ਖੂਬਸੂਰਤ ਪ੍ਰਾਚੀ ਦੇਸਾਈ ਆਪਣੀ ਫ਼ਿਲਮ ‘ਰੌਕ ਆਨ 2’ ਲਈ ਕਾਫ਼ੀ ਮਿਹਨਤ ਕਰ ਰਹੀ ਹੈ। ਫ਼ਿਲਮ ‘ਚ ਉਹ ਫ਼ਰਹਾਨ ਅਖਤਰ ਦੇ ਆਪੋਜ਼ਿਟ ਨਜ਼ਰ ਆਏਗੀ। ਫ਼ਿਲਮ ਲਈ ਉਸ ਨੇ ਜੋ ਮਿਹਨਤ ਕੀਤੀ ਹੈ ਉਹ ਉਸ ਦੀ ਲੁਕ ‘ਚ ਨਜ਼ਰ ਆਉਣ ਲੱਗੀ ਹੈ। ਅੱਜਕਲ ਉਹ ਆਪਣੀ ਨਵੀਂ ਸਟਾਈਲਿਸ਼ ਦਿੱਖ ਲਈ ਕਾਫ਼ੀ ਚਰਚਾ ਖੱਟ ਰਹੀ ਹੈ। ਆਪਣੇ ਨਖਰੇ ਅਤੇ ਬਿਲਕੁਲ ਨਵੇਂ ਰੂਪ ਨਾਲ ਉਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।ਸੂਤਰਾਂ ਅਨੁਸਾਰ ਇਸ ਫ਼ਿਲਮ ਲਈ ਉਸ ਨੇ ਆਪਣੀ ਲੁੱਕ ਲਈ ਖੂਬ ਮਿਹਨਤ ਕੀਤੀ ਹੈ। ਅੱਜਕਲ ਉਹ ਵਿਸ਼ੇਸ਼ ਖਾਣ-ਪੀਣ ਅਤੇ ਕਸਰਤ ਦੇ ਪ੍ਰੋਗਰਾਮ ਦੀ ਸਖਤੀ ਨਾਲ ਪਾਲਣਾ ਕਰ ਰਹੀ ਹੈ। ਉਸ ਦਾ ਮਕਸਦ ਫ਼ਿਲਮ ‘ਚ ਆਪਣੀ ਭੂਮਿਕਾ ਅਨੁਸਾਰ ਫ਼ਿੱਗਰ ਬਣਾਉਣਾ ਹੈ। ਇਸੇ ਦਾ ਅਸਰ ਹੈ ਕਿ ਉਸ ਦਾ ਭਾਰ ਕਈ ਕਿਲੋ ਘੱਟ ਹੋਇਆ ਹੈ ਅਤੇ ਉਸ ਦੀ ਫ਼ਿੱਗਰ ਹੋਰ ਖੂਬਸੂਰਤ ਹੋ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ ਉਹ ਖਾਸ ਤਰ੍ਹਾਂ ਦੀਆਂ ਕਈ ਕਸਰਤਾਂ ਕਰ ਰਹੀ ਹੈ।
ਉੱਤਰ-ਪੂਰਬੀ ਸੂਬੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ‘ਚ ਫ਼ਿਲਮ ਦੀ ਸ਼ੂਟਿੰਗ ਤੋਂ 5 ਦਿਨ ਪਹਿਲਾਂ ਉਸ ਨੇ ਡਿਟਾਕਸ ਡਾਈਟ ਵੀ ਲੈਣੀ ਸ਼ੁਰੂ ਕੀਤੀ ਸੀ। ਸ਼ਿਲਾਂਗ ਦੇ ਜਿਸ ਹੋਟਲ ‘ਚ ਉਸ ਨੂੰ ਠਹਿਰਾਇਆ ਗਿਆ ਹੈ, ਉਥੇ ਕਸਰਤ ਲਈ ਜਿਮ ਵੀ ਨਹੀਂ ਹੈ, ਇਸ ਲਈ ਉਹ ਹੋਟਲ ‘ਚ ਹੀ ਬਣੇ ਕੰਮ-ਚਲਾਊ ਜਿਮ ‘ਚ ਕਸਰਤ ਕਰਦੀ ਹੈ।
ਉਸ ਨੂੰ ਯੋਗਾ ‘ਚ ਵੀ ਖੂਬ ਵਿਸ਼ਵਾਸ ਹੈ, ਇਸ ਲਈ ਉਹ ਰੋਜ਼ ਸਵੇਰੇ ਹੋਰ ਯੋਗ ਆਸਣਾਂ ਸਮੇਤ 60 ਤੋਂ 80 ਵਾਰ ਸੂਰਜ ਨਮਸਕਾਰ ਕਰਦੀ ਹੈ। ਕਸਰਤ ‘ਚ ਸੰਤੁਲਨ ਲਈ ਸ਼ਿਲਾਂਗ ਦੀਆਂ ਖੂਬਸੂਰਤ ਪਹਾੜੀਆਂ ਦੀ ਤਾਜ਼ਾ ਹਵਾ ‘ਚ ਉਹ ਸਵੇਰੇ ਜੌਗਿੰਗ ਵੀ ਕਰਦੀ ਹੈ।
ਛੋਟੇ ਪਰਦੇ ਤੋਂ ਕਰੀਅਰ ਦੀ ਸ਼ੁਰੂਆਤ ਕਰ ਕੇ ਬਾਲੀਵੁੱਡ ‘ਚ ਪੈਰ ਟਿਕਾਉਣ ਦੀ ਕੋਸ਼ਿਸ਼ ਕਰ ਰਹੀ ਪ੍ਰਾਚੀ ਕ੍ਰਿਕਟਰ ਅਜ਼ਹਰੂਦੀਨ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਵੀ ਅਭਿਨੈ ਕਰ ਰਹੀ ਹੈ। ਇਸ ਵਿੱਚ ਉਹ ਅਜ਼ਹਰ ਦੀ ਪਹਿਲੀ ਪਤਨੀ ਨੌਰੀਨ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫ਼ਿਲਮਾਂ ਉਸ ਨੂੰ ਬਾਲੀਵੁੱਡ ‘ਚ ਇਕ ਸਥਾਪਿਤ ਅਦਾਕਾਰਾ ਵਜੋਂ ਸਥਾਨ ਦਿਵਾਉਣ ‘ਚ ਸਫ਼ਲ ਰਹਿਣਗੀਆਂ ਕਿਉਂਕਿ ਦੋਹਾਂ ‘ਚ ਹੀ ਉਸ ਦੇ ਕਿਰਦਾਰ ਬਿਲਕੁਲ ਵੱਖਰੇ ਹਨ।