ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਧਰਮਿੰਦਰ ਨੇ ਇਕ ਵਾਰ ਫ਼ਿਰ ਫ਼ਿਲਮ ‘ਸ਼ੋਅਲੇ’ ਦੇ ਗੀਤ ‘ਯੇਹ ਦੋਸਤੀ ਹਮ ਨਹੀਂ ਤੋੜੇਂਗੇ’ ਦਾ ਜਾਦੂ ਦਰਸ਼ਕਾਂ ‘ਤੇ ਚਲਾਇਆ। ਜ਼ਿਕਰਯੋਗ ਹੈ ਕਿ ਅਮਿਤਾਭ ਅਤੇ ਧਰਮਿੰਦਰ ਨੇ ਸੰਨ 1975 ‘ਚ ਪ੍ਰਦਰਸ਼ਿਤ ਫ਼ਿਲਮ ‘ਸ਼ੋਅਲੇ’ ਵਿੱਚ ਜਯ ਅਤੇ ਵੀਰੂ ਦੇ ਯਾਦਗਾਰ ਕਿਰਦਾਰ ਨਿਭਾਏ ਸਨ। ਉਨ੍ਹਾਂ ਦੀ ਦੋਸਤੀ ਨੂੰ ਮੁਖ ਰੱਖਦਿਆਂ ਉਪਰੋਕਤ ਗੀਤ ਉਨ੍ਹਾਂ ‘ਤੇ ਫ਼ਿਲਮਾਇਆ ਗਿਆ ਸੀ, ਜਿਸ ਨੂੰ ਅੱਜ ਵੀ ਦੋਸਤੀ ਦੀ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ।
ਅਮਿਤਾਭ ਅਤੇ ਧਰਮਿੰਦਰ ਨੇ ਟੀ.ਵੀ. ਸ਼ੋਅ ‘ਆਜ ਕੀ ਰਾਤ ਹੈ ਜ਼ਿੰਦਗੀ’ ਦੀ ਇਕ ਕਿਸ਼ਤ ‘ਚ ਦੁਬਾਰਾ ਇਸ ਗੀਤ ਦਾ ਜਾਦੂ ਚਲਾਇਆ। ਸਟਾਰ ਪਲੱਸ ਚੈਨਲ ਦੇ ਇਸ ਸ਼ੋਅ ਦੀਆਂ ਅਮਿਤਾਭ ਬੱਚਨ ਨੇ ਫ਼ੇਸਬੁੱਕ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ‘ਚ ਧਰਮਿੰਦਰ ਬਾਈਕ ‘ਤੇ ਜਯ ਭਾਵ ਅਮਿਤਾਭ ਸਾਈਡ ਕਾਰ ‘ਚ ਨਜ਼ਰ ਆ ਰਹੇ ਹਨ।
ਤਸਵੀਰ ਦੇ ਨਾਲ ਅਮਿਤਾਭ ਨੇ ਲਿਖਿਆ, ”ਜਦੋਂ ਵੀਰੂ ‘ਆਜ ਕੀ ਰਾਤ ਹੈ ਜ਼ਿੰਦਗੀ’ ਵਿੱਚ ਜਯ ਨੂੰ ਮਿਲਿਆ ਤਾਂ ‘ਯੇ ਦੋਸਤੀ ਹਮ ਨਹੀਂ ਤੋੜੇਂਗੇ’ ਦੁਬਾਰਾ ਸ਼ੁਰੂ ਹੋਈ। ਲੱਗਭਗ 40 ਸਾਲ ਬਾਅਦ ਵੀ ਇਹ ਗੀਤ ਕਾਫ਼ੀ ਪ੍ਰਚਲਿਤ ਹੈ। ਇੰਝ ਬਹੁਤ ਘੱਟ ਹੁੰਦਾ ਹੈ। ਵਾਕਈ ਉਹ ਦਿਨ ਹੀ ਇਹੋ ਜਿਹੇ ਸਨ।”