1ਨਕੋਦਰ/ਚੰਡੀਗੜ੍ਹ : ਹਰ ਪੰਜਾਬੀ ਨੂੰ ਸ਼ਾਂਤੀ ਤੇ ਖੁਸ਼ਹਾਲੀ ਦਾ ਦੂਤ ਬਣਨ ਲਈ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਾਂਤੀਪੂਰਵਕ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਯਤਨ ਕਰਨ ਦੀ ਸਹੁੰ ਖਾਣੀ ਚਾਹੀਦੀ ਹੈ।
ਅੱਜ ਇਥੇ ਚੌਥੀ ਸਦਭਾਵਨਾ ਰੈਲੀ ਦੌਰਾਨ ਵਿਸ਼ਾਲ ਜਨਸਮੂਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਧੱਕਣ ਲਈ ਯਤਨਸ਼ੀਲ ਹਨ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਸੂਬੇ ਦੇ ਹਰ ਨਾਗਰਿਕ ਦਾ ਇਹ ਧਰਮ ਬਣਦਾ ਹੈ ਕਿ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਦੀ ਰਾਖੀ ਕਰਨ ਲਈ ਆਪਸੀ ਸਾਂਝ ਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਉਣ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਅਸੀਂ ਆਪਣੇ ਮਹਾਨ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਵੱਲੋਂ ਦਰਸਾਏ ਗਏ ਅਮਨ ਅਤੇ ਸ਼ਾਂਤੀ ਦੇ ਰਾਹ ‘ਤੇ ਚਲਦੇ ਹੋਏ ਆਪਣੇ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਰਾਖੀ ਕਰਾਂਗੇ।
ਉਨ੍ਹਾਂ ਕਿਹਾ ਕਿ ਅਮਨ ਅਤੇ ਸ਼ਾਂਤੀ ਹੀ ਕਿਸੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਸਤਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲੇ ਦੌਰ ਦੌਰਾਨ ਪੰਜਾਬ ਦੀ 21,000 ਮਾਸੂਮ ਲੋਕਾਂ ਕੁਰਬਾਨੀ ਦੇਣੀ ਪਈ ਸੀ ਅਤੇ ਪੰਜਾਬ ਦੀ ਤਰੱਕੀ ਵੀ ਇਸ ਦੌਰਾਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਰੈਲੀਆਂ ਦਾ ਕੋਈ ਸਿਆਸੀ ਮੰਤਵ ਨਹੀਂ ਬਲਕਿ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਦਾ ਸੁਨੇਹਾਂ ਦੇਣਾ ਹੈ।
ਸ. ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਇੱਕ ਘਿਨਾਉਣਾ ਕਾਰਾ ਦੱਸਦੇ ਹੋਏ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਹਰ ਇਨਸਾਨ ਦੀ ਅਤੇ ਖਾਸ ਤੌਰ ‘ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪੁੱਜੀ ਹੈ ਪਰ ਉਨ੍ਹਾਂ ਅਫਸੋਸ ਜਤਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਗੈਰ ਸੰਜੀਦਗੀ ਵਿਖਾਉਂਦੇ ਹੋਏ ਇਹ ਦੋਸ਼ ਲਾਇਆ ਹੈ ਕਿ ਇਹ ਕੰਮ ਸੂਬਾ ਸਰਕਾਰ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਕਰਵਾਇਆ ਹੈ। ਸ. ਬਾਦਲ ਨੇ ਕਿਹਾ ਕਿ ਉਹ ਇੱਕ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਸਤਿਕਾਰਦੇ ਹਨ ਅਤੇ ਉਹ ਕਦੀ ਵੀ ਅਜਿਹਾ ਪਾਪ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕੈਪਟਨ ਨੂੰ ਯਾਦ ਕਰਵਾਇਆ ਕਿ ਜਿਥੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਆਪਣੇ ਸਰਕਾਰੀ ਘਰ ਵਿੱਚ ਮਹਿਖਾਨੇ ਖੁੱਲ੍ਹਵਾਏ ਸਨ, ਉਥੇ ਹੀ 2007 ਤੋਂ ਬਾਅਦ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਆਪਣੇ ਗੁਰੂ ਸਾਹਿਬ ਨੂੰ ਰੋਜ਼ਾਨਾ ਨਤਮਸਤਕ ਹੁੰਦਾ ਹਾਂ।
ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਤੇ ਵੱਖਵਾਦੀ ਆਗੂ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਚੱਬਾ ਵਿਖੇ ਇਕੱਠ ਵਿੱਚ ਹਾਜ਼ਰੀ ਭਰੀ ਸੀ, ਦੋਵੇਂ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਉਹ ਇਕੱਠੇ ਮਿਲ ਕੇ ਪੰਜਾਬ ਦੀ ਅਮਨ ਤੇ ਸ਼ਾਂਤੀ ਖਿਲਾਫ ਸਾਜਿਸ਼ਾਂ ਰਚਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਰਿਸ਼ਤੇਦਾਰ ਸ਼ਾਮ ਵੇਲੇ ਇਕੱਠੇ ਹੁੰਦੇ ਹਨ ਅਤੇ ਪੰਜਾਬ ਨੂੰ ਮੁੜ ਕਾਲੇ ਦਿਨਾਂ ਵੱਲ ਧੱਕਣ ਦੀਆਂ ਸਾਜਿਸ਼ਾਂ ਰਚਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਇਹ ਵੱਖਵਾਦੀ ਤਾਕਤਾਂ ਇੱਕ-ਦੂਜੇ ਦੇ ਪੂਰਕ ਹਨ ਅਤੇ ਦੋਵਾਂ ਦਾ ਇਕ ਨੁਕਾਤੀ ਪ੍ਰੋਗਰਾਮ ਸੂਬੇ ਨੂੰ ਧਰਮ ਦੇ ਆਧਾਰ ‘ਤੇ ਵੰਡਣਾ ਹੈ ਜੋ ਕਿ ਕਦੇ ਵੀ ਪ੍ਰਵਾਨ ਨਹੀਂ ਚੜ੍ਹਨ ਦਿੱਤਾ ਜਾਵੇਗਾ।
ਸ. ਬਾਦਲ ਨੇ ਅੱਗੇ ਕਿਹਾ ਕਿ ਕੈਪਟਨ ਜਿਸਨੂੰ ਕਾਂਗਰਸ ਆਪਣਾ ਬਹੁਤ ਤਕੜਾ ਆਗੂ ਸਮਝਦੀ ਹੈ, ਅਸਲ ਵਿੱਚ ਅਕਾਲੀ ਦਲ ਮੂਹਰੇ ਬਹੁਤ ਹੀ ਕਮਜ਼ੋਰ ਹੈ ਕਿਉਂਕਿ ਅਸੀਂ ਦੋ ਵਾਰ ਕਾਂਗਰਸ ਦੇ ਇਸ ਆਗੂ ਨੂੰ ਕਰਾਰੀ ਹਾਰ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੀ ਸਿਆਸਤ ਅਜੋਕੇ ਜਮਹੂਰੀ ਦੌਰ ਵਿੱਚ ਕਿਸੇ ਵੀ ਤਰ੍ਹਾਂ ਨਾਲ ਫਿੱਟ ਨਹੀਂ ਬੈਠਦੀ ਕਿਉਂਕਿ ਕੈਪਟਨ ਹਾਲੇ ਵੀ ਰਜਵਾੜਾਸ਼ਾਹੀ ਸੋਚ ਦਾ ਮਾਲਕ ਹੈ ਅਤੇ ਇਸਦਾ ਪ੍ਰਤੱਖ ਪ੍ਰਮਾਣ ਉਸ ਵੱਲੋਂ ਕਾਂਗਰਸ ਪ੍ਰਧਾਨ ਬਣਨ ਉਪਰੰਤ ਕੀਤੀ ਜਾਣ ਵਾਲੀ ਤਾਜ਼ਪੋਸ਼ੀ ਹੈ ਜਦਕਿ ਜਮਹੂਰੀਅਤ ਵਿੱਚ ਅਜਿਹੇ ਸ਼ਬਦ ਬਿਲਕੁਲ ਹੀ ਗੈਰ ਲੋੜੀਂਦੇ ਹਨ।
ਕੈਪਟਨ ਵੱਲੋਂ ਅਕਾਲੀ ਦਲ ਦੀ ਲੋਕਪ੍ਰਿਅਤਾ ਘੱਟ ਹੋਣ ਸਬੰਧੀ ਬਿਆਨਬਾਜ਼ੀ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਉਸ ਨੂੰ ਵੰਗਾਰਿਆ ਕਿ ਉਹ ਭੇਸ ਬਦਲ ਕੇ ਕਿਸੇ ਵੀ ਸਦਭਾਵਨਾ ਰੈਲੀ ਵਿੱਚ ਆਵੇ ਅਤੇ ਹਰ ਇੱਕ ਅਕਾਲੀ ਵਰਕਰ ਦੇ ਜੋਸ਼ ਨੂੰ ਵੇਖੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਮੰਨ ਲਿਆ ਹੈ ਕਿ ਉਹ ਅਕਾਲੀ ਦਲ ਦੀ ਲੋਕਪ੍ਰਿਅਤਾ ਦਾ ਮੁਕਾਬਲਾ ਨਹੀਂ ਕਰ ਸਕਦੀ ਹੈ ਜਿਸ ਕਾਰਨ ਉਹ ਹੁਣ 2017 ਦੀਆਂ ਅੰਸੈਬਲੀ ਚੋਣਾਂ ਲਈ ਮਹਾਂਗੱਠਜੋੜ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਸ. ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਕੈਪਟਨ ਦਾ ਇਹ ਪੱਤਾ ਵੀ ਫੇਲ ਹੋਵੇਗਾ ਕਿਉਂਕਿ ਸੂਬੇ ਦੇ ਲੋਕ ਪੂਰੀ ਤਰ੍ਹਾਂ ਨਾਲ ਅਕਾਲੀ-ਭਾਜਪਾ ਗੱਠਜੋੜ ਦੀਆਂ ਲੋਕਪੱਖੀ ਅਤੇ  ਿਵਕਾਸਮੁੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ।
ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਖਾਸ ਤੌਰ ‘ਤੇ ਸਿੱਖ ਭਾਈਚਾਰਾ ਕਦੇ ਵੀ ਕਾਂਗਰਸ ਦੇ ਪੰਜਾਬ ਦੇ ਖਿਲਾਫ ਪਾਪਾਂ ਨੂੰ ਬਖਸ਼ ਨਹੀਂ ਸਕਦਾ । ਉਨ੍ਹਾਂ ਕਿਹਾ ਕਿ ਸਿੱਖ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਕਾਂਗਰਸ ਪਾਰਟੀ ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਦੀ ਦੋਸ਼ੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਾਣ ਬੁੱਝ ਕੇ ਸਾਨੂੰ ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਸਾਡੇ ਪਾਣੀ ਦੇ ਹੱਕਾਂ ਤੋਂ ਵਾਂਝਿਆਂ ਰੱਖਿਆ ਹੈ।
ਇੱਕ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਆਬੇ ਦੇ ਲੋਕਾਂ ਨੂੰ ਨਹਿਰੀ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਬਿਸਤ-ਦੁਆਬ ਨਹਿਰ ਦੇ ਨਵੀਨੀਕਰਨ ਦਾ ਕੰਮ ਇੱਕ ਸਾਲ ਦੇ ਵਿਚ-ਵਿਚ ਮੁਕੰਮਲ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦੁਆਬੇ ਦੀ ਇਸ ਨਹਿਰ ਦੀ ਸਮਰੱਥਾ ਨੂੰ ਮੌਜੂਦਾ 35000 ਹੈਅਕਟੇਅਰ ਤੋਂ ਵਧਾ ਕੇ ਦੋ ਲੱਖ ਹੈਕਟੇਅਰ ਕਰ ਦੇਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਆਪਣੀ ਸਿਆਸੀ ਹੋਂਦ ਲਈ ਗਾਂਧੀ ਪਰਿਵਾਰ ਦੇ ਇਸਾਰੇ ‘ਤੇ ਦੇਸ਼ ਤੇ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲਕੇ ਪੰਜਾਬ ਵਿਚ ਅਸ਼ਾਂਤੀ ਦੇ ਭਾਈਚਾਰਕ ਸਾਂਝ ਭੰਗ ਕਰਨ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਪਰ ਪੰਜਾਬ ਦੇ ਬਹਾਦਰ ਤੇ ਸੂਝਵਾਨ ਲੋਕਾਂ ਨੇ ਸਦਭਾਵਨਾ ਰੈਲੀਆਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਰਵੱਈਆ ਹਮੇਸ਼ਾ ਹੀ ਪੰਜਾਬ ਵਿਰੋਧੀ ਰਿਹਾ ਹੈ ਅਤੇ ਆਪਣੀ ਰਵਾਇਤ ਅਨੁਸਾਰ ਉਨ੍ਹਾਂ ਵਲੋਂ ਸਿੱਖ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ Ñਲਾਉਣ ਦੀ ਕੋਝੀ ਸਾਜਿਸ਼ ਕੀਤੀ।
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਬਾਰੇ ਬਹੁਤ ਹੇਜ ਜਤਾਉਂਦੇ ਹਨ ਪਰ ਕੀ ਕਦੇ ਉਨ੍ਹਾਂ ਨੇ 84 ਦੀ ਸਿੱਖ ਨਸ਼ਲਕੁਸ਼ੀ ਵਿਚ ਕਤਲ ਕੀਤੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ ਹੈ? ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੱਬਾ ਵਿਖੇ ਪੰਜਾਬ ਵਿਰੋਧੀ ਤਾਕਤਾਂ ਵਲੋਂ ਕੀਤੇ ਗਏ ਅਖੌਤੀ ਸਰਬੱਤ ਖਾਲਸਾ ਵਿਚ ਭਾਗ ਲੈਣ ਸਬੰਧੀ ਕਾਂਗÐਰਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਕਾਂਗਰਸੀ ਆਗੂ ਇਕ ਸ਼ਰਧਾਵਾਨ ਸਿੱਖ ਵਜੋਂ ਉੱਥੇ ਗਏ ਸਨ ਤਾਂ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਉਨ੍ਹਾਂ ਦੇ ਜਜਬਾਤ ਕਿੱਥੇ ਸਨ?
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਹੈ ਜਿਸ ਨਾਲ 2 ਮਹੀਨੇ ਦੇ ਵਿਚ-ਵਿਚ ਇਨ੍ਹਾਂ ਪਿੱਛਲੀਆਂ ਸ਼ਕਤੀਆਂ ਦਾ ਪਰਦਾਫਾਸ਼ ਹੋ ਜਾਵੇਗਾ।
ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਦੁਆਬਾ ਖੇਤਰ ਵਿਚ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਆਦਮਪੁਰ ਵਿਖੇ ਹਵਾਈ ਅੱਡੇ ਤੋਂ ਘਰੇਲੂ ਉਡਾਨਾਂ ਸ਼ੁਰੁ ਕਰਨ  ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰਾਲੇ ਨੂੰ ਕੇਸ ਭੇਜਿਆ ਹੈ ਜਿਸ ਨੂੰ ਮੁੱਢਲੀ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 20,000 ਕਰੋੜ ਰੁਪੈ ਨਾਲ ਸੂਬੇ ਵਿਚ 4 ਮਾਰਗੀ ਕੀਤੀਆਂ ਜਾ ਰਹੀਆਂ ਸੜਕਾਂ ਵਿਚ ਜਲੰਧਰ- ਹੁਸ਼ਿਆਰਪੁਰ, ਜਲੰਧਰ-ਮੋਗਾ ਤੇ ਫਗਵਾੜਾ- ਚੰਡੀਗੜ੍ਹ ਵੀ ਸ਼ਾਮਿਲ ਹਨ।
ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਕਿਸਾਨਾਂ ਦੀ ਸਹੂਲਤ ਲਈ ਸ. ਬਾਦਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਜਨਵਰੀ ਤੋਂ ਜਾਰੀ ਕਰ ਦਿੱਤੇ ਜਾਣਗੇ ਜਿਸ ਤਹਿਤ ਲੋਕ ਕਿਸੇ ਬੀਮਾਰੀ ਦੇ ਸਮੇਂ 50,000 ਰੁਪੈ ਤੱਕ ਇਲਾਜ ਮੁਫਤ ਕਰਵਾ ਸਕੇਗਾ।
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸਾਸ਼ਨਕਾਲ ਦੌਰਾਨ ਕੀਤੀ ਕਿਸੇ ਇਕ ਉਪਲਬਧੀ ਗਿਣਾਉਣ ਦੀ ਚੁਣੌਤੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 30,000 ਕਰੋੜ ਰੁਪੈ ਦੇ ਨਿਵੇਸ਼ ਨਾਲ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਜੋ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਸਾਲ 2016 ਨੂੰ ‘ਵਿਕਾਸ ਵਰ੍ਹੇ’ ਵਜੋਂ ਸਮਰਪਿਤ ਕਰਨ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ 12,000 ਪਿੰਡਾਂ ਤੇ 165 ਕਸਬਿਆਂ ਵਿਚ ਮੁਢਲੀਆਂ ਸਹੂਲਤਾਂ ਜਿਸ ਵਿਚ 100 ਫੀਸਦੀ ਸੀਵਰੇਜ, ਪੀਣ ਵਾਲਾ ਪਾਣੀ, ਸਟਰੀਟ ਲਾਇਟਾਂ, ਗਲੀਆਂ ਆਦਿ ਲਈ 10,000 ਕਰੋੜ ਖਰਚ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਵਿਚੋਂ 6000 ਕਰੋੜ ਪੇਂਡੂ ਖੇਤਰਾਂ ਅਤੇ 4000 ਕਰੋੜ ਰੁਪੈ ਸ਼ਹਿਰੀ ਖੇਤਰਾਂ ਵਿਚ ਖਰਚ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਹਰ ਵਿਧਾਨ ਸ਼ਭਾ ਹਲਕੇ ਦੇ ਵਿਕਾਸ ਲਈ 25-25 ਕਰੋੜ ਰੁਪੈ ਵੀ ਜਾਰੀ ਕਰਨ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਦੁਆਬੇ ਦੇ ਪ੍ਰਵਾਸੀ ਭਾਈਚਾਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚੱ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਵਾਸੀ ਭਾਈਚਾਰੇ ਨੂੰ ਸੂਬੇ ਦੀ ਅਮਨ ਤੇ ਸ਼ਾਂਤੀ ਨੂੰ ਤੀਲੀ ਲਾਉਣ ਵਾਲੀਆਂ ਤਾਕਤਾਂ ਦਾ ਮੂੰਹ ਤੋੜ ਜੁਆਬ ਦੇਣ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਕਿਸੇ ਵੀ ਅਜਿਹੀ ਤਾਕਤ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮੱਦਦ ਨਾ ਕਰੇ ਜੋ ਸੂਬੇ ਦੀ ਅਮਨ ਅਤੇ ਸ਼ਾਂਤੀ ਲਈ ਖਤਰਾ ਹੋਵੇ। ਉਨ੍ਹਾਂ ਕਿਹਾ ਕਿ ਗੱਠਜੋੜ ਵੱਲੋਂ ਕਰਵਾਈਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਨੇ ਵਿਸ਼ਾਲ ਜਨਅੰਦੋਲਨ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਇਨ੍ਹਾਂ ਰੈਲੀਆਂ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਇਸ ਰੈਲੀ ਦੌਰਾਨ ਪੰਜਾਬ ਦੇ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਚੌਧਰੀ ਨੰਦ ਲਾਲ, ਕੇ.ਡੀ.ਭੰਡਾਰੀ, ਬੀਬੀ ਮਹਿੰਦਰ ਕੌਰ ਜੋਸ਼, ਅਵਿਨਾਸ਼ ਚੰਦਰ ਅਤੇ ਸੋਮ ਪ੍ਰਕਾਸ਼, ਵਿਧਾਇਕ ਮਨੋਰੰਜਨ ਕਾਲੀਆ, ਸਰਵਣ ਸਿੰਘ ਫਿਲੌਰ, ਪ੍ਰਗਟ ਸਿੰਘ, ਬੀਬੀ ਜਗੀਰ ਕੌਰ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸੁਖਜੀਤ ਕੌਰ ਸਾਹੀ, ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਾਰਕਫੈੱਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ, ਮੁੱਖ ਮੰਤਰੀ ਦੇ ਸਲਾਹਕਾਰ ਤੀਕਸ਼ਣ ਸੂਦ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਅਤੇ ਅਰੁਣੇਸ਼ ਸ਼ਾਕਰ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਦਿੱਲੀ ਸਿੱਖ ਗੁਰੂਦੁਆਰਾ  ਪ੍ਰਬੰਧਕ ਕਮੇਟੀ ਦੇ  ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ  ਪ੍ਰਧਾਨ ਸਰਬਜੋਤ ਸਿੰਘ ਸਾਬੀ. ਇਸਤਰੀ ਅਕਾਲੀ ਦਲ ਦੀ ਉਪ ਪ੍ਰਧਾਨ ਬੀਬੀ ਰਾਜੀਵਿੰਦਰ ਕੌਰ ਰਾਜੂ ਤੇ ਬੀਬੀ ਗੁਰਦੇਵ ਕੌਰ ਸੰਘਾ ਅਤੇ ਹੋਰ ਹਾਜ਼ਰ ਸਨ।

LEAVE A REPLY