8ਚੰਡੀਗੜ੍ਹ : ਸਾਲ 2014-15 ਵਿੱਚ ਪੰਜਾਬ ਵਿੱਚ ਪੁਦੀਨੇ ਦੀ ਕੁੱਲ ਪੈਦਾਵਾਰ ਉਸ ਤੋਂ ਨਿਕਲੇ ਤੇਲ ਦੇ ਰੂਪ ਵਿੱਚ ਵੱਧ ਕੇ 2430 ਮੀਟਿਰਕ ਟਨ ਹੋਈ ਹੈ। ਰਾਜ ਭਰ ਵਿੱਚ ਪੁਦੀਨੇ ਦੀ ਫ਼ਸਲ ਦੀ ਬਿਜਾਈ 13277 ਹੈਕਟੇਅਰ ਰਕਬੇ ਵਿੱਚ ਕੀਤੀ ਗਈ ਹੈ ਅਤੇ ਇਸਦਾ ਔਸਤਨ ਝਾੜ 183 ਕਿਲੋ ਪ੍ਰਤੀ ਹੈਕਟੇਅਰ ਪ੍ਰਾਪਤ ਕੀਤਾ ਗਿਆ।
ਬਾਗਬਾਨੀ ਵਿਭਾਗ ਦੇ ਬੁਲਾਰੇ ਨੇ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਪੁਦੀਨੇ ਦੀ ਕਾਸ਼ਤ ਵਿੱਚ ਲਗਾਤਾਰ ਵਾਧਾ ਹੋਇਆ ਹੈ ਜਿਸਦੀ ਸਿਫ਼ਾਰਿਸ਼ ਸਰਕਾਰ ਕਣਕ ਅਤੇ ਝੋਨੇ ਦੇ ਬਦਲ ਦੇ ਰੂਪ ਵਿੱਚ ਹੋਰ ਫ਼ਸਲਾਂ ਦੀ ਤਰ੍ਹਾਂ ਕਰਦੀ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਵੱਡੇ ਪੱਧਰ ਤੇ ਕਿਸਾਨ ਇਸਦੀ ਬਿਜਾਈ ਵਿੱਚ ਦਿਲਚਸਪੀ ਲੈ ਰਹੇ ਹਨ।ਇਸਦੀ ਫ਼ਸਲ ਤੋਂ ਕਣਕ ਦੀ ਫ਼ਸਲ ਦੇ ਮੁਕਾਬਲੇ ਪ੍ਰਤੀ ਏਕੜ ਜ਼ਿਆਦਾ ਆਮਦਨ ਹੁੰਦੀ ਹੈ। ਸਾਲ 2014-15 ਦੋਰਾਨ ਮੋਗਾ ਜ਼ਿਲ੍ਹੇ ਵਿੱਚ 4100 ਹੈਕਟੇਅਰ ਰਕਬੇ ਵਿੱਚ ਇਸਦੀ ਬਿਜਾਈ ਕੀਤੀ ਗਈ ਅਤੇ ਪੁਦੀਨੇ ਦਾ ਔਸਤਨ ਝਾੜ 202 ਕਿਲੋ ਪ੍ਰਤੀ ਹੈਕਟੇਅਰ ਪਾਇਆ ਗਿਆ ਅਤੇ ਤੇਲ ਦੇ ਰੂਪ ਵਿੱਚ ਕੁੱਲ ਪੈਦਾਵਾਰ 828 ਮੀਟਿਰਕ ਟਨ ਹੋਈ। ਜਲੰਧਰ ਜ਼ਿਲ੍ਹੇ ਵਿੱਚ 2915 ਹੈਕਟੇਅਰ ਰਕਬੇ ਵਿੱਚ ਇਸਦੀ ਕਾਸ਼ਤ ਕੀਤੀ ਗਈ ਅਤੇ ਔਸਤਨ ਝਾੜ 182 ਕਿਲੋ ਪ੍ਰਤੀ ਹੈਕਟੇਅਰ ਰਿਹਾ।
ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ 2106 ਹੈਕਟੇਅਰ ਰਕਬੇ ਵਿੱਚ ਇਸਦੀ ਬਿਜਾਈ ਕੀਤੀ ਗਈ ਅਤੇ ਔਸਤਨ ਝਾੜ 164 ਕਿਲੋ ਪ੍ਰਤੀ ਹੈਕਟੇਅਰ ਪਾਇਆ ਗਿਆ ਜਦੋਂ ਕਿ ਲੁਧਿਆਣਾ ਜ਼ਿਲ੍ਹੇ ਵਿੱਚ 2085 ਹੈਕਟੇਅਰ ਰਕਬੇ ਵਿੱਚ ਇਸਦੀ ਬਿਜਾਈ ਕੀਤੀ ਗਈ ਅਤੇ ਔਸਤਨ ਝਾੜ 176 ਕਿਲੋ ਪ੍ਰਤੀ ਹੈਕਟੇਅਰ ਰਿਹਾ। ਕਪੂਰਥਲਾ ਜ਼ਿਲ੍ਹੇ ਵਿੱਚ 911 ਹੈਕਟੇਅਰ ਰਕਬੇ ਵਿੱਚ ਇਸਦੀ ਕਾਸ਼ਤ ਕੀਤੀ ਗਈ ਅਤੇ ਔਸਤਨ ਝਾੜ 171 ਕਿਲੋ ਪ੍ਰਤੀ ਹੈਕਟੇਅਰ ਪਾਇਆ ਗਿਆ। ਪੁਦੀਨੇ ਦੀ ਕਾਸ਼ਤ ਲਾਭਕਾਰੀ ਹੋਣ ਦੀ ਵਜ੍ਹਾ ਕਰਕੇ ਰਾਜ ਵਿੱਚ ਦੂਸਰੇ ਜ਼ਿਲ੍ਹਿਆਂ ਜਿਵੇਂ ਕਿ ਹੁਸ਼ਿਆਰਪੁਰ, ਐਸ.ਬੀ.ਐਸ ਨਗਰ (ਨਵਾਂ ਸ਼ਹਿਰ), ਬਠਿੰਡਾ, ਸ੍ਰੀ ਫ਼ਤਿਹਗੜ੍ਹ ਸਾਹਿਬ, ਤਰਨ-ਤਾਰਨ ਆਦਿ ਵਿੱਚ ਵੀ ਕਿਸਾਨ ਇਸ ਫ਼ਸਲ ਦੀ ਕਾਸ਼ਤ ਕਰਨ ਵਿੱਚ ਦਿਲਚਸਪੀ ਲੈ ਰਹੇ ਹਨ।

LEAVE A REPLY