ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕੇਸ਼ੋਪੁਰ ਛੰਬ ਨੂੰ ਈਕੋ-ਟੂਰਿਜ਼ਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ‘ਤੇ ਸੂਬਾ ਸਰਕਾਰ ਵੱਲੋਂ 2.20 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਅੱਜ ਕੈਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ (ਕੇ.ਸੀ.ਸੀ.ਆਰ.) ਦੇ ਪ੍ਰੋਜੈਕਟ ਦਾ ਜਾਇਜਾ ਲੈਣ ਉਪਰੰਤ ਪੰਜਾਬ ਦੇ ਸੈਰ-ਸਪਾਟਾ ਮੰਤਰੀ ਸ. ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਠੰਡਲ ਨੇ ਦੱਸਿਆ ਕਿ ਕੇਸ਼ੋਪੁਰ ਛੰਬ ਰਾਵੀ ਤੇ ਬਿਆਸ ਦਰਿਆ ਦੇ ਵਿੱਚਲੇ ਹਿੱਸੇ ਗੁਰਦਾਸਪੁਰ ਲਾਗੇ ਪੈਂਦੀ ਹੈ ਅਤੇ ਇਹ 850 ਏਕੜ ਦੇ ਕਰੀਬ ਤਾਜੇ ਪਾਣੀ ਦਾ ਦਲਦਲੀ ਇਲਾਕਾ ਹੈ। ਮਿਆਨੀ, ਡੱਲਾ, ਕੇਸ਼ੋਪੁਰ, ਮਟਵਾ ਅਤੇ ਮਗਰਮੂੰਦੀਆਂ ਪਿੰਡ ਇਸ ਛੰਬ ਖੇਤਰ ਦੇ ਨਾਲ ਪੈਂਦੇ ਹਨ।
ਕੈਬਨਿਟ ਮੰਤਰੀ ਸ. ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰੋਮਸ਼ਨ ਬੋਰਡ (ਪੀ.ਐਚ.ਟੀ.ਪੀ.ਬੀ.) ਕੇਸ਼ੋਪੁਰ ਛੰਬ ਦੇ ਇਸ ਪ੍ਰੋਜੈਕਟ ਨੂੰ ਵਿਕਸਤ ਕਰਨ ਲਈ 5.56 ਕਰੋੜ ਰੁਪਏ ਖਰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਛੰਬ ਨੂੰ ਸੈਲਾਨੀ ਸਥਾਨ ਵੱਜੋਂ ਵਿਕਸਤ ਕਰਨ ਦੇ ਤਹਿਤ ਛੰਬ ਦਾ ਵਿਕਾਸ, ਲੈਂਡਸਕੇਪਿੰਗ, ਇਥੇ ਆਉਣ ਵਾਲੇ ਪਰਵਾਸੀ ਪੰਛੀਆਂ ਤੇ ਹੋਰ ਜੀਵ ਜੰਤੂਆਂ ਲਈ ਕੁਦਰਤੀ ਮਾਹੌਲ ਅਤੇ ਸੈਲਾਨੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਵਾਜਾਈ, ਬੁਨਿਆਦੀ ਢਾਂਚੇ ਦਾ ਵਿਕਾਸ, ਮਨੁੱਖੀ ਵਸੀਲੇ, ਈਕੋ ਡਿਵੈਲਪਮੈਂਟ ਐਕਟੀਵਿਟੀ ਆਦਿ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਬ-ਪ੍ਰੋਜੈਕਟ ਅਗਸਤ 2016 ਤੱਕ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ।