3ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਟਰਾਂਸਪੋਰਟ ਅਫਸਰਾਂ ਤੇ ਪੁਲਿਸ ਅਫਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ, ਜਿਹੜੇ 15 ਦਸੰਬਰ ਨੂੰ ਬਠਿੰਡਾ ‘ਚ ਕਾਂਗਰਸ ਦੀ ਰੈਲੀ ਲਈ ਪਾਰਟੀ ਵਰਕਰਾਂ ਨੂੰ ਲਿਜਾਣ ਵਾਲੇ ਟਰਾਂਸਪੋਰਟਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਜਿਹੇ ਸਾਰਿਆਂ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦੀ ਰੈਲੀ ਕਿਸੇ ਵੀ ਕੀਮਤ ‘ਤੇ ਹੋ ਕੇ ਰਹੇਗੀ ਅਤੇ ਵੱਡੀ ਗਿਣਤੀ ‘ਚ ਲੋਕ ਇਸ ‘ਚ ਸ਼ਾਮਿਲ ਹੋਣਗੇ, ਲੇਕਿਨ ਸੋਚੋ ਤੁਹਾਡੀ ਕੀ ਹਾਲਤ ਹੋਵੇਗੀ, ਜਦੋਂ ਅਸੀਂ ਹੁਣ ਤੋਂ ਸਿਰਫ ਇਕ ਸਾਲ ਬਾਅਦ ਸਰਕਾਰ ਬਣਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ 15 ਦਸੰਬਰ ਨੂੰ ਪ੍ਰਸਤਾਵਿਤ ਕਾਂਗਰਸ ਦੀ ਬਠਿੰਡਾ ਰੈਲੀ ਪ੍ਰਤੀ ਦਿਖਾਏ ਭਾਰੀ ਉਤਸਾਹ ਤੇ ਸਮਰਥਨ ਤੋਂ ਬਾਅਦ ਇਹ ਸਰਕਾਰ ਅਤੇ ਖਾਸ ਕਰਕੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ‘ਚ ਫੈਲ੍ਹੇ ਡਰ ਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਲਗਾਤਾਰ ਸੂਬੇ ਭਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਡੀ.ਟੀ.ਓ, ਡੀ.ਸੀ ਤੇ ਪੁਲਿਸ ਅਫਸਰਾਂ ਨੇ ਕਾਂਗਰਸ ਦੀ ਰੈਲੀ ਲਈ ਬੱਸਾਂ ਮੁਹੱਈਆ ਕਰਵਾਉਣ ਵਾਲੇ ਟਰਾਂਸਪੋਰਟਰਾਂ ਨੂੰ ਪ੍ਰੇਸ਼ਾਨ ਕਰਨਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਹੇਠ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਫਸਰ, ਖਾਸ ਕਰਕੇ ਡੀ.ਟੀ.ਓ, ਜਿਹੜੇ ਸੁਖਬੀਰ ਦੀ ਬੋਲੀ ਬੋਲ ਰਹੇ ਹਨ, ਸਿਰਫ ਖੁਦ ਨੂੰ ਸੰਕਟ ‘ਚ ਪਾ ਰਹੇ ਹਨ। ਇਹ ਰੈਲੀ ਕਿਸੇ ਵੀ ਕੀਮਤ ‘ਤੇ ਰਿਕਾਰਡ ਸ਼ਮੂਲਿਅਤ ਦੇ ਨਾਲ ਹੋਵੇਗੀ, ਪਰ ਉਹ ਤੁਹਾਨੂੰ ਕੋਰੇ ਸ਼ਬਦਾਂ ‘ਚ ਕਹਿਣਾ ਚਾਹੁੰਦੇ ਹਨ ਕਿ ਇਕ ਸਾਲ ਕੋਈ ਵੱਡਾ ਸਮਾਂ ਨਹੀਂ ਹੁੰਦਾ ਕਿ ਉਹ ਉਨ੍ਹਾਂ ਸਾਰੇ ਅਫਸਰਾਂ ਨੂੰ ਭੁੱਲ ਜਾਣਗੇ, ਜਿਨ੍ਹਾਂ ਨੇ ਉਨ੍ਹਾਂ ਦੀ ਹਿਦਾਇਤ ਨੂੰ ਭੁੱਲਦਿਆਂ ਸੁਖਬੀਰ ਪਿੱਛੇ ਲੱਗਣ ਦੀ ਕੋਸ਼ਿਸ਼ ਕੀਤੀ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਸੁਖਬੀਰ ਕਿੰਨੀ ਵੀ ਬੇਰਹਿਮੀ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਲੋਕਾਂ ਨੂੰ ਬਠਿੰਡਾ ਰੈਲੀ ‘ਚ ਸ਼ਾਮਿਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਲਵੇ, ਫਿਰ ਵੀ ਇਹ ਬਹੁਤ ਵੱਡੀ ਤੇ ਰਿਕਾਰਡ ਤੋੜ ਸਫਲਤਾ ਦਰਜ ਕਰੇਗੀ, ਕਿਉਂਕਿ ਲੋਕ ਇਥੇ ਖੁਦ ਪਹੁੰਚਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਬਾਦਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਨੂੰ ਪੱਕੀ ਉਮੀਦ ਸੀ ਕਿ ਇਹ ਇੰਨਾ ਨੀਚੇ ਡਿੱਗ ਜਾਣਗੇ। ਇਹ ਭੁੱਲ ਚੁੱਕੇ ਹਨ ਕਿ ਇਹ ਲੋਕਤੰਤਰ ਹੈ ਤੇ ਜਗੀਰਦਾਰਾਂ ਵਰਗਾ ਵਤੀਰਾ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਖਿਲਾਫ ਲੋਕਾਂ ‘ਚ ਗੁੱਸਾ ਇੰਨਾ ਜ਼ਿਆਦਾ ਤੇ ਵੱਡੇ ਪੱਧਰ ‘ਤੇ ਫੈਲ੍ਹਿਆ ਹੋਇਆ ਹੈ ਕਿ ਇਹ ਆਪਣੇ ਸਿਰ ‘ਤੇ ਖ਼ਤਰਾ ਮੰਡਰਾਉਂਦਾ ਦੇਖ ਰਹੇ ਹਨ ਅਤੇ ਬਠਿੰਡਾ ਦੀ ਰੈਲੀ ਇਨ੍ਹਾਂ ਦੇ ਖਾਤਮੇ ਦੀ ਸ਼ੁਰੂਆਤ ਕਰੇਗੀ।

LEAVE A REPLY