ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਲਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਪ੍ਰੀਖਿਆ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਟੀ.ਈ.ਟੀ.-1 ਅਤੇ 2 ਦੇਣ ਵਾਲੇ ਕੁੱਲ 1,73,975 ਵਿਦਿਆਰਥੀਆਂ ਲਈ ਬਣਾਏ 333 ਪ੍ਰੀਖਿਆ ਸੈਂਟਰਾਂ ਦੀ ਸਖਤ ਸੁਰੱਖਿਆ ਪ੍ਰਬੰਧਾਂ ਲਈ ਸਿੱਖਿਆ ਵਿਭਾਗ ਨੇ ਸਬੰਧਤ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਸਥਾਪਤ ਕਰ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਕੋਈ ਔਖਿਆਈ ਨਹੀਂ ਆਉਣ ਦਿੱਤੀ ਜਾਵੇਗੀ। ਇਹ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਵੀਡਿਓ ਕਾਨਫਾਰਸਿੰਗ ਰਾਹੀਂ ਮੀਟਿੰਗ ਉਪਰੰਤ ਕੀਤੀ। ਡਾ.ਚੀਮਾ ਨੇ ਸਿੱਖਿਆ ਅਤੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਇਹ ਵੀਡਿਓ ਕਾਨਫਾਰਸਿੰਗ ਰਾਹੀਂ ਮੀਟਿੰਗ ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਦੇ ਕਮੇਟੀ ਰੂਮ ਵਿਖੇ ਕੀਤੀ।
ਡਾ.ਚੀਮਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਟੀ.ਈ.ਟੀ. ਦੀ ਅਹਿਮੀਅਤ ਨੂੰ ਦੇਖਦਿਆਂ ਅੱਜ ਵੀਡਿਓ ਕਾਨਫਾਰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਟੈਸਟ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਾਰ ਕੁੱਲ 1,73,975 ਵਿਦਿਆਰਥੀ ਟੀ.ਈ.ਟੀ. ਦੀ ਪ੍ਰੀਖਿਆ ਦੇਣਗੇ ਜਿਨ੍ਹਾਂ ਵਿੱਚੋਂ 39195 ਵਿਦਿਆਰਥੀ ਟੀ.ਈ.ਟੀ.-1 ਅਤੇ 1,34,780 ਵਿਦਿਆਰਥੀ ਟੀ.ਈ.ਟੀ.-2 ਪ੍ਰੀਖਿਆ ਦੇਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾ ਰਹੇ ਇਸ ਟੈਸਟ ਲਈ ਸੂਬੇ ਭਰ ਵਿੱਚ 333 ਸੈਂਟਰ ਬਣਾਏ ਗਏ ਹਨ। 13 ਦਸੰਬਰ ਨੂੰ ਹੋਣ ਵਾਲੇ ਇਸ ਟੈਸਟ ਵਿੱਚੋਂ ਟੀ.ਈ.ਟੀ.-1 ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ ਜਦੋਂ ਕਿ ਟੀ.ਈ.ਟੀ.-2 ਦੀ ਪ੍ਰੀਖਿਆ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਵਿਸ਼ੇਸ਼ ਵਿਦਿਆਰਥੀਆਂ (ਅੰਗਹੀਣ) ਨੂੰ ਦੋਵੇਂ ਇਮਤਿਹਾਨਾਂ ਲਈ 50-50 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਟੀ.ਈ.ਟੀ.-1 ਪ੍ਰੀਖਿਆ 103 ਸੈਂਟਰਾਂ ਅਤੇ ਟੀ.ਈ.ਟੀ.-2 ਪ੍ਰੀਖਿਆ 333 ਸੈਂਟਰਾਂ ਵਿੱਚ ਹੋਵੇਗੀ। ਟੈਸਟ ਦੌਰਾਨ ਸਾਰੇ ਸੈਂਟਰਾਂ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ ਜਿਸ ਸਬੰਧੀ ਅੱਜ ਸਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਪ੍ਰੀਖਿਆਰਥੀਆਂ ਨੂੰ ਪੈਨ ਅਤੇ ਗੁੱਟ ਘੜੀਆਂ ਲਿਜਾਣ ਦੀ ਮਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀ ਨੂੰ ਸੈਂਟਰ ਵਿੱਚ ਹੀ ਪੈਨ ਉਪਲੱਬਧ ਕਰਾ ਦਿੱਤੇ ਜਾਣਗੇ ਅਤੇ ਹਰ ਕਮਰੇ ਵਿੱਚ ਦੀਵਾਰ ਘੜੀ ਲੱਗੀ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆਰਥੀ ਸਿਰਫ ਰੋਲ ਨੰਬਰ ਸਲਿੱਪ ਹੀ ਆਪਣੇ ਨਾਲ ਲਿਜਾ ਸਕਦੇ ਹਨ, ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 28 ਵਿਦਿਆਰਥੀਆਂ ਪਿੱਛੇ ਇਕ ਕਮਰਾ ਬਣਾਇਆ ਜਾਵੇਗਾ। ਹਰ ਸੈਂਟਰ ਦੀ ਸੁਰੱਖਿਆ ਲਈ ਘੱਟੋ-ਘੱਟ ਇੰਸਪੈਕਟਰ ਰੈਂਕ ਜਾਂ ਐਸ.ਐਚ.ਓ. ਪੱਧਰ ਦਾ ਪੁਲਿਸ ਅਧਿਕਾਰੀ ਲਾਇਆ ਜਾਵੇਗਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੜਕੀਆਂ ਨੂੰ ਦੇਖਦਿਆਂ ਮਹਿਲਾ ਪੁਲਿਸ ਸਟਾਫ ਵੀ ਸੈਂਟਰਾਂ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਵਿਦਿਆਰਥੀਆਂ ਦੀਆਂ ਜ਼ਰੂਰੀ ਵਸਤਾਂ ਨੂੰ ਦੇਖਦਿਆਂ ਹਰ ਸੈਂਟਰ ਵਿੱਚ ਇਕ ਵੱਖਰਾ ਕੈਬਿਨ ਜਾਂ ਅਲਮਾਰੀ ਰੱਖੀ ਜਾਵੇਗੀ ਜਿੱਥੇ ਬੋਰਡ ਵੱਲੋਂ ਇਕ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਜ਼ਿਲੇ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਵੱਡੀ ਗਿਣਤੀ ਵਿੱਚ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਸਮੂਹ ਜ਼ਿਲਾ ਅਧਿਕਾਰੀਆਂ ਨੂੰ ਸੁਚਾਰੂ ਟ੍ਰੈਫਿਕ ਵਿਵਸਥਾ ਕਾਇਮ ਰੱਖਣ ਦੀ ਤਾਕੀਦ ਕੀਤੀ ਗਈ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਹਰ ਜ਼ਿਲੇ ਵਿੱਚ ਇਕ ਨੋਡਲ ਦਫਤਰ ਬਣਾਇਆ ਗਿਆ ਹੈ ਜਿੱਥੇ ਪ੍ਰਸ਼ਨ ਪੱਤਰ ਤੇ ਓ.ਐਮ.ਆਰ. ਸ਼ੀਟਾਂ ਪਹੁੰਚਦੀਆਂ ਕੀਤੀਆਂ ਜਾਣਗੀਆਂ ਜਿੱਥੋਂ ਅਗਾਂਹ ਸੈਂਟਰਾਂ ਵਿੱਚ ਭੇਜੀਆਂ ਜਾਣਗੀਆਂ। ਪ੍ਰੀਖਿਆ ਉਪਰੰਤ ਸਾਰੀਆਂ ਓ.ਐਮ.ਆਰ. ਸ਼ੀਟਜ਼ ਨੂੰ ਬੋਰਡ ਦੇ ਮੁਹਾਲੀ ਸਥਿਤ ਮੁੱਖ ਦਫਤਰ ਵਿਖੇ ਜਮ੍ਹਾਂ ਕਰਵਾਉਣ ਲਈ ਸਖਤ ਸੁਰੱਖਿਆ ਹੇਠ ਕੰਟੋਰਲ ਰੂਮ ਸਥਾਪਤ ਕੀਤਾ ਗਿਆ ਹੈ ਜਿਥੇ ਸੀ.ਸੀ.ਟੀ.ਵੀਜ਼ ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਡੀ.ਸੀ. ਤੇ ਐਸ.ਐਸ.ਪੀ. ਨੂੰ ਇਥੇ ਇਕ ਵਿਸ਼ੇਸ਼ ਮੈਜਿਸਟ੍ਰੇਟ ਅਧਿਕਾਰੀ ਤਾਇਨਾਤ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਡੀ.ਸੀਜ਼ ਨੂੰ ਕਿਹਾ ਗਿਆ ਹੈ ਕਿ ਜ਼ਿਲਾ ਪੱਧਰੀ ਨੋਡਲ ਦਫਤਰ ਵਿਖੇ ਏ.ਡੀ.ਸੀ. ਜਾਂ ਐਸ.ਡੀ.ਐਮ. ਪੱਧਰ ਦਾ ਅਧਿਕਾਰੀ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਕਿਸਮ ਦੀ ਸਮੱਸਿਆ ਜਾਂ ਪੁੱਛਗਿੱਛ ਲਈ ਟੋਲ ਫਰੀ ਨੰਬਰ 82874-47722 ਦਿੱਤਾ ਗਿਆ ਹੈ ਜਿਸ ਉਪਰ ਕੋਈ ਵਿਦਿਆਰਥੀ ਆਪਣੀ ਸ਼ਿਕਾਇਤ ਜਾਂ ਸਲਾਹ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰੀਖਿਆ ਲਈ ਵੱਖਰਾ ਸ਼ਿਕਾਇਤ ਸੈਲ ਸਥਾਪਤ ਵੀ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਸਿੱਖਿਆ ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਸਕੱਤਰ ਸ੍ਰੀ ਐਚ.ਐਸ. ਨੰਦਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ, ਬੋਰਡ ਦੇ ਸੰਯੁਕਤ ਸਕੱਤਰ ਸ੍ਰੀ ਜਨਕ ਰਾਜ ਮਹਿਰੋਕ, ਸ੍ਰੀ ਗੁਰਤੇਜ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।