦੇ ਹਨ। ਵੀ. ਐਚ. ਪੀ. ਆਗੂ ਸਾਧਵੀ ਪ੍ਰਾਚੀ ਵਰਗੇ ਅਨੇਕਾਂ ਹਿੰਦੂ ਲੀਡਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਰਾਮ ਮੰਦਰ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਵਿੱਚ ਹੀ ਬਣੇਗਾ। ਜਮਸ਼ੇਦਪੁਰ ਵਿੱਚ ਬੋਲਦੇ ਹੋਏ ਸਾਧਵੀ ਪ੍ਰਾਚੀ ਨੇ ਕਿਹਾ ਕਿ ਸ਼ਾਹਰੁਖ ਖਾਨ, ਅਮੀਰ ਖਾਨ ਅਤੇ ਸਮਾਜਵਾਦੀ ਲੀਡਰ ਆਜ਼ਮ ਖਾਨ ਨੇ ਦੇਸ਼ ਦਾ ਅਕਸ ਖਰਾਬ ਕੀਤਾ ਹੈ। ਸਾਧਵੀ ਨੇ ਐਵਾਰਡ ਵਾਪਸ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਕਿਹਾ। ਇਉਂ ਹਰ ਰੋਜ਼ ਅਜਿਹੇ ਬਿਆਨਾਂ ਨੇ ਦੇਸ਼ ਦਾ ਮਾਹੌਲ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ।
ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਧਰਵਾਸਾ ਦੇਣ ਲਈ ਦੇਸ਼ ਦੇ ਚੀਫ਼ ਜਸਟਿਸ ਨੂੰ ਅੱਗੇ ਆਉਣਾ ਪਿਆ। ਚੀਫ਼ ਜਸਟਿਸ ਆਫ਼ ਇੰਡੀਆ ਟੀ. ਐਸ. ਠਾਕੁਰ ਨੇ ਕਿਹਾ ਕਿ ਅਸਹਿਣਸ਼ੀਲਤਾ ਦੇ ਰਾਜਨੀਤਿਕ ਕਾਰਨ ਹੋ ਸਕਦੇ ਹਨ ਪਰ ਉਦੋਂ ਤੱਕ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਜਦੋਂ ਤੱਕ ਨਿਆਂਪਾਲਿਕਾ ‘ਆਜ਼ਾਦ’ ਹੈ। ਇਸ ਲਈ ਕਾਨੂੰਨ ਦਾ ਸ਼ਾਸਨ ਬਣਿਆ ਰਹੇਗਾ। ਸ੍ਰੀ ਠਾਕੁਰ ਨੇ ਕਿਹਾ ‘ਇਸ ਦੇ ਸਿਆਸੀ ਪਹਿਲੂ ਹੋ ਸਕਦੇ ਹਨ ਪਰ ਸਾਡੇ ਕੋਲ ਕਾਨੂੰਨ ਹੈ, ਨਿਆਂਪਾਲਿਕਾ ਦੀ ਆਜ਼ਾਦੀ ਹੈ।ਇਸ ਲਈ ਕਿਸੇ ਨੂੰ ਇਸ ਮਾਮਲੇ ਵਿੱਚ ਡਰਨ ਦੀ ਜ਼ਰੂਰਤ ਨਹੀਂ।’ ਉਹਨਾਂ ਕਿਹਾ ਕਿ ਉਹ ਇਸ ਅਦਾਰੇ ਦੀ ਅਗਵਾਈ ਕਰ ਰਹੇ ਹਨ, ਜਿੱਥੇ ਕਾਨੂੰਨ ਦਾ ਰਾਜ ਹੈ ਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ। ਨਿਆਂਪਾਲਿਕਾ ਦਾ ਇਕ ਸਰਵਉਚ ਅਦਾਰਾ ਸਾਰੇ ਵਰਗਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਯੋਗਤਾ ਰੱਖਦਾ ਹੈ। ਉਹਨਾਂ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਕਿਹਾ ਕਿ ਸਿਆਸੀ ਲੋਕ ਇਸ ਮੁੱਦੇ ਨੂੰ ਕਿਵੇਂ ਵਰਤਦੇ ਹਨ, ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਭਾਰਤ ਇਕ ਵੱਡਾ ਦੇਸ਼ ਹੈ ਤੇ ਡਰਨ ਦੀ ਕੋਈ ਜ਼ਰੂਰਤ ਨਹੀਂ ਤੇ ਜਦੋਂ ਤੱਕ ਨਿਆਂਪਾਲਿਕਾ ਦੀ ਆਜ਼ਾਦੀ ਬਰਕਰਾਰ ਹੈ, ਉਦੋਂ ਤੱਕ ਤਾਂ ਚਿੰਤਾ ਦਾ ਸਵਾਲ ਹੀ ਨਹੀਂ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਨਿਆਂਪਾਲਿਕਾ ਹਰ ਵਰਗ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਸੱਚਮੁਚ ਦੇਸ਼ ਦੀ ਸਰਵਉਚ ਨਿਆਂ ਸੰਸਥਾ ਦੇ ਮੁਖੀ ਵੱਲੋਂ ਦਿੱਤੀ ਇਹ ਧਰਵਾਸ ਮਨਾਂ ਨੂੰ ਧਰਵਾਸ ਦਿੰਦੀ ਹੈ ਪਰ ਨਾਲ ਦੀ ਨਾਲ ਮਨ ਵਿੱਚ ਇਹ ਚਿੰਤਾ ਵੀ ਉਤਪੰਨ ਕਰਦੀ ਹੈ ਕਿ ਨਿਆਂਪਾਲਿਕਾ ਨੂੰ ਅਜਿਹੀ ਭੂਮਿਕਾ ਲਈ ਆਪਣੇ ਆਪ ਨੂੰ ਕਿਉਂ ਤਿਆਰ ਕਰਨਾ ਪੈ ਰਿਹਾ ਹੈ। ਮਤਲਬ ਸਪਸ਼ਟ ਹੈ ਕਿ ਸਭ ਕੁਝ ਅੱਛਾ ਨਹੀਂ ਹੈ। ਧਰਮ ਦੇ ਨਾਮ ਉਤੇ ਦੂਰੀਆਂ ਵਧਣਾ ਦੇਸ਼ ਲਈ ਹਮੇਸ਼ਾ ਖਤਰਨਾਕ ਹੁੰਦਾ ਹੈ ਅਤੇ ਦੂਰੀਆਂ ਵਧਣ ਨਾਲ ਗਲਤ ਫ਼ਹਿਮੀਆਂ ਵੀ ਵੱਧ ਜਾਂਦੀਆਂ ਹਨ। ਗਲਤਫ਼ਹਿਮੀਆਂ ਨਾਲ ਉਤਪੰਨ ਹੋਈਆਂ ਸਮੱਸਿਆਵਾਂ ਵਿਕਾਸ ਦੇ ਰਾਹ ਵਿੱਚ ਵੱਡਾ ਰੋੜਾ ਹੁੰਦੀਆਂ     ਹਨ। ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ:
ਦੂਰੀਆਂ ਜਬ ਬੜੀਂ
ਗਲਤਫ਼ਹਿਮੀਆਂ ਵੀ ਬੜ ਗਈਂ
ਫ਼ਿਰ ਉਸਨੇ ਵੋ ਵੀ ਸੁਨਾ
ਜੋ ਮੈਨੇ ਕਹਾ ਹੀ ਨਹੀਂ।

LEAVE A REPLY