9ਚੰਡੀਗੜ੍ਹ : ਕੈਨੇਡਾ ਦੀ ਥੌਂਪਸਮ ਰਿਵਰਜ਼ ਯੂਨੀਵਰਸਿਟੀ ਨਾਲ ਅਕਾਦਮਿਕ ਭਾਈਵਾਲੀ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਯੂਨੀਵਰਸਿਟੀ ਅਤੇ ਸੂਬਿਆਂ ਦਰਮਿਆਨ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਲੋੜ ‘ਤੇ ਜ਼ੋਰ ਦਿੱਤਾ ਜਿਸ ਨਾਲ ਸੂਬੇ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਪਹੁੰਚੇਗਾ।
ਅੱਜ ਦੁਪਹਿਰ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਯੂਨੀਵਰਸਿਟੀ ਦੇ ਇਕ ਉਚ ਪੱਧਰੀ ਵਫ਼ਦ ਨਾਲ ਵਿਚਾਰ-ਚਰਚਾ ਦੌਰਾਨ ਸ. ਬਾਦਲ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਅਤੇ ਅਧਿਆਪਕਾਂ ਦਾ ਹੁਨਰ ਨਿਖਾਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਅੱਜ ਤੇਜ਼ੀ ਨਾਲ ‘ਆਲਮੀ ਪਿੰਡ’ ਵਜੋਂ ਉਭਰ ਰਿਹਾ ਹੈ ਜਿਸ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਾਭ ਹੋ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਸੂਬੇ ਦੀਆਂ ਯੂਨੀਵਰਸਿਟਚੀਆਂ ਨੂੰ ਥੌਂਪਸਮ ਯੂਨੀਵਰਸਿਟੀਆਂ ਨਾਲ ਭਾਈਵਾਲੀ ਕਰਕੇ ਵਿਦਿਆਰਥੀ-ਅਧਿਆਪਕ ਆਦਾਨ ਪ੍ਰਦਾਨ ਪ੍ਰੋਗਾਰਮ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ।
ਇਕ ਹੋਰ ਮੁੱਦੇ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਵਫ਼ਦ ਨੂੰ ਆਖਿਆ ਕਿ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਤਾਲੀਮ ਦੇਣ ਲਈ ਚੰਗੇ ਅਧਿਆਪਕ ਮੁੱਹਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਸਟ ਟੀਚਰਾਂ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਮੀਟਿੰਗ ਦੌਰਾਨ ਥੌਂਪਸਮ ਯੂਨੀਵਰਸਿਟੀ ਦੇ ਚੀਫ ਐਗਜ਼ੈਕਟਿਵ ਅਫਸਰ ਬੇਹੁਆ ਛਡਵਿਕ ਨੇ ਕਿਹਾ ਕਿ ਯੂਨੀਵਰਸਿਟੀ ਅਕਾਦਮਿਕ ਖੇਤਰ ਵਿੱਚ ਪੰਜਾਬ ਨਾਲ ਭਾਈਵਾਲੀ ਦੀ ਇੱਛੁਕ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਉਪਰਾਲੇ ਦਾ ਦੋਵਾਂ ਪਾਸਿਆਂ ‘ਤੇ ਵੱਡਾ ਲਾਭ ਹੋ ਸਕਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ ਹਾਜ਼ਰ ਸਨ।
ਵਫ਼ਦ ਵਿੱਚ ਯੂਨੀਵਰਸਿਟੀ ਦੇ ਡੀਨ ਟੂਰਿਜ਼ਮ ਸ੍ਰੀ ਰਾਜਦੀਪ ਮਾਹਲ, ਡੀਨ ਟਰੇਡਰ ਤੇ ਟੈਕਨਾਲੌਜੀ ਸ੍ਰੀ ਰੌਬਰਟ ਹੁੱਡਾ ਅਤੇ ਲਿੰਡਸੇ ਅਤੇ ਰੋਨ ਮੁੰਡੀ ਸ਼ਾਮਲ ਸਨ।

LEAVE A REPLY