ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਜੇ ਪੈਸੇ ਦੀ ਲਾਲਚ ਦੀ ਗੱਲ ਆਵੇ, ਤਾਂ ਇਨ੍ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਚ ਕੋਈ ਅੰਤਰ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਨੇ ਆਪਣੀ ਤਥਾਕਥਿਤ ਆਮ ਆਦਮੀ ਦੀ ਸਰਕਾਰ ਨੂੰ ਸਰਮਾਏਦਾਰਾਂ ਦੀ ਸਰਕਾਰ ਬਣਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੀ ਪੈਸੇ ਲਈ ਭੁੱਖ ਦਾ ਵਿਧਾਇਕਾਂ ਦੀਆਂ ਤਨਖਾਹਾਂ ‘ਚ ਅਜਿਹੇ ਬੇਸ਼ਰਮੀਪੂਰਨ ਤਰੀਕੇ ਨਾਲ ਵਾਧੇ ਤੋਂ ਖੁਲਾਸਾ ਹੋ ਗਿਆ ਹੈ, ਜੋ ਪੂਰੀ ਤਰ੍ਹਾਂ ਗਲਤ, ਅੰਨਿਆਂਪੂਰਨ ਤੇ ਸਰਕਾਰੀ ਖਜ਼ਾਨੇ ਦੀ ਲੁੱਟ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅੱਜ ਕੋਈ ਪ੍ਰਕਾਸ਼ ਸਿੰਘ ਬਾਦਲ ਦੀ ਪੈਸੇ ਲਈ ਭੁੱਖ ਨੂੰ ਮੁਕਾਬਲਾ ਦੇ ਸਕਦਾ ਹੈ, ਤਾਂ ਉਸ ਫ੍ਰੇਮ ‘ਚ ਕੇਜਰੀਵਾਲ ਫਿੱਟ ਬੈਠਦੇ ਹਨ। ਦੋਨਾਂ ‘ਚ ਫਰਕ ਸਿਰਫ ਇੰਨਾ ਹੈ ਕਿ ਬਾਦਲ ਇਸਨੂੰ ਗੈਰ ਕਾਨੂੰਨੀ ਤਰੀਕੇ ਨਾਲ ਅੰਜ਼ਾਮ ਦਿੰਦੇ ਹਨ ਤੇ ਕੇਜਰੀਵਾਲ ਨੇ ਇਸ ਨੂੰ ਕਾਨੂੰਨੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਥੇ ਜਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਵਿਧਾਇਕਾਂ ਦੀਆਂ ਤਨਖਾਹਾਂ ‘ਚ 400 ਪ੍ਰਤੀਸ਼ਤ ਦਾ ਵਾਧਾ ਨਾ ਸਿਰਫ ਦੇਸ਼, ਬਲਕਿ ਦੁਨੀਆਂ ਦੇ ਇਤਿਹਾਸ ‘ਚ ਬਹੁਤ ਜ਼ਿਆਦਾ ਸ਼ਰਮਨਾਕ ਤੇ ਨਾਸਮਝ ਯੋਗ ਹੈ, ਅਤੇ ਇਹ ਕੇਜਰੀਵਾਲ ਦੀ ਸਰਮਾਏਦਾਰੀ ਸੋਚ ਦਾ ਖੁਲਾਸਾ ਕਰਦਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੇ ਵਿਧਾਇਕਾਂ ਦੀਆਂ ਤਨਖਾਹਾਂ ‘ਚ 400 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ, ਜਿਸ ਬਾਰੇ ਕਦੇ ਵੀ ਇਤਿਹਾਸ ‘ਚ ਸੁਣਨ ਨੂੰ ਨਹੀਂ ਮਿਲਿਆ ਹੈ, ਭਾਵੇਂ ਉਹ ਅਮੀਰ ਦੇਸ਼ ਹੀ ਕਿਉਂ ਨਾ ਹੋਣ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਲੋਕਾਂ ‘ਚ ਜਾ ਕੇ ਇਮਾਨਦਾਰੀ ਦਾ ਕਿੰਨਾ ਵੀ ਢਿੰਢੋਰਾ ਪਿੱਟਣ, ਜਿਨ੍ਹਾਂ ਨੇ ਅਸਲਿਅਤ ‘ਚ ਸਰਕਾਰੀ ਖਜ਼ਾਨੇ ਨੂੰ ਕਾਨੂੰਨੀ ਤਰੀਕੇ ਨਾਲ ਲੁੱਟਿਆ ਹੈ। ਜਿਹੜੇ ਇਕ ਪਾਸੇ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਦਾ ਦਾਅਵੇ ਕਰਦੇ ਹਨ ਤੇ ਦੂਜੇ ਧਿਰ ਉਨ੍ਹਾਂ ਨੇ ਅਜਿਹੇ ਕਾਨੂੰਨ ਰਾਹੀਂ ਵਿਧਾਇਕਾਂ ਵੱਲੋਂ ਲੁੱਟ ਨੂੰ ਕਾਨੂੰਨੀ ਰੂਪ ਦਿੱਤਾ ਹੈ।
ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਹੁਣ ਦਿੱਲੀ ‘ਚ ਇਕ ਵਿਧਾਇਕ ਨੂੰ 2.10 ਲੱਖ ਰੁਪਏ ਮਹੀਨਾ ਤਨਖਾਹ ਮਿਲੇਗੀ, ਇਸ ਤੋਂ ਇਲਾਵਾ, ਫ੍ਰੀ ਰਹਿਣ ਅਤੇ ਹਲਕੇ ਤੋਂ ਬਾਹਰ ਆਵਾਜਾਈ ਦੀਆਂ ਸੁਵਿਧਾਵਾਂ ਵੀ ਹਨ, ਜਦਕਿ ਇਕ ਮੰਤਰੀ ਨੂੰ 3 ਲੱਖ ਰੁਪਏ ਪ੍ਰਤੀ ਮਹੀਨਾ ਮਿਲੇਗਾ ਅਤੇ ਕੇਜਰੀਵਾਲ ਖੁਦ 3.5 ਲੱਖ ਰੁਪਏ ਪ੍ਰਤੀ ਮਹੀਨਾ ਲੈਣਗੇ। ਲੇਕਿਨ ਇਸਦੇ ਉਲਟ, ਇਕ ਆਮ ਆਦਮੀ ਜਿਸਦੀ ਕੇਜਰੀਵਾਲ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ, ਉਹ ਆਪਣੀਆਂ ਮੁੱਢਲੀਆਂ ਲੋੜਾਂ ਵੀ ਨਹੀਂ ਪੂਰੀਆਂ ਕਰ ਸਕਦਾ, ਪਰ ਦਿੱਲੀ ਦੇ ਵਿਧਾਇਕ ਉਨ੍ਹਾਂ (ਆਮ ਲੋਕਾਂ ਦੀ ਮਿਹਨਤ ਦੀ ਕਮਾਈ ) ‘ਤੇ ਲਗਜ਼ਰੀ ਜ਼ਿੰਦਗੀ ਦਾ ਅਨੰਦ ਮਾਣਨਗੇ।