ਨਵੀਂ ਦਿੱਲੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦੋ ਨਾਈਟ ਸ਼ੈਲਟਰਸ ਦਾ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ। ਦਿੱਲੀ ਸਰਕਾਰ ਨੇ ਰੈਨ ਬਸੇਰਿਆਂ ਦਾ ਨਿਰਮਾਣ ਇਸ ਲਈ ਕੀਤਾ ਗਿਆ ਹੈ ਕਿਉਂਕਿ ਸਰਦੀਆਂ ਵਿਚ ਬੇਘਰ ਲੋਕ ਖੁੱਲ੍ਹੇ ਆਸਮਾਨ ਹੇਠਾਂ ਨਾ ਸੌਣ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਕਿ ਇਸ ਵਾਰ ਕਿਸੇ ਵੀ ਵਿਅਕਤੀ ਦੀ ਠੰਢ ਨਾਲ ਸੜਕ ‘ਤੇ ਸੌਂਦੇ ਹੋਏ ਮੌਤ ਨਾ ਹੋਵੇ। ਇਸ ਵਿਚ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਉਨ੍ਹਾਂ ਨੇ ਇਕ ਫੋਨ ਨੰਬਰ 8826400500 ਜਾਰੀ ਕੀਤਾ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਤੇ ਕੋਈ ਸੜਕ ‘ਤੇ ਸੌਂਦਾ ਹੋਇਆ ਦਿਖਾਈ ਦੇਵੇ ਤਾਂ ਫੋਟੋ ਖਿੱਚ ਕੇ ਇਸ ਨੰਬਰ ‘ਤੇ ਭੇਜ ਦਿਓ। ਦਿੱਲੀ ਸਰਕਾਰ ਦਾ ਦਸਤਾ ਤੁਰੰਤ ਉਸ ਨੂੰ ਨਾਈਟ ਸ਼ੈਲਟਰ ਪਹੁੰਚਾ ਦੇਵੇਗੀ।
ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿਚ ਹਰ ਸਾਲ ਠੰਢ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜ਼ਿਆਦਾਤਰ ਮੌਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਸਰਦੀਆਂ ਵਿਚ ਛੱਤ ਨਸੀਬ ਨਹੀਂ ਹੁੰਦੀ। ਅਜਿਹੇ ਵਿਚ ਦਿੱਲੀ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਉਨ੍ਹਾਂ ਗਰੀਬ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ, ਜੋ ਸੜਕ ਕਿਨਾਰੇ ਠੰਢੀਆਂ ਰਾਤਾਂ ਵਿਚ ਸੌਣ ਲਈ ਮਜਬੂਰ ਹੁੰਦੇ ਹਨ।